ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/36

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਰਸਾਲੂ ਕਾਫ਼ੀ ਸਮਾਂ ਹਰੀ ਚੰਦ ਦੇ ਮਹਿਲਾਂ ਵਿਚ ਟਿਕਿਆ ਰਿਹਾ, ਕਦੀ ਸ਼ਿਕਾਰ ਖੇਡਣ ਚਲਿਆ ਜਾਂਦਾ, ਕਦੀ ਦੋਹਮਨ ਨਾਂ ਦੇ ਗੱਭਰੂ ਨਾਲ਼ ਚੌਪਟ ਖੇਡਦਾ ਰਹਿੰਦਾ। ਰਸਾਲੂ ਇਹ ਨਹੀਂ ਸੀ ਜਾਣਦਾ ਕਿ ਸੌਂਕਣੀ ਦੋਹਮਨ ਸੁਨਿਆਰ 'ਤੇ ਫ਼ਿਦਾ ਹੈ। ਦੋਹਮਨ ਤੇ ਸੌਂਕਣੀ ਅਕਸਰ ਲੁਕ ਕੇ ਮਿਲਦੇ ਰਹਿੰਦੇ ਸਨ। ਇਕ ਦਿਨ ਰਸਾਲੂ ਮਹਿਲਾਂ ਦੇ ਬਾਹਰ ਦੋਹਮਨ ਨਾਲ਼ ਚੌਪਟ ਖੇਡ ਰਿਹਾ ਸੀ... ਉਹ ਨੇ ਵੇਖਿਆ ਦੋਹਮਨ ਚੋਰੀ-ਚੋਰੀ ਅੱਖ ਬਚਾ ਕੇ ਉੱਪਰ ਮਹਿਲਾਂ ਵੱਲ ਵੱਖੀ ਜਾਂਦਾ ਹੈ। ਉਸ ਨੂੰ ਸ਼ੱਕ ਪਿਆ... ਉਸ ਨੇ ਮਲਕ ਦੇਣੇ ਜਾ ਕੇ ਪਾਣੀ ਦਾ ਕਟੋਰਾ ਭਰ ਕੇ ਆਪਣੇ ਕੋਲ਼ ਰੱਖ ਲਿਆ... ਕੁਝ ਸਮੇਂ ਮਗਰੋਂ ਮਹਿਲ ਦੀ ਖਿੜਕੀ ਵਿਚ ਖੜ੍ਹੋਤੀ ਸੌਂਕਣੀ ਦਾ ਅਕਸ ਕਟੋਰੇ ਦੇ ਪਾਣੀ ਵਿਚ ਪਿਆ... ਸ਼ੱਕ ਦੀ ਹੁਣ ਕੋਈ ਗੁੰਜਾਇਸ਼ ਹੀ ਨਹੀਂ ਸੀ ਰਹੀ... ਰਸਾਲੂ ਨੇ ਆਪਣੇ ਮਨ ਨਾਲ਼ ਪੱਕਾ ਫ਼ੈਸਲਾ ਕਰਕੇ ਸੌਂਕਣੀ ਦਾ ਵਿਆਹ ਦੋਹਮਨ ਨਾਲ਼ ਕਰਵਾ ਦਿੱਤਾ। ਦੋ ਦਿਲਾਂ ਨੂੰ ਜੋੜ ਆਪ ਅਗਾਂਹ ਤੁਰ ਗਿਆ।
ਸਮਾਂ ਬੀਤਦਾ ਗਿਆ... ਕਈ ਵਰ੍ਹੇ ਇੰਜ ਹੀ ਬੀਤ ਗਏ। ਰਸਾਲੂ ਨੇ ਸ਼ਿਕਾਰ ਖੇਡਣ ਅਤੇ ਲੜਾਈ ਦੇ ਸ਼ੌਕ ਨੂੰ ਮਘਾਈ ਰੱਖਿਆ... ਕਈ ਛੋਟੇ-ਮੋਟੇ ਰਾਜਿਆਂ ਨਾਲ ਮੁਠਭੇੜਾਂ ਹੋਈਆਂ... ਕਈ ਰਾਜ ਖੋਹੇ ਤੇ ਛੱਡੇ।
