ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਿਆਲ ਨਾਲ ਆਪ ਪੀਤਾ ਸੀ ਜਿਸ ਸਦਕਾ ਉਹ ਮਰਨ ਦੀ ਥਾਂ ਖ਼ੁਸ਼ੀ ਨਾਲ ਨੱਚਣ ਲੱਗ ਪਈ। ਸੋ ਬਾਦਸ਼ਾਹ ਨੇ ਇਹ ਹਾਲ ਵੇਖ ਕੇ ਸ਼ਰਾਬ ਬਣਾਉਣੀ ਸ਼ੁਰੂ ਕਰ ਦਿੱਤੀ।

ਪੰਜਾਬ ਦੇ ਪਿੰਡਾਂ ਵਿੱਚ ਆਮ ਤੌਰ 'ਤੇ ਸ਼ਰਾਬ ਨੂੰ ਦਾਰੂ ਆਖਦੇ ਹਨ। ਦਾਰੂ ਫਾਰਸੀ ਦਾ ਸ਼ਬਦ ਹੈ ਜੋ ਦਵਾ ਦਾਰੂ, ਦਵਾਈ ਬੂਟੀ ਅਤੇ ਔਸ਼ੁਧੀ ਲਈ ਵਰਤਿਆ ਜਾਂਦਾ ਹੈ। ਪੰਜਾਬੀ ਲੋਕ ਗੀਤ ਹੈ-

