ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਪੂਰਨ ਭਗਤ
ਪੰਜਾਬੀ ਲੋਕ-ਕਾਵਿ ਵਿਚ ਪੂਰਨ ਭਗਤ ਦੀ ਜੀਵਨ ਗਾਥਾ ਨੂੰ ਬਿਆਨ ਕਰਨ ਵਾਲ਼ੇ ਅਨੇਕਾਂ ਲੋਕ ਗੀਤ ਪ੍ਰਾਪਤ ਹਨ। ਮੇਰੀ ਬੇਬੇ ਅਤੇ ਤਾਈ ਚਰਖਾ ਕੱਤਦੀਆਂ ਹੋਈਆਂ ਰਲ਼ ਕੇ ਵੈਰਾਗਮਈ ਸੁਰ ਵਿਚ ਇਹ ਲੋਕ ਗੀਤ ਅਕਸਰ ਗਾਇਆ ਕਰਦੀਆਂ ਸਨ:
ਵੇ ਮੈਂ ਬਾਗ਼ ਲਵਾਵਾਂ ਪੂਰਨਾ
ਤੂੰ ਕਲੀਆਂ ਦੇ ਪੱਜ ਆ
ਕਲੀਆਂ ਦੇ ਪੱਜ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ
ਨੀ ਅਕਲੋਂ ਸਮਝ ਸਿਆਣੀਏਂ
ਨਾ ਤੂੰ ਮੇਰੇ ਜਰਮਿਆਂ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ
ਵੇ ਸੋਹਣਿਆ ਪੂਰਨਾ ਵੇ
ਬਾਪ ਮੇਰੇ ਦੀ ਇਸਤਰੀ ਨੀ ਤੂੰ
ਇਸ ਵਿਧ ਲਗਦੀ ਮਾਂ ਮੇਰੀ
ਨੀਂ ਅਕਲੋਂ ਸਮਝ ਸਿਆਣੀਏਂ
ਵੇ ਮੈਂ ਖੂਹ ਲਵਾਵਾਂ ਪੂਰਨਾ
ਵੇ ਤੂੰ ਨ੍ਹਾਵਣ ਦੇ ਪੱਜ ਆ
ਨ੍ਹਾਵਣ ਦੇ ਪੱਜ ਨਾ ਆਵਾਂ
ਨੀਂ ਤੂੰ ਲਗਦੀ ਧਰਮ ਦੀ ਮਾਂ
ਨੀ ਅਕਲੋਂ ਸਮਝ ਸਿਆਣੀਏਂ
ਪੰਜਾਬੀ ਲੋਕ ਗਾਥਾਵਾਂ/ 21