ਸਮੱਗਰੀ 'ਤੇ ਜਾਓ

ਅਨੁਵਾਦ:ਇੱਕ ਖ਼ਤ

ਵਿਕੀਸਰੋਤ ਤੋਂ
44485ਇੱਕ ਖ਼ਤਚਰਨ ਗਿੱਲਸਆਦਤ ਹਸਨ ਮੰਟੋ

ਤੁਹਾਡਾ ਲੰਮਾ ਖ਼ਤ ਮਿਲਿਆ ਜਿਸ ਨੂੰ ਮੈਂ ਦੋ ਵਾਰ ਪੜ੍ਹਿਆ। ਦਫ਼ਤਰ ਵਿੱਚ ਇਸਦੇ ਇੱਕ ਇੱਕ ਸ਼ਬਦ `ਤੇ ਮੈਂ ਗ਼ੌਰ ਕੀਤਾ ਅਤੇ ਸ਼ਾਇਦ ਇਸ ਵਜ੍ਹਾ ਨਾਲ਼ ਉਸ ਰੋਜ਼ ਮੈਨੂੰ ਰਾਤ ਦੇ ਦਸ ਵਜੇ ਤੱਕ ਕੰਮ ਕਰਨਾ ਪਿਆ, ਇਸ ਲਈ ਕਿ ਮੈਂ ਬਹੁਤ ਸਾਰਾ ਵਕਤ ਇਸ ਸੋਚ-ਵਿਚਾਰ ਵਿੱਚ ਜ਼ਾਇਆ ਕਰ ਦਿੱਤਾ ਸੀ। ਤੁਸੀਂ ਜਾਣਦੇ ਹੋ ਇਸ ਸਰਮਾਇਆ ਪਰਸਤ ਦੁਨੀਆ ਵਿੱਚ ਜੇਕਰ ਮਜ਼ਦੂਰ ਮੁਕੱਰਰਾ ਵਕਤ ਦੇ ਇੱਕ ਇੱਕ ਪਲ ਦੇ ਇਵਜ਼ ਆਪਣੀ ਜਾਨ ਦੇ ਟੁਕੜੇ ਤੋਲ ਕੇ ਨਾ ਦੇਵੇ ਤਾਂ ਉਸਨੂੰ ਆਪਣੇ ਕੰਮ ਦੀ ਮਜ਼ਦੂਰੀ ਨਹੀਂ ਮਿਲ ਸਕਦੀ, ਪਰ ਇਹ ਰੋਣਾ ਰੋਣ ਦਾ ਕੀ ਫਾਇਦਾ?

ਸ਼ਾਮ ਨੂੰ ਅਜ਼ੀਜ਼ ਸਾਹਿਬ, ਜਿਨ੍ਹਾਂ ਦੇ ਕੋਲ ਮੈਂ ਅੱਜਕੱਲ੍ਹ ਠਹਰਿਆ ਹਾਂ, ਦਫ਼ਤਰ ਵਿੱਚ ਤਸ਼ਰੀਫ ਲਿਆਏ ਅਤੇ ਕਮਰੇ ਦੀਆਂ ਚਾਬੀਆਂ ਦੇ ਕੇ ਕਹਿਣ ਲੱਗੇ, "ਮੈਂ ਜਰਾ ਕੰਮ ਲਈ ਕਿਤੇ ਜਾ ਰਿਹਾ ਹਾਂ। ਸ਼ਾਇਦ ਦੇਰ ਵਿੱਚ ਆ ਹੋਵੇ। ਇਸ ਲਈ ਤੁਸੀਂ ਮੇਰਾ ਇੰਤਜ਼ਾਰ ਕੀਤੇ ਬਿਨਾਂ ਚਲੇ ਜਾਣਾ।" ਪਰ ਫਿਰ ਫ਼ੌਰਨ ਹੀ ਚਾਬੀਆਂ ਜੇਬ ਵਿੱਚ ਪਾਈਆਂ ਅਤੇ ਕਹਿਣ ਲੱਗੇ, "ਨਹੀਂ, ਤੁਸੀਂ ਮੇਰਾ ਇੰਤਜ਼ਾਰ ਕਰਨਾ। ਮੈਂ ਦਸ ਵਜੇ ਤੱਕ ਵਾਪਸ ਆ ਜਾਊਂਗਾ।"

ਦਫ਼ਤਰੀ ਕੰਮ ਤੋਂ ਫਾਰਿਗ ਹੋਇਆ ਤਾਂ ਦਸ ਵਜ ਚੁੱਕੇ ਸਨ। ਸਖ਼ਤ ਨੀਂਦ ਆ ਰਹੀ ਸੀ। ਅੱਖਾਂ ਵਿੱਚ ਬੜੀ ਪਿਆਰੀ ਗੁਦਗੁਦੀ ਹੋ ਰਹੀ ਸੀ। ਜੀ ਚਾਹੁੰਦਾ ਸੀ ਕੁਰਸੀ `ਤੇ ਹੀ ਸੌਂ ਜਾਂਵਾਂ।

ਨੀਂਦ ਦੇ ਗ਼ਲਬੇ ਦੇ ਅਸਰ ਵਿੱਚ ਮੈਂ ਗਿਆਰਾਂ ਵਜੇ ਤੱਕ ਅਜ਼ੀਜ਼ ਸਾਹਿਬ ਦਾ ਇੰਤਜ਼ਾਰ ਕੀਤਾ ਮਗਰ ਉਹ ਨਹੀਂ ਆਏ। ਆਖ਼ਰਕਾਰ ਥੱਕ ਕੇ ਮੈਂ ਘਰ ਦਾ ਰਾਹ ਲਿਆ। ਮੇਰਾ ਖ਼ਿਆਲ ਸੀ ਕਿ ਉਹ ਉੱਧਰ ਹੀ ਉੱਧਰ ਘਰ ਚਲੇ ਗਏ ਹੋਣਗੇ ਅਤੇ ਆਰਾਮ ਨਾਲ਼ ਸੌਂ ਰਹੇ ਹੋਣਗੇ। ਆਹਿਸਤਾ ਆਹਿਸਤਾ ਅੱਧ ਮੀਲ ਦਾ ਫ਼ਾਸਲਾ ਤੈਅ ਕਰਨ ਦੇ ਬਾਅਦ ਮੈਂ ਤੀਜੀ ਮੰਜ਼ਿਲ `ਤੇ ਚੜ੍ਹਿਆ ਅਤੇ ਜਦੋਂ ਹਨੇਰੇ ਵਿੱਚ ਦਰਵਾਜ਼ੇ ਦੀ ਕੁੰਡੀ ਵੱਲ ਹੱਥ ਵਧਾਇਆ ਤਾਂ ਲੋਹੇ ਦੇ ਤਾਲੇ ਦੀ ਠੰਢਕ ਨੇ ਮੈਨੂੰ ਦੱਸਿਆ ਕਿ ਅਜ਼ੀਜ਼ ਸਾਹਿਬ ਅਜੇ ਤਸ਼ਰੀਫ ਨਹੀਂ ਲਿਆਏ।

ਪੌੜੀਆਂ ਚੜ੍ਹਦੇ ਵਕਤ ਮੇਰੇ ਥਕੇ ਹੋਏ ਅੰਗ ਆਰਾਮਦੇਹ ਨੀਂਦ ਦੀ ਨੇੜਤਾ ਮਹਿਸੂਸ ਕਰਕੇ ਹੋਰ ਵੀ ਢਿੱਲੇ ਹੋ ਗਏ, ਅਤੇ ਜਦੋਂ ਮੈਨੂੰ ਨਾਉਮੀਦੀ ਦਾ ਸਾਹਮਣਾ ਕਰਨਾ ਪਿਆ ਤਾਂ ਉੱਕਾ ਢੇਰੀ ਢਾਹ ਗਏ। ਦੇਰ ਤੱਕ ਲੱਕੜ ਦੀ ਪੌੜੀ ਦੇ ਇੱਕ ਡੰਡੇ `ਤੇ ਗੋਡਿਆਂ ਵਿੱਚ ਢਿੱਡ ਦਬਾਏ ਅਜ਼ੀਜ਼ ਸਾਹਿਬ ਦਾ ਇੰਤਜ਼ਾਰ ਕਰਦਾ ਰਿਹਾ ਮਗਰ ਉਹ ਨਹੀਂ ਆਏ। ਆਖ਼ਰਕਾਰ ਥੱਕ-ਹਾਰ ਕੇ ਮੈਂ ਉਠਿਆ ਅਤੇ ਤਿੰਨ ਮੰਜ਼ਲਾਂ ਉੱਤਰ ਕੇ ਹੇਠਾਂ ਬਾਜ਼ਾਰ ਵਿੱਚ ਆਇਆ ਅਤੇ ਇੰਜ ਹੀ ਟਹਿਲਣਾ ਸ਼ੁਰੂ ਕਰ ਦਿੱਤਾ। ਟਹਿਲਦੇ ਟਹਿਲਦੇ ਪੁੱਲ `ਤੇ ਜਾ ਨਿਕਲਿਆ ਜਿਸਦੇ ਹੇਠੋਂ ਰੇਲ ਗੱਡੀਆਂ ਲੰਘਦੀਆਂ ਹਨ। ਇਸ ਪੁਲ ਦੇ ਕੋਲ਼ ਹੀ ਇੱਕ ਵੱਡਾ ਚੌਕ ਹੈ। ਉਥੇ ਤਕਰੀਬਨ ਅੱਧ ਘੰਟੇ ਤੱਕ ਮੈਂ ਬਿਜਲੀ ਦੇ ਇੱਕ ਖੰਭੇ ਦੇ ਨਾਲ਼ ਲੱਗ ਕੇ ਖੜਾ ਰਿਹਾ ਅਤੇ ਸਾਹਮਣੇ ਅਰਧ-ਰੋਸ਼ਨ ਬਜ਼ਾਰ ਨੂੰ ਇਸ ਉਮੀਦ ਨਾਲ਼ ਵੇਖਦਾ ਰਿਹਾ ਕਿ ਅਜ਼ੀਜ਼ ਸਾਹਿਬ ਘਰ ਵੱਲ ਪਰਤਦੇ ਨਜ਼ਰ ਆ ਜਾਣਗੇ। ਅੱਧ ਘੰਟੇ ਦੇ ਇਸ ਇੰਤਜ਼ਾਰ ਦੇ ਬਾਅਦ ਮੈਂ ਅਚਾਨਕ ਸਿਰ ਉਠਾ ਕੇ ਖੰਭੇ ਦੇ ਉੱਪਰ ਵੱਲ ਵੇਖਿਆ, ਬਿਜਲੀ ਦਾ ਲਾਟੂ ਮੇਰੀ ਹਾਸੀ ਉੱਡਾ ਰਿਹਾ ਸੀ, ਪਤਾ ਨਹੀਂ ਕਿਉਂ?

