ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/179

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਿਲਾਇਆ ਅਤੇ ਜਵਾਬ ਵਿੱਚ ਪੁੱਛਿਆ, "ਤੈਨੂੰ ਉਸ ਨਾਲ ਕੀ ਕੰਮ ਹੈ?" ਕੇ. ਨੂੰ ਤਿਤੋਰੇਲੀ ਬਾਰੇ ਕੁੱਝ ਜਾਣਨ ਲਈ ਇਹ ਮੌਕਾ ਬਹੁਤ ਢੁੱਕਵਾਂ ਲੱਗਾ, "ਮੈਂ ਚਾਹੁੰਦਾ ਹਾਂ ਕਿ ਉਹ ਮੇਰੀ ਤਸਵੀਰ ਬਣਾਵੇ।" ਉਸਨੇ ਕਿਹਾ, "ਤੇਰੀ ਤਸਵੀਰ ਬਣਾਵੇ?" ਇਹ ਕਹਿੰਦਿਆਂ ਉਸਦਾ ਮੂੰਹ ਖੁੱਲ੍ਹ ਗਿਆ ਅਤੇ ਉਸਨੇ ਕੇ. ਨੂੰ ਹੌਲ਼ੀ ਜਿਹੀ ਥਾਪੜਿਆ ਜਿਵੇਂ ਕੇ. ਨੇ ਉਸਨੂੰ ਕੋਈ ਬਹੁਤ ਹੈਰਾਨੀ ਵਾਲੀ ਜਾਂ ਬਹੁਤ ਬੇਵਕੂਫ਼ੀ ਵਾਲੀ ਗੱਲ ਕਹੀ ਹੋਵੇ। ਇਸ ਪਿੱਛੋਂ ਉਸਨੇ ਆਪਣੇ ਦੋਹਾਂ ਹੱਥਾਂ ਨਾਲ ਆਪਣੀ ਛੋਟੀ ਸਕਰਟ ਨੂੰ ਉੱਪਰ ਚੁੱਕਿਆ ਅਤੇ ਦੂਜੀਆਂ ਕੁੜੀਆਂ ਦੇ ਮਗਰ ਪੂਰੀ ਤੇਜ਼ੀ ਨਾਲ ਭੱਜ ਗਈ ਜਿਨ੍ਹਾਂ ਦੀਆਂ ਕੂਕਾਂ ਪਹਿਲਾਂ ਹੀ ਉੱਪਰ ਗੁੰਮ ਹੋ ਰਹੀਆਂ ਸਨ। ਪਰ ਪੌੜੀਆਂ ਦੇ ਅਗਲੇ ਘੁਮਾਅ ਤੇ ਕੇ. ਸਾਰੀਆਂ ਕੁੜੀਆਂ ਨੂੰ ਇੱਕ ਵਾਰ ਫ਼ਿਰ ਮਿਲਿਆ। ਉਹਨਾਂ ਨੂੰ ਕੁੱਬੀ ਕੁੜੀ ਨੇ ਕੇ. ਦੇ ਇਰਾਦਿਆਂ ਬਾਰੇ ਦੱਸਿਆ ਹੋਵੇਗਾ ਜਿਸ ਕਰਕੇ ਉਹ ਸਾਰੀਆਂ ਉਸਦੀ ਉਡੀਕ ਕਰ ਰਹੀਆਂ ਸਨ। ਉਹ ਸਾਰੀਆਂ ਕੰਧ ਦਾ ਢਾਸਣਾ ਲਾਕੇ ਖੜ੍ਹੀਆਂ ਸਨ ਤਾਂ ਕਿ ਕੇ. ਉਹਨਾਂ ਵਿਚਕਾਰੋਂ ਆਸਾਨੀ ਨਾਲ ਲੰਘ ਸਕੇ। ਉਹ ਆਪਣੇ ਕੱਪੜਿਆਂ ਤੇ ਹੇਠਾਂ ਵੱਲ ਨੂੰ ਹੱਥ ਮਾਰ ਰਹੀਆਂ ਸਨ। ਉਹਨਾਂ ਦੇ ਚਿਹਰੇ ਅਤੇ ਜਿਸ ਤਰ੍ਹਾਂ ਉਹ ਸਤਰ ਬਣਾ ਕੇ ਖੜ੍ਹੀਆਂ ਸਨ, ਉਹਨਾਂ ਦੇ ਬਾਲਪੁਣੇ ਅਤੇ ਨਿਘਾਰ ਨੂੰ ਦਰਸਾ ਰਹੀਆਂ ਸਨ। ਕੁੜੀਆਂ ਹੱਸ ਰਹੀਆਂ ਸਨ ਜਦੋਂ ਉਹ ਕੇ. ਦੇ ਪਿੱਛੇ ਤੁਰ ਰਹੀਆਂ ਸਨ, ਅਤੇ ਉਹਨਾਂ ਦੀ ਮੁਖੀ ਉਹ ਕੁੱਬੀ ਕੁੜੀ ਸੀ, ਜਿਹੜੀ ਉਹਨਾਂ ਦੇ ਅੱਗੇ-ਅੱਗੇ ਤੁਰ ਰਹੀ ਸੀ। ਕੇ. ਨੂੰ ਸਹੀ ਰਾਹ ਵਿਖਾਉਣ ਵਾਲੀ ਉਹੀ ਕੁੜੀ ਸੀ। ਉਹ ਸਿੱਧਾ ਉੱਪਰ ਚੜ੍ਹਨ ਵਾਲਾ ਸੀ, ਪਰ ਉਸ ਕੁੜੀ ਨੇ ਉਸਨੂੰ ਵਿਖਾਇਆ ਕਿ ਤਿਤੋਰੇਲੀ ਦੇ ਕੋਲ ਜਾਣ ਲਈ ਉਸਨੂੰ ਮੁੜਨਾ ਪੈਣਾ ਹੈ। ਉਸ ਵੱਲ ਜਾਣ ਵਾਲੀਆਂ ਪੌੜੀਆਂ ਹੋਰ ਵੀ ਤੰਗ, ਬਹੁਤ ਲੰਮੀਆਂ, ਅਤੇ ਉਹਨਾਂ ਵਿੱਚ ਘੁੰਮਾਅ ਨਹੀਂ ਸੀ। ਇਹਨਾਂ ਪੌੜੀਆਂ ਨੂੰ ਉੱਪਰ ਤੋਂ ਹੇਠਾਂ ਤੱਕ ਵੇਖਿਆ ਜਾ ਸਕਦਾ ਸੀ ਅਤੇ ਇਹ ਪੌੜੀਆਂ ਤਿਤੋਰੇਲੀ ਦੇ ਬੂਹੇ 'ਤੇ ਜਾ ਕੇ ਖ਼ਤਮ ਹੁੰਦੀਆਂ ਸਨ। ਪੌੜੀਆਂ ਦੇ ਦੂਜੇ ਰਸਤੇ ਦੇ ਮੁਕਾਬਲੇ ਇਹ ਬੂਹਾ ਜ਼ਿਆਦਾ ਰੌਸ਼ਨ ਸੀ ਕਿਉਂਕਿ ਇਸ ਉੱਪਰ ਇੱਕ ਛੋਟਾ ਬਲਬ ਲੱਗਾ ਹੋਇਆ ਸੀ। ਇਸ ਤੋਂ ਇਲਾਵਾ ਉੱਥੇ ਤਿਤੋਰੇਲੀ ਦੇ ਨਾਮ ਦਾ ਲਾਲ ਪੇਂਟ ਕੀਤਾ ਹੋਇਆ ਬੋਰਡ ਵੀ ਲੱਗਾ ਸੀ। ਕੇ. ਇਸ ਅਮਲੇ ਨਾਲ ਮੁਸ਼ਕਿਲ ਨਾਲ ਪੌੜੀਆਂ ਦੇ ਅੱਧ-ਵਿਚਕਾਰ ਪੁੱਜਾ ਹੋਵੇਗਾ ਜਦੋਂ ਉੱਪਰ ਦਾ ਬੂਹਾ ਥੋੜ੍ਹਾ ਖੁੱਲ੍ਹਿਆ, ਸ਼ਾਇਦ ਇਹ ਪੈਰਾਂ ਦੇ ਖੜਾਕ ਦੇ ਜਵਾਬ ਵਿੱਚ ਸੀ। ਇੱਕ ਆਦਮੀ ਜਿਸਨੇ ਰਾਤ ਨੂੰ ਸੌਣ ਵਾਲਾ ਗਾਊਨ ਪਾਇਆ ਹੋਇਆ ਸੀ, ਬੂਹੇ ਵਿੱਚ

185 ॥ ਮੁਕੱਦਮਾ