ਪੰਨਾ:Alochana Magazine February 1964.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਖਣ ਦਾ ਜਤਨ ਕੀਤਾ ਹੈ । ਇਸ ਤੋਂ ਛੁਟ ਇਹ ਦੋਵਾਂ ਵਿਚਾਰਵਾਨ ਕਵੀ ਭੀ ਕੁਦਰਤ ਨੂੰ ਵੇਖਣ-ਮਾਣਨ ਦੇ ਇਹਨਾਂ ਦੇ ਸਾਧਨਾਂ, ਕਵਿਤਾ ਤੇ ਵਿਗਿਆਨ, ਬਾਰੇ ਆਪਣੇ ਕੋਈ ਵਿਚਾਰ ਸਾਡੇ ਲਈ ਪਿਛੇ ਨਹੀਂ ਛੱਡ ਗਏ । ਇਸ ਵਿਸ਼ੇ ਤੇ ਅਜੇਹੇ ਨਿਪੁੰਨ ਲੇਖਕਾਂ ਦੇ ਵਿਚਾਰਾਂ ਦੀ ਅਣਹੋਂਦ ਵਿਚ ਮੈਂ ਇਸ ਲੇਖ ਰਾਹੀਂ ਆਪਣੇ ਵਿਚਾਰ ਪੇਸ਼ ਕਰਨ ਦਾ ਜਤਨ ਕੀਤਾ ਹੈ ।

ਮੈਂ ਆਪਣੇ ਵਿਗਿਆਨਕ ਅਭਿਆਸ ਦੇ ਅਸਰਾਂ ਤੋਂ ਆਪਣੀ ਕਵਿਤਾ ਨੂੰ ਮੁਕਤ ਨਹੀਂ ਰਖ ਸਕਿਆ, ਕਿਉਂਕਿ ਅਜੇਹਾ ਕਰਨਾ ਮੈਂ ਠੀਕ ਹੀ ਨਹੀਂ ਸਮਝਿਆ। ਮੈਨੂੰ ਤਾਂ ਸਾਇੰਸ ਦਾ ਖੇਤਰ ਕਵੀ ਦੀ ਅੱਖ ਲਈ ਨਵੇਂ ਅਨੁਭਵਾਂ ਦੀ ਭੂਮੀ ਜਾਪਿਆ ਹੈ । ਅਜੇਹੇ ਨਵੇਂ ਅਨੁਭਵਾਂ ਤੋਂ ਮੂੰਹ ਮੋੜ ਸਕਣਾ ਜੋ ਮਨੁਖੀ ਤਜਰਬੇ ਦਾ ਸਜਰਾ ਵਿਗਾਸ ਹੋਣ ਤੇ ਕਾਵਿ-ਕਲਪਨਾ ਨੂੰ ਨਿਤ ਵੰਗਾਰ ਪਾਉਂਦੇ ਹੋਣ, ਮੇਰੇ ਲਈ ਤਾਂ ਅਸੰਭਵ ਗਲ ਹੈ । ਜੇ ਸਾਹਿਤ ਦਾ ਸਮੇਂ ਦੇ ਸਮਾਜਿਕ ਦ੍ਰਿਸ਼ ਨਾਲ ਕੋਈ ਨਾਤਾ ਹੈ, ਅਤੇ ਜੇ ਅਜ ਦੇ ਸਮਾਜਿਕ ਦਿਸ਼ ਵਿਚ ਵਿਗਿਆਨ ਤਾਣੇ ਪੇਟੇ ਵਾਂਗ ਉਣਿਆ ਪਇਆ ਹੈ ਤਾਂ ਅਜ ਦੀ ਕਵਿਤਾ ਸਾਇੰਸ ਦੇ ਪ੍ਰਭਾਵਾਂ ਤੋਂ ਮੁਕਤ ਹੋਨ ਦਾ ਹੀਆ ਹੀ ਕਿਵੇਂ ਕਰ ਸਕਦੀ ਹੈ ? ਮੈਂ ਸਾਇੰਸ ਤੇ ਕਵਿਤਾ ਵਿਚਾਲੇ ਵਿਰੋਧ ਨਹੀਂ, ਇਕ ਨਾਤਾ ਮਹਸੂਸ ਕੀਤਾ ਹੈ, ਤੇ ਇਸ ਨਾਤੇ ਦੀ ਗਲ ਹੋਰ ਵਿਚਾਰਵਾਨਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ । ਕਈ ਵਾਰੀ "ਆਪਣੇ" ਵਿਚਾਰਾਂ ਦੀ ਗੱਲ ਕਰਨੀ ਗੁਸਤਾਖ਼ੀ ਸਮਝਿਆ ਜਾਂਦਾ ਹੈ । ਪਰ ਨਿਪੁੰਨ ਲੇਖਕਾਂ ਦੇ ਵਿਚਾਰਾਂ ਦੀ ਅਨਹੋਂਦ ਵਿਚ, ਆਸ ਹੈ, ਇਹ ਜਤਨ ਗੁਸਤਾਖ਼ੀ ਨਹੀਂ ਸਮਝਿਆ ਜਾਵੇਗਾ !

