ਪੰਨਾ:ਹੀਰ ਵਾਰਸਸ਼ਾਹ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੮)

ਅਖੀਂ ਲਗੀਆਂ ਮੁੜਨ ਨਾ ਵੀਰ ਮੇਰੇ ਬੀਬਾ ਵਾਰ ਘਤੀ ਬਲਿਹਾਰੀਆਂ ਵੇ
ਵਹਿਣ ਪਏ ਦਰਯਾ ਨਹੀਂ ਕਦੀ ਮੁੜਦੇ ਵੱਡੇ ਲਾ ਰਹੇ ਜ਼ੋਰ ਜ਼ਾਰੀਆਂ ਵੇ
ਬਦੀ ਲਿਖੀ ਹੈ ਇਹ ਨਸੀਬ ਮੇਰੇ ਭਾਵੇਂ ਵੱਢ ਤੂੰ ਨਾਲ ਤਲਵਾਰੀਆਂ ਵੇ
ਅਵਲ ਰੋਜ਼ ਦਾ ਲਿੱਖਿਆ ਆਣ ਮਿਲਿਆ ਹੀਰ ਘੋਲ ਘੱਤੀ ਵਾਰ ਵਾਰੀਆਂ ਵੇ
ਲਹੂ ਕਿਉਂ ਕਰ ਨਿਕਲੇ ਨਾ ਭਾਈ, ਜਿੱਥੇ ਲੱਗੀਆਂ ਤੇਜ਼ ਕਟਾਰੀਆਂ ਵੇ
ਸਿਰ ਦਿੱਤਿਆਂ ਬਾਝ ਨਾ ਇਸ਼ਕ ਪੱਕੇ ਇਹ ਨਹੀਂ ਸੁਖਾਲੀਆਂ ਯਾਰੀਆਂ ਵੇ
ਲੋਹ ਕਲਮ ਪਈ ਸਿਜਦੇ ਇਸ਼ਕ ਅਗੇ ਬੰਧੀ ਹੇਰ ਮੈਂ ਕੌਣ ਵਿਚਾਰੀਆਂ ਵੇ
ਰਾਂਝੇ ਚਾਕ ਤੋਂ ਝੰਗ ਸਿਆਲ ਦੀਆਂ ਘੋਲ ਘੱਤੀਆਂ ਜੱਟੀਆਂ ਸਾਰੀਆਂ ਵੇ
ਵੀਰਾ ਮੰਗ ਦਵਾ ਤੂੰ ਰੱਬ ਅਗੇ ਬੀਬੀ ਹੀਰ ਜਿਹੀਆਂ ਹੋਣ ਡਾਰੀਆਂ ਵੇ
ਕਹੇ ਕੂੜ ਨਾਹੀਂ ਤੈਥੋਂ ਭੈਣ ਘੋਲੀ ਗਲ੍ਹਾਂ ਸੱਚੀਆਂ ਹੋਣ ਕਰਾਰੀਆਂ ਵੇ
ਖੁਸ਼ੀ ਨਾਲ ਕੁਰਬਾਨ ਕਰ ਇਸ਼ਕ ਉਤੋਂ ਭੈਣਾਂ ਹੋਣ ਜੇ ਲਖ ਹਜ਼ਾਰੀਆਂ ਵੇ
ਲਖਾਂ ਦਾਰੂਆਂ ਨਾਲ ਨਾ ਹੋਣ ਚੰਗੇ ਜਿਨ੍ਹਾਂ ਲੱਗੀਆਂ ਇਸ਼ਕ ਬੀਮਾਰੀਆਂ ਵੇ
ਲਗੇ ਦਸਤ ਇਕ ਵਾਰ ਨਾ ਬੰਦ ਕੀਜਨ ਹੈਣ ਲਿੱਖਦੀਆਂ ਵੈਦਗੀਆਂ ਸਾਰੀਆਂ ਵੇ
ਵਾਰਸਸ਼ਾਹ ਮੀਆਂ ਭਾਈ ਵਰਜਦੇ ਨੀ ਦੇਖੋ ਇਸ਼ਕ ਬਣਾਈਆਂ ਖੁਆਰੀਆਂ ਵੇ