ਥਕਾਵਟ ਅਤੇ ਨੀਂਦ ਦੇ ਸ਼ਦੀਦ ਗ਼ਲਬੇ ਦੇ ਕਾਰਨ ਮੇਰੀ ਕਮਰ ਟੁੱਟ ਰਹੀ ਸੀ ਅਤੇ ਮੈਂ ਚਾਹੁੰਦਾ ਸੀ ਕਿ ਥੋੜ੍ਹੀ ਦੇਰ ਲਈ ਬੈਠ ਜਾਵਾਂ। ਬੰਦ ਦੁਕਾਨਾਂ ਦੇ ਥੜੇ ਮੈਨੂੰ ਸੀਟ ਪੇਸ਼ ਕਰ ਰਹੇ ਸਨ ਮਗਰ ਮੈਂ ਉਨ੍ਹਾਂ ਦੀ ਦਾਅਵਤ ਕਬੂਲ ਨਹੀਂ ਕੀਤੀ। ਚੱਲਦੇ-ਚੱਲਦੇ ਪੁਲ ਦੀ ਸੰਗੀਨ ਮੁੰਡੇਰ `ਤੇ ਚੜ੍ਹ ਕੇ ਬੈਠ ਗਿਆ। ਕੁਸ਼ਾਦਾ ਬਾਜ਼ਾਰ ਬਿਲਕੁਲ ਖ਼ਾਮੋਸ਼ ਸੀ, ਆਉਣਾ-ਜਾਣਾ ਕਰੀਬ-ਕਰੀਬ ਬੰਦ ਸੀ, ਪਰ ਕਦੇ ਕਦੇ ਦੂਰੋਂ ਮੋਟਰ ਦੇ ਹਾਰਨ ਦੀ ਰੋਣੀ ਅਵਾਜ਼ ਖ਼ਾਮੋਸ਼ ਫ਼ਿਜ਼ਾ ਵਿੱਚ ਲਰਜ਼ਿਸ਼ ਪੈਦਾ ਕਰਦੀ ਹੋਈ ਉੱਪਰ ਵੱਲ ਉੱਡ ਜਾਂਦੀ ਸੀ। ਮੇਰੇ ਸਾਹਮਣੇ ਸੜਕ ਦੇ ਦੋਨੋਂ ਪਾਸੇ ਬਿਜਲੀ ਦੇ ਉੱਚੇ ਖੰਭੇ ਦੂਰ ਤੱਕ ਫੈਲੇ ਹੋਏ ਸਨ ਜੋ ਨੀਂਦ ਅਤੇ ਇਸਦੇ ਅਹਿਸਾਸ ਤੋਂ ਕੋਰੇ ਲੱਗਦੇ ਸਨ। ਉਨ੍ਹਾਂ ਨੂੰ ਵੇਖਕੇ ਮੈਨੂੰ ਰੂਸ ਦੇ ਮਸ਼ਹੂਰ ਸ਼ਾਇਰ ਮਯਾਤਲੋਵ ਦੀ ਨਜ਼ਮ ਦੀਆਂ ਕੁਝ ਸਤਰਾਂ ਯਾਦ ਆ ਗਈਆਂ। ਇਹ ਸਤਰਾਂ ‘ਸੜਕ ਦੇ ਕਿਨਾਰੇ ਰੋਸ਼ਨੀਆਂ’ ਵਿੱਚੋਂ ਲਈਆਂ ਗਈਆਂ ਹਨ। ਮਯਾਤਲੋਵ, ਸੜਕ ਦੇ ਕਿਨਾਰੇ ਝਿਲਮਿਲਾਂਦੀਆਂ ਰੋਸ਼ਨੀਆਂ ਨੂੰ ਵੇਖ ਕੇ ਕਹਿੰਦਾ ਹੈ:

ਇਹ ਨਿੱਕੇ ਨਿੱਕੇ ਲਾਟੂ, ਇਹ ਨਿੱਕੇ ਨਿੱਕੇ ਸਰਦਾਰ ਸਿਰਫ਼ ਆਪਣੇ ਲਈ ਚਮਕਦੇ ਨੇ ਜੋ ਕੁੱਝ ਇਹ ਵੇਖਦੇ ਨੇ, ਜੋ ਕੁੱਝ ਇਹ ਸੁਣਦੇ ਨੇ ਕਿਸੇ ਨੂੰ ਨਹੀਂ ਦੱਸਦੇ

ਰੂਸੀ ਸ਼ਾਇਰ ਨੇ ਕੁੱਝ ਦੁਰੁਸਤ ਹੀ ਕਿਹਾ ਹੈ... ਮੇਰੇ ਕੋਲ ਹੀ ਇੱਕ ਗਜ਼ ਦੇ ਫ਼ਾਸਲੇ `ਤੇ ਬਿਜਲੀ ਦਾ ਖੰਭਾ ਖੜਾ ਸੀ ਅਤੇ ਉਸ `ਤੇ ਬਿਜਲੀ ਦਾ ਇੱਕ ਸ਼ੋਖ਼ ਚਸ਼ਮ ਲਾਟੂ ਹੇਠਾਂ ਝੁੱਕਿਆ ਹੋਇਆ ਸੀ। ਉਸਦੀਆਂ ਅੱਖਾਂ ਰੋਸ਼ਨ ਸਨ ਮਗਰ ਉਹ ਮੇਰੇ ਸੀਨੇ ਦੇ ਤੂਫ਼ਾਨ ਤੋਂ ਬੇਖ਼ਬਰ ਸੀ। ਉਸਨੂੰ ਕੀ ਪਤਾ ਮੇਰੇ `ਤੇ ਕੀ ਬੀਤ ਰਹੀ ਹੈ।

ਸਿਗਰਟ ਸੁਲਗਾਉਣ ਲਈ ਮੈਂ ਜੇਬ ਵਿੱਚ ਹੱਥ ਪਾਇਆ ਤਾਂ ਤੁਹਾਡੇ ਭਾਰੀ ਲਿਫਾਫੇ `ਤੇ ਪਿਆ। ਦਿਮਾਗ਼ ਵਿੱਚ ਤੁਹਾਡਾ ਖ਼ਤ ਪਹਿਲਾਂ ਹੀ ਮੌਜੂਦ ਸੀ। ਇਸ ਲਈ ਮੈਂ ਲਿਫਾਫਾ ਖੋਲ੍ਹ ਕੇ ਬਸੰਤੀ ਰੰਗ ਦੇ ਕਾਗ਼ਜ਼ ਕੱਢ ਕੇ ਉਨ੍ਹਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਤੁਸੀਂ ਲਿਖਦੇ ਹੋ, "ਕਦੇ ਤੁਸੀਂ ਸ਼ੈਤਾਨ ਬਣ ਜਾਂਦੇ ਹੋ ਅਤੇ ਕਦੇ ਫਰਿਸ਼ਤਾ ਨਜ਼ਰ ਆਉਣ ਲੱਗਦੇ ਹੋ।" ਇੱਥੇ ਵੀ ਦੋ ਤਿੰਨ ਹਜ਼ਰਾਤ ਨੇ ਮੇਰੇ ਸੰਬੰਧੀ ਇਹੀ ਰਾਏ ਕਾਇਮ ਕੀਤੀ ਹੈ ਅਤੇ ਮੈਨੂੰ ਭਰੋਸਾ ਜਿਹਾ ਹੋ ਗਿਆ ਹੈ ਕਿ ਮੈਂ ਠੀਕ ਹੀ ਦੋ ਸੀਰਤਾਂ ਦਾ ਮਾਲਿਕ ਹਾਂ। ਇਸ `ਤੇ ਮੈਂ ਚੰਗੀ ਤਰ੍ਹਾਂ ਗ਼ੌਰ ਕੀਤਾ ਹੈ ਅਤੇ ਜੋ ਨਤੀਜਾ ਕਢਿਆ ਹੈ, ਉਹ ਕੁੱਝ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ:

ਬਚਪਨ ਅਤੇ ਲੜਕਪਣ ਵਿੱਚ ਮੈਂ ਜੋ ਕੁੱਝ ਚਾਹਿਆ, ਉਹ ਪੂਰਾ ਨਹੀਂ ਹੋਣ ਦਿੱਤਾ ਗਿਆ, ਇਵੇਂ ਕਹੋ ਕਿ ਮੇਰੀਆਂ ਖ਼ਾਹਿਸਾਂ ਕੁੱਝ ਇਸ ਤਰ੍ਹਾਂ ਪੂਰੀਆਂ ਕੀਤੀਆਂ ਗਈਆਂ ਕਿ ਉਨ੍ਹਾਂ ਦੀ ਤਕਮੀਲ ਮੇਰੇ ਹੰਝੂਆਂ ਅਤੇ ਮੇਰੀਆਂ ਹਿਚਕੀਆਂ ਨਾਲ਼ ਚਿੰਮੜੀ ਹੋਈ ਸੀ। ਮੈਂ ਸ਼ੁਰੂ ਤੋਂ ਹੀ ਜਲਦਬਾਜ਼ ਅਤੇ ਜਲਦੀ ਮਹਿਸੂਸ ਕਰਨ ਵਾਲਾ ਬੰਦਾ ਰਿਹਾ ਹਾਂ। ਜੇਕਰ ਮੇਰਾ ਜੀ ਕਿਸੇ ਮਠਿਆਈ ਖਾਣ ਨੂੰ ਚਾਹਿਆ ਹੈ ਅਤੇ ਇਹ ਚਾਹਤ ਐਨ ਵਕਤ `ਤੇ ਪੂਰੀ ਨਹੀਂ ਹੋਈ ਤਾਂ ਬਾਅਦ ਵਿੱਚ ਮੇਰੇ ਲਈ ਉਸ ਖ਼ਾਸ ਮਠਿਆਈ ਵਿੱਚ ਕੋਈ ਲੱਜ਼ਤ ਨਹੀਂ ਰਹੀ। ਇਨ੍ਹਾਂ ਗੱਲਾਂ ਦੇ ਕਾਰਨ ਮੈਂ ਹਮੇਸ਼ਾ ਆਪਣੇ ਸੰਘ ਵਿੱਚ ਇੱਕ ਤਲਖ਼ੀ ਜਿਹੀ ਮਹਿਸੂਸ ਕੀਤੀ ਹੈ ਅਤੇ ਉਸ ਤਲਖੀ ਦੀ ਸ਼ਿੱਦਤ ਵਧਾਉਣ ਵਿੱਚ ਉਸ ਅਫ਼ਸੋਸਨਾਕ ਹਕੀਕਤ ਦਾ ਹੱਥ ਹੈ ਕਿ ਮੈਂ ਜਿਸਦੇ ਨਾਲ਼ ਮੁਹੱਬਤ ਕੀਤੀ, ਜਿਸਨੂੰ ਆਪਣੇ ਦਿਲ ਵਿੱਚ ਜਗ੍ਹਾ ਦਿੱਤੀ, ਉਸਨੇ ਨਾ ਸਿਰਫ ਮੇਰੇ ਜਜ਼ਬਿਆਂ ਨੂੰ ਜਖ਼ਮੀ ਕੀਤਾ ਸਗੋਂ ਮੇਰੀ ਇਸ ਕਮਜ਼ੋਰੀ ਤੋਂ ਜ਼ਬਰਦਸਤੀ ਨਾਜਾਇਜ਼ ਫਾਇਦਾ ਵੀ ਉਠਾਇਆ। ਉਹ ਮੇਰੇ ਨਾਲ਼ ਦਗ਼ਾ ਫ਼ਰੇਬ ਕਰਦੇ ਰਹੇ, ਅਤੇ ਲੁਤਫ਼ ਇਹ ਹੈ ਕਿ ਮੈਂ ਉਨ੍ਹਾਂ ਤਮਾਮ ਦਗ਼ਾਬਾਜ਼ੀਆਂ ਦੇ ਅਹਿਸਾਸ ਦੇ ਬਾਵਜੂਦ ਉਨ੍ਹਾਂ ਨੂੰ ਮੁਹੱਬਤ ਕਰਦਾ ਰਿਹਾ। ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਆਪਣੀ ਹਰ ਨਵੀਂ ਚਾਲ ਦੀ ਕਾਮਯਾਬੀ `ਤੇ ਬਹੁਤ ਗਦਗਦ ਹੁੰਦੇ ਸਨ ਕਿ ਉਨ੍ਹਾਂ ਨੇ ਮੈਨੂੰ ਬੇਵਕੂਫ਼ ਬਣਾ ਲਿਆ ਅਤੇ ਮੇਰੀ ਬੇਵਕੂਫ਼ੀ ਵੇਖੋ ਕਿ ਮੈਂ ਸਭ ਕੁੱਝ ਜਾਣਦੇ ਹੋਏ ਬੇਵਕੂਫ਼ ਬਣ ਜਾਂਦਾ ਸੀ।

