ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/189

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋਸਤਾਂ ਦੀਆਂ ਮੁਟਿਆਰ ਭੈਣਾਂ ਦਾ ਉਹ ਲਾਡਲਾ ਵੀਰ ਸੀ। ਹਰ ਕੋਈ ਚਾਹੁੰਦਾ, ਮਿਹਰ ਵਿਆਹ ਕਰਵਾ ਲਵੇ, ਪਰ ਉਹ ਪਤਾ ਨਹੀਂ ਕਿ ਮਿੱਟੀ ਦਾ ਬਣਿਆ ਸੀ। ਬੱਤੀ ਤੇਤੀ ਸਾਲ ਦੀ ਉਮਰ ਹੋ ਚੁੱਕੀ ਸੀ, ਵਿਆਹ ਬਾਰੇ ਸੋਚਦਾ ਹੀ ਨਹੀਂ ਸੀ। ਉਹਦਾ ਕੋਈ ਦੋਸਤ ਉਹਦੇ ਨਾਲ ਵਿਆਹ ਦੀ ਗੱਲ ਕਰਦਾ ਤਾਂ ਉਹ ਹੱਸ ਕੇ ਜਵਾਬ ਦਿੰਦਾ, ‘ਹੁਣ ਤਾਂ ਯਾਰ ਏਵੇਂ ਜਿਵੇਂ ਰਹਿਣਾ ਸਿੱਖ ਲਿਆ।ਐਂ ਈ ਠੀਕ ਐ।’

ਉਹ ਕੋਈ ਕੰਮ ਵੀ ਨਹੀਂ ਕਰਦਾ ਸੀ। ਕਮਾਈ ਦਾ ਸਾਧਨ ਕੋਈ ਨਹੀਂ ਸੀ ਉਹਦਾ, ਪਰ ਉਹ ਵਿਹਲਾ ਵੀ ਕਦੋਂ ਸੀ। ਉਹਨੂੰ ਤਾਂ ਲੋਕਾਂ ਦੇ ਘਰਾਂ ਦਾ ਫ਼ਿਕਰ ਹੀ ਮਾਰੀ ਜਾਂਦਾ ਰਹਿੰਦਾ। ਜਿਵੇਂ ਬਸ ਇਹੀ ਉਹਦੀ ਜ਼ਿੰਦਗੀ ਹੋਵੇ। ਇਹੀ ਇੱਕ ਰੁਝੇਵਾਂ ਰਹਿ ਗਿਆ ਹੋਵੇ ਉਹਦਾ। ਸ਼ਰੀਫ਼ ਤੇ ਨੇਕ ਐਨਾ, ਕਦੇ ਕਿਸੇ ਕੁੜੀ ਨੂੰ ਉਹਦੇ ਸਹੁਰੀਂ ਛੱਡਣ ਜਾ ਰਿਹਾ ਹੈ ਤੇ ਕਿਸੇ ਮੁੰਡੇ ਦੀ ਬਹੂ ਲੈਣ। ਯਾਰਾਂ ਨੇ ਉਹਦਾ ਨਾਉਂ ‘ਬੁੜ੍ਹਾ’ ਪਕਾ ਛੱਡਿਆ ਸੀ। ਅਖੇ ‘ਰਾਜੂ ਦੀ ਬਹੂ ਪੇਕੀਂ ਰੁੱਸੀਂ ਬੈਠੀ ਐ। ਉਹਦੇ ਨਾਲ ਆਉਂਦੀ ਨ੍ਹੀਂ। ਮਿਹਰ ਬੁੜ੍ਹੇ ਨੂੰ ਭੇਜੋ।ਉਹੀ ਮਨਾ ਕੇ ਲਿਆਉ ਉਹਨੂੰ।’

