ਸਮੱਗਰੀ 'ਤੇ ਜਾਓ

ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/9

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

1

ਸੇਂਟ ਪੀਟਰਸਬਰਗ ਵਿਚ 40 ਵਿਆਂ ਵਿਚ ਇਕ ਐਸੀ ਘਟਨਾ ਵਾਪਰੀ ਜਿਸਨੇ ਸਾਰਿਆਂ ਨੂੰ ਚਕ੍ਰਿਤ ਕਰ ਦਿਤਾ: ਇਕ ਖੂਬਸੂਰਤ, ਰਾਜਕੁਮਾਰ ਨੇ, ਜਿਹੜਾ ਸਮਰਾਟ ਦੀ ਕੁਈਰਾਜ਼ੀਰ ਰਜਮੰਟ ਦੇ ਇਕ ਦਸਤੇ ਦਾ ਕਮਾਂਡਰ ਸੀ, ਤੇ ਜਿਸਦੇ ਬਾਰੇ ਹਰ ਕੋਈ ਪੇਸ਼ਗੋਈ ਕਰਦਾ ਸੀ ਕਿ ਉਹ ਸ਼ਾਹੀ ਅਜੀਟਨ[1] ਬਣੇਗਾ ਤੇ ਜ਼ਾਰ ਨਿਕੋਲਾਈ ਪਹਿਲੇ ਦੇ ਦਰਬਾਰ ਵਿਚ ਚੰਗਾ ਨਾਮਣਾ ਖੱਟੇਗਾ, ਤੇ ਜਿਸਦਾ ਵਿਆਹ ਮਹਾਰਾਨੀ ਦੀ ਇਕ ਖਾਸ ਚਹੇਤੀ, ਇਕ ਦਰਬਾਰੀ ਕੁਲੀਨ ਦੀ ਸੁੰਦਰ ਬੇਟੀ ਨਾਲ ਇਕ ਮਹੀਨੇ ਤੱਕ ਹੋਣ ਵਾਲਾ ਸੀ, ਅਸਤੀਫਾ ਦੇ ਦਿਤਾ, ਆਪਣੀ ਮੰਗੇਤਰ ਨਾਲ ਸਾਰੇ ਸੰਬੰਧ ਤੋੜ ਲਏ, ਆਪਣੀ ਜਿੰਨੀ ਮਾੜੀ ਮੋਟੀ ਜਾਇਦਾਦ ਸੀ, ਉਹ ਆਪਣੀ ਭੈਣ ਦੇ ਨਾਂ ਕਰ ਦਿਤੀ ਤੇ ਆਪ ਸਾਧੂ ਬਨਣ ਸਾਧ-ਮਠ ਨੂੰ ਚਲਾ ਗਿਆ।

ਇਹ ਘਟਨਾ ਉਹਨਾਂ ਲੋਕਾਂ ਲਈ ਅਸਾਧਾਰਨ ਤੇ ਨਾ ਸਮਝੀ ਜਾਣ ਵਾਲੀ ਸੀ ਜਿਹੜੇ ਇਸਦੇ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਨਹੀਂ ਸਨ ਜਾਣਦੇ: ਪਰ ਖੁਦ ਰਾਜਕੁਮਾਰ ਸਤੇਪਾਨ ਕਸਾਤਸਕੀ ਲਈ ਇਹ ਸਾਰਾ ਕੁਝ ਏਨਾਂ ਕੁਦਰਤੀ ਸੀ ਕਿ ਉਹ ਆਪਣੇ ਮਨ ਵਿਚ ਹੋਰ ਕਿਸੇ ਤਰ੍ਹਾਂ ਦਾ ਵਿਹਾਰ ਲਿਆ ਹੀ ਨਹੀਂ ਸੀ ਸਕਦਾ।