ਜਦੋਂ ਇਸ ਮਾਮਲੇ ਵਿੱਚ ਮੈਨੂੰ ਹਰ ਪਾਸਿਓਂ ਨਾਉਮੀਦੀ ਹੋਈ, ਯਾਨੀ ਜਿਸ ਕਿਸੇ ਨੂੰ ਮੈਂ ਦਿਲੋਂ ਚਾਹਿਆ, ਉਸਨੇ ਮੇਰੇ ਨਾਲ਼ ਧੋਖਾ ਕੀਤਾ ਤਾਂ ਮੇਰੀ ਤਬੀਅਤ ਬੁਝ ਗਈ ਅਤੇ ਮੈਂ ਮਹਿਸੂਸ ਕੀਤਾ ਕਿ ਰੇਗਿਸਤਾਨ ਵਿੱਚ ਇੱਕ ਭੌਰੇ ਵਾਂਗ ਹਾਂ ਜਿਸ ਨੂੰ ਰਸ ਚੂਸਣ ਲਈ ਦਿਸਹੱਦੇ ਤੱਕ ਕੋਈ ਫੁੱਲ ਨਜ਼ਰ ਨਹੀਂ ਆ ਸਕਦਾ ਪਰ ਇਸਦੇ ਬਾਵਜੂਦ ਮੁਹੱਬਤ ਕਰਨ ਤੋਂ ਬਾਜ਼ ਨਹੀਂ ਰਿਹਾ ਅਤੇ ਹਮੇਸ਼ਾ ਵਾਂਗ ਕਿਸੇ ਨੇ ਵੀ ਮੇਰੇ ਇਸ ਜਜ਼ਬੇ ਦੀ ਕਦਰ ਨਾ ਕੀਤੀ। ਜਦੋਂ ਪਾਣੀ ਸਿਰ ਤੋਂ ਲੰਘ ਗਿਆ ਅਤੇ ਮੈਨੂੰ ਆਪਣੇ ਨਾਮ ਨਿਹਾਦ ਦੋਸਤਾਂ ਦੀ ਬੇਵਫ਼ਾਈਆਂ ਅਤੇ ਸਰਦ ਮੋਹਰੀਆਂ ਯਾਦ ਆਉਣ ਲੱਗੀਆਂ ਤਾਂ ਮੇਰੇ ਸੀਨੇ ਦੇ ਅੰਦਰ ਇੱਕ ਹੰਗਾਮਾ ਜਿਹਾ ਬਰਪਾ ਹੋ ਗਿਆ। ਮੇਰੇ ਜਜ਼ਬਾਤੀ, ਸਰਮਦੀ ਅਤੇ ਮੰਤਕੀ ਵਜੂਦ ਵਿੱਚ ਇੱਕ ਜੰਗ ਜਿਹੀ ਛਿੜ ਗਈ। ਮੰਤਕੀ ਵਜੂਦ, ਉਨ੍ਹਾਂ ਲੋਕਾਂ ਨੂੰ ਅਪਰਾਧੀ ਅਤੇ ਬਦਨਾਮ ਗਰਦਾਨਦੇ ਹੋਏ ਅਤੇ ਬੀਤੀਆਂ ਘਟਨਾਵਾਂ ਦੀ ਅਫ਼ਸੋਸਨਾਕ ਤਸਵੀਰ ਦਿਖਾਂਦੇ ਹੋਏ ਇਸ ਗੱਲ ਦਾ ਤਾਲਿਬ ਸੀ ਕਿ ਮੈਂ ਅੱਗੇ ਤੋਂ ਆਪਣਾ ਦਿਲ ਪੱਥਰ ਦਾ ਬਣਾ ਲਵਾਂ ਅਤੇ ਮੁਹੱਬਤ ਨੂੰ ਹਮੇਸ਼ਾ ਲਈ ਬਾਹਰ ਕੱਢ ਸੁੱਟਾਂ, ਪਰ ਜਜ਼ਬਾਤੀ ਵਜੂਦ, ਇਨ੍ਹਾਂ ਅਫ਼ਸੋਸਨਾਕ ਘਟਨਾਵਾਂ ਨੂੰ ਦੂਜੇ ਰੰਗ ਵਿੱਚ ਪੇਸ਼ ਕਰਦੇ ਹੋਏ ਮੈਨੂੰ ਫ਼ਖ਼ਰ ਕਰਨ `ਤੇ ਮਜਬੂਰ ਕਰਦਾ ਸੀ ਕਿ ਮੈਂ ਜ਼ਿੰਦਗੀ ਦਾ ਠੀਕ ਰਸਤਾ ਅਖ਼ਤਿਆਰ ਕੀਤਾ ਹੈ। ਉਸਦੀ ਨਜ਼ਰ ਵਿੱਚ ਨਾਕਾਮੀਆਂ ਹੀ ਕਾਮਯਾਬੀਆਂ ਸਨ। ਉਹ ਚਾਹੁੰਦਾ ਸੀ ਕਿ ਮੈਂ ਮੁਹੱਬਤ ਕਰਦਾ ਜਾਵਾਂ ਕਿ ਇਹੀ ਕਾਇਨਾਤ ਦੀ ਰੂਹ-ਏ-ਰਵਾਂ ਹੈ। ਵਜੂਦ ਦੀ ਸੂਝ ਦੇ ਅਧੀਨ ਇਸ ਝਗੜੇ ਤੋਂ ਮੈਂ ਬਿਲਕੁਲ ਅਲਗ ਥਲਗ ਰਿਹਾ। ਅਜਿਹਾ ਲੱਗਦਾ ਹੈ ਕਿ ਉਸ `ਤੇ ਇੱਕ ਨਿਹਾਇਤ ਹੀ ਅਜੀਬੋ ਗ਼ਰੀਬ ਨੀਂਦ ਦਾ ਗ਼ਲਬਾ ਤਾਰੀ ਹੈ।

ਇਹ ਜੰਗ ਖ਼ੁਦਾ ਜਾਣੇ ਕਿਸ ਨਾਮੁਬਾਰਕ ਰੋਜ਼ ਸ਼ੁਰੂ ਹੋਈ ਕਿ ਹੁਣ ਮੇਰੀ ਜ਼ਿੰਦਗੀ ਦਾ ਇੱਕ ਅੰਸ਼ ਬਣ ਕੇ ਰਹਿ ਗਈ ਹੈ। ਦਿਨ ਹੋਵੇ ਜਾਂ ਰਾਤ ਜਦੋਂ ਕਦੇ ਮੈਨੂੰ ਫੁਰਸਤ ਦੇ ਕੁਝ ਪਲ ਮਿਲਦੇ ਹਨ, ਮੇਰੇ ਸੀਨੇ ਦੇ ਬੰਜਰ ਮੈਦਾਨ ਉੱਤੇ ਮੇਰਾ ਮੰਤਕੀ ਵਜੂਦ ਅਤੇ ਜਜ਼ਬਾਤੀ ਵਜੂਦ ਹਥਿਆਰ ਬੀੜ ਕੇ ਖੜੇ ਹੋ ਜਾਂਦੇ ਹਨ ਅਤੇ ਲੜਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਪਲਾਂ ਵਿੱਚ ਜਦੋਂ ਇਨ੍ਹਾਂ ਦੋਨਾਂ ਦੇ ਦਰਮਿਆਨ ਲੜਾਈ ਜ਼ੋਰਾਂ `ਤੇ ਹੁੰਦੀ ਹੈ, ਜੇਕਰ ਮੇਰੇ ਨਾਲ਼ ਕੋਈ ਹਮ-ਕਲਾਮ ਹੋਵੇ ਤਾਂ ਮੇਰਾ ਲਹਿਜਾ ਯਕੀਨਨ ਕੁੱਝ ਹੋਰ ਕਿਸਮ ਦਾ ਹੁੰਦਾ ਹੈ। ਮੇਰੇ ਸੰਘ ਵਿੱਚ ਇੱਕ ਨਾ-ਦੱਸਣ-ਯੋਗ ਕੁੜੱਤਣ ਘੁਲ ਰਹੀ ਹੁੰਦੀ ਹੈ। ਅੱਖਾਂ ਭਖੀਆਂ ਹੁੰਦੀਆਂ ਹਨ ਅਤੇ ਜਿਸਮ ਦਾ ਇੱਕ ਇੱਕ ਅੰਗ ਬੇਚੈਨ ਹੁੰਦਾ ਹੈ। ਮੈਂ ਬਹੁਤ ਕੋਸ਼ਿਸ਼ ਕਰਦਾ ਹਾਂ ਕਿ ਆਪਣੇ ਲਹਿਜੇ ਨੂੰ ਕਠੋਰ ਨਾ ਹੋਣ ਦੇਵਾਂ, ਅਤੇ ਕਈ ਵਾਰ ਮੈਂ ਇਸ ਕੋਸ਼ਿਸ਼ ਵਿੱਚ ਕਾਮਯਾਬ ਵੀ ਹੋ ਜਾਂਦਾ ਹਾਂ। ਪਰ ਜੇਕਰ ਮੇਰੇ ਕੰਨਾਂ ਨੂੰ ਕੋਈ ਚੀਜ਼ ਸੁਣਾਈ ਦੇਵੇ ਜਾਂ ਮੈਂ ਕੋਈ ਅਜਿਹੀ ਚੀਜ਼ ਮਹਿਸੂਸ ਕਰਾਂ ਜੋ ਮੇਰੀ ਤਬੀਅਤ ਦੇ ਉੱਕਾ ਖਿਲਾਫ਼ ਹੈ ਤਾਂ ਫਿਰ ਮੈਂ ਕੁੱਝ ਨਹੀਂ ਕਰ ਸਕਦਾ। ਮੇਰੇ ਸੀਨੇ ਦੀਆਂ ਗਹਿਰਾਈਆਂ ਵਿੱਚੋਂ ਜੋ ਕੁੱਝ ਵੀ ਉੱਠੇ, ਜ਼ਬਾਨ ਦੇ ਰਾਹ ਬਾਹਰ ਨਿਕਲ ਜਾਂਦਾ ਹੈ ਅਤੇ ਅਕਸਰ ਜੋ ਸ਼ਬਦ ਵੀ ਅਜਿਹੇ ਮੌਕੇ `ਤੇ ਮੇਰੀ ਜ਼ਬਾਨ `ਤੇ ਆਉਂਦੇ ਹਨ, ਬੇਹੱਦ ਤਲਖ਼ ਹੁੰਦੇ ਹਨ। ਉਨ੍ਹਾਂ ਦੀ ਤਲਖ਼ੀ ਅਤੇ ਕਠੋਰਤਾ ਦਾ ਅਹਿਸਾਸ ਮੈਨੂੰ ਉਸ ਵਕਤ ਕਦੇ ਨਹੀਂ ਹੋਇਆ। ਇਸ ਲਈ ਕਿ ਮੈਂ ਆਪਣੀ ਸੱਚਾਈ ਤੋਂ ਹਮੇਸ਼ਾ ਅਤੇ ਹਰ ਵਕਤ ਬਾ-ਖ਼ਬਰ ਰਹਿੰਦਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਕਦੇ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ। ਜੇਕਰ ਮੈਂ ਆਪਣੇ ਮਿਲਣ ਵਾਲਿਆਂ ਵਿੱਚੋਂ ਜਾਂ ਕਿਸੇ ਦੋਸਤ ਨੂੰ ਨਾਖ਼ੁਸ਼ ਕੀਤਾ ਹੈ ਤਾਂ ਇਸਦਾ ਕਾਰਨ ਮੈਂ ਨਹੀਂ ਹਾਂ ਸਗੋਂ ਉਹ ਖ਼ਾਸ ਪਲ ਹੁੰਦੇ ਹਨ ਜਦੋਂ ਮੈਂ ਦੀਵਾਨੇ ਤੋਂ ਘੱਟ ਨਹੀਂ ਹੁੰਦਾ ਜਾਂ ਤੁਹਾਡੇ ਸ਼ਬਦਾਂ ਵਿੱਚ ‘ਸ਼ੈਤਾਨ’ ਹੁੰਦਾ ਹੈ, ਸ਼ਾਇਦ ਇਹ ਸ਼ਬਦ ਬਹੁਤ ਸਖ਼ਤ ਹੈ ਅਤੇ ਇਸਦਾ ਸੰਬੰਧ ਮੇਰੀ ਦੀਵਾਨਗੀ ਨਾਲ਼ ਨਹੀਂ ਹੋ ਸਕਦਾ।

