ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/188

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪੁੱਠੀ ਸਦੀ

ਮਲਵਈ ਜੱਟਾਂ ਬਾਰੇ ਮਸ਼ਹੂਰ ਹੈ ਕਿ ਉਹ ਆਪਣੇ ਖੇਤ ਦੀ ਚੱਪਾ ਮਿੱਟੀ ਖ਼ਾਤਰ ਵੀ ਗੁਆਂਢੀ ਦਾ ਕਤਲ ਕਰ ਦਿੰਦੇ ਹਨ। ਏਦਾਂ ਹੀ ਮਿਹਰ ਦੇ ਪਿਓ ਦਾ ਕਤਲ ਹੋ ਗਿਆ ਸੀ। ਉਹਨਾਂ ਦੇ ਖੇਤ ਦੀ ਵੱਟ ਉੱਤੇ ਕਿੱਕਰ ਦਾ ਵੱਡਾ ਦਰਖ਼ਤ ਸੀ। ਵੱਟ ਸਾਂਝੀ ਤੇ ਕਿੱਕਰ ਵੀ। ਗੁਆਂਢੀ ਜੱਟ ਆਪਣੇ ਵੱਲ ਵੱਟ ਦੀ ਉਂਗਲ-ਉਂਗਲ ਖੁਰਚਦਾ ਰਹਿੰਦਾ ਤੇ ਅਖ਼ੀਰ ਇੱਕ ਦਿਨ ਕਿੱਕਰ ਆਪਣੇ ਪਾਸੇ ਕਰ ਲਈ। ਮਿਹਰ ਦਾ ਪਿਓ ਜ਼ਹਿਰੀ ਬੰਦਾ ਸੀ। ਹਰਖ ਜਾਗਿਆ ਤਾਂ ਉਹਨੇ ਕਿੱਕਰ ਦੇ ਉੱਤੋਂ ਦੀ ਵੱਟ ਜਾ ਕੱਢੀ। ਝਗੜਾ ਹੋ ਗਿਆ। ਗੁਆਂਢੀ ਵੀ ਅੱਗ ਦੀ ਨਾਲ਼ ਸਨ। ਮਿਹਰ ਦੇ ਪਿਓ ਦਾ ਕਤਲ ਹੋ ਗਿਆ। ਗੁਆਂਢੀ ਜੱਟ ਨੂੰ ਉਮਰ ਕੈਦ ਹੋਈ।

ਮਿਹਰ ਦੇ ਪਿਓ ਹੋਰੀਂ ਦੋ ਭਾਈ ਸਨ। ਮਿਹਰ ਦਾ ਪਿਓ ਵੱਡਾ ਸੀ। ਦੋਵੇਂ ਇੱਕੋ ਪਿੰਡ, ਇੱਕੋ ਘਰ ਵਿਆਹੇ ਹੋਏ ਸਨ। ਮਿਹਰ ਦੀ ਚਾਚੀ ਉਹਦੀ ਮਾਸੀ ਵੀ। ਚਾਚੀ ਕਿਉਂ ਮਾਸੀ ਸੀ। ਉਹ ਆਪਣੇ ਚਾਚੇ ਥੰਮਣ ਨੂੰ ਨੂੰ ਚਾਚਾ ਆਖਦਾ ਤੇ ਚਾਚੀ ਸੁਰਜੀਤ ਕੁਰ ਨੂੰ ਮਾਸੀ, ਥੰਮਣ ਸੁ ਦੇ ਚਾਰ ਮੁੰਡੇ ਹੋਏ।ਮਿਹਰ ਇਕੱਲਾ ਸੀ।ਨਾ ਕੋਈ ਭੈਣ ਤੇ ਨਾ ਭਾਈ। ਸਮਾਂ ਲੰਘਣ ਉੱਤੇ ਉਹਦੀ ਮਾਂ ਵੀ ਨਾ ਰਹੀ। ਮਿਹਰ ਬਿਲਕੁਲ ਇਕੱਲਾ ਰਹਿ ਗਿਆ। ਉਹ ਨੇੜੇ ਦੇ ਸ਼ਹਿਰ ਪੜ੍ਹਦਾ ਹੁੰਦਾ। ਜਿਹਨਾਂ ਮੁੰਡਿਆਂ ਨਾਲ ਦਸਵੀਂ ਪਾਸ ਕੀਤੀ, ਉਹਨਾਂ ਦੇ ਘਰਾਂ ਵਿੱਚ ਹੀ ਰਾਤਾਂ ਕੱਟਦਾ। ਲੋਕਾਂ ਦੇ ਘਰੀਂ ਟੁਕੜੇ ਖਾ ਕੇ ਤੇ ਮੋਟਾ ਟੁੱਲਾ ਪਹਿਨ ਕੇ ਉਹ ਕਾਲਜ ਦੀ ਬੀ. ਏ. ਤੱਕ ਪੜ੍ਹਾਈ ਕਰ ਗਿਆ।

ਉਹਨੂੰ ਹੋਰ ਕੋਈ ਐਬ ਨਹੀਂ ਸੀ, ਬਸ ਸ਼ਰਾਬ ਪੀਣ ਦੀ ਖੋਟੀ ਵਹਿਤ ਸੀ। ਸ਼ਹਿਰ ਦੀਆਂ ਚੰਗੀਆਂ-ਚੰਗੀਆਂ ਸ਼ਰਾਬ ਪਾਰਟੀਆਂ ਵਿੱਚ ਉਹ ਸ਼ਾਮਲ ਹੁੰਦਾ। ਗੱਭਰੂ ਟੋਲੀਆਂ ਦੇ ਰਾਮ ਮਿਹਰ ਬਗੈਰ ਅਧੂਰੇ ਸਮਝੇ ਜਾਂਦੇ। ਪ੍ਰਬੰਧ ਦੇ ਕੰਮਾਂ ਵਿੱਚ ਉਹਦਾ ਵੱਡਾ ਯੋਗਦਾਨ ਸੀ। ਜਿਹੜਾ ਕੰਮ ਹੋਰ ਕੋਈ ਨਾ ਸੰਭਾਲਦਾ, ਮਿਹਰ ਝੱਟ ਹੱਥ ਪਾ ਲੈਂਦਾ। ਸ਼ਹਿਰ ਦੇ ਅਨੇਕਾਂ ਘਰ ਸਨ, ਜਿੱਥੇ ਉਹ ਨੌਕਰਾਂ ਵਾਲੇ ਕੰਮ ਕਰਦਾ। ਔਰਤਾਂ ਉਹਨੂੰ ਪੁਚਕਾਰਦੀਆਂ- ‘ਵੇਮਿਹਰ’, ਮੈਂ ਤਾਂ ਤੈਨੂੰ ਕਿੱਦਣ ਦੀ ਉਡੀਕਦੀਆਂ। ਤੇਰੇ ਬਗੈਰ ਜਾਣੀਦੀ ਅਸੀਂ ਤਾਂ ਅੰਨ੍ਹੇ ਹੋਏ ਬੈਠੇ ਆਂ। ਜਾਈਂ ਕੇਰਾਂ ਭੱਜ ਕੇ ਬਿਜਲੀ ਆਲਿਆਂ ਦੇ ਦਫ਼ਤਰ। ਤੇਰੇ ਵੀਰ ਨੂੰ ਕਿੰਨੀ ਵਾਰ ਆਖ ਚੁੱਕੀ ਆਂ, ਪਰ ਵਿਹਲ ਵੀ ਮਿਲੇ ਦੁਕਾਨ ਦੇ ਕੰਮਾਂ ਤੋਂ।’

ਕਿਸੇ ਘਰ ਇੱਕੋ ਨੌਜਵਾਨ ਮੁੰਡਾ ਹੁੰਦਾ ਤਾਂ ਉਹਦੀ ਮਾਂ ਮਿਹਰ ਨੂੰ ਆਪਣਾ ਦੂਜਾ ਪੁੱਤ ਸਮਝਦੀ। ਕਿਸੇ ਹੋਰ ਘਰ ਦੋ ਮੁੰਡੇ ਹੁੰਦੇ ਤਾਂ ਮਿਹਰ ਤੀਜਾ ਪੁੱਤ ਆਖਿਆ ਜਾਂਦਾ।

188

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