ਪੰਨਾ:Alochana Magazine February 1964.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕੇਗੀ ?" ਇਕ ਸੁਭਾਵਕ ਪ੍ਰਸ਼ਨ ਜਾਪਦਾ ਹੈ ।

ਅਜ ਸ਼ਾਇਦ ਕੋਈ ਹੀ ਵਿਗਿਆਨੀ ਅਜੇਹਾ ਲਭ ਸਕੇ ਜੋ ਆਪਣੀ ਖੋਜ ਦੇ ਸਿਟਿਆਂ ਦੀ ਪੇਸ਼ਦਾਰੀ ਕਵਿਤਾ ਰਾਹੀਂ ਕਰਨ ਦਾ ਹੀਆ ਕਰ ਸਕੇ । ਤੇ ਸ਼ਾਇਦ ਹੀ ਕੋਈ ਕਵੀ ਅਜੇਹਾ ਹੋਵੇ ਜੋ ਸਾਇੰਸ ਨੂੰ ਕਵਿਤਾ ਦਾ ਵਿਸ਼ਾ ਪਰਵਾਨ ਕਰਦਾ ਹੋਵੇ । ਇਉਂ ਜਾਪਦਾ ਹੈ ਜਿਵੇਂ ਵਿਗਿਆਨ ਦੇ ਵਾਸਤਵਿਕ ਸੰਸਾਰ ਤੇ ਕਵਿਤਾ ਦੇ ਕਾਲਪਨਿਕ-ਸੰਸਾਰ ਵਿਚਾਲੇ ਇਕ ਅਤਿ ਸੰਘਣੀ ਕੰਧ ਖੜੀ ਹੋ ਗਈ ਹੈ । ਜਾਂ ਇਉਂ ਸਮਝੋ ਕਿ ਅਜੋਕੇ ਬੌਧਿਕ ਜੁਗ ਵਿਚ ਕੁਦਰਤ ਨੂੰ ਸਮਝਣ ਦੇ ਇਹਨਾਂ ਦੋ ਜੁਗਾਦੀ ਸਾਧਨਾਂ ਵਿਚਾਲੇ ਇਕ ਪਾੜ ਪੈ ਗਇਆ ਹੈ, ਜਿਸ ਦੀ ਪੂਰੀ ਤਰ੍ਹਾਂ ਕਿਸੇ ਨੂੰ ਭੀ ਸਮਝ ਨਹੀਂ ਆਈ :

ਇਕ ਪਾਸੇ ਚਿੰਤਕ ਵਿਗਿਆਨੀ ਇਸ ਪਾੜ ਤੋਂ ਅਸੰਤੁਸ਼ਟ ਹਨ, ਦੂਜੇ ਪਾਸੇ ਵਿਚਾਰਵਾਨ ਕਵੀ ਇਸ ਅੰਤਰ ਕਰਕੇ ਫ਼ਿਕਰਮੰਦ ਹਨ । ਪਰ ਦੋਹਾਂ ਧਿਰਾਂ ਵਿਚੋਂ ਕੋਈ ਭੀ ਨਾ ਤਾਂ ਇਸ ਪਰਸਪਰ ਬੇਰੁਖੀ ਦਾ ਕੋਈ ਤਸੱਲੀ ਬਖਸ਼ ਕਾਰਨ ਲਭ ਸਕਿਆ ਹੈ, ਤੇ ਨਾ ਹੀ ਕਿਸੇ ਹੋਰ ਨੂੰ ਬੌਧਿਕ ਸੁਭਾਵਾਂ ਦੇ ਇਸ ਵਿਰੋਧ ਦੀ ਸਮਝ ਪਈ ਹੈ ।

ਬਦੇਸ਼ੀ ਸਾਹਿੱਤ ਵਿਚ ਇਸ ਵਿਸ਼ੇ ਤੇ ਕਿੰਨਾ ਕੁਝ ਲਿਖਿਆ ਗਇਆ ਹੈ । ਪਰ ਉਥੇ ਭੀ ਇਸ ਬਾਰੇ ਹੋਰ ਡੂੰਘੇਰੀ ਵਿਚਾਰ ਦੀ ਲੋੜ ਪ੍ਰਤੀਤ ਕੀਤੀ ਜਾਂਦੀ ਹੈ । ਪੰਜਾਬੀ ਸਾਹਿੱਤ ਵਿਚ ਇਸ ਵਿਸ਼ੇ ਤੇ ਕੋਈ ਮੌਲਿਕ ਵਿਚਾਰ ਮੇਰੀ ਨਜ਼ਰੋਂ ਨਹੀਂ ਲੰਘੇ । ਇਸ ਲਈ ਇਹ ਜਤਨ ਮੈਨੂੰ ਬੇਲੋੜਾ ਨਹੀਂ ਜਾਪਦਾ।