ਜਦੋਂ ਤੁਹਾਡਾ ਪਿਛਲੇ ਤੋਂ ਪਿਛਲਾ ਖ਼ਤ ਮਿਲਿਆ ਸੀ, ਉਸ ਵਕਤ ਮੇਰਾ ਮੰਤਕੀ ਵਜੂਦ ਜਜ਼ਬਾਤੀ ਵਜੂਦ `ਤੇ ਗ਼ਾਲਿਬ ਸੀ ਅਤੇ ਮੈਂ ਆਪਣੇ ਦਿਲ ਦੇ ਨਰਮ-ਨਾਜ਼ੁਕ ਗੋਸ਼ਤ ਨੂੰ ਪੱਥਰ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਪਹਿਲਾਂ ਹੀ ਆਪਣੇ ਸੀਨੇ ਦੀ ਅੱਗ ਵਿੱਚ ਫੂਕਿਆ ਜਾ ਰਿਹਾ ਸੀ ਕਿ ਉੱਪਰੋਂ ਤੁਹਾਡੇ ਖ਼ਤ ਨੇ ਤੇਲ ਪਾ ਦਿੱਤਾ। ਤੁਸੀਂ ਬਿਲਕੁਲ ਸਹੀ ਕਿਹਾ ਹੈ, "ਤੁਸੀਂ ਦਰਦਮੰਦ ਦਿਲ ਰੱਖਦੇ ਹੋ, ਚਾਹੇ ਇਸਨ੍ਹੂੰ ਅੱਛਾ ਨਹੀਂ ਸਮਝਦੇ।" ਮੈਂ ਇਸਨ੍ਹੂੰ ਅੱਛਾ ਕਿਉਂ ਨਹੀਂ ਸਮਝਦਾ? ਇਸ ਸਵਾਲ ਦਾ ਜਵਾਬ ਹਿੰਦੁਸਤਾਨ ਦਾ ਮੌਜੂਦਾ ਇਨਸਾਨੀਅਤ ਮਾਰੂ ਨਿਜ਼ਾਮ ਹੈ ਜਿਸ ਵਿੱਚ ਲੋਕਾਂ ਦੀ ਜਵਾਨੀ `ਤੇ ਬੁਢੇਪੇ ਦੀ ਮੋਹਰ ਲਾ ਦਿੱਤੀ ਜਾਂਦੀ ਹੈ।

ਮੇਰਾ ਦਿਲ ਦਰਦ ਨਾਲ਼ ਭਰਿਆ ਹੁੰਦਾ ਹੈ, ਅਤੇ ਇਹੀ ਵਜ੍ਹਾ ਹੈ ਕਿ ਮੈਂ ਬੀਮਾਰ ਹਾਂ ਅਤੇ ਬੀਮਾਰ ਰਹਿੰਦਾ ਹਾਂ। ਜਦੋਂ ਤੱਕ ਦਰਦ ਮੰਦੀ ਮੇਰੇ ਸੀਨੇ ਵਿੱਚ ਮੌਜੂਦ ਹੈ, ਮੈਂ ਹਮੇਸ਼ਾ ਬੇਚੈਨ ਰਹਾਗਾਂ। ਤੁਸੀਂ ਸ਼ਾਇਦ ਇਸਨੂੰ ਅਤਿਕਥਨੀ ਸਮਝਦੇ ਹੋਵੋ ਮਗਰ ਇਹ ਸੱਚ ਹੈ ਕਿ ਦਰਦਮੰਦੀ ਮੇਰੇ ਲਹੂ ਦੀਆਂ ਬੂੰਦਾਂ ਤੋਂ ਆਪਣੀ ਖ਼ੁਰਾਕ ਹਾਸਲ ਕਰ ਰਹੀ ਹੈ, ਅਤੇ ਇੱਕ ਦਿਨ ਅਜਿਹਾ ਆਵੇਗਾ ਜਦੋਂ ਦਰਦ ਹੀ ਦਰਦ ਰਹਿ ਜਾਵੇਗਾ ਅਤੇ ਤੁਹਾਡਾ ਦੋਸਤ ਦੁਨੀਆ ਦੀਆਂ ਨਜ਼ਰਾਂ ਤੋਂ ਗਾਇਬ ਹੋ ਜਾਵੇਗਾ।

ਮੈਂ ਅਕਸਰ ਸੋਚਦਾ ਹਾਂ ਕਿ ਦਰਦਮੰਦੀ ਦੇ ਇਸ ਜਜ਼ਬੇ ਨੇ ਮੈਨੂੰ ਕਿਵੇਂ ਕਿਵੇਂ ਭਿਆਨਕ ਦੁੱਖ ਪਹੁੰਚਾਏ ਹਨ। ਇਹ ਕੀ ਘੱਟ ਹੈ ਕਿ ਮੇਰੀ ਜਵਾਨੀ ਦੇ ਦਿਨ ਬੁਢੇਪੇ ਦੀਆਂ ਰਾਤਾਂ ਵਿੱਚ ਤਬਦੀਲ ਹੋ ਗਏ ਹਨ ਅਤੇ ਜਦੋਂ ਇਹ ਸੋਚਦਾ ਹਾਂ ਤਾਂ ਇਸ ਗੱਲ ਦਾ ਤਹਈਆ ਕਰਨ `ਤੇ ਮਜਬੂਰ ਹੋ ਜਾਂਦਾ ਹਾਂ ਕਿ ਮੈਨੂੰ ਆਪਣਾ ਦਿਲ ਪੱਥਰ ਬਣਾ ਲੈਣਾ ਚਾਹੀਦਾ ਹੈ। ਪਰ ਅਫ਼ਸੋਸ ਹੈ, ਇਸ ਦਰਦਮੰਦੀ ਨੇ ਮੈਨੂੰ ਇੰਨਾ ਕਮਜ਼ੋਰ ਬਣਾ ਦਿੱਤਾ ਹੈ ਕਿ ਮੇਰੇ ਤੋਂ ਇਹ ਨਹੀਂ ਹੋ ਸਕਦਾ, ਅਤੇ ਹਾਲਾਂਕਿ ਮੇਰੇ ਤੋਂ ਇਹ ਨਹੀਂ ਹੋ ਸਕਦਾ ਇਸ ਲਈ ਮੇਰੀ ਤਬੀਅਤ ਵਿੱਚ ਅਜੀਬ-ਓ-ਗ਼ਰੀਬ ਕੈਫ਼ੀਅਤਾਂ ਪੈਦਾ ਹੋ ਗਈਆਂ ਹਨ।

ਸ਼ਿਅਰ ਮੈਂ ਹੁਣ ਵੀ ਠੀਕ ਨਹੀਂ ਪੜ੍ਹ ਸਕਦਾ, ਇਸ ਲਈ ਕਿ ਸ਼ਾਇਰੀ ਨਾਲ਼ ਮੈਨੂੰ ਬਹੁਤ ਘੱਟ ਦਿਲਚਸਪੀ ਰਹੀ ਹੈ। ਪਰ ਮੈਨੂੰ ਇਸ ਗੱਲ ਦਾ ਪੂਰਨ ਤੌਰ `ਤੇ ਅਹਿਸਾਸ ਹੈ ਕਿ ਮੇਰੀ ਤਬੀਅਤ ਸ਼ਾਇਰੀ ਵੱਲ ਮਾਇਲ ਹੈ। ਸ਼ਹਿਰ ਵਿੱਚ ਬਸਨੇ ਵਾਲੇ ਲੋਕਾਂ ਦੀ ਵਜਨੀ ਸ਼ਾਇਰੀ ਮੈਨੂੰ ਪਸੰਦ ਨਹੀਂ। ਦੇਹਾਤ ਦੇ ਹਲਕੇ ਫੁਲਕੇ ਨਗ਼ਮੇ ਮੈਨੂੰ ਬੇਹੱਦ ਭਾਤੇ ਹਨ। ਇਹ ਇਸ ਕਦਰ ਸ਼ਫਫ਼ਾਫ਼ ਹੁੰਦੇ ਹਨ ਕਿ ਉਨ੍ਹਾਂ ਦੇ ਪਿੱਛੇ ਦਿਲ ਧੜਕਤੇ ਹੋਏ ਨਜ਼ਰ ਆਸਕਤੇ ਹਾਂ। ਤੈਨੂੰ ਹੈਰਤ ਹੈ ਕਿ ਮੈਂ "ਰੂਮਾਨੀ ਹੁਜ਼ਨੀਆ" ਕਿਉਂਕਿ ਲਿਖਣ ਲੱਗਾ ਅਤੇ ਮੈਂ ਇਸ ਗੱਲ `ਤੇ ਖ਼ੁਦ ਹੈਰਾਨ ਹਾਂ।

