ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੱਖ ਗਿਆ। ਸੁਕੜੰਜ ਦਾ ਮਾਸ ਛਿੱਲਿਆ ਗਿਆ। ਜਿਵੇਂ ਕੋਈ ਅਣਜਾਣ ਮਿਸਤਰੀ ਲੱਕੜ ਉੱਤੇ ਰੰਦਾ ਫੇਰ ਦੇਵੇ। ਪਤਨੀ ਥਾਂ ਦੀ ਥਾਂ ਬੈਠ ਗਈ ਸੀ, ਪਰ ਬੋਲਣੋਂ ਨਹੀਂ ਹਟੀ। ਵੱਡੀ ਕੁੜੀ ਭੱਜ ਕੇ ਆਈ ਤੇ ਮਾਂ ਦੀ ਸਲਵਾਰ ਲਹੂ ਨਾਲ ਗੱਚ ਹੋਈ ਦੇਖ ਕੇ ਚਾਂਗਾਂ ਮਾਰਨ ਲੱਗੀ। ਚਾਂਗਾਂ ਮਾਰੇ ਤੇ ਕੋਈ ਲੀਰ ਵੀ ਲੱਭਦੀ ਫਿਰੇ ਤਾਂ ਕਿ ਮਾਂ ਦੀ ਲੱਤ ਉੱਤੇ ਪਾਣੀ-ਪੱਟੀ ਬੰਨ੍ਹ ਦੇਵੇ। ਬਾਪ ਨੇ ਇੱਕ ਥੱਪੜ ਉਹਦੇ ਵੀ ਟਿਕਾਅ ਦਿੱਤਾ, ਅਖੇ- “ਤੂੰ ਕਾਹਤੋਂ ਬੋਕ ਟੱਡਿਐ?”

ਲਹੂ ਦੇਖ ਕੇ ਪਤਨੀ ਚੁੱਪ ਹੋ ਗਈ ਤੇ ਫਿਰ ਆਪਣੇ ਆਪ ਪਿੱਟਣ ਲੱਗੀ। ਸਿਰੋ-ਸਿਰ ਭੰਨ ਸੁੱਟਿਆ। ਧੀ ਨੇ ਉਹਦੇ ਹੱਥ ਫੜੇ।

ਉਹ ਜੋ ਇੱਕ ਖੂੰਖਾਰ ਪਤੀ ਹੈ। ਪਤਨੀ ਦੀ ਇਹ ਹਾਲਤ ਦੇਖ ਕੇ ਧੀ ਦੀ ਮਦਦ ਕਰਨ ਲੱਗ ਪਿਆ। ਭਿਉਂਤੀ ਪੱਟੀ ਉਹਦੇ ਹੱਥੋਂ ਖੋਹ ਕੇ ਪਰ੍ਹਾਂ ਸੁੱਟ ਦਿੱਤੀ। ਘਰ ਵਿੱਚ ਪਈ ਡਿਟੋਲ ਨਾਲ ਪਤਨੀ ਦਾ ਜ਼ਖ਼ਮ ਸਾਫ਼ ਕੀਤਾ। ਲਹੂ ਥੋੜ੍ਹਾ-ਥੋੜ੍ਹਾ ਅਜੇ ਵੀ ਸਿੰਮ ਰਿਹਾ ਸੀ। ਘਰ ਵਿੱਚ ਪੀਲ਼ੀ ਦਵਾਈ ਵੀ ਸੀ। ਪੀਲ਼ੀ ਦਵਾਈ ਵਿੱਚ ਚਿੱਟੀ ਪੱਟੀ ਭਿਉਂ ਕੇ ਜ਼ਖ਼ਮ ਉੱਤੇ ਧਰ ਦਿੱਤੀ। ਸਪਿਰਟ ਮਿਲੀ ਪੀਲ਼ੀ ਦਵਾਈ ਜ਼ਖ਼ਮ ਉੱਤੇ ਕੀੜੀਆਂ ਵਾਂਗ ਲੜਨ ਲੱਗੀ ਤਾਂ ਪਤਨੀ ਨੇ ਚੀਸ ਵੱਟੀ। ਧੀ ਨੇ ਮਾਂ ਦੀ ਲੱਤ ਗੋਡੇ ਕੋਲੋਂ ਘੁੱਟ ਕੇ ਫ਼ੜੀ ਹੋਈ ਸੀ। ਪਤੀ ਨੇ ਕਿਸੇ ਸਿਆਣੇ ਡਾਕਟਰ ਵਾਂਗ ਪੱਟੀ ਕਰ ਦਿੱਤੀ। ਫਿਰ ਸਾਬਣ ਨਾਲ ਹੱਥ ਧੋਤੇ ਤੇ ਇੱਕ ਲੰਬਾ ਹਉਕਾ ਲੈ ਕੇ ਬੈਠਕ ਵਿੱਚ ਮੰਜੇ ਉੱਤੇ ਜਾ ਪਿਆ। ਆਪਣੇ ਪਰਿਵਾਰਕ ਜੀਵਨ ਉੱਤੇ ਝੁਰਨ ਲੱਗਿਆ। ਇਹ ਵੀ ਕੋਈ ਜ਼ਿੰਦਗੀ ਹੈ?

