ਰਾਜਾ ਰਸਾਲੂ
ਭਾਵੇਂ ਪੰਜਾਬ ਦੇ ਇਤਿਹਾਸ ਵਿਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ 'ਤੇ ਕਿਧਰੇ ਨਜ਼ਰ ਨਹੀਂ ਆਉਂਦਾ ਪਰੰਤੂ ਉਹ ਪੰਜਾਬ ਦੇ ਲੋਕ ਮਾਨਸ ਦਾ ਇਕ ਅਜਿਹਾ ਹਰਮਨ-ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਂ ਨਾਲ਼ ਅਨੇਕਾਂ ਦਿਲਚਸਪ ਤੇ ਰਸ-ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸ ਦੇ ਜੀਵਨ ਨਾਲ਼ ਸਬੰਧਤ ਘਟਨਾਵਾਂ ਅਤੇ ਸੂਰਬੀਰਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀਆਂ ਵਾਰਾਂ ਅਤੇ ਕਿੱਸਿਆਂ ਵਿਚ ਗਾਂਵਿਆ ਹੈ।
ਕਹਿੰਦੇ ਹਨ ਰਾਜਾ ਰਸਾਲੂ ਸਿਆਲਕੋਟ (ਪਾਕਿਸਤਾਨ) ਦੇ ਰਾਜਾ ਸਲਵਾਨ ਦਾ ਪੁੱਤਰ ਸੀ, ਪੂਰਨ ਭਗਤ ਦਾ ਛੋਟਾ ਭਰਾ, ਜੋ ਸਲਵਾਨ ਦੀ ਢਲਦੀ ਉਮਰ ਵਿਚ ਰਾਣੀ ਲੂਣਾਂ ਦੀ ਕੁੱਖੋਂ ਪੂਰਨ ਦੇ ਵਰ ਨਾਲ਼ ਪੈਦਾ ਹੋਇਆ।
ਰਸਾਲੂ ਦਾ ਜਨਮ ਸਾਰੇ ਸਿਆਲਕੋਟ ਲਈ ਖ਼ੁਸ਼ੀਆਂ ਅਤੇ ਖੇੜਿਆਂ ਦਾ ਢੋਆ ਲੈ ਕੇ ਆਇਆ... ਸਾਰੇ ਸ਼ਹਿਰ ਵਿਚ ਘਿਓ ਦੇ ਦੀਵੇ ਬਾਲ਼ੇ ਗਏ, ਖ਼ੈਰਾਤਾਂ ਵੰਡੀਆਂ ਗਈਆਂ ਪਰੰਤੁ ਵਹਿਮਾਂ-ਭਰਮਾਂ 'ਚ ਗਰੱਸੇ ਸਲਵਾਨ ਨੂੰ ਕਿਸੇ ਜੋਤਸ਼ੀ ਨੇ ਆਖਿਆ, "ਰਾਜਨ ਪੂਰੇ ਬਾਰ੍ਹਾਂ ਵਰ੍ਹੇ ਇਹਦੇ ਮੱਥੇ ਨਾ ਲੱਗੀਂ, ਨਹੀਂ ਤੇਰੀ ਮੌਤ ਹੋ ਜਾਵੇਗੀ।"
ਰਾਜਾ ਸਲਵਾਨ ਸੋਚੀ ਪੈ ਗਿਆ... ਆਪਣੇ ਵਜ਼ੀਰਾਂ ਨਾਲ਼ ਸਲਾਹ-ਮਸ਼ਵਰਾ ਕਰਕੇ ਹੁਕਮ ਸੁਣਾ ਦਿੱਤਾ, "ਰਸਾਲੂ ਨੂੰ ਬਾਰਾਂ ਵਰ੍ਹੇ ਲਈ ਭੋਰੇ 'ਚ ਪਾ ਦੇਵੋ।"
ਕੇਹਾ ਬਾਪ ਸੀ ਉਹ ਜਿਹੜਾ ਸੁੱਖਾਂ-ਸੁਖ ਕੇ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣੋਂ ਵੀ ਡਰ ਰਿਹਾ ਸੀ... ਲੂਣਾਂ ਕੁਰਲਾਉਂਦੀ ਰਹੀ... ਲੋਰੀਆਂ ਦੇਣ ਦੀ ਉਹਦੀ ਰੀਝ ਤੜਪਦੀ ਰਹੀ... ਅਲੂਏਂ ਜੁਆਕ ਨੂੰ ਇਕ ਵੱਖਰੇ ਮਹਿਲ ਵਿਚ ਭੇਜ ਦਿੱਤਾ ਗਿਆ...। ਉਸ ਮਹਿਲ ਵਿਚੋਂ ਰਸਾਲੂ ਲਈ ਬਾਹਰ ਜਾਣ ਦੀ ਆਗਿਆ ਨਹੀਂ ਸੀ। ਇਕ ਤਰਖਾਣਾਂ ਦਾ ਮੁੰਡਾ ਤੇ ਇਕ ਸੁਨਿਆਰਾਂ ਦਾ ਮੁੰਡਾ ਉਹਦੇ ਨਾਲ਼ ਖੇਡਣ ਲਈ ਛੱਡੇ ਗਏ ਤੇ ਦਾਈ ਸਕੀ ਮਾਂ ਦੀ ਨਿਆਈਂ ਉਹਦੀ ਪਾਲਣਾ ਪੋਸ਼ਣਾ ਕਰਨ ਲੱਗੀ।
ਮਾਂ-ਬਾਪ ਦੀ ਮਮਤਾ ਤੋਂ ਵਿਹੂਣਾ ਰਸਾਲੂ ਦਿਨ, ਮਹੀਨੇ, ਸਾਲ ਬਿਤਾਉਂਦਾ ਹੋਇਆ ਵੱਡਾ ਹੋਣ ਲੱਗਾ। ਉਹਦੀ ਰਾਜ ਦਰਬਾਰ ਲਈ ਲੋੜੀਂਦੀ ਸਿੱਖਿਆ ਦਾ
ਪੰਜਾਬੀ ਲੋਕ ਗਾਥਾਵਾਂ/ 29