ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੀ ਉਨ੍ਹਾਂ ਦੇ ਇਸ਼ਕ ਦੀ ਭਿਣਕ ਪੈ ਗਈ। ਉਹਨੇ ਉਸ ਨੂੰ ਲੱਖ ਸਮਝਾਇਆ ਕਿ ਉਹ ਕਾਕੇ ਦਾ ਸਾਥ ਛੱਡ ਦੇਵੇ ਪਰੰਤੁ ਪਰਤਾਪੀ ਪਿਛਾਂਹ ਮੁੜਨ ਵਾਲੀ ਕਿੱਥੇ ਸੀ। ਉਹਨੇ ਨੰਦੋ ਨੂੰ ਸਾਫ਼ ਆਖ ਦਿੱਤਾ, "ਮਾਂ ਮੇਰੀਏ! ਭਾਵੇਂ ਮਾਰ! ਭਾਵੇਂ ਛੱਡ! ਮੈਂ ਤਾਂ ਕਾਕੇ ਨੂੰ ਦਿੱਤਾ ਕੌਲ ਨਿਭਾਵਾਂਗੀ- ਉਹ ਤਾਂ ਮੇਰੀ ਜਾਨ ਦਾ ਟੁਕੜਾ ਏ, ਉਹਦੀ ਖ਼ਾਤਰ ਆਪਣੀ ਜਿੰਦ ਵਾਰ ਦਿਆਂਗੀ- ਪਿਛਾਂਹ ਪੈਰ ਨਹੀਂ ਪਾਵਾਂਗੀ। ਲੋਕੀ ਪਏ ਕੁਝ ਆਖਣ ਮੈਨੂੰ ਕਿਸੇ ਦੀ ਪਰਵਾਹ ਨਹੀਂ।"
ਨੰਦੋ ਨੇ ਆਪਣੇ ਪਤੀ ਕਾਨ੍ਹੇ ਨਾਲ਼ ਪਰਤਾਪੀ ਬਾਰੇ ਮਸ਼ਵਰਾ ਕੀਤਾ। ਖੰਨੇ ਦੇ ਨਜ਼ਦੀਕ ਰਾਜੇਵਾਲ ਪਿੰਡ ਦੇ ਰਾਮ ਰਤਨ ਨਾਲ਼ ਪਰਤਾਪੀ ਵਿਆਹੀ ਹੋਈ ਸੀ ਪਰੰਤੂ ਅਜੇ ਉਹਦਾ ਮੁਕਲਾਵਾ ਨਹੀਂ ਸੀ ਤੋਰਿਆ! ਬਦਨਾਮੀ ਤੋਂ ਡਰਦਿਆਂ ਪਰਤਾਪੀ ਦੇ ਬਾਪ ਨੇ ਮੁਕਲਾਵੇ ਦਾ ਦਿਨ ਧਰ ਦਿੱਤਾ।
ਰਾਮ ਰਤਨ ਮੁਕਲਾਵਾ ਲੈਣ ਲਈ ਲੋਪੋਂ ਪੁੱਜ ਗਿਆ। ਰੋਂਦੀ ਕੁਰਲਾਉਂਦੀ ਪਰਤਾਪੀ ਨੂੰ ਮਾਪਿਆਂ ਨੇ ਰਾਮ ਰਤਨ ਨਾਲ਼ ਮੁਕਲਾਵਾ ਦੇ ਕੇ ਤੋਰ ਦਿੱਤਾ। ਪਰਤਾਪੀ ਕਾਕੇ ਨੂੰ ਯਾਦ ਕਰ ਕਰ ਹਾਉਕੇ ਭਰਦੀ ਰਹੀ, ਸਿਸਕੀਆਂ ਲੈਂਦੀ ਰਹੀ- ਉਹਦੀ ਕਿਸੇ ਨੇ ਇਕ ਨਾ ਸੁਣੀ।
ਰਾਮ ਰਤਨ ਦੀ ਖ਼ੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ। ਉਹਦੇ ਪੱਬ, ਪਰੀਆਂ ਵਰਗੀ ਹੁਸ਼ਨਾਕ ਪਰਤਾਪੀ ਨੂੰ ਪਾ ਕੇ, ਧਰਤੀ 'ਤੇ ਨਹੀਂ ਸੀ ਲਗ ਰਹੇ ਤੇ ਉਹ ਖੀਵਾ ਹੋਇਆ ਛੇਤੀ ਤੋਂ ਛੇਤੀ ਰਾਜੇਵਾਲ ਪੁੱਜਣਾ ਲੋਚਦਾ ਸੀ!
ਲੋਪੋਂ ਅਤੇ ਰੁਪਾਲੋਂ ਦੇ ਵਿਚਕਾਰ ਢੱਕੀ ਸੀ- ਸੁੰਨਸਾਨ ਰਾਹ! ਰਾਮ ਰਤਨ ਬੈਲ ਗੱਡੀ ਵਿਚ ਪਰਤਾਪੀ ਨੂੰ ਲਈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ਼ ਕੁਝ ਬਦਮਾਸ਼ ਲਏ ਤੇ ਗੱਡੀ ਢੱਕੀ ਵਿਚ ਜਾ ਘੇਰੀ। ਨਾਲ਼ ਆਏ ਬਰਾਤੀ ਕੁੱਟ-ਕੁੱਟ ਕੇ ਭਜਾ ਦਿੱਤੇ ਤੇ ਪਰਤਾਪੀ ਨੂੰ ਸਣੇ ਗੱਡੀ ਆਪਣੇ ਪਿੰਡ ਰੁਪਾਲੋਂ ਲੈ ਆਇਆ।