ਪਤਨੀ ਨੇ ਰੋਟੀ ਪਕਾ ਤਾਂ ਲਈ ਸੀ, ਪਰ ਇਹ ਪਤਾ ਨਹੀਂ, ਬੱਚਿਆਂ ਵਿੱਚੋਂ ਕਿਸ-ਕਿਸ ਨੇ ਖਾਧੀ ਸੀ। ਮੁੰਡਾ ਬੀਮਾਰ ਸੀ, ਦੋ ਦਿਨਾਂ ਤੋਂ ਰੋਟੀ ਨਹੀਂ ਖਾ ਰਿਹਾ ਸੀ। ਉਹਨੇ ਸੋਚਿਆ, ਛੋਟੀਆਂ ਦੋਵੇਂ ਕੁੜੀਆਂ ਨੇ ਰੋਟੀ ਖਾ ਲਈ ਹੋਵੇਗੀ, ਪਰ ਵੱਡੀ ਨੇ ਨਹੀਂ ਖਾਧੀ। ਉਹ ਤਾਂ ਉਹਨਾਂ ਦੇ ਕਲੇਸ਼ ਵਿੱਚ ਹੀ ਉਲਝ ਗਈ ਸੀ। ਉਹਨੂੰ ਰੋਟੀ ਖਾਣੀ ਕਦੋਂ ਸੁੱਝੀ ਹੋਵੇਗੀ। ਪਤਨੀ ਦੇ ਰੋਟੀ ਖਾਣ ਦਾ ਸਵਾਲ ਹੀ ਨਹੀਂ ਸੀ। ਉਹ ਤਾਂ ਸਭ ਦੇ ਖਾਣ ਬਾਅਦ ਰੋਟੀ ਖਾਂਦੀ। ਉਹ ਜੋ ਹੁਣ ਬੈਠਕ ਵਿੱਚ ਖ਼ਾਲੀ ਪੇਟ ਪਿਆ ਹੋਇਆ ਸੀ, ਇੱਕ ਬਿੰਦ ਉਹਨੇ ਇਹ ਸਭ ਸੋਚਿਆ ਸੀ। ਉਹਨੂੰ ਆਪ ਨੂੰ ਤਾਂ ਕੋਈ ਭੁੱਖ ਹੀ ਨਹੀਂ ਸੀ। ਉਹ ਤਾਂ ਅਜੇ ਤੱਕ ਵੀ ਗੁੱਸੇ ਦਾ ਭਰਿਆ ਪਿਆ ਸੀ। ਅੱਧੀ ਰਾਤ ਤੱਕ ਉਹਨੂੰ ਨੀਂਦ ਨਹੀਂ ਆਈ। ਬਸ ਇਹੀ ਇੱਕ ਖ਼ਿਆਲ ਇਹ ਵੀ ਜ਼ਿੰਦਗੀ ਹੈ ਕੋਈ? ਗਧੇ ਵਾਂਗ ਘੱਟਾ ਢੋਈਦਾ ਹੈ। ਇਸ ਨਾਲੋਂ ਤਾਂ ਬੰਦਾ ਇਸ ਜੱਗ ਵਿੱਚ ਆਵੇ ਹੀ ਨਾ। ਉਹਦਾ ਜੀਅ ਕਰਦਾ ਕਿ ਉਹ ਚੁੱਪ-ਚਾਪ ਉੱਠੇ ਤੇ ਆਪਣੇ ਚਾਰੇ ਜਵਾਕਾਂ ਦੇ ਗਲ ਘੁੱਟ ਕੇ ਉਹਨਾਂ ਨੂੰ ਮਾਰ ਦੇਵੇ ਤੇ ਬਾਅਦ ਵਿੱਚ ਖ਼ੁਦ ਵੀ ਮਰ ਜਾਵੇ। ਉਹਦੀ ਪਤਨੀ ਨੂੰ ਫਿਰ ਤਾਂ ਪਤਾ ਲੱਗੇ ਹੀ ਕਿ ਮੇਰੀ ਇਸ ਘਰ ਵਿੱਚ ਕਿੰਨੀ ਕੁ ਕੀਮਤ ਸੀ? ਬੜੀ-ਭੈੜੀ ਔਰਤ ਹੈ, ਇਹ ਮੈਨੂੰ ਚੈਨ ਨਾਲ ਕਦੇ ਵੀ ਜਿਊਣ ਨਹੀਂ ਦੇਵੇਗੀ। ਇਕ ਤੀਵੀਂ ਹੁੰਦੀ ਹੈ ਕਿ ਘਰ ਵਿੱਚ ਸੰਜਮ ਨਾਲ ਰਹਿੰਦੀ ਹੈ। ਪਤੀ ਦੀਆਂ ਮਜ਼ਬੂਰੀਆਂ ਨੂੰ ਸਮਝਦੀ ਹੈ। ਉਹਨਾਂ ਦਾ ਦੁੱਖ-ਸੁੱਖ ਸਾਂਝਾ ਹੁੰਦਾ ਹੈ। ਤਲਖ਼ੀਆਂ ਨਾਲ ਕਦੇ ਤੁਰੇ ਨੇ ਘਰ?

ਜ਼ਿੰਦਗੀ

133