ਉਹਦੇ ਹਿੱਸੇ ਦੀ ਪਿੰਡ ਵਾਲੀ ਜ਼ਮੀਨ ਉਹਦੇ ਚਾਚੇ ਦੇ ਪੁੱਤ ਵਾਹੁੰਦੇ ਬੀਜਦੇ। ਉਹ ਚਾਰੇ ਵਿਆਹੇ-ਵਰੇ ਗਏ ਸਨ। ਮਿਹਰ ਉਹਨਾਂ ਤੋਂ ਕੋਈ ਹਿੱਸਾ ਠੇਕਾ ਨਾ ਲੈ ਕੇ ਆਉਂਦਾ। ਚਾਚਾ ਥੰਮਣ ਜਿਉਂਦਾ ਸੀ ਤੇ ਮਾਸੀ ਸੁਰਜੀਤ ਕੁਰ ਵੀ। ਜਦੋਂ ਕਦੇ ਵਰ੍ਹੇ-ਛਿਮਾਹੀ ਮਿਹਰ ਪਿੰਡ ਜਾਂਦਾ ਤਾਂ ਚਾਚੇ ਦੇ ਪੁੱਤ ਉਹਦੀ ਪੁੱਜ ਕੇ ਸੇਵਾ ਕਰਦੇ। ਉਸ ਦਿਨ ਉਹਦੇ ਲਈ ਬੱਕਰੇ ਜਾਂ ਮੁਰਗੇ ਦਾ ਮੀਟ ਰਿੰਨਿਆ ਜਾਂਦਾ।ਦਾਰੂ ਦੀਆਂ ਬੋਤਲਾਂ ਆ ਟਿਕਦੀਆਂ। ਸਭ ਭਰਾ ਇਕੱਠੇ ਬੈਠ ਕੇ ਦਾਰੂ ਪੀਂਦੇ ਤੇ ਮੋਹ ਪਿਆਰ ਦੀਆਂ ਗੱਲਾਂ ਕਰਦੇ। ਸੁਰਜੀਤ ਕੁਰ ਮਿਹਰ ਨੂੰ ਪੁਚ-ਪੁਚ ਕਰਦੀ ਫਿਰਦੀ। ਭਰਜਾਈਆਂ ਉਹਨੂੰ ਮਿੱਠੀਆਂ ਚਹੇਡਾਂ ਕਰਦੀਆਂ। ਸ਼ਹਿਰ ਮੁੜਨ ਲੱਗਿਆਂ ਚਾਚਾ ਥੰਮਣ ਉਹਦੀ ਜੇਬ ਵਿੱਚ ਰੁਪਏ ਪਾ ਦਿੰਦਾ। ਆਖਦਾ- ‘ਮੇਰੇ ਸਿਰ ’ਤੇ ਐਸ਼ ਕਰ ਪੁੱਤਰਾ। ਕਿਸੇ ਚੀਜ਼ ਦੀ ਕਦੇ ਕਮੀ ਨਾ ਮੰਨੀਂ। ਚਿੜੀਆਂ ਦਾ ਦੁੱਧ ਹਾਜ਼ਰ ਕਰ ਸਕਦਾਂ ਮੈਂ ਤੈਨੂੰ।’ ਮਿਹਰ ਹੱਸਦਾ ਚਿਹਰਾ ਤੇ ਅੱਖਾਂ ਵਿੱਚ ਉਦਾਸੀ ਦਾ ਪਾਣੀ ਲੈ ਕੇ ਸ਼ਹਿਰ ਆ ਵੜਦਾ। ਆਪਣੇ ਉਸੇ ਸੰਸਾਰ ਵਿਚ, ਜਿੱਥੇ ਰਹਿ ਕੇ ਉਹਦਾ ਜੀਅ ਲੱਗਦਾ, ਜਿੱਥੇ ਉਹ ਖ਼ੁਸ਼ ਸੀ।

ਮਿਹਰ ਦੀ ਉਮਰ ਅਠੱਤੀ ਸਾਲ ਹੋ ਗਈ। ਹੁਣ ਤਾਂ ਵਿਆਹ ਦੀ ਆਸ ਵੀ ਕੋਈ ਨਹੀਂ ਰਹਿ ਗਈ ਸੀ। ਦੋਸਤਾਂ ਦੀਆਂ ਵਹਟੀਆਂ ਤੇ ਦੋਸਤਾਂ ਦੀਆਂ ਭੈਣਾਂ ਮਿਹਰ ਉੱਤੇ ਤਰਸ ਕਰਦੀਆਂ। ਉਹ ਵਾਕਿਆ ਹੀ ਬੁੜ੍ਹਾ ਲੱਗਦਾ।

ਕੋਈ ਉਹਦੇ ਉੱਤੇ ਸ਼ੱਕ ਕਰਦਾ- ‘ਇਹਦੇ ’ਚ ਮਰਦਾਂ ਵਾਲਾ ਕੋਈ ਕਣ ਹੈਗਾ ਵੀ ਕਿ ਨਹੀਂ? ਨਹੀਂ ਤਾਂ ਹੁਣ ਤੱਕ ਇਹਨੇ ਕੁਆਰਾ ਕਾਹਨੂੰ ਬੈਠਣਾ ਸੀ।’

'ਘਰ ਨ੍ਹੀਂ, ਬਾਰ ਨ੍ਹੀਂ ਵਚਾਰੇ ਦਾ ਕੋਈ। ਨਾ ਕੋਈ ਰੋਜ਼ੀ ਰੋਟੀ ਦਾ ਸਾਧਨ ਐ। ਵਿਆਹ ਤਾਂ ਕਦੋਂ ਦਾ ਕਰ ਲੈਂਦਾ, ਬਗਾਨੀ ਧੀ ਨੂੰ ਬਠਾਊ ਕਿੱਥੇ, ਖਵਾਊ ਕੀ?’ ਕੋਈ ਹੋਰ ਉਹਦੇ ਅੰਦਰਲੇ ਰੋਗ ਦੀ ਗੱਲ ਕਰਦਾ।

ਉਹ ਪਿੰਡ ਜਾਂਦਾ ਤਾਂ ਉਹਦੀ ਮਾਸੀ ਦੇ ਮੁੰਡੇ ਉਹਦੀ ਐਨੀ ਸੇਵਾ ਕਰਦੇ ਕਿ ਉਹਨੂੰ ਇਹ ਭੁੱਲ ਹੀ ਜਾਂਦਾ, ਉਹਨੇ ਕੀ ਆਖਣਾ ਸੀ ਤੇ ਕੀ ਮੰਗਣਾ ਸੀ। ਮਾਸੀ ਦੇ

ਪੁੱਠੀ ਬਦੀ

189