ਅਸਲ ਵਿਚ ਸਾਇੰਸ ਅਤੇ ਕਵਿਤਾ ਦੇ ਪਰਸਪਰ ਸੰਬੰਧਾਂ ਨੂੰ ਵਿਚਾਰਨ ਦਾ ਹੱਕ ਤਾਂ ਕੇਵਲ ਉਸੇ ਨੂੰ ਹੋ ਸਕਦਾ ਹੈ ਜੋ ਆਪ ਇਹਨਾਂ ਦੋਹਾਂ ਸਾਧਨਾਂ ਦੀ ਬਾਕਾਇਦਾ ਵਰਤੋਂ ਕਰਦਾ ਹੋਵੇ । ਸ਼ਾਇਦ ਗੋਇਟੇ ਇਕ ਅਜੇਹਾ ਪ੍ਰਤਿਭਾਸ਼ਾਲੀ ਪੁਰਖ ਸੀ ਜੋ ਸਾਹਿਤ ਤੇ ਸਾਇੰਸ ਦੇ ਸਬੰਧਾਂ ਦੀ ਪਰਸਪਰ ਨਿਰਭਰਤਾ ਬਾਰੇ ਰਾਏ ਦੇ ਸਕਣ ਦੇ ਸਮਰਥ ਸੀ । ਨਿਕੇ ਮੋਟੇ ਕਵੀ ਤਾਂ ਹੋਰ ਭੀ ਕਈ ਅਜੇਹੇ ਹੋਏ ਹਨ ਜੋ ਵਿਗਿਆਨ ਦੇ ਖੇਤਰ ਵਿਚ ਭੀ ਪ੍ਰਸਿਧ ਸਨ ਪਰ ਉਹਨਾਂ ਨੇ ਭੀ ਆਪਣੀਆਂ ਬੌਧਿਕ ਘਾਲਣਾ ਦੇ ਇਹਨਾਂ ਦੋ ਮਹਤਵਪੂਰਣ ਖੇਤਰਾਂ ਦੇ ਪਰਸਪਰ ਸੰਬੰਧਾਂ ਬਾਰੇ ਕੋਈ ਉਚੇਚੀ ਲਿਖਤ ਨਹੀਂ ਛੱਡੀ । ਪੰਜਾਬੀ ਸਾਹਿਤ ਵਿਚ ਦੋ ਪ੍ਰਸਿੱਧ ਕਵੀ ਵਿਗਿਆਨਕ ਖੇਤਰ ਦੇ ਭੀ ਅਭਿਆਸੀ ਹੋਏ ਹਨ : ਇਕ ਪ੍ਰੋਫੈਸਰ ਪੂਰਨ ਸਿੰਘ ਤੇ ਦੂਜੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ । ਪਰ ਉਹਨਾਂ ਬਾਰੇ ਭੀ ਇਹੋ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੀ ਕਵਿਤਾ ਅਤੇ ਉਹਨਾਂ ਦਾ ਵਿਗਿਆਨਕ ਅਭਿਆਸ ਦੋ ਵਖੋ ਵਖ ਘਰਾਂ ਵਿਚ ਪ੍ਰਵੇਸ਼ ਕਰਦੇ ਰਹੇ ਹਨ, ਜੋ ਸ਼ਹਰੀ ਗੁਆਂਢੀਆਂ ਵਾਂਗ ਇਕ ਦੂਜੇ ਤੋਂ ਅਨਜਾਣ ਹੀ ਰਹੇ ਹਨ । ਉਹਨਾਂ ਦੇ ਵਿਗਿਆਨਕ ਅਭਿਆਸ ਉਪਰ ਉਹਨਾਂ ਦੀ ਕਵਿਤਾ ਦਾ ਕੋਈ ਅਸਰ ਪਇਆ ਹੈ ਜਾਂ ਨਹੀਂ, ਇਸ ਦੀ ਸਾਡੇ ਪਾਸ ਕੋਈ ਪੱਕੀ ਸ਼ਾਹਦੀ ਨਹੀਂ, ਪਰ ਇਸ ਗਲ ਦੀ ਗਵਾਹ ਉਹਨਾਂ ਦੀ ਆਪਣੀ ਰਚਨਾ ਮੌਜੂਦ ਹੈ ਕਿ ਉਹਨਾਂ ਨੇ ਆਪਣੀ ਕਵਿਤਾ ਨੂੰ ਵਿਗਿਆਨ ਦੇ ਅਸਰ ਤੋਂ ਯਥਾਸ਼ਕਤ ਮੁਕਤ


-੬-