ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/178

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਆਰ ਦੇ ਦੂਜੇ ਪਾਸੇ ਸਥਿਤ ਸੀ। ਵਰਕਸ਼ਾਪ ਦਾ ਬੂਹਾ ਖੁੱਲ੍ਹਿਆ ਹੋਇਆ ਸੀ ਅਤੇ ਤਿੰਨ ਬੰਦੇ ਇੱਕ ਬਣਾਈ ਜਾ ਰਹੀ ਚੀਜ਼ ਦੇ ਆਲੇ-ਦੁਆਲੇ ਅਰਧ-ਚੱਕਰ ਵਿੱਚ ਖੜ੍ਹੇ ਵਿਖਾਈ ਦੇ ਰਹੇ ਸਨ ਅਤੇ ਉਸਨੂੰ ਕੁੱਟ ਰਹੇ ਸਨ। ਕੰਧ ਦੇ ਲਟਕੀ ਹੋਈ ਇੱਕ ਵਿਸ਼ਾਲ ਟਿਨ ਦੀ ਪਲੇਟ ਚਮਕ ਰਹੀ ਸੀ ਜਿਹੜੀ ਕਿ ਉਹਨਾਂ ਦੇ ਚਿਹਰੇ ਅਤੇ ਕੱਪੜਿਆਂ ਨੂੰ ਰੁਸ਼ਨਾ ਰਹੀ ਸੀ। ਕੇ. ਨੇ ਇਸ ਸਭ ਉੱਪਰ ਇੱਕ ਸਰਸਰੀ ਜਿਹੀ ਨਿਗ੍ਹਾ ਸੁੱਟੀ ਸੀ, ਉਹ ਚਿੱਤਰਕਾਰ ਨਾਲ ਕੁੱਝ ਗੱਲਾਂ ਕਰਕੇ ਇਸ ਸਭ ਕੁੱਝ ਨੂੰ ਛੇਤੀ ਤੋਂ ਛੇਤੀ ਖ਼ਤਮ ਕਰਨਾ ਚਾਹੁੰਦਾ ਸੀ ਅਤੇ ਵਾਪਸ ਸਿੱਧਾ ਬੈਂਕ ਜਾਣਾ ਚਾਹੁੰਦਾ ਸੀ। ਕੀ ਉਸਨੂੰ ਇੱਥੇ ਥੋੜ੍ਹੀ-ਬਹੁਤ ਸਫ਼ਲਤਾ ਮਿਲੇਗੀ, ਇਸਦਾ ਉਸਦੇ ਕੰਮ ਉੱਪਰ ਲਾਭਕਾਰੀ ਪ੍ਰਭਾਵ ਪੈ ਸਕਦਾ ਸੀ ਜਿਹੜਾ ਉਸਨੇ ਅੱਜ ਬੈਂਕ ਵਿੱਚ ਜਾਕੇ ਅਜੇ ਕਰਨਾ ਸੀ। ਤੀਜੀ ਮੰਜ਼ਿਲ 'ਤੇ ਉਸਨੂੰ ਆਪਣੀ ਰਫ਼ਤਾਰ ਘੱਟ ਕਰਨੀ ਪਈ, ਉਸਦਾ ਸਾਹ ਚੜ੍ਹ ਗਿਆ ਸੀ, ਪੌੜੀਆਂ ਅਤੇ ਮੰਜ਼ਿਲਾਂ ਬਹੁਤ ਉੱਚੀਆਂ ਸਨ, ਅਤੇ ਉਸਨੂੰ ਦੱਸਿਆ ਗਿਆ ਸੀ ਕਿ ਚਿੱਤਰਕਾਰ ਸਭ ਤੋਂ ਉੱਪਰ ਬਣੇ ਇੱਕ ਕਮਰੇ ਵਿੱਚ ਰਹਿੰਦਾ ਸੀ। ਹਵਾ ਵੀ ਸਖ਼ਤ ਸੀ, ਉੱਥੇ ਸਿਰਫ਼ ਪੌੜੀਆਂ ਸਨ ਅਤੇ ਰੁਕਣ ਵਾਲੀ ਕੋਈ ਜਗ੍ਹਾ ਨਹੀਂ ਬਣਾਈ ਗਈ ਸੀ, ਪੌੜੀਆਂ ਇੱਕ ਭੀੜੀ ਕੰਧ ਦੇ ਵਿਚਕਾਰ ਬਣਾਈਆਂ ਗਈਆਂ ਸਨ, ਅਤੇ ਇਹਨਾਂ ਵਿੱਚ ਉੱਪਰਲੇ ਪਾਸੇ ਬਹੁਤ ਛੋਟੀਆਂ-ਛੋਟੀਆਂ ਖਿੜਕੀਆਂ ਸਨ। ਜਿਵੇਂ ਹੀ ਕੇ. ਕੁੱਝ ਪਲਾਂ ਲਈ ਰੁਕਿਆ, ਕੁੱਝ ਨਿੱਕੀਆਂ ਕੁੜੀਆਂ ਇੱਕ ਅਪਾਰਟਮੈਂਟ ਵਿੱਚੋਂ ਬਾਹਰ ਨਿਕਲੀਆਂ ਅਤੇ ਭੱਜਦੀਆਂ ਹੋਈਆਂ ਪੌੜੀਆਂ ਚੜ੍ਹ ਗਈਆਂ, ਮੁਸਕਰਾਉਂਦਾ ਹੋਇਆ ਕੇ. ਉਹਨਾਂ ਦੇ ਪਿੱਛੇ ਹੌਲੀ-ਹੌਲੀ ਚੜ੍ਹਨ ਲੱਗਾ ਅਤੇ ਉਹ ਇੱਕ ਕੁੜੀ ਨੂੰ ਜਾ ਮਿਲਿਆ ਜਿਹੜੀ ਕਿ ਕਿਸੇ ਅੜਿੱਕੇ ਕਾਰਨ ਦੂਜੀਆਂ ਤੋਂ ਪਿੱਛੇ ਰਹਿ ਗਈ ਸੀ, ਉਸਨੇ ਉਸਨੂੰ ਪੁੱਛਿਆ, "ਕੀ ਇੱਥੇ ਚਿੱਤਰਕਾਰ ਰਹਿੰਦਾ ਹੈ ਜਿਸਦਾ ਨਾਮ ਤਿਤੋਰੇਲੀ ਹੈ?" ਕੁੜੀ ਜਿਹੜੀ ਕਿ ਮਸਾਂ ਤੇਰ੍ਹਾਂ ਕੁ ਵਰ੍ਹਿਆਂ ਦੀ ਸੀ ਅਤੇ ਥੋੜ੍ਹੀ ਜਿਹੀ ਕੁੱਬੀ ਸੀ, ਨੇ ਆਪਣੀ ਕੂਹਣੀ ਨਾਲ ਉਸਨੂੰ ਸੈਨਤ ਮਾਰੀ ਅਤੇ ਆਪਣਾ ਸਿਰ ਇੱਕ ਪਾਸੇ ਕਰਕੇ ਉਸਨੇ ਉੱਪਰ ਕੇ. ਵੱਲ ਵੇਖਿਆ। ਨਾ ਹੀ ਜਵਾਨੀ ਅਤੇ ਨਾ ਹੀ ਸਰੀਰਕ ਵਿਗਾੜ ਉਸਨੂੰ ਆਪਣੀ ਇਸ ਬਦਚਲਨੀ ਨੂੰ ਰੋਕ ਸਕਿਆ। ਉਹ ਬਿਲਕੁਲ ਵੀ ਨਾ ਮੁਸਕੁਰਾਈ ਅਤੇ ਸਗੋਂ ਕੇ. ਨੂੰ ਉਸਨੇ ਬੜੀਆਂ ਤਿੱਖੀਆਂ ਚੁਣੌਤੀ ਭਰੀਆਂ ਨਜ਼ਰਾਂ ਨਾਲ ਘੂਰਿਆ। ਕੇ. ਨੇ ਇਸ ਤਰ੍ਹਾਂ ਵਿਖਾਇਆ ਕਿ ਉਸਨੇ ਉਸਦੇ ਵਿਹਾਰ ਨੂੰ ਬਿਲਕੁਲ ਨਹੀਂ ਸਮਝਿਆ ਅਤੇ ਪੁੱਛਿਆ, "ਕੀ ਤੂੰ ਚਿੱਤਰਕਾਰ ਤਿਤੋਰੇਲੀ ਨੂੰ ਜਾਣਦੀ ਏਂ?" ਉਸਨੇ ਸਿਰ

184 ॥ ਮੁਕੱਦਮਾ