ਦਾਦਾ ਦੇ ਦੰਦਾਂ ਦੀ ਦਾਰੁ

ਦਾਦੀ ਦੇ ਦੰਦ ਦੁਖਦੇ

ਹੋਰ

ਲੋਕਾਂ ਭਾਣੇ ਹੋਗੀ ਕੰਜਰੀ

ਸੁਰਮਾਂ ਅੱਖਾਂ ਦੀ ਦਾਰੁ

ਹੁਣ ਤੋਂ ਚਾਰ-ਪੰਜ ਦਹਾਕੇ ਪਹਿਲਾਂ ਪੰਜਾਬ ਦੇ ਲੋਕ ਜੀਵਨ ਵਿੱਚ ਅੱਜ ਕਲ੍ਹ ਵਾਂਗ ‘ਸ਼ਰਾਬ ਦੇ ਦਰਿਆ’ ਨਹੀਂ ਸੀ ਵਗਦੇ....ਲੋਕ ਕਦੀ-ਕਦੀ ਮੇਲਿਆਂ ਮੁਸਾਹਵਿਆਂ, ਮੁੰਡੇ ਦੇ ਜਨਮ ਅਤੇ ਵਿਆਹ ਦੇ ਅਵਸਰ ਤੇ ਥੋੜ੍ਹੀ ਮਾਤਰਾ ਵਿੱਚ ਦਾਰੂ ਪੀ ਕੇ ਖ਼ੁਸ਼ੀ ਸਾਂਝੀ ਕਰਦੇ ਸਨ। ਸ਼ਰਾਬ ਆਮ ਕਰਕੇ ਘਰ ਦੀ ਕੱਢੀ ਹੋਈ ਰੂੜੀ ਮਾਰਕਾ ਪੀਣ ਦਾ ਰਿਵਾਜ ਸੀ। ਜਦੋਂ ਕਦੀ ਕਿਸੇ ਦੇ ਘਰ ਪਰਾਹੁਣਾ ਧਰੌਣਾ ਆਉਣਾ, ਉਸਦੀ ਸੇਵਾ ਵੀ ਦਾਰੂ ਪਿਲਾ ਕੇ ਕੀਤੀ ਜਾਂਦੀ ਸੀ। ਦਾਰੂ ਪੀਣ ਦੇ ਸਬੰਧ ਵਿੱਚ ਕਈ ਇਕ ਵਰਜਣਾਂ/ਮਨਾਹੀਆਂ ਵੀ ਸਨ। ਪਿਉ-ਪੁੱਤਰ, ਸਹੁਰਾ ਜੁਆਈ ਇਕੱਠੇ ਬੈਠ ਕੇ ਨਹੀਂ ਸੀ ਪੀਂਦੇ-ਭਾਈ ਭੈਣ ਦੇ ਸਹੁਰੀਂ ਗਿਆ ਆਪਣੇ ਜੀਜੇ ਨਾਲ ਪਿਆਲੀ ਸਾਂਝੀ ਨਹੀਂ ਸੀ ਕਰਦਾ। ਔਰਤਾਂ ਅਤੇ ਬੱਚਿਆਂ ਨੂੰ ਵੀ ਸ਼ਰਾਬ ਪੀਣ ਦੀ ਮਨਾਹੀ ਸੀ। ਅੱਜਕਲ੍ਹ ਵਾਂਗ ਕੁੜੀ ਦੇ ਵਿਆਹ ਦੇ ਅਵਸਰ ਤੇ ਬਰਾਤ ਨਾਲ਼ ਆਏ ਜਨੇਤੀਆਂ ਨੂੰ ਕੁੜ੍ਹੀ ਵਾਲੀ ਧਿਰ ਵੱਲੋਂ ਸ਼ਰਾਬ ਨਹੀਂ ਸੀ ਪਿਆਈ ਜਾਂਦੀ। ਇਨ੍ਹਾਂ ਵਰਜਣਾਂ ਦੇ ਹੁੰਦੇ ਹੋਏ ਵੀ ਸ਼ਰਾਬ ਅਤੇ ਹੋਰ ਨਸ਼ੇ ਲੁਕਵੇਂ ਰੂਪ ਵਿੱਚ ਪੰਜਾਬ ਦੇ ਸਮਾਜਿਕ ਜੀਵਨ ਵਿੱਚ ਪ੍ਰਵੇਸ਼ ਕਰਕੇ ਪੰਜਾਬੀਆਂ ਦੀ ਆਰਥਿਕਤਾ ਅਤੇ ਪਰਿਵਾਰਕ ਜੀਵਨ ਨੂੰ ਪ੍ਰਭਾਵਿਤ ਕਰਦੇ ਰਹੇ ਹਨ। ਅਜੋਕੇ ਸਮੇਂ ਵਿੱਚ ਤਾਂ ਨਸ਼ਿਆਂ ਦੀ ਹੋੜ ਨੇ ਪੰਜਾਬ ਦੀ ਜੁਆਨੀ ਨੂੰ ਕਿਸੇ ਪਾਸੇ ਜੋਗੀ ਨਹੀਂ ਰਹਿਣ ਦਿੱਤਾ।

ਲੋਕ ਗੀਤ ਜਨ-ਸਾਧਾਰਨ ਦੇ ਹਾਵਾਂ-ਭਾਵਾਂ, ਗ਼ਮੀਆਂ-ਖੁਸ਼ੀਆਂ, ਉਮੰਗਾਂ ਅਤੇ ਉਦਗਾਰਾਂ ਦੀ ਹੀ ਤਰਜਮਾਨੀ ਨਹੀਂ ਕਰਦੇ ਬਲਕਿ ਉਹਨਾਂ ਦੇ ਜੀਵਨ ਵਿੱਚ ਵਾਪਰਦੇ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਵਰਤਾਰਿਆਂ ਦੀ ਗਾਥਾ ਨੂੰ ਵੀ ਬਿਆਨ ਕਰਦੇ ਹਨ। ਲੋਕ ਗੀਤ ਜ਼ੋਰੀਂ ਨਹੀਂ ਰਚੇ ਜਾਂਦੇ। ਇਹ ਤਾਂ ਉਹ ਆਬਸ਼ਾਰਾਂ ਹਨ ਜੋ ਆਪ ਮੁਹਾਰੇ ਹੀ ਵਹਿ ਤੁਰਦੀਆਂ ਹਨ।






  • ਡਾ. ਅਮਰਵੰਤ ਸਿੰਘ, 'ਅਰਬੀ-ਫਾਰਸੀ ਵਿੱਚੋਂ ਉਤਪਨ ਪੰਜਾਬੀ ਸ਼ਬਦਾਵਲੀ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ 113

28/ ਮਹਿਕ ਪੰਜਾਬ ਦੀ