ਸਮੱਗਰੀ 'ਤੇ ਜਾਓ

ਅਨੁਵਾਦ:ਐਂਡਰੋਕਲਸ ਅਤੇ ਸ਼ੇਰ

ਵਿਕੀਸਰੋਤ ਤੋਂ
44270ਐਂਡਰੋਕਲਸ ਅਤੇ ਸ਼ੇਰਚਰਨ ਗਿੱਲਈਸਪ

ਪ੍ਰਾਚੀਨ ਰੋਮ ਦੀ ਗੱਲ ਹੈਕਿ ਐਂਡਰੋਕਲਸ ਨਾਂ ਦਾ ਇਕ ਗ਼ੁਲਾਮ ਆਪਣੇ ਮਾਲਕ ਦੇ ਜੁਲਮਾਂ ਤੋਂ ਤੰਗ ਆ ਕੇ ਜੰਗਲ ਵਿਚ ਭੱਜ ਗਿਆ, ਅਤੇ ਉਹ ਲੰਬਾ ਸਮਾਂ ਉਥੇ ਭਟਕਦਾ ਰਿਹਾ। ਉਹ ਬਹੁਤ ਥੱਕ ਗਿਆ ਅਤੇ ਭੁੱਖ ਨੇ ਉਸਦਾ ਹਾਲ ਮਾੜਾ ਕਰ ਰੱਖਿਆ ਸੀ ਅਤੇ ਉਹ ਬੜਾ ਨਿਰਾਸ਼ ਹੋ ਗਿਆ। ਇੰਨੇ ਨੂੰ ਉਸਨੇ ਆਪਣੇ ਨੇੜੇ ਇੱਕ ਸ਼ੇਰ ਨੂੰ ਕਰਾਹੁੰਦੇ ਸੁਣਿਆ ਅਤੇ ਕਈ ਵਾਰ ਉਹ ਦਹਾੜਦਾ ਵੀ ਸੀ। ਥੱਕਿਆ ਹਾਰਿਆ ਐਂਡਰੋਕਲਸ ਸ਼ੇਰ ਤੋਂ ਡਰਦਾ ਆਰਿਆ ਉਠਿਆ ਅਤੇ ਭੱਜ ਲਿਆ, ਪਰ ਜਦੋਂ ਉਹ ਝਾੜੀਆਂ ਵਿੱਚੋਂ ਦੀ ਲੰਘ ਰਿਹਾ ਸੀ ਤਾਂ ਉਹ ਇੱਕ ਦਰੱਖ਼ਤ ਦੀ ਜੜ ਵਿੱਚ ਅੜ੍ਹਕ ਕੇ ਡਿੱਗ ਪਿਆ, ਅਤੇ ਜਦੋਂ ਉਸਨੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਸ਼ੇਰ ਨੂੰ ਤਿੰਨ ਪੈਰਾਂ `ਤੇ ਲੰਗੜਾਉਂਦਾ ਆਪਣੇ ਵੱਲ ਆਉਂਦਾ ਵੇਖਿਆ, ਅਤੇ ਉਸ ਨੇ ਅਗਲਾ ਪੰਜਾ ਸਾਹਮਣੇ ਉੱਪਰ ਚੁੱਕਿਆ ਹੋਇਆ ਸੀ। ਐਂਡਰੋਕਲਸ ਘੋਰ ਨਿਰਾਸ਼ਾ ਦੇ ਆਲਮ ਵਿੱਚ ਸੀ; ਉਸ ਕੋਲ ਉਠਣ ਅਤੇ ਭੱਜਣ ਦੀ ਤਾਕਤ ਨਹੀਂ ਸੀ, ਅਤੇ ਸ਼ੇਰ ਨੇੜੇ ਆ ਗਿਆ ਸੀ। ਪਰ ਜਦੋਂ ਵੱਡਾ ਦਰਿੰਦਾ ਉਸ ਦੇ ਐਨ ਕੋਲ ਆਇਆ ਤਾਂ ਉਸ ਉੱਤੇ ਹਮਲਾ ਕਰਨ ਦੀ ਬਜਾਏ ਇਹ ਕਰਾਹੁੰਦਾ ਅਤੇ ਚੀਖ਼ਦਾ ਰਿਹਾ ਅਤੇ ਐਂਡਰੋਕਲਸ ਨੂੰ ਵੇਖਦਾ ਰਿਹਾ। ਸ਼ੇਰ ਨੇ ਆਪਣਾ ਸੱਜਾ ਪੰਜਾ ਅੱਗੇ ਉੱਪਰ ਨੂੰ ਕੀਤਾ ਹੋਇਆ ਸੀ। ਇਹ ਲਹੂ ਨਾਲ ਲਥਪਥ ਅਤੇ ਬਹੁਤ ਜ਼ਿਆਦਾ ਸੁੱਜਿਆ ਹੋਇਆ ਸੀ। ਇਸ ਨੂੰ ਹੋਰ ਨੇੜਿਓਂ ਵੇਖਦਿਆਂ ਐਂਡਰੋਕਲਸ ਨੇ ਦੇਖਿਆ ਕਿ ਇੱਕ ਵੱਡਾ ਵੱਡਾ ਕੰਡਾ ਪੰਜੇ ਵਿੱਚ ਖੁਭਿਆ ਹੋਇਆ ਸੀ, ਜੋ ਸ਼ੇਰ ਦੀ ਸਾਰੀ ਮੁਸੀਬਤ ਦਾ ਕਾਰਨ ਸੀ। ਹੌਂਸਲਾ ਕਰਕੇ ਉਸਨੇ ਕੰਡਾ ਫੜ ਲਿਆ ਅਤੇ ਇਸਨੂੰ ਸ਼ੇਰ ਦੇ ਪੰਜੇ ਵਿੱਚੋਂ ਕੱਢ ਦਿੱਤਾ। ਕੰਡੇ ਦੇ ਬਾਹਰ ਆਉਣ ਤੇ ਦਰਦ ਨਾਲ ਇੱਕ ਵਾਰ ਤਾਂ ਸ਼ੇਰ ਚਿੰਘਾੜਿਆ, ਪਰ ਜਲਦੀ ਹੀ ਉਸ ਨੂੰ ਰਾਹਤ ਮਿਲੀ ਕਿ ਉਹ ਹਰ ਤਰੀਕੇ ਨਾਲ ਐਂਡਰੋਕਲਸ ਨੂੰ ਜਤਾਉਣ ਲੱਗਿਆ ਕਿ ਉਸ ਨੂੰ ਪਤਾ ਹੈ ਕਿ ਕਿਸਨੇ ਉਸ ਨੂੰ ਰਾਹਤ ਦਿਲਾਈ ਸੀ। ਰਿਣੀ ਹੋਣ ਸਦਕਾ ਉਸਨੂੰ ਖਾਣ ਦੀ ਬਜਾਏ ਉਹ ਆਪਣਾ ਹੁਣੇ ਹੁਣੇ ਮਾਰਿਆ ਇੱਕ ਹਿਰਨ ਲੈ ਆਇਆ ਅਤੇ ਐਂਡਰੋਕਲਸ ਨੇ ਇਸ ਤੋਂ ਆਪਣੀ ਭੁੱਖ ਮਿਟਾਉਣ ਵਿੱਚ ਸਫਲ ਰਿਹਾ। ਕੁਝ ਦਿਨਾਂ ਲਈ ਇਵੇਂ ਚੱਲਦਾ ਰਿਹਾ। ਸ਼ੇਰ ਉਸ ਲਈ ਸ਼ਿਕਾਰ ਲਿਆਉਂਦਾ ਰਿਹਾ ਅਤੇ ਐਂਡਰੋਕਲਸ ਦੀ ਉਸ ਭਿਅੰਕਰ ਜਾਨਵਰ ਨਾਲ ਦੋਸਤੀ ਹੋ ਗਈ। ਉਹ ਇੱਕ ਦੂਜੇ ਨੂੰ ਚਾਹੁਣ ਲੱਗ ਪਏ।

ਪਰ ਇਕ ਦਿਨ ਬਹੁਤ ਸਾਰੇ ਸਿਪਾਹੀ ਜੰਗਲ ਵਿਚੋਂ ਦੀ ਲੰਘ ਰਹੇ ਸਨ ਤੇ ਉਨ੍ਹਾਂ ਨੂੰ ਐਂਡਰੋਕਲਸ ਟੱਕਰ ਗਿਆ। ਪੁੱਛਣ ਤੇ ਉਹ ਦੱਸ ਨਹੀਂ ਸਕਿਆ ਕਿ ਉਹ ਕੀ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਉਸ ਨੂੰ ਕੈਦੀ ਬਣਾ ਲਿਆ ਅਤੇ ਉਸ ਸ਼ਹਿਰ ਵਾਪਸ ਲੈ ਗਏ ਜਿੱਥੋਂ ਉਹ ਭੱਜ ਕੇ ਆਇਆ ਸੀ। ਇੱਥੇ ਉਸਦੇ ਮਾਲਕ ਨੇ ਜਲਦ ਹੀ ਉਸਨੂੰ ਪਛਾਣ ਲਿਆ ਅਤੇ ਉਸਨੂੰ ਨਿਆਂ-ਅਧਿਕਾਰੀਆਂ ਦੇ ਸਾਮ੍ਹਣੇ ਪੇਸ਼ ਕਰ ਦਿੱਤਾ ਗਿਆ, ਅਤੇ ਉਸਨੂੰ ਮੌਤ ਦੀ ਸਜ਼ਾ ਦਿੱਤੀ ਗਈ ਕਿਉਂਕਿ ਉਹ ਆਪਣੇ ਮਾਲਕ ਕੋਲੋਂ ਭੱਜ ਗਿਆ ਸੀ। ਉਦੋਂ ਕਾਤਲਾਂ ਅਤੇ ਹੋਰ ਅਪਰਾਧੀਆਂ ਨੂੰ ਦਰਸ਼ਕਾਂ ਦੀ ਭੀੜ ਸਾਹਮਣੇ ਭੁੱਖੇ ਸ਼ੇਰਾਂ ਮੂਹਰੇ ਸੁੱਟ ਦੇਣ ਦਾ ਰਿਵਾਜ ਸੀ, ਤਾਂ ਜੋ ਜਨਤਾ ਅਪਰਾਧੀਆਂ ਅਤੇ ਜੰਗਲੀ ਜਾਨਵਰਾਂ ਵਿਚਕਾਰ ਲੜਾਈ ਦੇ ਤਮਾਸ਼ੇ ਦਾ ਅਨੰਦ ਲੈ ਸਕੇ। ਇਸ ਲਈ ਐਂਡਰੋਕਲਸ ਨੂੰ ਸ਼ੇਰ ਮੂਹਰੇ ਸੁੱਟਣ ਦੀ ਸਜ਼ਾ ਦਿੱਤੀ ਗਈ ਅਤੇ ਨਿਸ਼ਚਤ ਦਿਨ ਉਸ ਨੂੰ ਅਖਾੜੇ ਵਿਚ ਲਿਆਂਦਾ ਗਿਆ ਅਤੇ ਸ਼ੇਰ ਤੋਂ ਬਚਾ ਲਈ ਉਸ ਕੋਲ ਸਿਰਫ਼ ਇੱਕ ਨੇਜ਼ਾ ਹੀ ਸੀ। ਉਸ ਦਿਨ ਬਾਦਸ਼ਾਹ ਸ਼ਾਹੀ ਬਕਸੇ ਵਿੱਚ ਬੈਠਾ ਸੀ ਅਤੇ ਸ਼ੇਰ ਨੂੰ ਪਿੰਜਰੇ ਵਿੱਚੋਂ ਬਾਹਰ ਆ ਕੇ ਐਂਡਰੋਕਲਸ ਉੱਤੇ ਹਮਲਾ ਕਰਨ ਦਾ ਸੰਕੇਤ ਦੇ ਦਿੱਤਾ। ਪਰ ਜਦੋਂ ਉਹ ਆਪਣੇ ਪਿੰਜਰੇ ਵਿਚੋਂ ਬਾਹਰ ਆਇਆ ਅਤੇ ਐਂਡਰੋਕਲਸ ਦੇ ਨੇੜੇ ਪਹੁੰਚ ਗਿਆ, ਤਾਂ ਤੁਹਾਨੂੰ ਕੀ ਲਗਦਾ ਹੈ ਕਿ ਇਹ ਕੀ ਹੋਇਆ ਹੋਵੇਗਾ? ਉਸ `ਤੇ ਝਪਟ ਪੈਣ ਦੀ ਬਜਾਏ, ਇਹ ਉਸ ਨਾਲ ਲਾਡ ਲਡਾਉਣ ਲੱਗ ਪਿਆ `ਤੇ ਉਸਨੂੰ ਆਪਣੇ ਪੰਜੇ ਨਾਲ ਪਲੋਸਣ ਲੱਗਿਆ ਅਤੇ ਉਸਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਬੇਸ਼ੱਕ ਉਹੀ ਸ਼ੇਰ ਸੀ ਜਿਸ ਨੂੰ ਐਂਡਰੋਕਲਸ ਜੰਗਲ ਵਿਚ ਮਿਲਿਆ ਸੀ ਸਮਰਾਟ, ਇੰਨੇ ਜ਼ਾਲਮ ਜਾਨਵਰ ਦਾ ਅਜਿਹਾ ਅਜੀਬ ਵਿਵਹਾਰ ਦੇਖ ਕੇ ਹੈਰਾਨ ਹੋ ਗਿਆ। ਉਸਨੇ ਐਂਡਰੋਕਲਸ ਨੂੰ ਆਪਣੇ ਕੋਲ ਬੁਲਾਇਆ ਅਤੇ ਉਸਨੂੰ ਪੁੱਛਿਆ ਕਿ ਇਹ ਕਿਵੇਂ ਹੋਇਆ ਕਿ ਇਹ ਖ਼ਾਸ ਸ਼ੇਰ ਆਪਣੇ ਸੁਭਾਵਕ ਜ਼ਾਲਮ ਵਤੀਰੇ ਨੂੰ ਤਿਆਗ ਚੁੱਕਾ ਹੈ। ਤਾ ਐਂਡਰੋਕਲਸ ਨੇ ਸਮਰਾਟ ਨੂੰ ਉਹ ਸਭ ਕੁਝ ਦੱਸਿਆ ਜੋ ਉਸ ਨਾਲ ਵਾਪਰਿਆ ਸੀ ਅਤੇ ਕਿਸ ਤਰ੍ਹਾਂ ਸ਼ੇਰ ਉਸ ਦਾ ਕੰਡਾ ਕੱਢ ਦੇਣ ਲਈ ਅਹਿਸਾਨਮੰਦ ਸੀ। ਇਸ ਤੋਂ ਬਾਅਦ ਸਮਰਾਟ ਨੇ ਐਂਡਰੋਕਲਸ ਨੂੰ ਮੁਆਫ਼ ਕਰ ਦਿੱਤਾ ਅਤੇ ਉਸਦੇ ਮਾਲਕ ਨੂੰ ਹੁਕਮ ਦੇ ਦਿੱਤਾ ਕਿ ਉਹ ਉਸ ਨੂੰ ਰਿਹਾ ਕਰ ਦੇਵੇ, ਜਦੋਂ ਕਿ ਸ਼ੇਰ ਨੂੰ ਵਾਪਸ ਜੰਗਲ ਵਿੱਚ ਭੇਜ ਦਿੱਤਾ ਗਿਆ ਅਤੇ ਇਕ ਵਾਰ ਫਿਰ ਆਜ਼ਾਦੀ ਦਾ ਅਨੰਦ ਲੈਣ ਲਈ ਖੁੱਲ੍ਹਾ ਛੱਡ ਦਿੱਤਾ ਗਿਆ। ਅਨੁਵਾਦ: ਚਰਨ ਗਿੱਲ