ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਨਕਿਆਂ ਦੇ ਮੇਲ਼ ਦਾ ਵਿਆਹ ਵਿੱਚ ਵਿਸ਼ੇਸ਼ ਹੱਥ ਹੁੰਦਾ ਹੈ। ਜਿਵੇਂ ਕਹਿੰਦੇ ਹਨ ਨਾਨਕਿਆਂ ਦਾ ਤਾਂ ਅੱਧਾ ਵਿਆਹ ਹੁੰਦਾ ਹੈ ਚਾਹੇ ਕੁੜੀ ਦਾ ਹੋਵੇ ਚਾਹੇ ਮੁੰਡੇ ਦਾ। ਇਸੇ ਕਰਕੇ ਨਾਨਕਿਆਂ ਦਾ ਮੇਲ਼ ਸਿੱਠਣੀਆਂ ਦੇ ਪਿੜ ਵਿੱਚ ਮੁਖ ਨਸ਼ਾਨਾ ਬਣਿਆ ਹੁੰਦਾ ਹੈ।
ਜਦੋਂ ਨਾਨਕਾ ਮੇਲ਼ ਆਉਂਦਾ ਹੈ ਤਾਂ ਪਿੰਡੋਂ ਬਾਹਰ ਉਹਨਾਂ ਦੇ ਸੁਆਗਤ ਲਈ ਪਿੰਡ ਦੀਆਂ ਜਨਾਨੀਆਂ ਪੁਜ ਜਾਂਦੀਆਂ ਹਨ। ਦੋਨੋਂ ਧਿਰਾਂ ਇਕ ਦੂਜੇ ਦਾ ਸੁਆਗਤ ਸਿੱਠਣੀਆਂ ਨਾਲ਼ ਕਰਦੀਆਂ ਹਨ।

ਹੁਣ ਕਿੱਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਅਸੀਂ ਹਾਜ਼ਰ ਨਾਜਰ ਫੁੱਲਾਂ ਬਰਾਬਰ ਖੜੀਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਨੀ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੀਆਂ ਸੀ ਮੱਠੀਆਂ
ਜੰਮੀਆਂ ਸੀ ਕੱਟੀਆਂ
ਕੱਟੀਆਂ ਚਰਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਹੁਣ ਕਿੱਧਰ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੇ ਸੀ ਪਕੌੜੇ
ਜੰਮੇ ਸੀ ਜੌੜੇ
ਜੌੜੇ ਖਿਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਨੀ ਕਿੱਧਰ ਗਈਆਂ ਬੀਬੀ ਤੇਰੀਆਂ ਨਾਨਕੀਆਂ
ਖਾਧੇ ਸੀ ਲੱਡੂ
ਜੰਮੇ ਸੀ ਡੱਡੂ
ਟੋਭੇ ਛੁਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਹੁਣ ਕਿੱਧਰ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ
ਅਸੀਂ ਹਾਜ਼ਰ ਨਾਜਰ, ਫੁੱਲਾਂ ਬਰਾਬਰ ਖੜੀਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਸਿਰਾਂ ਤੇ ਟਰੰਕ ਤੇ ਹੱਥਾਂ 'ਚ ਝੋਲੇ ਫੜੀਂ ਨਾਨਕਾ ਮੇਲ਼ ਦੇ ਗਲ਼ੀ ਵਿੱਚ ਪ੍ਰਵੇਸ਼ ਕਰਨ ਤੇ ਗਲ਼ੀ ਦੀਆਂ ਔਰਤਾਂ ਹਾਸਿਆਂ ਮਖੌਲਾਂ ਨਾਲ਼ ਉਹਨਾਂ ਦਾ ਸੁਆਗਤ ਕਰਦੀਆਂ ਹਨ। ਸਿੱਠਣੀਆਂ ਤੇ ਹੇਰਿਆਂ ਦੀ ਛਹਿਬਰ ਲਗ ਜਾਂਦੀ ਹੈ ਤੇ ਇਕ ਸਮਾਂ ਬੰਨ੍ਹਿਆਂਂ ਜਾਂਦਾ ਹੈ। ਵਿਆਹ ਵਾਲੇ ਘਰ ਪੁੱਜਣ ਤੇ ਲੱਡੂਆਂ ਨਾਲ ਉਹਨਾਂ ਦਾ ਸੁਆਗਤ ਹੁੰਦਾ ਹੈ ਤੇ ਨਾਲੇ ਸਿੱਠਣੀਆਂ ਦੀ ਬੁਛਾੜ ਸ਼ੁਰੂ ਹੋ ਜਾਂਦੀ ਹੈ:-

ਛੱਜ ਉਹਲੇ ਛਾਨਣੀ
ਪਰਾਤ ਉਹਲੇ ਤਵਾ ਓਏ

118