ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ਰਕ ਨਹੀਂ ਪੈਣਾ। ਤੈਨੂੰ ਘਰ ਵਿੱਚ ਤਾਂ ਐਨਾ ਕੰਮ ਹੈ। ਬੱਚੇ ਹਨ। ਇਹਨਾਂ ਦੀ ਸੰਭਾਲ ਤੇ ਫਿਰ ਇਹਨਾਂ ਨੂੰ ਸਿਰੇ ਵੀ ਤਾਂ ਲਾਉਣਾ ਹੈ। ਇਹਨਾਂ ਦਾ ਭਵਿੱਖ ਵੀ ਤਾਂ ਸਿਰਜਣਾ ਹੈ।" ਉਸ ਨੇ ਆਪਣੇ ਘਰ ਦਾ ਮਾਸਕ ਬਜਟ ਕਦੇ ਨਹੀਂ ਬਣਾਇਆ, ਹਮੇਸ਼ਾ ਹੀ ਆਮਦਨ ਨਾਲੋਂ ਖਰਚ ਵਧ ਜਾਂਦਾ ਹੈ। ਉਧਾਰ ਖੜ੍ਹਾ ਹੋਣ ਲੱਗਦਾ ਹੈ ਤੇ ਫਿਰ ਜਦੋਂ ਉਧਾਰ ਉਤਰਨ ਲੱਗੇ ਤਾਂ ਘਰ ਵਿੱਚ ਝਗੜਾ ਹੁੰਦਾ ਹੈ। ਪਤਨੀ ਕੁਝ ਕਹਿੰਦੀ ਹੈ ਤੇ ਉਹ ਕੁਝ ਕਹਿੰਦਾ ਹੈ। ਪਤਨੀ ਦੀ ਗੱਲ ਉਹ ਸੁਣਦਾ ਹੀ ਨਹੀਂ। ਪਤਨੀ ਉਹਦੀ ਗੱਲ ਨਹੀਂ ਸੁਣਦੀ ਤੇ ਫਿਰ ਝਗੜਾ। ਉਹ ਜੋ ਆਪਣੇ ਘਰ ਦਾ ਬਜਟ ਤਾਂ ਠੀਕ ਰੱਖ ਸਕਦਾ ਨਹੀਂ, ਆਪਣੇ ਆਪ ਨੂੰ ਸਪਸ਼ਟ ਵੀ ਨਹੀਂ ਕਰ ਸਕਦਾ। ਆਪਣੇ-ਆਪ ਵਿੱਚ ਸੰਕੋਚ ਵੀ ਨਹੀਂ ਲਿਆ ਸਕਦਾ। ਜੇਬ ਦਾ ਨੰਗ, ਤਬੀਅਤ ਬਾਦਸ਼ਾਹੀ। ਉਹਦਾ ਆਖ਼ਰੀ ਜਵਾਬ, ਉਹ ਕਿਸੇ ਬੱਚੇ ਨੂੰ ਕੁੱਟ ਦੇਵੇਗਾ। ਪਤਨੀ ਨੂੰ ਵੀ ਨਹੀਂ ਬਖ਼ਸ਼ਦਾ। ਪਤਨੀ ਲੱਖ ਡਰਾਵਾ ਦੇਵੇ ਕਿ ਉਹਦੇ ਚਾਰ ਬੱਚੇ ਉਹਦੇ ਪੈਰਾਂ ਵਿੱਚ ਚਾਰ ਸੰਗਲ ਹਨ। ਕਈ ਵਾਰ ਉਹ ਖ਼ੁਦ ਸੋਚਦਾ ਹੈ ਕਿ ਘਰ ਛੱਡ ਕੇ ਚਲਿਆ ਜਾਵੇ। ਕਿਧਰੇ ਵੀ ਜਾ ਸਕਦਾ ਹੈ। ਉਹ ਊਟ-ਪਟਾਂਗ ਸੋਚਣ ਲੱਗਦਾ ਹੈ-ਪਤਨੀ ਤੇ ਬੱਚਿਆਂ ਤੋਂ ਉਹਨੇ ਕੀ ਲੈਣਾ ਹੈ? ਇਹ ਘਰ ਤਾਂ ਇਕ ਖੂਹ ਹੈ। ਇਸ ਖੂਹ ਵਿੱਚ ਗ਼ਰਕ ਹੋ ਕੇ ਰਹਿ ਗਿਆ ਹੈ। ਖਾਣ ਦਾ ਸ਼ੌਕ ਉਹਨੂੰ ਨਹੀਂ, ਪਹਿਨਣ ਦਾ ਉਹਨੂੰ ਨਹੀਂ, ਉਹਨੂੰ ਕੋਈ ਨਸ਼ਾ-ਅਮਲ ਵੀ ਨਹੀਂ ਤੇ ਫਿਰ ਉਹਦੀ ਤਨਖਾਹ ਜਾਂਦੀ ਕਿੱਧਰ ਹੈ? ਉਹਨੂੰ ਪਤਾ ਹੈ ਕਿ ਜਿਨ੍ਹਾਂ ਦਿਨਾਂ ਵਿੱਚ ਪਤਨੀ ਦੇ ਹੱਥ ਵਿੱਚ ਪੈਸੇ ਹੋਣ, ਉਹ ਨਹੀਂ ਖਿਝਦੀ-ਬੋਲਦੀ, ਪਰ ਜਦੋਂ ਘਰ ਵਿੱਚ ਕੋਈ ਪੈਸਾ ਨਹੀਂ ਰਹਿੰਦਾ, ਪਤੀ-ਪਤਨੀ ਦਾ ਕਲੇਸ਼ ਰਹਿੰਦਾ ਹੈ। ਆਖੇਗੀ- “ਤੁਸੀਂ ਇੱਕ ਰੁਪਈਆ ਵੀ ਕਦੇ ਆ ਕੇ ਮੈਨੂੰ ਨਹੀਂ ਫੜਾਇਆ। ਸਾਰੀ ਤਨਖਾਹ ਬਾਹਰ ਦੀ ਬਾਹਰ ਕਿਧਰੇ ਸੁੱਟ ਆਉਂਦੇ ਹੋ। ਜੇ ਇੱਕ ਤਰੀਕ ਨੂੰ ਇੱਕ ਸੌ ਰੁਪਿਆ ਮੈਨੂੰ ਫੜਾਇਆ ਕਰੋ ਤਾਂ ਉਹਦੇ ਨਾਲ ਸਾਰੇ ਮਹੀਨੇ ਦਾ ਖਰਚ ਮੈਂ ਤੋਰ ਸਕਦੀ ਹਾਂ। ਸਬਜ਼ੀ ਦਾ ਖਰਚ, ਡਾਕਟਰ ਦਾ ਖਰਚ ਤੇ ਹੋਰ ਨਿੱਕੇ-ਮੋਟੇ ਸਭ ਖਰਚ। ਹੁੰਦਾ ਇਹ ਹੈ ਕਿ ਪਤਨੀ ਨੂੰ ਚਾਹੇ ਪੰਜ ਸੌ ਰੁਪਿਆ ਫੜਾ ਦਿਓ, ਉਹ ਪੰਜ ਦਿਨਾਂ ਤੋਂ ਵੱਧ ਨਹੀਂ ਚਲਾਵੇਗੀ। ਤਬੀਅਤ ਤਾਂ ਉਹਦੀ ਵੀ ਬਾਦਸ਼ਾਹੀ ਹੈ ਨਾ।"