ਕਾਜ਼ੀ ਦੀ ਕਲਾਮ

ਕਾਜ਼ੀ ਆਖਦਾ ਖੌਫ ਖੁਦਾਇ ਦਾ ਕਰ ਮਾਪੇ ਜ਼ਿਦ ਚੜ੍ਹੇ ਚਾ ਮਾਰਨੀਂ ਗੇ
ਤੇਰੀ ਕਿਆੜੀਓਂ ਜੀਭ ਕਢਾ ਸੁਟਨ ਮਾਰੇ ਸ਼ਰਹ ਦੇ ਖੂਨ ਗੁਜਾਰਨੀਂ ਗੇ
ਜੋਰਾਵਰਾਂ ਦੇ ਨਾਲ ਨਾ ਜ਼ਿਦ ਚਲਦੀ ਤੇਰੇ ਚਾਕ ਚੋਬਰ ਸੱਭ ਮਾਰਨੀਂ ਗੇ
ਕਲੀ ਕਰਦ ਕਜ਼ਾ ਦੀ ਰੋਜ਼ ਕਿਆਮਤ ਤੇਰੀਆਂ ਅੱਖੀਆਂ ਵਿਚ ਪੰਘਾਰਨੀਂ ਗੇ
ਮੁਨਕਰ ਹੋਣ ਜੋ ਪੀਰ ਉਸਤਾਦ ਕੋਲੋਂ ਉਹਨੂੰ ਡੂੰਘੜੇ ਖੂਹ ਨਿਘਾਰਨੀਂ ਗੇ
ਮਾਂ ਬਾਪ ਦੇ ਕਹੇ ਤੋਂ ਹੋਣ ਆਕੀ ਉਹ ਤਾਂ ਰੋਜ਼ ਕਿਆਮਤੇ ਹਾਰਨੀਂ ਗੇ
ਜਿਸ ਵਕਤ ਦਿੱਤਾ ਅਸਾਂ ਚਾ ਫ਼ਤਵਾ ਉਸ ਵਕਤ ਹੀ ਮਾਰ ਉਤਾਰਨੀ ਗੇ
ਜਿਸਦੀਆਂ ਜ਼ਰਾ ਨਾ ਅਖੀਆਂ ਹੋਣ ਨੀਵੇਂ ਵਾਂਗ ਦਾਜ਼ ਦੇ ਅਖੀਆਂ ਪਾੜਨੀਂ ਗੇ
ਮਾਉਂ ਆਖਦੀ ਲੋਹੜ ਖੁਦਾ ਦਾ ਜੇ ਤਿਖੇ ਸ਼ੋਖ ਦੀਦੇ ਤੇਰੇ ਪਾੜਨੀਂ ਗੇ
ਵਾਰਸਸ਼ਾਹ ਨੂੰ ਛੱਡ ਬੁਰਿਆਈਆਂ ਨੂੰ ਨਹੀਂ ਅੱਗ ਦੇ ਵਿੱਚ ਚਾ ਸਾੜਨੀਂ ਗੇ

ਕਲਾਮ ਹੀਰ

ਕਾਜੀ ਆਸ਼ਕਾਂ ਸਿਰਾਂ ਤੋਂ ਪੰਡ ਸੁੱਟੀ ਮੈਂ ਤਾਂ ਸ਼ਰਮ ਦੀ ਭਾਰ ਨਾ ਲੱਦੀਆਂ ਗੀ
ਖੇੜੀ ਜਾਨ ਨਾ ਕਦੀ ਕਬੂਲ ਕਰਸਾਂ ਤੋੜੇ ਮਾਰ ਰੱਸੇ ਸੰਗਲ ਬੱਧੀਆਂ ਗੀ