੨.

ਕਵੀ ਅਤੇ ਵਿਗਿਆਨੀ ਦੋਵੇਂ ਹੀ ਕੁਦਰਤ ਨੂੰ ਸਮਝਣ ਅਤੇ ਆਪਣੀਆਂ ਪ੍ਰਾਪਤੀਆਂ ਨੂੰ ਹੋਰਨਾਂ ਤੀਕ ਪਹੁੰਚਾਉਣ ਦਾ ਜਤਨ ਕਰਦੇ ਹਨ । ਜੇਕਰ ਮੈਂ ਇਹ ਕਹਾਂ ਕਿ ਦੋਹਾਂ ਦੇ ਸੁਭਾ ਇਕੋ ਜੇਹੇ ਹਨ, ਤਾਂ ਸ਼ਾਇਦ ਮੇਰੀ ਇਹ ਗਲ ਹੈਰਾਨੀ ਦੇ ਭਾਵ ਪੈਦਾ ਕਰੇ-ਕਿਉਂਕਿ ਆਮ ਲੋਕ ਕਵੀ ਨੂੰ ਇਕ ਅਲਬੇਲਾ, ਵੇਗੀ, ਸੁਗਮ-ਸਭਾਵਾਂ ਤੇ ਹੁਸਨ-ਇਸ਼ਕ ਦੀਆਂ ਹਵਾਈ ਗੱਲਾਂ ਕਰਨ ਵਾਲਾ ਬੰਦਾ ਹੀ ਸਮਝਦੇ ਹਨ, ਤੇ ਵਿਗਿਆਨੀ ਨੂੰ ਇਕ ਅਰੌਚਿਕ. ਖੁਸ਼ਕ ਤੇ ਬੇਰੰਗ ਬੰਦਾ ਜੋ ਜਾਂ ਤਾਂ ਤੁੱਛ ਸਮਸਿਆਵਾਂ ਦੀ ਖੋਜ ਵਿਚ ਡੁਬਾ ਰਹਿੰਦਾ ਹੈ, ਜਾਂ ਹਾਨੀਕਾਰਕ ਮਾਰੂ ਹਥਿਆਰ ਸਾਜਣ ਦੇ ਸਾਧਨ ਢੂੰਡਦਾ ਰਹਿੰਦਾ ਹੈ । ਪਰ ਇਹਨਾਂ ਦੋਹਾਂ ਦੇ ਇਹ ਚਿਤਰ ਇਕੋ ਜੇਹੇ ਹਾਸੋਹੀਨੇ ਹਨ ਤੇ ਸ਼ਾਇਦ ਇਕੋ ਜੇਹੀ ਅਗਿਆਨਤਾ ਦੇ ਧਰਨੀ ਹਨ, ਕਿਉਂਕਿ ਨਾ ਪ੍ਰਯੋਗਸ਼ਾਲਾ ਵਿਚ ਅਭਿਆਸ ਕਰਨ ਵਾਲਾ ਹਰ ਕਾਮਾ

--੭