ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਰੂਪ ਕੁਆਰੀ ਦਾ
ਖੰਡ ਮਿਸ਼ਰੀ ਦੀਆਂ ਡਲ਼ੀਆਂ

ਰੱਤਾ ਪਲੰਘ ਚੰਨਣ ਦੇ ਪਾਵੇ
ਤੋੜ ਤੋੜ ਖਾਣ ਹੱਡੀਆਂ

ਛੱਡ ਕੇ ਦੇਸ਼ ਦੁਆਬਾ
ਅੰਬੀਆਂ ਨੂੰ ਤਰਸੇਂਗੀ

ਬੱਲੇ ਬੱਲੇ
ਬਈ ਅੰਬ ਉੱਤੇ ਤਾਰੋ ਬੋਲਦੀ
ਥੱਲੇ ਬੋਲਦੇ ਬੱਕਰੀਆਂ ਵਾਲ਼ੇ

ਜੇਠ ਹਾੜ ਵਿਚ ਅੰਬ ਬਥੇਰੇ
ਸਾਉਣ ਜਾਮਣੂੰ ਪੀਲ੍ਹਾਂ
ਰਾਂਝਿਆ ਆ ਜਾ ਵੇ
ਤੈਨੂੰ ਪਾ ਕੇ ਪਟਾਰੀ ਵਿਚ ਕੀਲਾਂ

ਪਸ਼ੂ ਧੰਨ ਸਦਾ ਹੀ ਕਿਸਾਨਾਂ ਦੀ ਧਰੋਹਰ ਰਿਹਾ ਹੈ। ਸਾਰੀ ਖੇਤੀ ਦਾ ਦਾਰੋਮਦਾਰ ਬਲਦਾਂ, ਬੋਤਿਆਂ ਦੇ ਸਹਾਰੇ ਸੀ। ਪਸ਼ੂ-ਪੰਛੀਆਂ ਬਾਰੇ ਅਨੇਕਾਂ ਬੋਲੀਆਂ ਦੀ ਸਿਰਜਣਾ ਕੀਤੀ ਗਈ ਹੈ:——

ਪਿੰਡਾਂ ਵਿਚੋਂ ਪਿੰਡ ਸੁਣੀਦਾ
ਪਿੰਡ ਸੁਣੀਦਾ ਲੱਲੀਆਂ
ਓਥੋਂ ਦੇ ਦੋ ਬਲਦ ਸੁਣੀਂਦੇ
ਗਲ ਉਹਨਾਂ ਦੇ ਟੱਲੀਆਂ
ਨੱਠ ਨੱਠ ਕੇ ਉਹ ਮੱਕੀ ਬੀਜਦੇ
ਹੱਥ ਹੱਥ ਲੱਗੀਆਂ ਛੱਲੀਆਂ
ਬੰਤੋ ਦੇ ਬੈਲਾਂ ਨੂੰ
ਪਾਵਾਂ ਗੁਆਰੇ ਦੀਆਂ ਫਲੀਆਂ

ਮੂਹਰੇ ਰੱਥ ਭਾਬੋ ਦਾ
ਪਿੱਛੇ ਇੰਦਰ ਵੀਰ ਦਾ ਬੋਤਾ

ਬੋਤਾ ਲਿਆਵੀਂ ਉਹ ਮਿੱਤਰਾ
ਜਿਹੜਾ ਡੰਡੀਆਂ ਹਿੱਲਣ ਨਾ ਦੇਵੇ

ਪਤਲੋ ਦੇ ਹੱਥ ਗੜਵਾ
ਬੂਰੀ ਮੱਝ ਨੂੰ ਥਾਪੀਆਂ ਦੇਵੇ

ਗਾਉਂਦਾ ਪੰਜਾਬ:: 15