ਕਈ ਲੋਕ ਅਜਿਹੇ ਹਨ ਜੋ ਆਪਣੇ ਅਹਿਸਾਸ ਦੂਸਰਿਆਂ ਦੀ ਜ਼ਬਾਨ ਵਿੱਚ ਬਿਆਨ ਕਰਕੇ ਆਪਣਾ ਸੀਨਾ ਖ਼ਾਲੀ ਕਰਨਾ ਚਾਹੁੰਦੇ ਹਨ। ਇਹ ਲੋਕ ਜ਼ੇਹਨੀ ਕੰਗਾਲ ਹਨ ਅਤੇ ਮੈਨੂੰ ਉਨ੍ਹਾਂ `ਤੇ ਤਰਸ ਆਉਂਦਾ ਹੈ। ਇਹ ਜ਼ੇਹਨੀ ਕੰਗਾਲੀ ਮਾਲੀ ਕੰਗਾਲੀ ਨਾਲੋਂ ਜ਼ਿਆਦਾ ਤਕਲੀਫ਼ਦੇਹ ਹੈ। ਮੈਂ ਮਾਲੀ ਕੰਗਾਲ ਹਾਂ ਮਗਰ ਖ਼ੁਦਾ ਦਾ ਸ਼ੁਕਰ ਹੈ ਜ਼ੇਹਨੀ ਕੰਗਾਲ ਨਹੀਂ ਹਾਂ, ਵਰਨਾ ਮੇਰੀਆਂ ਮੁਸੀਬਤਾਂ ਦੀ ਕੋਈ ਹੱਦ ਨਾ ਹੁੰਦੀ। ਮੈਨੂੰ ਇਹ ਕਿੰਨੀ ਵੱਡੀ ਤਸੱਲੀ ਹੈ ਕਿ ਮੈਂ ਜੋ ਕੁੱਝ ਮਹਿਸੂਸ ਕਰਦਾ ਹਾਂ, ਉਹੀ ਆਪਣੀ ਜ਼ਬਾਨ ਵਿੱਚ ਬਿਆਨ ਕਰ ਲੈਂਦਾ ਹਾਂ।

ਮੈਂ ਆਪਣੇ ਅਫ਼ਸਾਨਿਆਂ ਦੇ ਸੰਬੰਧੀ ਕਦੇ ਗ਼ੌਰ ਨਹੀਂ ਕੀਤਾ। ਜੇਕਰ ਇਨ੍ਹਾਂ ਵਿੱਚ ਕੋਈ ਚੀਜ਼ ਬਕੌਲ ਤੁਹਾਡੇ ‘ਜਲਵਾਗਰ’ ਹੈ ਤਾਂ ਮੇਰਾ ‘ਬੇਚੈਨ ਬਾਤਿਨ’ ਹੈ। ਮੇਰਾ ਈਮਾਨ ਨਾ ਤਸ਼ੱਦਦ `ਤੇ ਹੈ ਅਤੇ ਨਾ ਅਦਮ ਤਸ਼ੱਦਦ `ਤੇ। ਦੋਨਾਂ `ਤੇ ਹੈ ਅਤੇ ਦੋਨਾਂ `ਤੇ ਨਹੀਂ। ਮੌਜੂਦਾ ਗਤੀਸ਼ੀਲ ਮਾਹੌਲ ਵਿੱਚ ਰਹਿੰਦੇ ਹੋਏ ਮੇਰੀ ਈਮਾਨ ਵਿੱਚ ਅਡੋਲਤਾ ਨਹੀਂ ਰਹੀ। ਅੱਜ ਮੈਂ ਇੱਕ ਚੀਜ਼ ਨੂੰ ਅੱਛਾ ਸਮਝਦਾ ਹਾਂ ਪਰ ਦੂਜੇ ਰੋਜ਼ ਸੂਰਜ ਦੀ ਰੋਸ਼ਨੀ ਦੇ ਨਾਲ਼ ਹੀ ਉਸ ਚੀਜ਼ ਦੀ ਨੁਹਾਰ ਬਦਲ ਜਾਂਦੀ ਹੈ। ਉਸਦੀ ਤਮਾਮ ਅੱਛਾਈਆਂ, ਬੁਰਾਈਆਂ ਬਣ ਜਾਂਦੀਆਂ ਹਨ। ਇਨਸਾਨ ਦਾ ਇਲਮ ਬਹੁਤ ਮਹਿਦੂਦ ਹੈ ਅਤੇ ਮੇਰਾ ਇਲਮ ਮਹਿਦੂਦ ਹੋਣ ਦੇ ਇਲਾਵਾ ਖਿੰਡਰਿਆ ਪੁੰਡਰਿਆ ਵੀ ਹੈ। ਅਜਿਹੀ ਸੂਰਤ ਵਿੱਚ ਤੁਹਾਡੇ ਇਸ ਸਵਾਲ ਦਾ ਜਵਾਬ ਮੈਂ ਕਿਵੇਂ ਦੇ ਸਕਦਾ ਹਾਂ?

ਮੇਰੇ `ਤੇ ਮਜ਼ਮੂਨ ਲਿਖ ਕੇ ਕੀ ਕਰੋਗੇ ਪਿਆਰੇ! ਮੈਂ ਆਪਣੇ ਕਲਮ ਦੀ ਕੈਂਚੀ ਨਾਲ਼ ਆਪਣਾ ਲਿਬਾਸ ਪਹਿਲਾਂ ਹੀ ਤਾਰ ਤਾਰ ਕਰ ਚੁੱਕਿਆ ਹਾਂ। ਖ਼ੁਦਾ ਲਈ ਮੈਨੂੰ ਹੋਰ ਨੰਗਾ ਕਰਨ ਦੀ ਕੋਸ਼ਿਸ਼ ਨਾ ਕਰੋ। ਮੇਰੇ ਚਿਹਰੇ ਤੋਂ ਜੇਕਰ ਤੁਸੀਂ ਨਕਾਬ ਉਠਾ ਦਿੱਤਾ ਤਾਂ ਤੁਸੀਂ ਦੁਨੀਆ ਨੂੰ ਇੱਕ ਬਹੁਤ ਹੀ ਭਿਆਨਕ ਸ਼ਕਲ ਦਿਖਾਓਗੇ। ਮੈਂ ਹੱਡੀਆਂ ਦਾ ਇੱਕ ਢਾਂਚਾ ਹਾਂ ਜਿਸ `ਤੇ ਮੇਰੀ ਕਲਮ ਕਦੇ ਕਦੇ ਪਤਲੀ ਝਿੱਲੀ ਮੜ੍ਹਦੀ ਰਹਿੰਦੀ ਹੈ। ਜੇਕਰ ਤੁਸੀਂ ਝਿੱਲੀਆਂ ਦੀ ਇਹ ਤਹਿ ਉਧੇੜ ਸਕੇ ਤਾਂ ਮੇਰਾ ਖ਼ਿਆਲ ਹੈ ਜੋ ਖੌਫ਼ ਤੈਨੂੰ ਮੂੰਹ ਖੋਲ੍ਹੇ ਨਜ਼ਰ ਆਵੇਗਾ, ਉਸਨੂੰ ਦੇਖਣ ਦੀ ਤਾਬ ਤੁਸੀਂ ਖ਼ੁਦ ਵਿੱਚ ਨਹੀਂ ਪਾਓਗੇ।

ਮੇਰੀ ਕਸ਼ਮੀਰ ਦੀ ਜ਼ਿੰਦਗੀ, ਹਾਏ ਮੇਰੀ ਕਸ਼ਮੀਰ ਦੀ ਜ਼ਿੰਦਗੀ! ਮੈਨੂੰ ਪਤਾ ਹੈ ਤੈਨੂੰ ਮੇਰੀ ਜ਼ਿੰਦਗੀ ਦੇ ਇਸ ਖ਼ੁਸ਼ਗਵਾਰ ਟੁਕੜੇ ਦੇ ਸੰਬੰਧੀ ਵੱਖ ਵੱਖ ਕਿਸਮ ਦੀਆਂ ਗੱਲਾਂ ਪਤਾ ਲੱਗਦੀਆਂ ਰਹੀਆਂ ਹਨ। ਇਹ ਗੱਲਾਂ ਜਿਨ੍ਹਾਂ ਲੋਕਾਂ ਦੇ ਜ਼ਰਿਏ ਤੁਹਾਡੇ ਤੱਕ ਪੁੱਜਦੀਆਂ ਹਨ, ਉਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਇਸ ਲਈ ਤੁਹਾਡਾ ਇਹ ਕਹਿਣਾ ਦੁਰੁਸਤ ਹੈ ਕਿ ਤੁਸੀਂ ਉਨ੍ਹਾਂ ਨੂੰ ਸੁਣ ਕੇ ਅਜੇ ਤੱਕ ਕੋਈ ਸਹੀ ਰਾਏ ਮੁਰੱਤਬ ਨਹੀਂ ਕਰ ਸਕੇ। ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਇਹ ਕਹਿਣ ਦੇ ਬਾਵਜੂਦ ਤੁਸੀਂ ਇੱਕ ਰਾਏ ਬਣਾਈ ਅਤੇ ਅਜਿਹਾ ਕਰਨ ਵਿੱਚ ਬਹੁਤ ਕਾਹਲੀ ਤੋਂ ਕੰਮ ਲਿਆ ਹੈ।

ਜੇਕਰ ਤੁਸੀਂ ਮੇਰੀਆਂ ਤਮਾਮ ਤਹਰੀਰਾਂ ਨੂੰ ਪੇਸ਼-ਏ-ਨਜ਼ਰ ਰੱਖ ਲੈਂਦੇ ਤਾਂ ਤੈਨੂੰ ਇਹ ਗ਼ਲਤਫ਼ਹਮੀ ਹਰਗਿਜ ਨਾ ਹੁੰਦੀ ਕਿ ਮੈਂ ਕਸ਼ਮੀਰ ਵਿੱਚ ਇੱਕ ਸਾਦਾ ਸਲੇਟ ਕੁੜੀ ਨਾਲ਼ ਖੇਡਦਾ ਰਿਹਾ ਹਾਂ। ਮੇਰੇ ਦੋਸਤ ਤੁਸੀਂ ਮੈਨੂੰ ਸਦਮਾ ਪਹੁੰਚਾਇਆ ਹੈ।

ਵਜ਼ੀਰ ਕੌਣ ਸੀ? ਇਸਦਾ ਜਵਾਬ ਸੰਖੇਪ ਇਹੀ ਹੋ ਸਕਦਾ ਹੈ ਕਿ ਉਹ ਇੱਕ ਦਿਹਾਤੀ ਕੁੜੀ ਸੀ। ਜਵਾਨ ਅਤੇ ਪੂਰੀ ਜਵਾਨ! ਉਸ ਪਹਾੜੀ ਕੁੜੀ ਦੇ ਸੰਬੰਧੀ ਜਿਸ ਨੇ ਮੇਰੀ ਜ਼ਿੰਦਗੀ ਦੀ ਕਿਤਾਬ ਦੇ ਕੁੱਝ ਵਰਕਿਆਂ `ਤੇ ਕੁਝ ਹਸੀਨ ਨਕਸ਼ ਬਣਾਏ ਹਨ। ਮੈਂ ਬਹੁਤ ਕੁੱਝ ਕਹਿ ਚੁੱਕਿਆ ਹਾਂ।

