ਦੀਆਂ ਹਰਮਨ ਪਿਆਰੀਆਂ ਪੀੜਾਂ ਹਨ ਜਿਨ੍ਹਾਂ ਨੂੰ ਅਨੇਕਾਂ ਲੋਕ ਕਵੀਆਂ ਨੇ ਆਪਣੇ ਕਿੱਸਿਆਂ ਵਿੱਚ ਸਾਂਭਿਆ ਹੋਇਆ ਹੈ।
ਮੱਧਕਾਲ ਦੀਆਂ ਇਨ੍ਹਾਂ ਮੁਹੱਬਤੀ ਰੂਹਾਂ ਨੇ ਅਪਣੀ ਮੁਹੱਬਤ ਦੀ ਪੂਰਤੀ ਲਈ ਉਸ ਸਮੇਂ ਦੇ ਸਮਾਜ ਦਾ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਹੈ- ਨਾ ਕੋਈ ਧਰਮ, ਨਾ ਜਾਤ ਨਾ ਗੋਤ ਉਹਨਾਂ ਦੇ ਮਿਲਾਪ ਨੂੰ ਰੋਕ ਨਹੀਂ ਸਕਿਆ। ਉਹਨਾਂ ਸਮਾਜੀ ਬੰਦਸ਼ਾਂ ਨੂੰ ਤੋੜ ਕੇ ਆਪਣੇ ਇਸ਼ਕ ਨੂੰ ਤੋੜ ਨਿਭਾਇਆ ਹੈ। ਅਸਲ ਵਿੱਚ ਉਹਨਾਂ ਨੇ ਆਪਣੇ ਤੌਰ 'ਤੇ ਸਖਸ਼ੀ ਆਜ਼ਾਦੀ ਦੀ ਲੜਾਈ ਲੜਕੇ ਇਤਿਹਾਸ ਸਿਰਜਿਆ ਹੈ। ਲੋਕ ਨਾਇਕ ਵਜੋਂ ਨਿਭਾਏ ਇਤਿਹਾਸਕ ਰੋਲ ਕਰਕੇ ਹੀ ਪੰਜਾਬ ਦਾ ਲੋਕ ਮਾਨਸ ਉਹਨਾਂ ਨੂੰ ਆਪਣੇ ਚੇਤਿਆਂ ਵਿੱਚ ਵਸਾਈ ਬੈਠਾ ਹੈ ਤੇ ਅੱਜ ਵੀ ਸਾਂਦਲ ਬਾਰ ਦੇ ਲੋਕ ਹੀਰ ਨੂੰ ‘ਮਾਈ ਹੀਰ' ਤੇ ਰਾਂਝੇ ਨੂੰ ‘ਮੀਆਂ ਰਾਂਝੇ' ਦੇ ਲਕਬ ਨਾਲ ਯਾਦ ਕਰਦੇ ਹਨ।
ਪੁਰਾਤਨ ਸਮੇਂ ਤੋਂ ਹੀ ਪੰਜਾਬ ਬਦੇਸ਼ੀ ਹਮਲਾਵਰਾਂ ਲਈ ਮੁੱਖ ਦੁਆਰ ਰਿਹਾ ਹੈ ਜਿਸ ਕਰਕੇ ਆਏ ਦਿਨ ਪੰਜਾਬੀਆਂ ਨੂੰ ਬਦੇਸ਼ੀ ਹਮਲਾਵਰਾਂ ਨਾਲ ਜੂਝਣਾ ਪਿਆ ਹੈ। ਪੰਜਾਬ ਭਾਰਤ ਦੀ ਖੜਗ ਭੁਜਾ ਰਿਹਾ ਹੈ। ਨਿੱਤ ਦੀਆਂ ਲੜਾਈਆਂ ਕਾਰਨ ਪੰਜਾਬੀਆਂ ਦੇ ਖੂਨ ਵਿੱਚ ਸੂਰਮਤਾਈ ਅਤੇ ਬਹਾਦਰੀ ਦੇ ਅੰਸ਼ ਸਮੋਏ ਹੋਏ ਹਨ, ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਪੰਜਾਬੀ ਜਿੱਥੇ ਮੁਹੱਬਤੀ ਰੂਹਾਂ ਨੂੰ ਪਿਆਰ ਕਰਦੇ ਹਨ, ਉੱਥੇ ਉਹ ਉਹਨਾਂ ਯੋਧਿਆਂ, ਸੂਰਬੀਰਾਂ ਦੀਆਂ ਵਾਰਾਂ ਵੀ ਗਾਉਂਦੇ ਹਨ ਜੋ ਆਪਣੇ ਸਮਾਜ, ਭਾਈਚਾਰੇ, ਸਵੈ ਅਣਖ ਅਤੇ ਸਵੈਮਾਨ ਲਈ ਜੂਝਦੇ ਹੋਏ ਸੂਰਮਤਾਈ ਵਾਲੇ ਕਾਰਨਾਮੇ ਕਰ ਵਖਾਉਂਦੇ ਹਨ। ਇਹ ਸੂਰਬੀਰ ਯੋਧੇ ਜਨ ਸਧਾਰਨ ਲਈ ਇੱਕ ਆਦਰਸ਼ ਸਨ ਤੇ ਲੋਕ ਕਵੀ ਇਹਨਾਂ ਨਾਇਕਾਂ ਦੀ ਜੀਵਨ ਕਹਾਣੀ ਆਪਣੇ ਕਿੱਸਿਆਂ ਵਿੱਚ ਬੜਿਆਂ ਲਟਕਾਂ ਨਾਲ ਬਿਆਨ ਕਰਦੇ ਰਹੇ ਹਨ। ਪੂਰਨ ਭਗਤ, ਰਾਜਾ ਰਸਾਲੂ, ਦੁੱਲਾ ਭੱਟੀ, ਮਿਰਜ਼ਾ, ਜੀਊਣਾ ਮੌੜ, ਸੁੱਚਾ ਸਿੰਘ ਸੂਰਮਾ, ਜੱਗਾ ਡਾਕੂ, ਸੁੰਦਰ ਸਿੰਘ ਧਾੜਵੀ ਅਤੇ ਹਰਫੂਲ ਸਿੰਘ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ਹਨ।
ਮੱਧਕਾਲ ਵਿੱਚ ਕਿੱਸਾ ਸਾਹਿਤ ਪੰਜਾਬੀ ਜਨ ਸਾਧਾਰਨ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਿਹਾ ਹੈ। ਕਵੀਸ਼ਰ ਅਤੇ ਢੱਡ ਸਾਰੰਗੀ ਵਾਲੇ ਗੁਮੰਤਰੀ ਅਖਾੜੇ ਲਾ ਕੇ ਪੰਜਾਬੀ ਲੋਕ ਨਾਇਕਾਂ ਦੇ ਜੀਵਨ ਵੇਰਵਿਆਂ ਅਤੇ ਉਹਨਾਂ ਦੇ ਕਾਰਨਾਮਿਆਂ ਨੂੰ ਆਮ ਲੋਕਾਂ ਵਿੱਚ ਪੇਸ਼ ਕਰਕੇ ਉਹਨਾਂ ਲਈ ਮਨੋਰੰਜਨ ਹੀ ਪ੍ਰਦਾਨ ਨਹੀਂ ਸੀ ਕਰਦੇ ਬਲਕਿ ਉਹਨਾਂ ਵਿੱਚ ਭਾਈਚਾਰਕ ਅਤੇ ਸਦਾਚਾਰਕ ਕੀਮਤਾਂ ਦਾ ਸੰਚਾਰ ਵੀ ਕਰਦੇ ਸਨ। ਮੇਲੇ ਮਥਾਵਿਆਂ ਤੇ ਇਹ ਅਖਾੜੇ ਆਮ ਲੱਗਦੇ ਸਨ। ਲੋਕੀ ਹੁੰਮ ਹੁਮਾ ਕੇ ਇਹਨਾਂ ਕਵੀਸ਼ਰਾਂ ਅਤੇ ਗੁਮੰਤਰੀਆਂ ਦੇ ਗਾਉਣ ਸੁਨਣ ਜਾਂਦੇ ਸਨ ਪਰੰਤੂ ਅੱਜ ਕਲ੍ਹ ਇਹ ਅਖਾੜੇ ਲਾਉਣ ਦੀ ਪਰੰਪਰਾ ਸਮਾਪਤ ਹੋ ਗਈ ਹੈ। ਕਿੱਸੇ ਪੜ੍ਹਨ ਦਾ ਰਿਵਾਜ ਵੀ ਖ਼ਤਮ ਹੋ ਗਿਆ ਹੈ। ਕਿੱਸਾ ਸਾਹਿਤ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਪੰਜਾਬ ਦੀ ਨਵੀਂ ਪੀੜ੍ਹੀ ਅਪਣੀ ਮੁੱਲਵਾਨ ਵਿਰਾਸਤ ਤੋਂ ਅਵੇਸਲੀ ਹੋ ਰਹੀ ਹੈ, ਸਮੇਂ ਦੀ ਲੋੜ ਹੈ ਕਿ ਉਹਨਾਂ ਨੂੰ ਅਪਣੀ ਵਿਰਾਸਤ ਨਾਲ ਜੋੜਿਆ ਜਾਵੇ। ਪੰਜਾਬ ਦੇ ਲੋਕ ਨਾਇਕ ਪੰਜਾਬ ਦੇ ਲੋਕ ਵਿਰਸੇ ਦੇ ਅਣਵਿੱਧ ਮੋਤੀ ਹਨ। ਇਹਨਾਂ ਦਾ ਸਮਾਜ ਵਿਗਿਆਨ ਅਤੇ ਲੋਕਧਾਰਾਈ ਦ੍ਰਿਸ਼ਟੀ ਤੋਂ ਅਧਿਐਨ ਕਰਨਾ ਅਤਿਅੰਤ ਜ਼ਰੂਰੀ ਹੈ।
31/ਪੰਜਾਬੀ ਸਭਿਆਚਾਰ ਦੀ ਆਰਸੀ