ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪੱਲਾ ਕੀਤਾ ਲੱਡੂਆਂ ਨੂੰ
ਪੱਟੂ ਸੁੱਟ ਗਿਆ ਮੱਕੀ ਦੇ ਦਾਣੇ

ਛੜੇ ਪੈਣਗੇ ਮੱਕੀ ਦੀ ਰਾਖੀ
ਰੰਨਾਂ ਵਾਲ਼ੇ ਘਰ ਪੈਣਗੇ

ਪਰੇ ਹਟਜਾ ਕਪਾਹ ਦੀਏ ਛਟੀਏ
ਪਤਲੋ ਨੂੰ ਲੰਘ ਜਾਣ ਦੇ

ਤਾਰੋ ਹੱਸਦੀ ਖੇਤ 'ਚੋਂ ਲੰਘਗੀ
ਜੱਟ ਦੀ ਕਪਾਹ ਖਿੜਗੀ

ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ

ਕਾਲ਼ੀ ਤਿੱਤਰੀ ਕਮਾਦੋਂ ਨਿਕਲ਼ੀ
ਉਡਦੀ ਨੂੰ ਬਾਜ ਪੈ ਗਿਆ

ਚੰਦਰੇ ਜੇਠ ਦੇ ਛੋਲੇ
ਕਦੇ ਨਾ ਧੀਏ ਜਾਈਂ ਖੇਤ ਨੂੰ

ਕਾਹਨੂੰ ਆ ਗਿਐਂ ਸਰ੍ਹੋਂ ਦਾ ਫੁੱਲ ਬਣ ਕੇ
ਮਾਪਿਆਂ ਨੇ ਤੋਰਨੀ ਨਹੀਂ

ਤੈਨੂੰ ਗੰਦਲਾਂ ਦਾ ਸਾਗ ਤੁੜਾਵਾਂ
ਸਰੋਂ ਵਾਲ਼ੇ ਆਜੀਂ ਖੇਤ ਨੂੰ

ਮੀਂਹ ਪਾ ਦੇ ਲਾ ਦੇ ਝੜੀਆਂ
ਬੀਜ ਲਈਏ ਮੋਠ ਬਾਜਰਾ

ਰੁੱਤ ਗਿੱਧਾ ਪਾਉਣ ਦੀ ਆਈ
ਲੱਕ ਲੱਕ ਹੋ ਗੇ ਬਾਜਰੇ

ਮੇਰੀ ਡਿੱਗਪੀ ਚਰ੍ਹੀ ਦੇ ਵਿਚ ਗਾਨੀ
ਚੱਕ ਲਿਆ ਮੋਰ ਬਣ ਕੇ

ਕਾਲ਼ਾ ਨਾਗ਼ ਨੀ ਚਰ੍ਹੀ ਵਿਚ ਮੇਲ੍ਹੇ
ਬਾਹਮਣੀ ਦੀ ਗੁੱਤ ਵਰਗਾ

ਮੇਰੀ ਨਣਦ ਚੱਲੀ ਮੁਕਲਾਵੇ
ਅਲਸੀ ਦੇ ਫੁੱਲ ਵਰਗੀ

12:: ਗਾਉਂਦਾ ਪੰਜਾਬ