ਮੈਂ ਵਜ਼ੀਰ ਨੂੰ ਤਬਾਹ ਨਹੀਂ ਕੀਤਾ। ਜੇਕਰ ‘ਤਬਾਹੀ’ ਤੋਂ ਤੁਹਾਡੀ ਮੁਰਾਦ ‘ਜਿਸਮਾਨੀ ਤਬਾਹੀ’ ਹੈ ਤਾਂ ਉਹ ਪਹਿਲਾਂ ਹੀ ਤੋਂ ਤਬਾਹਸ਼ੁਦਾ ਸੀ, ਅਤੇ ਉਹ ਇਸ ਤਬਾਹੀ ਵਿੱਚ ਆਪਣੀ ਖ਼ੁਸ਼ੀ ਦੀ ਜੁਸਤਜੂ ਕਰਦੀ ਸੀ। ਜਵਾਨੀ ਦੇ ਨਸ਼ੇ ਵਿੱਚ ਮਖ਼ਮੂਰ ਉਸਨੇ ਇਸ ਗ਼ਲਤ ਖ਼ਿਆਲ ਨੂੰ ਆਪਣੇ ਦਿਮਾਗ਼ ਵਿੱਚ ਜਗ੍ਹਾ ਦੇ ਰੱਖੀ ਸੀ ਕਿ ਜ਼ਿੰਦਗੀ ਦਾ ਅਸਲ ਹਜ਼ ਅਤੇ ਲੁਤਫ ਆਪਣਾ ਖ਼ੂਨ ਖੌਲਣ ਲਾਉਣ ਵਿੱਚ ਹੈ, ਅਤੇ ਉਹ ਇਸ ਗ਼ਰਜ਼ ਲਈ ਹਰ ਵਕਤ ਬਾਲਣ ਚੁਣਦੀ ਰਹਿੰਦੀ ਸੀ। ਇਹ ਤਬਾਹਕੁਨ ਖ਼ਿਆਲ ਉਸਦੇ ਦਿਮਾਗ਼ ਵਿੱਚ ਕਿਵੇਂ ਪੈਦਾ ਹੋਇਆ, ਇਸਦੇ ਸੰਬੰਧੀ ਬਹੁਤ ਕੁੱਝ ਕਿਹਾ ਜਾਂਦਾ ਹੈ। ਸਾਡੀ ਬਰਾਦਰੀ ਵਿੱਚ ਅਜਿਹੇ ਵਿਅਕਤੀਆਂ ਦੀ ਕਮੀ ਨਹੀਂ ਜਿਨ੍ਹਾਂ ਦਾ ਕੰਮ ਸਿਰਫ ਭੋਲੀਆਂ ਭਾਲੀਆਂ ਲੜਕੀਆਂ ਨਾਲ਼ ਖੇਡਣਾ ਹੁੰਦਾ ਹੈ। ਜਿੱਥੇ ਤੱਕ ਮੇਰਾ ਆਪਣਾ ਖ਼ਿਆਲ ਹੈ ਵਜ਼ੀਰ ਉਸ ਚੀਜ਼ ਦਾ ਸ਼ਿਕਾਰ ਸੀ ਜਿਸ ਨੂੰ ਸੰਸਕ੍ਰਿਤੀ ਦਾ ਨਾਮ ਦਿੱਤਾ ਜਾਂਦਾ ਹੈ।

ਇੱਕ ਛੋਟਾ ਜਿਹਾ ਪਹਾੜੀ ਪਿੰਡ ਹੈ ਜੋ ਸ਼ਹਿਰਾਂ ਦੇ ਰੌਲੇ-ਰੱਪੇ ਤੋਂ ਬਹੁਤ ਦੂਰ ਹਿਮਾਲਾ ਦੀ ਗੋਦ ਵਿੱਚ ਆਬਾਦ ਹੈ, ਅਤੇ ਹੁਣ ਸੰਸਕ੍ਰਿਤੀ ਦੀ ਬਦੌਲਤ ਸ਼ਹਿਰਾਂ ਨਾਲ਼ ਉਸਦੀ ਜਾਣ-ਪਛਾਣ ਕਰਾ ਦਿੱਤੀ ਗਈ ਹੈ। ਦੂਜੇ ਸ਼ਬਦਾਂ ਵਿੱਚ ਸ਼ਹਿਰਾਂ ਦੀ ਗੰਦਗੀ ਉਸ ਜਗ੍ਹਾ ਜਾਣੀ ਹੋਣਾ ਸ਼ੁਰੂ ਹੋ ਗਈ ਹੈ।

ਖ਼ਾਲੀ ਸਲੇਟ `ਤੇ ਤੁਸੀਂ ਜੋ ਕੁੱਝ ਵੀ ਲਿਖੋਗੇ, ਉਘੜਵੇਂ ਤੌਰ ਤੇ ਨਜ਼ਰ ਆਵੇਗਾ ਅਤੇ ਸਾਫ਼ ਪੜ੍ਹਿਆ ਜਾਵੇਗਾ। ਵਜ਼ੀਰ ਦਾ ਸੀਨਾ ਬਿਲਕੁਲ ਖ਼ਾਲੀ ਸੀ। ਦੁਨਿਆਵੀ ਖ਼ਿਆਲਾਂ ਤੋਂ ਪਾਕ ਅਤੇ ਸਾਫ਼ ਪਰ ਤਹਜੀਬ ਦੇ ਖੁਰਦਰੇ ਹੱਥਾਂ ਨੇ ਉਸ `ਤੇ ਨਿਹਾਇਤ ਭੱਦੇ ਨਕਸ਼ ਬਣਾ ਦਿੱਤੇ ਸਨ ਜੋ ਮੈਨੂੰ ਉਸਦੇ ਗ਼ਲਤ ਵਤੀਰੇ ਦਾ ਕਾਰਨ ਨਜ਼ਰ ਆਉਂਦੇ ਹਨ। ਵਜ਼ੀਰ ਦਾ ਮਕਾਨ ਜਾਂ ਝੌਂਪੜਾ ਸੜਕ ਦੇ ਉੱਪਰ ਦੀ ਢਲਾਨ ਵਿੱਚ ਵੱਸਿਆ ਸੀ ਅਤੇ ਮੈਂ ਉਸਦੀ ਮਾਂ ਦੇ ਕਹਿਣ `ਤੇ ਹਰ ਰੋਜ਼ ਉਸਤੋਂ ਜ਼ਰਾ ਉੱਪਰ ਚੀੜ ਦੇ ਦਰਖ਼ਤਾਂ ਦੀ ਛਾਵੇਂ ਜ਼ਮੀਨ `ਤੇ ਦਰੀ ਵਿਛਾ ਕੇ ਕੁੱਝ ਲਿਖਿਆ ਪੜ੍ਹਿਆ ਕਰਦਾ ਸੀ ਅਤੇ ਆਮ ਤੌਰ `ਤੇ ਵਜ਼ੀਰ ਮੇਰੇ ਪਾਸ ਹੀ ਆਪਣੀ ਮਹਿੰ ਚਰਾਇਆ ਕਰਦੀ ਸੀ। ਹਾਲਾਂਕਿ ਹੋਟਲ ਤੋਂ ਹਰ ਰੋਜ਼ ਦਰੀ ਉਠਾ ਕੇ ਲਿਆਉਣਾ ਅਤੇ ਫਿਰ ਉਸਨੂੰ ਵਾਪਸ ਲੈ ਜਾਣਾ ਮੇਰੇ ਵਰਗੇ ਆਦਮੀ ਲਈ ਇੱਕ ਅਜਾਬ ਸੀ, ਇਸ ਲਈ ਮੈਂ ਉਸਨੂੰ ਉਨ੍ਹਾਂ ਦੇ ਮਕਾਨ ਵਿੱਚ ਹੀ ਛੱਡ ਜਾਇਆ ਕਰਦਾ ਸੀ।

ਇੱਕ ਰੋਜ਼ ਦਾ ਕਿੱਸਾ ਹੈ ਕਿ ਮੈਨੂੰ ਗ਼ੁਸਲ ਕਰਨ ਵਿੱਚ ਦੇਰ ਹੋ ਗਈ ਅਤੇ ਮੈਂ ਟਹਿਲਦਾ ਟਹਿਲਦਾ ਪਹਾੜੀ ਦੇ ਦੁਸ਼ਵਾਰ ਪੈਂਡਿਆਂ ਨੂੰ ਤੈਅ ਕਰਕੇ ਜਦੋਂ ਉਨ੍ਹਾਂ ਦੇ ਘਰ ਪੁੱਜਿਆ ਅਤੇ ਦਰੀ ਦੀ ਮੰਗ ਕੀਤੀ ਤਾਂ ਉਸਦੀ ਵੱਡੀ ਭੈਣ ਦੀ ਜ਼ਬਾਨੀ ਪਤਾ ਲੱਗਿਆ ਕਿ ਵਜ਼ੀਰ ਦਰੀ ਲੈ ਕੇ ਉੱਪਰ ਚੱਲੀ ਗਈ ਹੈ। ਇਹ ਸੁਣ ਕੇ ਮੈਂ ਹੋਰ ਉੱਪਰ ਚੜ੍ਹਿਆ ਅਤੇ ਜਦੋਂ ਉਸ ਵੱਡੇ ਪੱਥਰ ਦੇ ਨੇੜੇ ਆਇਆ ਜਿਸ ਨੂੰ ਮੈਂ ਮੇਜ਼ ਦੇ ਤੌਰ `ਤੇ ਇਸਤੇਮਾਲ ਕਰਦਾ ਸੀ ਤਾਂ ਮੇਰੀ ਨਜ਼ਰਾਂ ਵਜ਼ੀਰ `ਤੇ ਪਈਆਂ। ਦਰੀ ਆਪਣੀ ਜਗ੍ਹਾ ਵਿਛੀ ਹੋਈ ਸੀ ਅਤੇ ਉਹ ਆਪਣਾ ਹਰਾ ਕਲਫ਼ ਲੱਗਿਆ ਦੁਪੱਟਾ ਤਾਣ ਸੌਂ ਰਹੀ ਸੀ।

ਮੈਂ ਦੇਰ ਤੱਕ ਪੱਥਰ `ਤੇ ਬੈਠਾ ਰਿਹਾ। ਮੈਨੂੰ ਪਤਾ ਸੀ ਉਹ ਸੌਣ ਦਾ ਬਹਾਨਾ ਕਰਕੇ ਲੇਟੀ ਹੈ। ਸ਼ਾਇਦ ਉਸਦਾ ਖ਼ਿਆਲ ਸੀ ਕਿ ਮੈਂ ਉਸਨੂੰ ਜਗਾਣ ਦੀ ਕੋਸ਼ਿਸ਼ ਕਰਾਂਗਾ ਅਤੇ ਉਹ ਡੂੰਘੀ ਨੀਂਦ ਦਾ ਬਹਾਨਾ ਕਰਕੇ ਜਾਗਣ ਵਿੱਚ ਦੇਰ ਕਰੇਗੀ, ਪਰ ਮੈਂ ਖ਼ਾਮੋਸ਼ ਬੈਠਾ ਰਿਹਾ ਸਗੋਂ ਆਪਣੇ ਚਮੜੇ ਦੇ ਥੈਲੇ ਵਿੱਚੋਂ ਇੱਕ ਕਿਤਾਬ ਕੱਢ ਕੇ ਉਸ ਵੱਲ ਪਿੱਠ ਕਰਕੇ ਪੜ੍ਹਨ ਵਿੱਚ ਮਸ਼ਗ਼ੂਲ ਹੋ ਗਿਆ। ਜਦੋਂ ਅੱਧਾ ਘੰਟਾ ਇਸੇ ਤਰ੍ਹਾਂ ਬੀਤ ਗਿਆ ਤਾਂ ਉਹ ਮਜਬੂਰ ਹੋ ਕੇ ਜਾਗ ਪਈ। ਅੰਗੜਾਈ ਲੈ ਕੇ ਉਸਨੇ ਅਜੀਬ ਜਿਹੀ ਅਵਾਜ਼ ਮੂੰਹੋਂ ਕੱਢੀ। ਮੈਂ ਕਿਤਾਬ ਬੰਦ ਕਰ ਦਿੱਤੀ ਅਤੇ ਮੁੜ ਕੇ ਉਸ ਨੂੰ ਕਿਹਾ, "ਮੇਰੇ ਆਉਣ ਨਾਲ਼ ਤੁਹਾਡੀ ਨੀਂਦ ਤਾਂ ਖ਼ਰਾਬ ਨਹੀਂ ਹੋਈ?"

