ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਲਛਮਣ ਜੇਡ ਜਤੀ ਨਾ ਕੋਈ
ਰਾਮ ਜੇਡ ਨਾ ਭਰਾਤਾ
ਬਾਬੇ ਨਾਨਕ ਜੇਡਾ ਭਗਤ ਨਾ ਕੋਈ
ਜਿਸ ਹਰਕਾ ਨਾਮ ਪਛਾਤਾ
ਦੁਨੀਆਂ ਮਾਣ ਕਰਦੀ
ਰੱਬ ਸਭਨਾਂ ਦਾ ਦਾਤਾ

ਬੋਲੀਆਂ ਦਾ ਅਖਾੜਾ ਮਘਦੇ ਸਾਰ ਹੀ ਕੋਈ ਵੈਰਾਗ਼ ਵਿਚ ਗਾ ਉੱਠਦਾ ਹੈ:——

ਸੱਜਣ ਸੁਆਮੀ ਮੇਰਾ
ਮਿੱਠੇ ਮਿੱਠੇ ਬੋਲ ਬੋਲਦਾ

ਸਾਡੇ ਜਲਣ ਪ੍ਰੇਮ ਦੇ ਦੀਵੇ
ਰੱਤੀ ਆਂ ਮੈਂ ਤੇਰੇ ਨਾਮ ਦੀ

ਅਮਲਾਂ ਤੇ ਹੋਣਗੇ ਨਬੇੜੇ
ਜਾਤ ਕਿਸੇ ਪੁੱਛਣੀ ਨਹੀਂ

ਹਉਮੈ ਵਾਲ਼ਾ ਰੋਗ ਬੁਰਾ
ਰੱਬਾ ਲੱਗ ਨਾ ਕਿਸੇ ਨੂੰ ਜਾਵੇ

ਕਿੱਕਰਾਂ ਦੇ ਬੀਜ ਬੀਜ ਕੇ
ਕਿਥੋਂ ਮੰਗਦੈਂ ਦਸੌਰੀ ਦਾਖਾਂ

ਮੁੱਢ ਕਦੀਮ ਤੋਂ ਹੀ ਪੰਜਾਬ ਪ੍ਰਾਂਤ ਖੇਤੀ ਪ੍ਰਧਾਨ ਰਿਹਾ ਹੈ ਜਿਸ ਸਦਕਾ ਪੰਜਾਬੀ ਲੋਕ ਸਾਹਿਤ ਵਿਚ ਕਿਸਾਨੀ ਸੰਸਕ੍ਰਿਤੀ ਅਤੇ ਸਭਿਆਚਾਰ ਦੇ ਅਵਸ਼ੇਸ਼ ਵਿਦਮਾਨ ਹਨ। ਪੰਜਾਬ ਦੀ ਧਰਤੀ ਤੇ ਲਹਿਲਹਾਂਦੀਆਂ ਫ਼ਸਲਾਂ, ਮਹਿਕਾਂ ਵੰਡਦੇ ਰੁੱਖਾਂ ਤੇ ਫੁੱਲ ਬੂਟਿਆਂ ਨੇ ਪੰਜਾਬੀ ਲੋਕ ਮਨ ਨੂੰ ਟੁੰਬਿਆ ਹੈ ਜਿਸ ਕਰਕੇ ਉਸ ਨੇ ਇਨ੍ਹਾਂ ਬਾਰੇ ਸੁਹਜ ਭਰਪੁਰ ਬੋਲੀਆਂ ਦੀ ਸਿਰਜਣਾ ਕੀਤੀ ਹੈ। ਕਣਕ, ਮੱਕੀ, ਕਪਾਹ, ਛੋਲੇ, ਸਰ੍ਹੋਂ, ਬਾਜਰਾ, ਚਰ੍ਹੀ, ਅਲਸੀ, ਮੂੰਗੀ, ਜੌਂ, ਕਰੇਲੇ, ਕੱਦੂ, ਮੂੰਗਰੇ ਤੇ ਖਰਬੂਜ਼ਿਆਂ ਬਾਰੇ ਅਨੇਕਾਂ ਬੋਲੀਆਂ ਪ੍ਰਾਪਤ ਹਨ:——



ਬੱਗੀ ਬੱਗੀ ਕਣਕ ਦੇ
ਮੰਡੇ ਪਕਾਉਨੀ ਆਂ
ਛਾਵੇਂ ਬਹਿ ਕੇ ਖਾਵਾਂਗੇ
ਚਿਤ ਕਰੂ ਮੁਕਲਾਵੇ ਜਾਵਾਂਗੇ

ਅਸੀਂ ਯਾਰ ਦੀ ਤਰੀਕੇ ਜਾਣਾ
ਕਣਕ ਦੇ ਲਾਹ ਦੇ ਫੁਲਕੇ

ਗਾਉਂਦਾ ਪੰਜਾਬ:: 11