ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/23

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਾਰਜ ਨੂੰ ਤਰਜੀਹ ਦੇ ਕੇ ਆਪਣੀ ਆਤਮਾ ਦੀ ਪਾਕੀਜ਼ਗੀ ਤੇ ਸੂਝ ਦੀ ਬੁਲੰਦੀ ਦੇ ਦਰਸ਼ਨ ਕਰਾਏ ਹਨ।
ਪੰਜਾਬੀ ਲੋਕਧਾਰਾ ਦੇ ਇਕੱਤਰੀਕਰਨ ਤੇ ਸੰਭਾਲਣ ਦੀ ਡਗਰ 'ਤੇ ਤੁਰਦਿਆਂ ਜਿਹੜੀਆਂ ਦੁਸ਼ਵਾਰੀਆਂ ਤੇ ਸੀਮਾਵਾਂ ਦੇ ਰੂਬਰੂ ਸ੍ਰੀ ਮਾਦਪੁਰੀ ਨੂੰ ਹੋਣਾ ਪਿਆ, ਉਨ੍ਹਾਂ ਦਾ ਜ਼ਿਕਰ ਕਰਨਾ ਇਥੇ ਅੱਜ ਪ੍ਰਸੰਗੋਂ ਬਾਹਰਾ ਸ਼ਾਇਦ ਨਹੀਂ ਹੋਵੇਗਾ। ਜਿਹੜੇ ਸਮਿਆਂ ਵਿਚ ਉਸ ਨੇ ਇਸ ਖੇਤਰੀ-ਕਾਰਜ ਨੂੰ ਹੱਥ ਪਾਇਆ ਢੇਰ ਸਹੂਲਤਾਂ ਦੀਆਂ ਸੀਮਾਵਾਂ ਸਨ। ਬਸ, ਸੁਣਨਾ ਤੇ ਹੱਥੀਂ ਲਿਖਣ ਤੋਂ ਇਲਾਵਾ ਕੋਈ ਰੀਕਾਰਡਿੰਗ ਦੀ ਸਹੂਲਤ ਨਹੀਂ ਸੀ। ਦੂਜਾ ਸੰਚਾਰ ਤੇ ਆਵਾਜਾਈ ਦੇ ਸਾਧਨਾਂ ਦੀ ਘਾਟ ਸੀ। ਇਸੇ ਤਰ੍ਹਾਂ ਅੱਜ ਦੀ ਸਮਾਜਿਕ ਖੁੱਲ੍ਹ ਦੇ ਮੁਕਾਬਲੇ ਉਨ੍ਹਾਂ ਸਮਿਆਂ ਵਿਚ ਸਬੰਧਿਤ ਔਰਤਾਂ ਤਕ ਪਹੁੰਚ ਕਰਨੀ ਵੀ ਦੁਸ਼ਵਾਰ ਸੀ। ਲੋਕ ਸਾਹਿਤ ਤੇ ਰਸਮਾਂ ਰਿਵਾਜਾਂ ਦਾ ਭੰਡਾਰ ਔਰਤਾਂ ਕੋਲ਼ ਹੀ ਹੁੰਦਾ ਹੈ। ਇਕ ਮੁਲਾਕਾਤ ਵਿਚ ਖ਼ੁਦ ਮਾਦਪੁਰੀ ਕਹਿੰਦਾ ਹੈ ਕਿ ਮੈਂ, ਲੋਕ ਕਹਾਣੀਆਂ ਦੀਆਂ ਕੂਲ੍ਹਾਂ ਆਖੀਆਂ ਜਾਂਦੀਆਂ ਦਾਦੀਆਂ-ਨਾਨੀਆਂ ਕੋਲੋਂ ਇਹ ਖ਼ਜ਼ਾਨਾ ਪ੍ਰਾਪਤ ਕੀਤਾ। ('ਪੰਜਾਬੀ ਸਭਿਆਚਾਰ ਦੀ ਆਰਸੀ', ਪੰਨਾ-173) ਉਂਜ ਸਕੂਲ ਅਧਿਆਪਕ ਹੋਣ ਕਰਕੇ ਅਧਿਆਪਕੀ ਦੇ ਆਈ ਕਾਰਡ ਨਾਲ਼ ਉਹ ਆਪਣੇ ਕਾਰਜ ਦੀ ਪੂਰਤੀ ਲਈ ਕਿਸੇ ਵੀ ਘਰ/ ਪਰਿਵਾਰ ਵਿਚ ਪੈਰ ਧਰਾਈ ਕਰ ਲੈਂਦਾ ਸੀ। ਪਰ ਫਿਰ ਵੀ ਤਤਕਾਲੀ ਸਮਾਜਿਕ ਪਰਿਵੇਸ਼ ਵਿਚ ਅੱਜ ਵਰਗਾ ਖੁੱਲ੍ਹਾਪਣ ਨਹੀਂ ਸੀ। ਆਧੁਨਿਕ ਤਕਨੀਕ ਤੇ ਯੰਤਰ ਦਸਤਯਾਬ ਨਹੀਂ ਸਨ। ਇਸ ਤਰ੍ਹਾਂ ਆਧੁਨਿਕ ਸਹੂਲਤਾਂ ਤੇ ਚੇਤਨਾ ਤੋਂ ਵਿਰਵੇ ਮਾਦਪੁਰੀ ਵਰਗੇ ਉਨ੍ਹਾਂ ਦਰਵੇਸ਼ਾਂ ਤੇ ਲੋਕਧਾਰਾ ਦੇ ਪਦ-ਯਾਤਰੀਆਂ ਨੂੰ ਦਾਦ ਦੇਣੀ ਬਣਦੀ ਹੈ, ਜਿਨ੍ਹਾਂ ਪੰਜਾਬੀ ਲੋਕਧਾਰਾ ਦੀ ਸਮੱਗਰੀ ਦੀ ਨਿਧੀ ਨੂੰ ਸੰਭਾਲ ਕੇ ਅੱਗੇ ਸੌਂਪਿਆ ਹੈ।
ਸ੍ਰੀ ਸੁਖਦੇਵ ਮਾਦਪੁਰੀ ਵਲੋਂ ਪੰਜਾਬੀ ਲੋਕ ਸਾਹਿਤ ਦੇ ਵੱਖ-ਵੱਖ ਰੂਪਾਂ ਨੂੰ ਇਕੱਤਰ ਕਰਨ ਤੇ ਸੰਭਾਲਣ ਸਮੇਂ ਅਪਨਾਈ ਖੋਜ-ਵਿਧੀ ਵਿਚ ਜਿਹੜੀ ਦੀਰਘ ਦ੍ਰਿਸ਼ਟੀ ਅਤੇ ਵਿਗਿਆਨਕ ਚੇਤਨਾ ਪ੍ਰਦਰਸ਼ਿਤ ਹੁੰਦੀ ਹੈ, ਉਸ 'ਤੇ ਵੀ ਸੰਖੇਪ ਚਰਚਾ ਹੋ ਸਕਦੀ ਹੈ। ਉਹ ਖ਼ੁਦ ਲਿਖਦਾ ਹੈ ਕਿ "ਲੋਕ-ਗੀਤ ਮੈਂ ਲੋਕ ਭਾਸ਼ਾ ਵਿਚ ਹੀ ਲਿੱਪੀਬੱਧ ਕਰਦਾ ਰਿਹਾ ਹਾਂ ਤਾਂ ਜੋ ਉਨ੍ਹਾਂ ਦੇ ਉਚਾਰ ਵਿਚ ਕੋਈ ਫ਼ਰਕ ਨਾ ਆਵੇ ਅਤੇ ਸਥਾਨਕ ਰੰਗਣ ਬਣੀ ਰਹੇ।" ('ਸ਼ਾਵਾ ਨੀ ਬੰਬੀਹਾ ਬੋਲੇ, ਪੰਨਾ-15) ਇਸ ਤਰ੍ਹਾਂ ਉਸ ਨੇ ਲੋਕ ਗੀਤਾਂ ਦੀ ਰੂਹ ਨੂੰ ਬਰਕਰਾਰ ਰੱਖ ਕੇ ਇਕ ਸਿਆਣੇ ਤੇ ਸੁਘੜ ਲੋਕਧਾਰਾ ਸ਼ਾਸਤਰੀ ਦਾ ਸਬੂਤ ਦਿੱਤਾ ਹੈ। ਡਾ. ਜੋਗਿੰਦਰ ਸਿੰਘ ਕੈਰੋਂ ਵੀ ਉਸ ਦੇ ਇਸ ਗੁਣ ਦੀ ਨਿਸ਼ਾਨਦੇਹੀ ਕਰਦਾ ਲਿਖਦਾ ਹੈ, "ਇਹ ਵੀ ਵੇਖਣ ਵਿਚ ਆਇਆ ਹੈ ਕਿ ਕਈ ਵਿਦਵਾਨਾਂ ਨੇ ਲੋਕਧਾਰਾ ਦੀ ਡੂੰਘੀ ਵਿਗਿਆਨਕ ਖੋਜ ਤੋਂ

ਪੰਜਾਬੀ ਲੋਕ ਗਾਥਾਵਾਂ/ 19