ਵਜ਼ੀਰ ਨੇ ਅੱਖਾਂ ਮਲ਼ ਕੇ ਲਹਿਜੇ ਨੂੰ ਨਿੰਦਰਾਇਆ ਬਣਾਉਂਦੇ ਹੋਏ ਕਿਹਾ, "ਤੁਸੀ ਕਦੋਂ ਆਏ ਸੀ?"

"ਹੁਣੇ ਹੁਣੇ ਆਕੇ ਬੈਠਾ ਹਾਂ। ਸੌਣਾ ਹੈ ਤਾਂ ਸੌਂ ਜਾਓ।"

"ਨਹੀਂ, ਅੱਜ ਨਿਗੌੜੀ ਨੀਂਦ ਨੂੰ ਪਤਾ ਨਹੀਂ ਕੀ ਹੋ ਗਿਆ। ਕਮਰ ਸਿੱਧੀ ਕਰਨ ਲਈ ਇੱਥੇ ਜ਼ਰਾ ਕੁ ਲੇਟੀ ਸੀ ਕਿ ਬਸ ਨੀਂਦ ਆ ਗਈ ... ਦੋ ਘੰਟੇ ਤੋਂ ਕੀ ਘੱਟ ਸੋਈ ਹੋਊਂਗੀ।"

ਉਸਦੇ ਗਿੱਲੇ ਬੁੱਲ੍ਹਾਂ `ਤੇ ਮੁਸਕਰਾਹਟ ਖੇਲ ਰਹੀ ਸੀ ਅਤੇ ਉਸਦੀਆਂ ਅੱਖਾਂ ਵਿੱਚੋਂ ਜੋ ਕੁੱਝ ਬਾਹਰ ਝਾਕ ਰਿਹਾ ਸੀ, ਉਸ ਨੂੰ ਮੇਰੀ ਕਲਮ ਬਿਆਨ ਕਰਨ ਤੋਂ ਲਾਚਾਰ ਹੈ। ਮੇਰਾ ਖ਼ਿਆਲ ਹੈ, ਉਸ ਵਕਤ ਉਸਦੇ ਦਿਲ ਵਿੱਚ ਇਹ ਅਹਿਸਾਸ ਕਰਵਟਾਂ ਲੈ ਰਿਹਾ ਸੀ ਕਿ ਉਸਦੇ ਸਾਹਮਣੇ ਇੱਕ ਮਰਦ ਬੈਠਾ ਹੈ ਅਤੇ ਉਹ ਔਰਤ ਹੈ ... ਜਵਾਨ ਔਰਤ ... ਸ਼ਬਾਬ ਦੀਆਂ ਉਮੰਗਾਂ ਦਾ ਉਬਲਦਾ ਹੋਇਆ ਚਸ਼ਮਾ!

ਥੋੜ੍ਹੀ ਦੇਰ ਦੇ ਬਾਅਦ ਉਹ ਗ਼ੈਰਮਾਮੂਲੀ ਗਾਲੜੀ ਬਣ ਗਈ ਅਤੇ ਬਹਿਕ ਜਿਹੀ ਗਈ। ਮਗਰ ਮੈਂ ਉਸਦੀ ਮੱਝ ਅਤੇ ਬਛੜੇ ਦਾ ਜ਼ਿਕਰ ਛੇੜਨ ਦੇ ਬਾਅਦ ਇੱਕ ਦਿਲਚਸਪ ਕਹਾਣੀ ਸੁਣਾਈ ਜਿਸ ਵਿੱਚ ਇੱਕ ਬਛੜੇ ਨਾਲ਼ ਉਸਦੀ ਮਾਂ ਦੀ ਉਲਫ਼ਤ ਦਾ ਜ਼ਿਕਰ ਸੀ। ਇਸ ਨਾਲ਼ ਉਸਦੀ ਅੱਖਾਂ ਵਿੱਚ ਉਹ ਸ਼ਰਾਰੇ ਠੰਡਾ ਹੋ ਗਏ ਜੋ ਕੁੱਝ ਪਹਿਲਾਂ ਲਪਕ ਰਹੇ ਸਨ।

ਮੈਂ ਜ਼ਾਹਿਦ (ਤਿਆਗੀ) ਨਹੀਂ ਹਾਂ, ਅਤੇ ਨਾ ਮੈਂ ਕਦੇ ਇਸਦਾ ਦਾਅਵਾ ਕੀਤਾ ਹੈ। ਪਾਪ ਤੇ ਪੁੰਨ ਅਤੇ ਦੰਡ ਤੇ ਸਜ਼ਾ ਦੇ ਸੰਬੰਧੀ ਮੇਰੇ ਖ਼ਿਆਲ ਦੂਸਰਿਆਂ ਨਾਲੋਂ ਭਿੰਨ ਹਨ ਅਤੇ ਯਕੀਨਨ ਤੁਹਾਡੇ ਖ਼ਿਆਲਾਂ ਨਾਲੋਂ ਵੀ ਬਹੁਤ ਵੱਖਰੇ ਹਨ। ਮੈਂ ਇਸ ਵਕਤ ਇਨ੍ਹਾਂ ਬਹਿਸਾਂ ਵਿੱਚ ਨਹੀਂ ਪੈਣਾ ਚਾਹੁੰਦਾ, ਇਸ ਲਈ ਕਿ ਇਸਦੇ ਲਈ ਮਨ ਦੀ ਸ਼ਾਂਤੀ ਅਤੇ ਵਕਤ ਦੀ ਲੋੜ ਹੁੰਦੀ ਹੈ। ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਹਾਂ ਜਿਸ ਤੋਂ ਤੁਸੀਂ ਮੇਰੇ ਖ਼ਿਆਲਾਂ ਦੇ ਸੰਬੰਧੀ ਕੁੱਝ ਅੰਦਾਜ਼ਾ ਲੱਗਾ ਸਕੋਗੇ।

ਗੱਲਾਂ ਗੱਲਾਂ ਵਿੱਚ ਇੱਕ ਵਾਰ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਹੁਸਨ ਜੇਕਰ ਪੂਰੇ ਸ਼ਬਾਬ ਅਤੇ ਜੋਬਨ `ਤੇ ਹੋਵੇ ਤਾਂ ਉਹ ਦਿਲਕਸ਼ੀ ਖੋ ਦਿੰਦਾ ਹੈ। ਮੈਨੂੰ ਹੁਣ ਵੀ ਇਸ ਖ਼ਿਆਲ `ਤੇ ਈਮਾਨ ਹੈ। ਮਗਰ ਮੇਰੇ ਦੋਸਤ ਨੇ ਉਸਨੂੰ ਅਰਥਹੀਣ ਮੰਤਕ ਕਰਾਰ ਦਿੱਤਾ। ਮੁਮਕਿਨ ਹੈ ਤੁਹਾਡੀ ਨਜ਼ਰ ਵਿੱਚ ਵੀ ਇਹ ਅਰਥਹੀਣ ਹੋਵੇ। ਮਗਰ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਕਹਿੰਦਾ ਹਾਂ। ਉਸ ਹੁਸਨ ਨੇ ਮੇਰੇ ਦਿਲ ਨੂੰ ਆਪਣੀ ਤਰਫ਼ ਖਿੱਚ ਨਹੀਂ ਪਾਉਂਦਾ ਜੋ ਪੂਰੇ ਸ਼ਬਾਬ `ਤੇ ਹੋਵੇ। ਉਸ ਨੂੰ ਵੇਖ ਕੇ ਮੇਰੀਆਂ ਅੱਖਾਂ ਜ਼ਰੂਰ ਚੁੰਧਿਆ ਜਾਣਗੀਆਂ। ਮਗਰ ਇਸਦਾ ਇਹ ਮਤਲਬ ਨਹੀਂ ਕਿ ਉਸ ਹੁਸਨ ਨੇ ਆਪਣੀਆਂ ਤਮਾਮ ਕੈਫ਼ੀਅਤਾਂ ਮੇਰੇ ਦਿਲ-ਦਿਮਾਗ਼ `ਤੇ ਤਾਰੀ ਕਰ ਦਿੱਤੀਆਂ ਹਨ। ਸ਼ੋਖ਼ ਅਤੇ ਭੜਕੀਲੇ ਰੰਗ ਇਸ ਬਲੰਦੀ ਤੱਕ ਕਦੇ ਨਹੀਂ ਜਾ ਸਕਦੇ ਜੋ ਨਰਮ ਤੇ ਨਾਜ਼ੁਕ ਰੰਗਾਂ ਤੇ ਰੇਖਾਵਾਂ ਨੂੰ ਹਾਸਲ ਹੈ। ਉਹ ਹੁਸਨ ਯਕੀਨਨ ਮਾਣ-ਆਦਰ ਦੇ ਕਾਬਲ ਹੁੰਦਾ ਹੈ ਜੋ ਆਹਿਸਤਾ ਆਹਿਸਤਾ ਨਿਗਾਹਾਂ ਵਿੱਚ ਜਜ਼ਬ ਹੋ ਕੇ ਦਿਲ ਵਿੱਚ ਉੱਤਰ ਜਾਵੇ। ਚਾਨਣ ਦੀ ਚਮਕਦਾਰ ਲਾਟ ਦਿਲ ਦੀ ਬਜਾਏ ਤੰਤੂਆਂ`ਤੇ ਅਸਰ ਅੰਦਾਜ਼ ਹੁੰਦੀ ਹੈ ... ਪਰ ਇਸ ਫ਼ੁਜ਼ੂਲ ਬਹਿਸ ਵਿੱਚ ਪੈਣ ਦਾ ਕੀ ਫਾਇਦਾ?

