ਪੰਨਾ:ਦਸ ਦੁਆਰ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੁਕਾ ਦਵੇਗਾ, ਪ੍ਰੰਤੂ ਦੋ ਮਹੀਨੇ ਗੁਜ਼ਰ ਗਏ ਪਰ ਜਹਾਜ਼ ਨਾ ਆਏ। ਢਾਈ ਮਹੀਨੇ ਬੀਤ ਗਏ, ਫਿਰ ਵੀ ਕੋਈ ਥਹੁ ਪਤਾ ਨਾ ਲਗਾ ਕਿ ਜਹਾਜ਼ ਕਿਥੇ ਹਨ ਤੇ ਕਦੋਂ ਆਉਣਗੇ? ਇਥੋਂ ਤੋੜੀ ਜੋ ਤਿੰਨ ਮਹੀਨੇ ਪੂਰੇ ਹੋ ਗਏ, ਪ੍ਰੰਤੂ ਜਹਾਜ਼ ਨਾ ਮੁੜੇ ਤੇ ਸ਼ਾਈਲਾਕ ਨੂੰ ਰਕਮ ਦੇਣ ਦੀ ਮਿਆਦ ਗੁਜ਼ਰ ਗਈ।

ਹੁਣ ਤਾਂ ਸ਼ਾਈਲਾਕ ਇਹੋ ਜਿਹਾ ਪ੍ਰਸੰਨ ਸੀ, ਜਿਵੇਂ ਕੋਈ ਖਜ਼ਾਨਾ ਉਸ ਦੇ ਹੱਥ ਆ ਗਿਆ ਹੈ। ਝਟ ਪਟ ਭਲੇ ਲੋਕ ਐਨਤੋਨੀਊ ਨੂੰ ਪਕੜਵਾ ਕੇ ਅਦਾਲਤ ਵਿਚ ਪੇਸ਼ ਕਰ ਦਿਤਾ ਤੇ ਬੇਨਤੀ ਕੀਤੀ ਕਿ ਰੁੱਕੇ ਦੀ ਸ਼ਰਤ ਮੂਜਬ ਇਸਦੀ ਛਾਤੀ ਤੋਂ ਅੱਧ ਸੇਰ ਮਾਸ ਕਟਣ ਦੀ ਆਗਿਆ ਮਿਲੇ। ਐਨਤੋਨੀਊ ਨੇ ਇਕ ਚਿੱੱਠੀ ਵਿਚ ਆਪਣਾ ਸਾਰਾ ਸਮਾਚਾਰ ਲਿਖ ਕੇ ਬਸੈਨੀਊ ਨੂੰ ਭੇਜਿਆ ਜਿਸ ਨੂੰ ਪੜ੍ਹਦਿਆਂ ਸਾਰ ਉਹ ਬੇਸੁਧ ਹੋ ਢਠਾ। ਜਦੋਂ ਪੋਰਸ਼ੀਆ ਨੂੰ ਸਾਰੀ ਗੱਲ ਦਾ ਪਤਾ ਲਗਾ ਤਾਂ ਉਸ ਨੇ ਆਪਣੇ ਪਤੀ ਨੂੰ ਆਖਿਆ, “ਘਬਰਾਉਣ ਨਾਲ ਕੀ ਬਣਦਾ ਹੈ, ਜਿਤਨੇ ਰੁਪਏ ਲੋੜ ਹਨ ਲਵੋ ਤੇ ਛੇਤੀ ਜਾ ਕੇ ਆਪਣੇ ਮਿੱਤਰ ਨੂੰ ਛੁੜਾ ਲਿਆਓ।"

ਬਸੈਨੀਊ ਢੇਰ ਰਕਮ ਲੈ ਕੇ ਵੈਨਿਸ ਵਲ ਤੁਰ ਪਿਆ। ਉਸ ਦੇ ਤੁਰਨ ਮਗਰੋਂ ਪੋਰਸ਼ੀਆ ਨੇ ਸੋਚਿਆ ਕਿ ਪਤੀ ਦੇ ਇਹੋ ਜਿਹੇ ਮਿੱਤਰ ਦੀ ਸਹਾਇਤਾ ਕਰਨਾ ਮੇਰਾ ਵੀ ਧਰਮ ਹੈ। ਉਹ ਸ਼ਾਹੂਕਾਰ ਡਾਢਾ ਕਠੋਰ ਚਿਤ ਹੈ ਤੇ ਐਨਤੋਨੀਊ ਨਾਲ ਵੈਰ ਰਖਦਾ ਹੈ, ਕਿਧਰੇ ਉਸ ਦੀ ਜਾਨ ਦੇ ਪਿਛੇ ਹੀ ਨਾ ਪੈ ਜਾਏ। ਇਸ ਗਲ ਨੂੰ ਮੁਖ ਰੱਖਦਿਆਂ ਹੋਇਆਂ ਉਸ ਨੇ ਇਕ ਆਪਣੇ ਸਬੰਧੀ ਵਕੀਲ ਨਾਲ ਸਲਾਹ ਕੀਤੀ ਤੇ ਵਕੀਲ ਦੇ ਮਰਦਾਵੇਂ ਭੇਸ ਵਿਚ ਵੈਨਿਸ ਵਲ ਚਲ ਪਈ ਅਤੇ ਠੀਕ ਉਸ ਸਮੇਂ ਅਦਾਲਤ ਵਿਚ ਪੁਜੀ ਜਦੋਂ ਅਦਾਲਤ ਵਿਚ ਐਨਤੋਨੀਊ ਦਾ ਮੁਕੱਦਮਾ ਪੇਸ਼ ਹੋਣ ਲਗਾ ਸੀ।

-੭੧-