ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/18

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪੰਜਾਬ ਦੀਆਂ ਬਹੁਤ ਸਾਰੀਆਂ ਲੋਕ ਕਹਾਣੀਆਂ ਵਿੱਚ ਸ਼ਾਹਿਜ਼ਾਦੀਆਂ ਆਪਣੇ ਸ਼ਹਿਜ਼ਾਦਿਆਂ ਪਾਸੋਂ ਉਹਨਾਂ ਦੀ ਬੁੱਧੀ ਪ੍ਰੀਖਿਆ ਲਈ ਬੁਝਾਰਤਾਂ ਪੁੱਛਦੀਆਂ ਹਨ ਜੋ ਬੁਝ ਲਵੇ ਉਹਦੇ ਨਾਲ ਵਿਆਹ ਕਰਵਾ ਲੈਂਦੀਆਂ ਹਨ ਜਿਹੜਾ ਨਾ ਬੁੱਝ ਸਕੇ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ।

ਰਾਜਕੁਮਾਰੀ ਕੌਲਾਂ ਬਾਰੇ ਪ੍ਰਚਲਤ ਹੈ ਕਿ ਉਸ ਨੇ ਆਪਣੇ ਧੌਲਰ ਵਿੱਚ ਇੱਕ ਵੱਡਾ ਸਾਰਾ ਤਲਾਅ ਬਣਵਾਇਆ ਹੋਇਆ ਸੀ, ਜੋ ਕੰਵਲ ਫੁੱਲਾਂ ਨਾਲ ਖਿੜਿਆ ਰਹਿੰਦਾ। ਉਸ ਨੇ ਆਪਣੇ ਵਿਆਹ ਲਈ ਇਹ ਸ਼ਰਤ ਰੱਖੀ ਹੋਈ ਸੀ ਕਿ ਜਿਹੜਾ ਸ਼ਹਿਜ਼ਾਦਾ ਤਲਾਅ ਵਿੱਚੋਂ ਫੁੱਲ ਤੋੜ ਕੇ ਲਿਆਵੇਗਾ ਉਸੇ ਨਾਲ਼ ਉਹ ਵਿਆਹ ਰਚਾਏਗੀ। ਇਸ ਤਲਾਅ ਨੂੰ 360 ਪੌੜੀਆਂ ਜਾਂਦੀਆਂ ਸਨ ਤੇ ਹਰ ਪੌੜੀ ਉੱਤੇ ਇੱਕ ਸੁੰਦਰੀ ਤਲਵਾਰ ਹੱਥ ਵਿੱਚ ਫੜ ਕੇ ਸੁਚੇਤ ਖੜੀ ਰਹਿੰਦੀ ਸੀ ਉਹ ਉਦੋਂ ਤੱਕ ਆਪਣੀ ਪੌੜੀ ਉੱਤੇ ਪੈਰ ਨਹੀਂ ਸੀ ਧਰਨ ਦੇਂਦੀ ਜਦੋਂ ਤੱਕ ਕੋਈ ਸ਼ਹਿਜ਼ਾਦਾ ਉਸ ਦੀ ਬੁਝਾਰਤ ਨਾ ਬੁੱਝ ਲੈਂਦਾ।ਸੁਝਾਓ ਦੇਣ ਲਈ ਕੌਲਾਂ ਨੇ ਤਲਾਅ ਦੇ ਤਿੰਨੇ ਪਾਸੇ 360 ਵੰਨਗੀਆਂ ਦੇ ਫਲਾਂ ਤੇ ਫੁੱਲਾਂ ਦੇ ਪੌਦੇ ਲਗਾਏ ਹੋਏ ਸਨ, ਜਿਹਨਾਂ ਦੇ ਪ੍ਰਸੰਗ ਵਿੱਚ ਹੀ ਉਸ ਨੇ 360 ਬੁਝਾਰਤਾਂ ਜੋੜੀਆਂ ਹੋਈਆਂ ਸਨ।[1]

ਪੰਜਾਬ ਦੇ ਪ੍ਰਸਿੱਧ ਲੋਕ ਰੁਮਾਂਸ ਰਾਜਾ ਰਸਾਲੂ ਦੇ ਕਿੱਸੇ ਵਿੱਚ ਮੀਆਂ ਕਾਦਰ ਯਾਰ ਰਾਜਾ ਹੋਡੀ ਨੂੰ ਰਾਣੀ ਕੋਕਲਾਂ ਦੀ ਸੇਜ ਚੜ੍ਹਾਉਣ ਤੋਂ ਪਹਿਲਾਂ ਹਾਸੇ ਠੱਠੇ ਦਾ ਮਾਹੌਲ ਪੈਦਾ ਕਰਨ ਲਈ ਚੋਹਲ ਕਰਾਉਂਦਾ ਹੈ। ਰਾਣੀ ਕੋਕਲਾਂ ਹੋਡੀ ਪਾਸੋਂ ਬੁਝਾਰਤਾਂ ਦੇ ਉੱਤਰ ਪੁੱਛਦੀ ਹੈ:

ਕੋਕਲਾਂ:

ਸਾਵਣ ਵਰਸੇ ਮੇਘਲਾ
ਵਰਸੇ ਝਿੰਬਰ ਲਾ
ਰੁੱਖ ਡੁੱਬੇ ਸਣ ਕੁੰਬਲੀਂ
ਹਾਥੀ ਮਲ ਮਲ ਨ੍ਹਾ
ਘੜਾ ਡੁੱਬਾ ਸਣ ਚੱਪਣੀ
ਚਿੜੀ ਤਿਹਾਈ ਜਾ
ਬਾਣੀਆਂ ਸੀ ਮੱਟ ਕੁੱਟਿਆ
ਕੱਪੜੇ ਲਿਤੇ ਲਾਹ
ਇਹ ਪਹੇਲੀ ਬੁਝ ਲੈ
ਮੇਰੀ ਸੇਜ ਪਰ ਆ।

ਹੋਡੀ:

ਇਹ ਪਹੇਲੀ ਓਸ ਦੀ
ਹੋਰ ਨਵੀਂ ਕੋਈ ਪਾ
ਜੇ ਤੇਰੇ ਵਿੱਚ ਧਰਮ ਹੈ
ਸੇਜ ਆਪਣੀ ਚੜ੍ਹਾ


  1. *‘ਪੰਜਾਬ ਦੀ ਲੋਕ ਧਾਰਾ’, ਪੰਨਾ 184-185

14 ਪੰਜਾਬੀ ਸਭਿਆਚਾਰ ਦੀ ਆਰ