ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉੱਚੇ ਟਿੱਬੇ ਇਕ ਮੂੰਗੀ ਦਾ ਬੂਟਾ
ਉਹਨੂੰ ਲੱਗੀਆਂ ਢਾਈ ਟਾਂਟਾਂ
ਕਰਾਦੇ ਨੀ ਮਾਏਂ ਜੜੁੱਤ ਬਾਂਕਾਂ

ਉੱਚੇ ਟਿੱਬੇ ਇਕ ਜੌਆਂ ਦਾ ਬੂਟਾ
ਉਹਨੂੰ ਲੱਗੀਆਂ ਬੱਲੀਆਂ
ਬੱਲੀਆਂ ਨੂੰ ਲੱਗਾ ਕਸੀਰ
ਕੁੜਤੀ ਮਲਮਲ ਦੀ
ਭਖ ਭਖ ਉੱਠੇ ਸਰੀਰ

ਗੰਢੇ ਤੇਰੇ ਕਰੇਲੇ ਮੇਰੇ
ਖੂਹ 'ਤੇ ਮੰਗਾ ਲੈ ਰੋਟੀਆਂ

ਮੇਰੀ ਮੱਚਗੀ ਕੱਦੂ ਦੀ ਤਰਕਾਰੀ
ਆਇਆ ਨਾ ਪਰੇਟ ਕਰਕੇ

ਮੈਂ ਮੂੰਗਰੇ ਤੜਕ ਕੇ ਲਿਆਈ
ਰੋਟੀ ਖਾ ਲੈ ਔਤ ਟੱਬਰਾ

ਗੋਰੀ ਗੱਲ੍ਹ ਦਾ ਬਣੇ ਖਰਬੂਜ਼ਾ
ਡੰਡੀਆਂ ਦੀ ਵੇਲ ਬਣਜੇ

ਆਦਿ ਕਾਲ ਤੋਂ ਹੀ ਪੰਜਾਬੀਆਂ ਦੀ ਰੁੱਖਾਂ ਨਾਲ ਸਾਂਝ ਰਹੀ ਹੈ। ਉਹ ਮਨੁੱਖ ਦੇ ਜੀਵਨ ਦਾਤੇ ਹਨ। ਭਲਾ ਜੀਵਨ ਦਾਤਿਆਂ ਨੂੰ ਲੋਕ ਮਨ ਕਿਵੇਂ ਭੁਲਾ ਸਕਦਾ ਹੈ, ਪਿੱਪਲ, ਬੋਹੜ, ਕਿੱਕਰ, ਬੇਰੀਆਂ, ਨਿੰਮ, ਜੰਡ, ਕਰੀਰ, ਟਾਹਲੀ, ਨਿੰਬੂ, ਅੰਬ ਅਤੇ ਜਾਮਣਾਂ ਦੇ ਰੁੱਖ ਲੋਕ ਬੋਲੀਆਂ ਵਿਚ ਲਹਿਲਹਾਉਂਦੇ ਨਜ਼ਰੀਂ ਪੈਂਦੇ ਹਨ:

ਪਿੱਪਲਾ ਵੇ ਮੇਰੇ ਪਿੰਡ ਦਿਆ
ਤੇਰੀਆਂ ਠੰਢੀਆਂ ਛਾਵਾਂ
ਢਾਬ ਤੇਰੀ ਦਾ ਗੰਧਲਾ ਪਾਣੀ
ਉੱਤੋਂ ਬੂਰ ਹਟਾਵਾਂ
ਸੱਭੇ ਸਹੇਲੀਆਂ ਸਹੁਰੇ ਗਈਆਂ
ਕਿਸ ਨੂੰ ਹਾਲ ਸੁਣਾਵਾਂ
ਚਿੱਠੀਆਂ ਬਰੰਗ ਭੇਜਦਾ
ਕਿਹੜੀ ਛਾਉਣੀ ਲੁਆ ਲਿਆ ਨਾਵਾਂ

ਪਿੱਪਲਾ ਦੱਸਦੇ ਵੇ
ਕਿਹੜਾ ਰਾਹ ਸੁਰਗਾਂ ਨੂੰ ਜਾਵੇ

ਗਾਉਂਦਾ ਪੰਜਾਬ:: 13