ਮੈਂ ਕਹਿ ਰਿਹਾ ਸੀ ਕਿ ਮੈਂ ਜ਼ਾਹਿਦ ਨਹੀਂ ਹਾਂ, ਇਹ ਕਹਿੰਦੇ ਵਕਤ ਮੈਂ ਦੱਬੀ ਜ਼ਬਾਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੰਨ ਵੀ ਰਿਹਾ ਹਾਂ ਪਰ ਉਸ ਪਹਾੜੀ ਕੁੜੀ ਨਾਲ਼ ਜੋ ਜਿਸਮਾਨੀ ਲੱਜ਼ਤਾਂ ਦੀ ਦਿਲਦਾਦਾ ਸੀ, ਮੇਰੇ ਸੰਬੰਧ ਸਿਰਫ ਜ਼ੇਹਨੀ ਅਤੇ ਰੁਹਾਨੀ ਸਨ। ਮੈਂ ਸ਼ਾਇਦ ਤ੍ਰੁਹਾਨੂੰ ਇਹ ਨਹੀਂ ਦੱਸਿਆ ਕਿ ਮੈਂ ਇਸ ਗੱਲ ਦਾ ਕਾਇਲ ਹਾਂ ਕਿ ਜੇਕਰ ਔਰਤ ਨਾਲ਼ ਦੋਸਤੀ ਕੀਤੀ ਜਾਵੇ ਤਾਂ ਉਸਦੇ ਅੰਦਰ ਮੌਲਿਕਤਾ ਹੋਣੀ ਚਾਹੀਦੀ ਹੈ। ਉਸ ਨੂੰ ਇਸ ਤਰ੍ਹਾਂ ਮਿਲਣਾ ਚਾਹੀਦਾ ਹੈ ਕਿ ਉਹ ਤੁਹਾਨੂੰ ਦੂਸਰਿਆਂ ਤੋਂ ਬਿਲਕੁਲ ਅੱਡਰਾ ਸਮਝਣ `ਤੇ ਮਜਬੂਰ ਹੋ ਜਾਵੇ। ਉਸਨੂੰ ਤੁਹਾਡੇ ਦਿਲ ਦੀ ਹਰ ਧੜਕਨ ਵਿੱਚ ਅਜਿਹੀ ਸਦਾ ਸੁਣਾਈ ਦੇ ਜੋ ਉਸਦੇ ਕੰਨਾਂ ਲਈ ਨਵੀਂ ਹੋਵੇ।

ਔਰਤ ਅਤੇ ਮਰਦ ... ਅਤੇ ਉਨ੍ਹਾਂ ਦਾ ਆਪਸੀ ਰਿਸ਼ਤਾ ਹਰ ਬਾਲਗ਼ ਆਦਮੀ ਨੂੰ ਪਤਾ ਹੈ, ਪਰ ਮੁਆਫ਼ ਕਰਨਾ ਇਹ ਰਿਸ਼ਤਾ ਮੇਰੀਆਂ ਨਜ਼ਰਾਂ ਵਿੱਚ ਵੇਲਾ ਵਿਹਾ ਚੁੱਕਿਆ ਹੈ। ਇਸ ਵਿੱਚ ਨਿਰੀ ਹੈਵਾਨੀਅਤ ਹੈ। ਮੈਂ ਪੁੱਛਦਾ ਹਾਂ ਜੇਕਰ ਮਰਦ ਨੇ ਆਪਣੀ ਮੁਹੱਬਤ ਦਾ ਧੁਰਾ ਕਿਸੇ ਔਰਤ ਹੀ ਨੂੰ ਬਣਾਉਣਾ ਹੈ ਤਾਂ ਉਹ ਇਨਸਾਨੀਅਤ ਦੇ ਇਸ ਮੁਕੱਦਸ ਜਜ਼ਬੇ ਵਿੱਚ ਹੈਵਾਨੀਅਤ ਨੂੰ ਕਿਉਂ ਦਾਖ਼ਲ ਕਰੇ? ਕੀ ਇਸਦੇ ਬਿਨਾਂ ਮੁਹੱਬਤ ਦੀ ਪੂਰਤੀ ਨਹੀਂ ਹੋ ਸਕਦੀ? ਕੀ ਜਿਸਮ ਦੀ ਮਸ਼ੱਕਤ ਦਾ ਨਾਮ ਮੁਹੱਬਤ ਹੈ?

ਵਜ਼ੀਰ ਇਸ ਗ਼ਲਤਫ਼ਹਮੀ ਵਿੱਚ ਫਸੀ ਹੋਈ ਸੀ ਕਿ ਜਿਸਮਾਨੀ ਲੱਜ਼ਤਾਂ ਦਾ ਨਾਮ ਮੁਹੱਬਤ ਹੈ ਅਤੇ ਮੇਰਾ ਖ਼ਿਆਲ ਹੈ ਜਿਸ ਮਰਦ ਨੂੰ ਵੀ ਉਹ ਮਿਲਦੀ ਸੀ, ਉਹ ਮੁਹੱਬਤ ਦੀ ਤਾਰੀਫ਼ ਇਨ੍ਹਾਂ ਸ਼ਬਦਾਂ ਵਿੱਚ ਬਿਆਨ ਕਰਦੀ ਸੀ। ਮੈਂ ਉਸ ਨੂੰ ਮਿਲਿਆ ਅਤੇ ਉਸਦੇ ਤਮਾਮ ਖ਼ਿਆਲਾਂ ਦੀ ਜ਼ਿਦ ਬਣ ਕੇ ਮੈਂ ਉਸ ਨਾਲ਼ ਦੋਸਤੀ ਕਾਇਮ ਕੀਤੀ। ਉਸਨੇ ਆਪਣੇ ਸ਼ੋਖ਼-ਰੰਗ ਖ਼ਾਬਾਂ ਦੀ ਵਿਆਖਿਆ ਮੇਰੇ ਵਜੂਦ ਵਿੱਚ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਸਨੂੰ ਨਿਰਾਸ਼ਾ ਹੋਈ। ਪਰ ਕਿਉਂਕਿ ਉਹ ਗ਼ਲਤਕਾਰ ਹੋਣ ਦੇ ਨਾਲ਼ ਨਾਲ਼ ਮਾਸੂਮ ਸੀ, ਮੇਰੀਆਂ ਸਿੱਧੀਆ ਸਾਧੀਆਂ ਗੱਲਾਂ ਨੇ ਉਸ ਨਿਰਾਸ਼ਾ ਨੂੰ ਹੈਰਤ ਵਿੱਚ ਤਬਦੀਲ ਕਰ ਦਿੱਤਾ ਅਤੇ ਆਹਿਸਤਾ ਆਹਿਸਤਾ ਉਸਦੀ ਇਹ ਹੈਰਤ ਇਸ ਖ਼ਾਹਿਸ਼ ਦੀ ਸ਼ਕਲ ਇਖ਼ਤਿਆਰ ਕਰ ਗਈ ਕਿ ਉਹ ਇਸ ਨਵੀਂ ਰਸਮ-ਓ-ਰਾਹ ਦੀਆਂ ਗਹਰਾਈਆਂ ਦੀ ਵਾਕਫ਼ੀਅਤ ਹਾਸਲ ਕਰੇ। ਇਹ ਖ਼ਾਹਿਸ਼ ਯਕੀਨਨ ਇੱਕ ਮੁਕੱਦਸ ਮਾਸੂਮੀਅਤ ਵਿੱਚ ਤਬਦੀਲ ਹੋ ਜਾਂਦੀ ਅਤੇ ਉਹ ਆਪਣੇ ਔਰਤਪੁਣੇ ਦਾ ਵਕਾਰ-ਏ-ਰਫ਼ਤਾ ਫਿਰ ਤੋਂ ਹਾਸਲ ਕਰ ਲੈਂਦੀ ਜਿਸਨੂੰ ਉਹ ਗ਼ਲਤ ਰਸਤੇ `ਤੇ ਚੱਲ ਕੇ ਖੋ ਬੈਠੀ ਸੀ, ਪਰ ਅਫ਼ਸੋਸ ਹੈ ਮੈਨੂੰ ਉਸ ਪਹਾੜੀ ਪਿੰਡ ਤੋਂ ਫੌਰਨ ਗਿੱਲੀਆਂ ਅੱਖਾਂ ਦੇ ਨਾਲ਼ ਆਪਣੇ ਸ਼ਹਿਰ ਵਾਪਸ ਆਉਣਾ ਪਿਆ।

ਮੈਨੂੰ ਉਹ ਅਕਸਰ ਯਾਦ ਆਉਂਦੀ ਹੈ ... ਕਿਉਂ ... ਇਸ ਲਈ ਕਿ ਰੁਖ਼ਸਤ ਹੁੰਦੇ ਵਕਤ ਉਸਦੀਆਂ ਹਮੇਸ਼ਾ ਮੁਸਕਰਾਉਂਦੀਆਂ ਅੱਖਾਂ ਵਿੱਚ ਦੋ ਛਲਕਦੇ ਅੱਥਰੂ ਦੱਸ ਰਹੇ ਸਨ ਕਿ ਉਹ ਮੇਰੇ ਜਜ਼ਬੇ ਵਲੋਂ ਕਾਫ਼ੀ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਹਕੀਕੀ ਮੁਹੱਬਤ ਦੀ ਇੱਕ ਛੋਟੀ ਜਿਹੀ ਕਿਰਨ ਉਸਦੇ ਸੀਨੇ ਦੇ ਹਨੇਰਿਆਂ ਵਿੱਚ ਦਾਖ਼ਲ ਹੋ ਚੁੱਕੀ ਹੈ ... ਕਾਸ਼! ਮੈਂ ਵਜ਼ੀਰ ਨੂੰ ਮੁਹੱਬਤ ਦੀਆਂ ਤਮਾਮ ਅਜ਼ਮਤਾਂ ਤੋਂ ਜਾਣੂ ਕਰਾ ਸਕਦਾ ਅਤੇ ਕੀ ਪਤਾ ਹੈ ਕਿ ਇਹ ਪਹਾੜੀ ਕੁੜੀ ਮੈਨੂੰ ਉਹ ਚੀਜ਼ ਅਤਾ ਕਰ ਦਿੰਦੀ ਜਿਸਦੀ ਤਲਾਸ਼ ਵਿੱਚ ਮੇਰੀ ਜਵਾਨੀ ਬੁਢੇਪੇ ਦੇ ਸੁਪਨੇ ਵੇਖ ਰਹੀ ਹੈ।

ਇਹ ਹੈ ਮੇਰੀ ਦਾਸਤਾਨ ਜਿਸ ਵਿੱਚ, ਬਕੌਲ ਤੁਹਾਡੇ, ਲੋਕ ਆਪਣੀ ਦਿਲਚਸਪੀ ਦਾ ਸਾਮਾਨ ਤਲਾਸ਼ ਕਰਦੇ ਹਨ ...ਤੁਸੀਂ ਨਹੀਂ ਸਮਝਦੇ, ਅਤੇ ਨਾ ਇਹ ਲੋਕ ਸਮਝਦੇ ਹਨ ਕਿ ਮੈਂ ਇਹ ਕਹਾਣੀਆ ਕਿਉਂ ਲਿਖਦਾ ਹਾਂ ... ਫਿਰ ਕਦੇ ਸਮਝਾਵਾਂਗਾ।

ਅਨੁਵਾਦ: ਚਰਨ ਗਿੱਲ