ਉਹ ਜੋ ਇੱਕ ਭਾਵਨਾਸ਼ੀਲ ਵਿਅਕਤੀ ਹੈ। ਪਹਿਲਾਂ ਤਾਂ ਕਿਸੇ ਬੱਚੇ ਨੂੰ ਮੱਕੀ ਦੀਆਂ ਛੱਲੀਆਂ ਵਾਂਗ ਛੁਲਕ ਦਿੰਦਾ ਹੈ। ਫਿਰ ਦੂਜੇ ਬਿੰਦ ਹੀ ਪਛਤਾਉਣ ਲੱਗਦਾ ਹੈ, ਤੇ ਫਿਰ ਉਸ ਨੂੰ ਪੁਚ-ਪੁਚ ਕਰਕੇ ਵਰਿਆਉਣ ਲੱਗ ਪਵੇਗਾ। ਪਤਨੀ ਨੂੰ ਔਖਾ ਬੋਲ ਕੇ, ਗਾਲ੍ਹਾਂ ਕੱਢ ਕੇ ਜਾਂ ਕਦੇ ਉਹਦੀ ਕੁੱਟ ਮਾਰ ਕਰਕੇ ਪਿਛੋਂ ਚੁੱਪ ਕਰਕੇ ਬੈਠ ਜਾਵੇਗਾ। ਘਰੋਂ ਬਾਹਰ ਹੋ ਜਾਵੇਗਾ ਤੇ ਫਿਰ ਘਰ ਆ ਕੇ ਪਤਨੀ ਨਾਲ ਇਸ ਤਰ੍ਹਾਂ ਗੱਲਾਂ ਕਰਨ ਲੱਗ ਪਵੇਗਾ, ਜਿਵੇਂ ਘਰ ਵਿੱਚ ਕੁਝ ਵਾਪਰਿਆ ਹੀ ਨਹੀਂ ਸੀ।

ਤੇ ਕੱਲ੍ਹ ਰਾਤ ਗੱਲ ਤਾਂ ਆਮ ਵਰਗੀ ਸੀ, ਪਰ ਝਗੜਾ ਕਾਫ਼ੀ ਵਧ ਗਿਆ। ਉਹਨੇ ਛੋਟਾ ਸਟੂਲ ਚੁੱਕਿਆ ਸੀ ਤੇ ਪਤਨੀ ਦੇ ਸਿਰ ਵੱਲ ਵਗਾਹ ਮਾਰਿਆ। ਪਤਨੀ ਅਚਾਨਕ ਪਰ੍ਹਾਂ ਹੋ ਗਈ। ਸਟੂਲ ਉਹਦੀ ਲੱਤ ਉੱਤੇ ਵੱਜ ਕੇ ਦੂਰ ਜਾ ਡਿੱਗਿਆ। ਸਿਰ ਉੱਤੇ ਲੱਗਦਾ ਤਾਂ ਮੋਘ ਖੋਲ੍ਹ ਦਿੰਦਾ, ਪਰ ਲੱਤ ਨੂੰ ਵੀ ਉਹ ਤਾਂ ਲਹੂ-ਲੁਹਾਣ ਕਰਕੇ

132

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