ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਦੋਹੇ ਲਾਏ ਜਾਂਦੇ ਸਨ। ਦੋਹੇ ਗਾਉਣ ਨੂੰ ਦੋਹੇ ਲਾਉਣਾ ਆਖਿਆ ਜਾਂਦਾ ਸੀ। ਪੰਜਾਬ ਦੇ ਪਿੰਡਾਂ ਵਿੱਚ ਇਹਨਾਂ ਨੂੰ ਗਾਉਣ ਦੀ ਆਮ ਪਰੰਪਰਾ ਸੀ।ਤੜਕਸਾਰ ਔਰਤਾਂ ਨੂੰ ਚੱਕੀਆਂ ਦੇਣੀਆਂ, ਕੋਈ ਦੁੱਧ ਰਿੜਕਦੀ, ਮਰਦ ਤਾਰਿਆਂ ਦੀ ਛਾਵੇਂ ਹਲ਼ ਜੋੜ ਕੇ ਤੁਰ ਜਾਂਦੇ, ਕਿਧਰੇ ਹਰਟ ਚਲਦੇ! ਬਲਦਾਂ ਅਤੇ ਬੋਤਿਆਂ ਦੀਆਂ ਘੁੰਗਰਾਲਾਂ ਦੀ ਛਣਕਾਰ ਨਾਲ ਇੱਕ ਅਨੂਠਾ ਰਾਗ ਉਤਪਨ ਹੋ ਜਾਣਾ। ਘੁੰਗਰੂਆਂ, ਟੱਲੀਆਂ ਅਤੇ ਹਲਟ ਦੇ ਕੁੱਤੇ ਦੀ ਟਕ-ਟਕ ਨਾਲ ਤਾਲ ਦੇਂਦੇ ਹਾਲੀ ਅਤੇ ਨਾਕੀ ਵਜਦ ਵਿੱਚ ਆ ਕੇ ਦੋਹੇ ਲਾਉਣ ਲੱਗ ਜਾਂਦੇ।ਟਿਕੀ ਹੋਈ ਰਾਤ ’ਚ ਦੋਹਿਆਂ ਦੇ ਦਰਦੀਲੇ ਬੋਲਾਂ ਨਾਲ ਵਿਸਮਾਦ ਭਰਪੂਰ ਸਮਾਂ ਬੰਨਿਆਂ ਜਾਣਾ। ਦੂਰੋਂ ਕਿਸੇ ਹੋਰ ਨਾਕੀ ਨੇ ਦੋਹੇ ਦਾ ਉੱਤਰ ਦੋਹੇ ਵਿੱਚ ਮੋੜਨਾ। ਸ਼ਾਂਤ ਵਾਤਾਵਰਨ ਵਿੱਚ ਬ੍ਰਿਹਾ ਦੀਆਂ ਕੂਲ੍ਹਾਂ ਵਹਿ ਟੂਰਨੀਆਂ।
ਮਸ਼ੀਨੀ ਸੱਭਿਅਤਾ ਦੇ ਵਿਕਾਸ ਕਾਰਨ ਖੇਤੀ ਦੇ ਰੰਗ-ਢੰਗ ਬਦਲ ਗਏ ਹਨ। ਨਾ ਖੂਹ ਰਹੇ ਹਨ ਨਾ ਬਲਦਾਂ ਦੀਆਂ ਟੱਲੀਆਂ, ਨਾ ਦੋਹੇ ਲਾਉਣ ਦੀ ਪਰੰਪਰਾ ਹੁਣ ਖੇਤਾਂ ਵਿੱਚ ਟਰੈਕਟਰ ਧੁਕ-ਝੁਕ ਕਰ ਰਹੇ ਹਨ ਤੇ ਖੂਹਾਂ ਦੀ ਥਾਂ ਟਿਊਬਵੈਲਾਂ ਨੇ ਮਲ ਲਈ ਹੈ। ਹੁਣ ਕੋਈ ਕਿਸਾਨ ਰਾਤਾਂ ਨੂੰ ਖੇਤਾਂ ਵਿੱਚ ਕੰਮ ਨਹੀਂ ਕਰਦਾ, ਨਾ ਹੀ ਦੋਹੇ ਲਾਉਂਦਾ ਹੈ। ਪੰਜਾਬ ਦੇ ਪੇਂਡੂ ਜੀਵਨ ਵਿੱਚੋਂ ਦੋਹੇ ਲਾਉਣ ਦੀ ਪਰੰਪਰਾ ਦੇ ਸਮਾਪਤ ਹੋਣ ਕਾਰਨ ਇਸ ਦੀ ਸਿਰਜਣ ਕਿਰਿਆ ਵੀ ਸਮਾਪਤ ਹੋ ਗਈ ਹੈ। ਅਜੇ ਵੀ ਪੰਜਾਬ ਦੇ ਪਿੰਡਾਂ ਵਿੱਚ ਸੈਂਕੜੇ ਅਜਿਹੇ ਹਾਲੀ ਪਾਲੀ ਮੌਜੂਦ ਹਨ ਜਿਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਦੋਹਿਆਂ ਨੂੰ ਆਪਣੀ ਹਿੱਕੜੀ ਵਿੱਚ ਸਾਂਭਿਆ ਹੋਇਆ ਹੈ। ਜੇਕਰ ਸਮੇਂ ਸਿਰ ਇਹਨਾਂ ਨੂੰ ਸੰਭਾਲਿਆ ਨਾ ਗਿਆ ਤਾਂ ਇਹ ਵੀ ਬੀਤੇ ਦੀ ਧੂੜ ਵਿੱਚ ਗੁਆਚ ਜਾਣਗੇ। ਇਹਨਾਂ ਬੇਸ਼ਕੀਮਤ ਹੀਰਿਆਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡੀ ਮੁਲਵਾਨ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ।
ਪਾਠਕਾਂ ਦੀ ਦਿਲਚਸਪੀ ਲਈ ਕੁਝ ਹੋ ਹਾਜ਼ਰ ਹਨ -

(1)
ਉੱਚਾ ਬੁਰਜ ਲਾਹੌਰ ਦਾ
ਕੋਈ ਵਿੱਚ ਤੋੜੇ ਦੀ ਖੇਡ
ਦੋਹਾ ਗੀਤ ਗਿਆਨ ਦਾ
ਜੀਹਨੂੰ ਗੂਹੜੇ ਮਗਜ਼ ਦੀ ਲੋੜ
(2)
ਤੈਨੂੰ ਰੂਪ ਦਿੱਤਾ ਕਰਤਾਰ ਨੇ
ਨੀ ਕੋਈ ਕਾਹਦਾ ਕਰੇਂ ਗੁਮਾਨ
ਦੋਹਾ ਗੀਤ ਗਿਆਨ ਦਾ
ਜੀਹਨੂੰ ਗਾਵੇ ਕੁਲ ਜਹਾਨ
(3)
ਨੀਂਦ ਨਾ ਭਾਲਦੀ ਬਿਸਤਰੇ
ਭੁੱਖ ਨਾ ਭਾਲਦੀ ਰਾਤ
ਮੌਤ ਨਾ ਪੁੱਛਦੀ ਉਮਰ ਨੂੰ
ਇਸ਼ਕ ਨਾ ਪੁੱਛਦਾ ਜਾਤ

33 / ਪੰਜਾਬੀ ਸਭਿਆਚਾਰ ਦੀ ਆਰਸੀ