ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/196

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਲੇ ਪਤਾ ਨਹੀਂ ਕਿਹੜੇ ਸ਼ਹਿਰ ਚਲੇ ਗਏ ਸਨ। ਜਦੋਂ ਮੈਂ ਛੋਟੀ ਉਮਰ ਦਾ ਸਾਂ ਤਾਂ ਸਾਰਿਆ ਤੋਂ ਜ਼ਿਆਦਾ ਜਿਹੜੀ ਗੱਲ ਸਾਡੀ ਖੇਡਾਂ ਭਰੀ ਜ਼ਿੰਦਗੀ ਨੂੰ ਮਜ਼ੇਦਾਰ ਬਣਾਂਦੀ ਸੀ, ਉਹ ਸੀ ਸਾਡੀ ਗਲੀ ਵਿਚ ਆਲਿਆਂ ਭੋਲਿਆਂ ਵਾਲੀ ਗਗੜੀ ਦਾ ਆਉਣਾ। ਜਦੋਂ ਕਦੇ ਉਹ ਆਪਣੇ ਕਾਨਿਆਂ ਦੇ ਸਵਰਨ ਰੰਗੇ ਛਾਬੇ ਨੂੰ ਚੁੱਕ ਕੇ 'ਆਲੇ ਭੋਲੇ ਲਓ’ ਕਹਿੰਦੀ ਹੋਈ 'ਗਲੀ ਦਾ ਮੋੜ ਮੁੜ ਕੇ ਗਲੀ ਵਿਚ ਪੈਰ ਪਾਂਦੀ ਤਾਂ ਅਸੀਂ ਗਲੀ ਦੇ ਸਾਰੇ ਮੁੰਡੇ ਉਸ ਦੇ ਇਰਦ ਗਿਰਦ ਖੜੇ ਹੋ ਕੇ ਰੌਲਾ ਰੱਪਾ ਪਾਣਾ ਸ਼ੁਰੂ ਕਰ ਦੇਂਦੇ ਸਾਂ। ਕੋਈ ਕਹਿੰਦਾ 'ਮੈਂ ਘੋੜਾ ਲੈਣਾ ਏ।' ਕੋਈ ਕਹਿੰਦਾ, 'ਮੈਂ ਹਾਥੀ ਲੈਣਾ ਈ,' ਕੋਈ, 'ਬੁਰਜ’ ਮੰਗਦਾ, ਕੋਈ ਕੁਝ, ਕੋਈ ਕੁਝ ਤੇ ਉਹ ਗਗੜੀ ਆਪਣੇ ਰੰਗ ਬਰੰਗੇ ਲਹਿੰਗੇ ਦੇ ਪਸਾਰ ਨੂੰ ਖਿਲਾਰ ਕੇ ਬੈਠ ਜਾਂਦੀ ਸਾਰਿਆਂ ਨੂੰ ਦੋ ਮੁਠੀਆਂ ਆਟੇ ਜਾ ਇਕ ਲੱਪ ਸ਼ੱਕਰ ਲੈ ਕੇ ਅੱਡ ਅੱਡ ਚੀਜ਼ਾਂ ਦੇਂਦੀ। ਏਸੇ ਤਰ੍ਹਾਂ ਗਲੀ ਵਿਚ ਘੁੰਗਣੀਆਂ ਵਾਲੇ ਭਾਈ ਦਾ ਛਾਬੇ ਨੂੰ ਲੈ ਕੇ ਆਉਣਾ ਵੀ ਇਕ 'ਜਲਸਾ' ਹੁੰਦਾ ਸੀ। ਅਸੀਂ ਸਾਰੇ, ਇਕੋ ਉਮਰ ਦੇ ਛੋਟੇ ਮੁੰਡੇ ਕੁੜੀਆਂ ਸ਼ਾਂਤੀ ਦੇ ਵਡੇ ਥੜੇ ਤੇ ਇਕੱਠੇ ਹੋ ਜਾਂਦੇ ਸਾਂ ਤੇ ਉਹ ਭਾਈ ਆਪਣੀ ਲਕੜੀ ਦੀ ਡੋਹਰੀ ਨਾਲ ਘੁੰਗਣੀਆਂ ਭਰਦਾ ਹੋਇਆ, ਸਾਨੂੰ ਹਰੇ ਹਰੇ ਪੱਤਰਾਂ ਤੇ ਖਿਲਾਰ ਕੇ ਦੇਂਦਾ ਸੀ। ਇਕ ਧੇਲੇ ਵਿਚ ਹੀ ਅਸੀਂ ਰੱਜ ਜਾਂਦੇ ਸਾਂ। ਮੈਨੂੰ ਇਹਨਾਂ ਜਲਸਿਆਂ ਵਿਚ ਸ਼ਾਮਲ ਹੋਣ ਦਾ ਮੌਕਾ ਬਹੁਤ ਘਟ ਮਿਲਦਾ ਸੀ, ਕਿਉਂਕਿ ਨਾਨੇ ਦੇ ਨਾਲ ਕੰਮ ਕਾਜ ਤੋਂ ਹੀ ਫੁਰਸਤ ਨਹੀਂ ਸੀ ਮਿਲਦੀ। ਜਦੋਂ ਕਦੇ ਵੀ ਮੈਂ ਇਸ ਜਲਸੇ ਵਿਚ ਸ਼ਾਮਲ ਹੁੰਦਾ ਤਾਂ ਮੈਨੂੰ ਸਾਥ ਦਾ ਪੂਰਾ ਪੂਰਾ ਸਵਾਦ ਆਉਂਦਾ ਸੀ। ਹੁਣ ਇਹ ਸਾਰੀਆਂ ਗੱਲਾਂ ਭੁਲ ਚੁਕੀਆਂ ਸਨ। ਉਹ ਗਗੜੀ ਹੁਣ

੨੧੧