'ਜ਼ੋਰ ਸਰਦਾਰੀ ਦੇ, ਗੱਡੀ ਮੋੜ ਕੇ ਰੁਪਾਲੋਂ ਬਾੜੀ।' (ਲੋਕ ਗੀਤ)

ਗ਼ਰੀਬ ਸੁਨਿਆਰ ਜਗੀਰਦਾਰਾਂ ਦੇ ਅੱਤਿਆਚਾਰ ਅਤੇ ਧੱਕਾਸ਼ਾਹੀ ਦੀ ਤਾਬ ਨਾ ਝੱਲਦੇ ਹੋਏ ਖੰਨੇ ਦੇ ਥਾਣੇ ਜਾ ਰੋਏ-ਪਿੱਟੇ।
ਰੁਪਾਲੋਂ ਪੁਲਿਸ ਆਈ। ਕਾਹਨ ਸਿੰਘ ਜ਼ੈਲਦਾਰ ਦੀ ਇੱਜ਼ਤ ਦਾ ਸਵਾਲ ਸੀ। ਕਾਕੇ ਨੇ ਪਰਤਾਪੀ ਨੂੰ ਕਿਧਰੇ ਹੋਰ ਤੋਰ ਦਿੱਤਾ। ਘਰ ਦੀ ਤਲਾਸ਼ੀ ਹੋਈ। ਚਾਂਦੀ ਦੇ ਛਣਕਦੇ ਰੁਪਿਆਂ ਨਾਲ਼ ਜੈਲਦਾਰ ਦੀ ਇੱਜ਼ਤ ਬਚਾ ਲਈ ਗਈ। ਪਰਤਾਪੀ ਬਰਾਮਦ ਨਾ ਹੋ ਸਕੀ। ਰਾਮ ਰਤਨ ਸਬਰ ਦਾ ਘੁੱਟ ਭਰ ਕੇ ਬਹਿ ਗਿਆ।
ਕਾਕਾ ਕਿਰਪਾਲ ਸਿੰਘ ਦੇ ਅਮੋੜ ਸੁਭਾਅ ਨੂੰ ਮੁਖ ਰੱਖਦਿਆਂ ਜੈਲਦਾਰ

ਪੰਜਾਬੀ ਲੋਕ ਗਾਥਾਵਾਂ/ 130