ਪੰਨਾ:ਆਂਢ ਗਵਾਂਢੋਂ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੁੰਦਾ ਵੀ ਨਹੀਂ। ਪਰੰਤੂ ਉਸ ਇਹ ਅਨਭਵ ਜ਼ਰੂਰ ਕਰ ਲਿਆ ਕਿ ਉਸਦੀ ਚੜ੍ਹਦੀ ਜਵਾਨੀ ਤੇ ਸੁੰਦਰਤਾ ਨੇ ਸਾਰਿਆਂ ਤੇ ਅਸਰ ਕੀਤਾ ਹੈ। ਉਸ ਦੀ ਖੂਬਸੂਰਤੀ ਦੇ ਕਾਰਨ ਉਸ ਨੂੰ ਏਥੇ ਵੀ ਸਨਮਾਨ ਮਿਲਿਆ ਹੈ। ਆਪਣੀ ਸੁੰਦਰ ਜਵਾਨੀ ਦਾ ਲਾਭ ਪ੍ਰਾਪਤ ਕਰਨ ਦੀ ਇਛਾ ਪਹਿਲੀ ਵਾਰੀ ਉਸ ਦੇ ਮਨ ਵਿਚ ਉਤਪਨ ਹੋਈ, ਇਕ ਦੋ ਵਾਰੀ ਉਸ ਨੌਜਵਾਨ ਗਭਰੂਆਂ ਦੀਆਂ ਨਜ਼ਰਾਂ ਨਾਲ ਅੱਖਾਂ ਮੇਲੀਆਂ, ਸੈਨਤਾਂ ਵੇਖੀਆਂ, ਦੋ ਚਾਰ ਵਾਰ ਆਪਣੇ ਕੋਮਲ ਬੁਲ੍ਹਾਂ ਉਪਰ ਮੁਸਕਣੀ ਲਿਆ ਕੇ ਕਈ ਨੌਜਵਾਨ ਹਿਰਦਿਆਂ ਵਿਚ ਅੱਗ ਬਾਲੀ, ਧੂੰਆਂ ਧੁਖਿਆ। ਇਸ ਨਵੀਂ ਸ਼ਕਤੀ ਦੇ ਅਨਭਵ ਨੇ ਉਸ ਦੇ ਹਿਰਦੇ ਵਿਚ ਅਨੰਦ ਦੀ ਲਹਿਰ ਚਲਾ ਦਿਤੀ। ਸ਼ਹਿਰ ਦੀ ਨਵੀਨਤਾ, ਫੁਲਾਂ ਤੇ ਅਤਰ ਦੀ ਸੁਗੰਧੀ, ਵਾਜਿਆਂ ਦੀਆਂ ਮਿਠੀਆਂ ਸੁਰਾਂ, ਸਾਰਿਆਂ ਨੇ ਰਲ ਕੇ ਉਸ ਦੇ ਉਤਸ਼ਾਹ ਤੇ ਰਸਕਤਾ ਨੂੰ ਵਧਾਇਆ ਤੇ ਇਹ ਵਿਸ਼ਵਾਸ ਪੈਦਾ ਕਰ ਦਿਤਾ ਕਿ "ਕਿਸੇ ਨਾ ਕਿਸੇ ਤਰ੍ਹਾਂ ਏਥੇ ਹੀ ਜੀਵਨ ਦੇ ਧਾਰਨ ਕਰ ਕੇ ਰਹਿਣਾ ਸੁਖ ਅਤੇ ਅਨੰਦ ਹੈ।"

ਹੱਸਦੇ ਹੋਇਆਂ, ਹੋਰ ਲਟਕ ਮਟਕ ਤੇ ਲਚਕਦਾਰ ਪਤਲਾ-ਕਲ, ਉਭਰੀ ਹੋਈ ਹਿੱਕ, ਉਪਰ ਕਸਵੀਂ ਚੋਲੀ, ਨੰਗੀ ਧੁਨੀ ਤੇ ਅਣਢਕੀਆਂ ਬਾਹਵਾਂ ਨਾਲ, ਖ਼ਿਆਲਾਂ ਦੇ ਸਮੁੰਦਰ ਵਿਚ ਤਾਰੀਆਂ ਲਾਂਦੀ ਉਹ ਪਤੀ ਦੇ ਮਗਰ ਮਗਰ ਇਉਂ ਤੁਰੀ ਜਾ ਰਹੀ ਸੀ, ਜਿਵੇਂ ਗੋਤਮ ਦੇ ਪਿਛੇ ਉਸ ਦੀ ਇਸਤ੍ਰੀ ਅਹਿਲਿਆ।

****

ਖਟ ਬਿਜਲੀ ਜਾਗ ਪਈ। ਇਮਪੀਰੀਅਲ ਸਿਨਮੇ ਦਾ ਪਹਿਲਾ ਸ਼ੋ ਮੁਕਿਆ - ਦੋ ਘੰਟਿਆਂ ਤਕ ਗਹਿਮਾ-ਗਹਿਮ, ਚੁਪ-ਚਾਪ, ਅਧਭੁਤ ਕਹਾਣੀ ਨਾਇਕਾ ਨਾਲ ਮਿਲ ਕੇ ਇਕ ਹੋਈ

-੨੨-