ਅਨੁਵਾਦ:ਆਦਮੀ ਅਤੇ ਸੱਪ

ਵਿਕੀਸਰੋਤ ਤੋਂ


ਇੱਕ ਕਿਸਾਨ ਦੇ ਮੁੰਡੇ ਦਾ ਭੁਲੇਖੇ ਨਾਲ ਇੱਕ ਸੱਪ ਦੀ ਪੂਛ ਉੱਤੇ ਪੈਰ ਰੱਖਿਆ ਗਿਆ, ਜਿਸ ਤੇ ਸੱਪ ਨੇ ਉਸ ਨੂੰ ਡੰਗ ਲਿਆ ਤੇ ਉਸਦੀ ਮੌਤ ਹੋ ਗਈ। ਗੁੱਸੇ ਵਿੱਚ ਪਾਗਲ ਹੋਏ ਕਿਸਾਨ ਨੇ ਆਪਣੀ ਕੁਹਾੜੀ ਫੜੀ, ਅਤੇ ਸੱਪ ਦਾ ਪਿੱਛਾ ਕੀਤਾ। ਉਸ ਨੇ ਸੱਪ ਤੇ ਵਾਰ ਕੀਤਾ ਤਾਂ ਉਸਦੀ ਪੂਛ ਦਾ ਕੁਝ ਹਿੱਸਾ ਕੱਟਿਆ ਗਿਆ। ਇਸ ਦਾ ਬਦਲਾ ਲੈਣ ਲਈ ਸੱਪ ਨੇ ਕਿਸਾਨ ਦੇ ਕਈ ਪਸ਼ੂਆਂ ਨੂੰ ਡੰਗਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਭਾਰੀ ਨੁਕਸਾਨ ਪਹੁੰਚਾਇਆ। ਖੈਰ, ਕਿਸਾਨ ਨੇ ਇਹੀ ਬਿਹਤਰ ਸਮਝਿਆ ਕਿ ਸੱਪ ਨਾਲ ਵੈਰ ਛੱਡ ਕੇ ਸੁਲਹ ਕਰ ਲਈ ਜਾਵੇ, ਅਤੇ ਉਹ ਸੱਪ ਦੀ ਖੁੱਡ ਦੇ ਮੂਹਰੇ ਭੋਜਨ ਅਤੇ ਸ਼ਹਿਦ ਲੈ ਕੇ ਗਿਆ, ਅਤੇ ਉਸ ਨੂੰ ਕਿਹਾ: "ਚਲੋ ਆਪਾਂ ਸਭ ਭੁੱਲ ਜਾਈਏ ਅਤੇ ਮਾਫ ਕਰ ਦੇਈਏ; ਸ਼ਾਇਦ ਤੁਸੀਂ ਮੇਰੇ ਪੁੱਤਰ ਨੂੰ ਠੀਕ ਹੀ ਸਜ਼ਾ ਦਿੱਤੀ ਅਤੇ ਮੇਰੇ ਪਸ਼ੂਆਂ ਨੂੰ ਮਾਰ ਕੇ ਬਦਲਾ ਲੈਣਾ ਸਹੀ ਸੀ। ਹੁਣ ਜਦੋਂ ਆਪਾਂ ਦੋਵੇਂ ਆਪਣਾ ਆਪਣਾ ਬਦਲਾ ਲੈ ਕੇ ਸੰਤੁਸ਼ਟ ਹਾਂ ਤਾਂ ਕਿਉਂ ਨਾ ਆਪਾਂ ਦੁਬਾਰਾ ਦੋਸਤ ਬਣ ਜਾਈਏ?"

“ਨਹੀਂ, ਨਹੀਂ,” ਸੱਪ ਨੇ ਕਿਹਾ; "ਤੁਸੀਂ ਆਪਣੇ ਤੋਹਫ਼ੇ ਲੈ ਜਾਓ; ਤੁਸੀਂ ਆਪਣੇ ਬੇਟੇ ਦੀ ਮੌਤ ਨੂੰ ਕਦੇ ਨਹੀਂ ਭੁੱਲ ਸਕਦੇ, ਨਾ ਹੀ ਮੈਂ ਆਪਣੀ ਪੂਛ ਕਦੇ ਨਹੀਂ ਭੁੱਲ ਸਕਦਾ।"

ਫੱਟ ਮਾਫ਼ ਕੀਤੇ ਜਾ ਸਕਦੇ ਹਨ, ਪਰ ਭੁੱਲੇ ਨਹੀਂ ਜਾ ਸਕਦੇ।