ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਨੀ ਸਰਲਤਾ ਭਰਪੂਰ ਰਚਨਾ ਬਣ ਗਈਆਂ ਹਨ ਅਤੇ ਸਦੀਆਂ ਦਾ ਪੈਂਡਾ ਤੈਅ ਕਰਕੇ ਮੂੰਹੋਂ ਮੂੰਹੀ ਸਾਡੇ ਤੀਕ ਪੁੱਜੀਆਂ ਹਨ। ਇਨ੍ਹਾਂ ਦੇ ਰਚਨ-ਹਾਰਿਆਂ ਦੇ ਨਾਵਾਂ-ਥਾਵਾਂ ਦਾ ਵੀ ਕੋਈ ਥਹੁ-ਟਿਕਾਣਾ ਨਹੀਂ।

ਗਿੱਧੇ ਦੀਆਂ ਬੋਲੀਆਂ ਨੂੰ ਜੇਕਰ ਪੰਜਾਬੀਆਂ ਦਾ 'ਲੋਕ ਵੇਦ' ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬ ਦੀ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸਾਂਸਕ੍ਰਿਤਕ ਜ਼ਿੰਦਗੀ ਦਾ ਇਤਿਹਾਸ ਇਨ੍ਹਾਂ ਵਿਚ ਵਿਦਮਾਨ ਹੈ। ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਪੱਖ ਜਾਂ ਵਿਸ਼ਾ ਹੋਵੇ ਜਿਸ ਬਾਰੇ ਬੋਲੀਆਂ ਦੀ ਰਚਨਾ ਨਾ ਕੀਤੀ ਗਈ ਹੋਵੇ। ਇਕ ਲੜੀਆਂ ਬੋਲੀਆਂ ਅਥਵਾ ਟੱਪੇ ਤਾਂ ਅਖਾਣਾਂ ਵਾਂਗ ਆਮ ਲੋਕਾਂ ਦੇ ਮੂੰਹ ਚੜ੍ਹੇ ਹੋਏ ਹਨ ਜਿਨ੍ਹਾਂ ਨੂੰ ਉਹ ਪ੍ਰਮਾਣ ਵਜੋਂ ਆਪਣੇ ਨਿੱਤ-ਵਿਹਾਰ ਤੇ ਬੋਲ ਚਾਲ ਵਿਚ ਵਰਤਦੇ ਹਨ। ਇਹ ਜੀਵਨ ਦੇ ਜੀਵਨ ਮੁੱਲਾਂ, ਸਰੋਕਾਰਾਂ, ਵਿਗੋਚਿਆਂ, ਸਾਕਾਦਾਰੀ ਸੰਬੰਧਾਂ ਅਤੇ ਮਾਨਵੀ ਰਿਸ਼ਤਿਆਂ ਦੇ ਪ੍ਰਮਾਣਿਕ ਵਾਹਨ ਹਨ। ਇਨ੍ਹਾਂ ਵਿਚ ਜਨ-ਜੀਵਨ ਦੀ ਆਤਮਾ ਧੜਕਦੀ ਹੈ। ਇਹ ਸਦੀਆਂ ਪੁਰਾਣੇ ਪੰਜਾਬ ਦੇ ਸਾਂਸਕ੍ਰਿਤਕ ਅਤੇ ਸਮਾਜਿਕ ਇਤਿਹਾਸ ਨੂੰ ਆਪਣੀ ਬੁੱਕਲ ਵਿਚ ਲਕੋਈ ਬੈਠੀਆਂ ਹਨ, ਜਿਨ੍ਹਾਂ ਦਾ ਅਧਿਐਨ ਕਰਕੇ ਤੁਸੀਂ ਪੰਜਾਬ ਦੇ ਸਭਿਆਚਾਰਕ ਵਿਰਸੇ ਤੋਂ ਜਾਣੂ ਹੋ ਸਕਦੇ ਹੋ। ਗਿੱਧੇ ਦੀਆਂ ਬੋਲੀਆਂ ਦਾ ਕੇਵਲ ਸਾਹਿਤਕ ਮਹੱਤਵ ਹੀ ਨਹੀਂ ਬਲਕਿ ਇਨ੍ਹਾਂ ਨੂੰ ਸਮਾਜਿਕ, ਸਭਿਆਚਾਰਕ ਅਤੇ ਲੋਕਧਾਰਾਈ ਦ੍ਰਿਸ਼ਟੀ ਤੋਂ ਵਾਚਣ ਅਤੇ ਅਧਿਐਨ ਕਰਨ ਦੀ ਲੋੜ ਹੈ। ਇਹ ਸਾਡੀ ਮੁੱਲਵਾਨ ਵਿਰਾਸਤ ਦੇ ਅਣਵਿਧ ਮੋਤੀ ਹਨ।

ਜਦੋਂ ਗਿੱਧੇ ਦਾ ਪਿੜ ਮਘਦਾ ਹੈ ਤਾਂ ਸਭ ਤੋਂ ਪਹਿਲਾਂ ਭਗਤੀ ਭਾਵ ਵਾਲ਼ੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਗੁਰੂ ਬੰਦਨਾ ਕੀਤੀ ਜਾਂਦੀ ਹੈ:——

ਗੁਰੂ ਧਿਆ ਕੇ ਮੈਂ ਪਾਵਾਂ ਬੋਲੀ
ਸਭ ਨੂੰ ਫਤਿਹ ਬੁਲਾਵਾਂ
ਬੇਸ਼ਕ ਮੈਨੂੰ ਮਾੜਾ ਆਖੋ
ਮੈਂ ਮਿੱਠੇ ਬੋਲ ਸੁਣਾਵਾਂ
ਭਾਈਵਾਲੀ ਮੈਨੂੰ ਲੱਗੇ ਪਿਆਰੀ
ਰੋਜ਼ ਗਿੱਧੇ ਵਿਚ ਆਵਾਂ
ਗੁਰੁ ਦਿਆਂ ਸ਼ੇਰਾਂ ਦਾ।
ਮੈਂ ਵਧ ਕੇ ਜਸ ਗਾਵਾਂ

ਕੋਈ ਬੋਲੀਕਾਰ ਰੱਬ ਦਾ ਸ਼ੁਕਰਾਨਾ ਕਰਦਾ ਹੋਇਆ ਬੋਲੀ ਪਾਉਂਦਾ ਹੈ:——

ਧਰਤੀ ਜੇਡ ਗ਼ਰੀਬ ਨਾ ਕੋਈ
ਇੰਦਰ ਜੇਡ ਨਾ ਦਾਤਾ
ਬ੍ਰਹਮਾ ਜੇਡ ਪੰਡਤ ਨਾ ਕੋਈ
ਸੀਤਾ ਜੇਡ ਨਾ ਮਾਤਾ

10:: ਗਾਉਂਦਾ ਪੰਜਾਬ