ਸਤੇਪਾਨ ਕਸਾਤਸਕੀ ਬਾਰ੍ਹਾਂ ਸਾਲਾਂ ਦਾ ਸੀ ਜਦੋਂ ਉਸਦਾ ਪਿਤਾ, ਗਾਰਦਾਂ ਦਾ ਰੀਟਾਇਰਡ ਕਰਨੈਲ ਚਲਾਣਾ ਕਰ ਗਿਆ। ਭਾਵੇਂ ਉਸਦੀ ਮਾਂ ਨੂੰ ਇਸ ਗੱਲ ਉਤੇ ਬੜਾ ਦੁੱਖ ਹੋਇਆ ਕਿ ਉਹ ਉਸ ਨੂੰ ਘਰ ਤੋਂ ਬਾਹਰ ਭੇਜ ਰਹੀ ਹੈ, ਪਰ ਉਹ ਸਵਰਗੀ ਪਤੀ ਦੀ ਅੰਤਮ ਇੱਛਾ ਦਾ ਸਤਿਕਾਰ ਨਾ ਕਰਨ ਦਾ ਹੌਸਲਾ ਨਾ ਕਰ ਸਕੀ, ਜਿਸਨੇ ਇਹ ਵਸੀਅਤ ਕੀਤੀ ਸੀ ਕਿ ਜੇ ਉਹ ਮਰ ਜਾਏ ਤਾਂ ਉਸਦੇ ਬੇਟੇ ਨੂੰ ਘਰ ਨਾ ਰਖਿਆ ਜਾਏ ਤੇ ਸੈਨਿਕ ਸਕੂਲ ਵਿਚ ਭੇਜ ਦਿਤਾ ਜਾਏ। ਸੋ ਉਸਨੂੰ ਸੈਨਿਕ ਸਕੂਲ ਵਿਚ ਭੇਜ ਦਿੱਤਾ ਗਿਆ। ਤੇ ਵਿਧਵਾ ਆਪ, ਆਪਣੀ ਧੀ ਵਾਰਵਾਰਾ ਨੂੰ ਨਾਲ ਲੈ ਕੇ ਸੇਂਟ ਪੀਟਰਸਬਰਗ ਚਲੀ ਗਈ, ਤਾਂ ਕਿ ਆਪਣੇ ਬੇਟੇ ਦੇ ਨੇੜੇ ਰਹਿ ਸਕੇ ਤੇ ਤਿਓਹਾਰਾਂ ਉਤੇ ਉਸਨੂੰ ਆਪਣੇ ਨਾਲ ਘਰ ਰਖ ਸਕੇ।

ਲੜਕਾ ਬਹੁਤ ਲਾਇਕ ਅਤੇ ਸਵੈ-ਅਭਿਮਾਨੀ ਸੀ। ਉਹ ਪੜ੍ਹਨ-ਲਿਖਣ, ਖਾਸ ਕਰਕੇ ਗਣਿਤ ਵਿਚ, ਜਿਸ ਵਿਚ ਉਸਦੀ ਖਾਸ ਰੁੱਚੀ ਸੀ, ਯੁੱਧ-ਕਲਾ ਅਤੇ ਘੋੜ ਸਵਾਰੀ ਵਿਚ ਵੀ ਦੂਸਰਿਆਂ ਤੋਂ ਅੱਵਲ ਦਰਜੇ ਉਤੇ ਰਹਿੰਦਾ ਸੀ। ਕੁਝ ਜ਼ਿਆਦਾ ਲੰਮਾ ਹੁੰਦਿਆਂ ਹੋਇਆਂ ਵੀ ਉਹ ਸੋਹਣਾ ਅਤੇ ਚੁਸਤ-ਫੁਰਤ ਸੀ। ਏਨਾ ਹੀ ਨਹੀਂ, ਜੇ

3

  1. ਸਮਰਾਟ ਦੀ ਸਹਾਇਤਾ ਕਰਨ ਵਾਲਾ ਅਹੁਦੇਦਾਰ