ਅਟਕ ਦੇ ਪਾਰ ਦਰਿਆ ਦੇ ਕੰਢੇ 'ਤੇ ਵਸੇ ਸ਼ਹਿਰ ਸਿਰੀਕੋਟ ਦੇ ਰਾਜਾ ਸਿਰਕੱਪ ਦੀ ਕਨਸੋਅ ਰਾਜਾ ਰਸਾਲੂ ਦੇ ਕੰਨੀਂ ਪਈ। ਸਿਰਕੱਪ ਬੜਾ ਨਿਰਦਈ ਅਤੇ ਧੋਖੇਬਾਜ਼ ਰਾਜਾ ਸੀ ਜੋ ਜੂਆ ਖੇਡਣ ਦਾ ਬਹੁਤ ਸ਼ੌਕੀਨ ਸੀ। ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰਨ ਵਾਲ਼ੇ ਦਾ ਸਿਰ ਵੱਢ ਲੈਂਦਾ ਸੀ। ਇਸੇ ਕਰਕੇ ਉਹਦਾ ਨਾਂ ਸਿਰਕੱਪ ਪਿਆ ਹੋਇਆ ਸੀ। ਰਾਜਾ ਰਸਾਲੂ ਨੇ ਸਿਰਕੱਪ ਨਾਲ਼ ਚੌਪਟ ਖੇਡਣ ਦਾ ਫ਼ੈਸਲਾ ਕਰ ਲਿਆ ਅਤੇ ਸਿਰੀਕੋਟ ਪੁੱਜ ਕੇ ਰਾਜਾ ਸਿਰਕੱਪ ਦੇ ਬਾਗ਼ ਵਿਚ ਜਾ ਉਤਾਰਾ ਕੀਤਾ। ਜਦੋਂ ਰਸਾਲੂ ਬਾਗ਼ ਵਿਚ ਪੁੱਜਾ ਤਾਂ ਸਿਰਕੱਪ ਦੀ ਹੁਸ਼ਨਾਕ ਬੇਟੀ ਆਪਣੀਆਂ ਸੱਠ ਸਹੇਲੀਆਂ ਨਾਲ਼ ਪੀਂਘ ਝੂਟ ਰਹੀ ਸੀ। ਮੁਟਿਆਰ ਨੂੰ ਵੇਖ ਹੁਸਨ ਦੇ ਰਸੀਏ ਰਸਾਲੂ ਦੀਆਂ ਅੱਖੀਆਂ ਚੁੰਧਿਆ ਗਈਆਂ। ਹੁਸਨ ਮਚਲਿਆ... ਇਸ਼ਕ ਤੜਪਿਆ... ਰਾਜਕੁਮਾਰੀ ਨੇ ਰਸਾਲੂ ਵਲ ਵੇਖਿਆ ਤੇ ਬੁਲ੍ਹੀਆਂ 'ਚ ਮੁਸਕਰਾ ਕੇ ਬੋਲੀ, "ਅੜਿਆ! ਇਕ ਪੀਂਘ ਦਾ ਝੂਟਾ ਈ ਦੇ ਛੱਡ, ਦੇਖਾਂ ਕਿੰਨਾ ਕੁ ਜ਼ੋਰ ਐ ਤੇਰੇ ਡੌਲ਼ਿਆਂ 'ਚ!"
"ਹੁਸਨ ਦੀਏ ਪਰੀਏ ਤੂੰ 'ਕੱਲੀ ਕੀ ਸਾਰੀਆਂ ਸਹੇਲੀਆਂ ਨੂੰ ਨਾਲ਼ ਲੈ ਕੇ ਪੀਂਘ 'ਤੇ ਚੜ੍ਹ ਜਾ, 'ਕੱਠੀਆਂ ਨੂੰ ਈ ਝੂਟਾ ਦੇ ਦੇਂਦਾ ਹਾਂ।" ਰਸਾਲੂ ਨੇ ਆਪਣੇ ਡੌਲਿਆਂ 'ਤੇ ਮਾਣ ਕਰਦਿਆਂ ਆਖਿਆ।
ਰਾਜਕੁਮਾਰੀ ਆਪਣੀਆਂ ਸੱਠਾਂ ਸਹੇਲੀਆਂ ਸਮੇਤ ਪੀਂਘ 'ਤੇ ਚੜ੍ਹ ਗਈ। ਰਾਜਾ ਰਸਾਲੂ ਨੇ ਪੀਂਘ ਨੂੰ ਅਜਿਹਾ ਜ਼ੋਰਦਾਰ ਝੂਟਾ ਦਿੱਤਾ ਕਿ ਪੀਂਘ ਅਧ ਅਸਮਾਨੇ

ਪੰਜਾਬੀ ਲੋਕ ਗਾਥਾਵਾਂ/ 32