ਸਮੱਗਰੀ 'ਤੇ ਜਾਓ

ਅਨੁਵਾਦ:ਅਨਾਰ ਕਲੀ

ਵਿਕੀਸਰੋਤ ਤੋਂ

ਨਾਮ ਉਸਦਾ ਸਲੀਮ ਸੀ ਮਗਰ ਉਸਦੇ ਯਾਰ-ਦੋਸਤ ਉਸਨੂੰ ਸ਼ਹਿਜ਼ਾਦਾ ਸਲੀਮ ਕਹਿੰਦੇ ਸਨ। ਸ਼ਾਇਦ ਇਸ ਲਈ ਕਿ ਉਸਦੇ ਨੈਣ-ਨਕਸ਼ ਮੁਗ਼ਲਈ ਸਨ, ਖ਼ੂਬਸੂਰਤ ਸੀ। ਚਾਲ ਢਾਲ ਤੋਂ ਗ਼ਰੂਰ ਟਪਕਦਾ ਸੀ।

ਉਸਦਾ ਬਾਪ ਪੀ ਡਬਲਿਊ ਡੀ ਦੇ ਦਫ਼ਤਰ ਵਿੱਚ ਮੁਲਾਜ਼ਿਮ ਸੀ। ਤਨਖ਼ਾਹ ਜ਼ਿਆਦਾ ਤੋਂ ਜ਼ਿਆਦਾ ਸੌ ਰੁਪਏ ਹੋਵੇਗੀ ਮਗਰ ਵੱਡੇ ਠਾਟ ਨਾਲ਼ ਰਹਿੰਦਾ, ਸਾਫ਼ ਹੈ ਕਿ ਰਿਸ਼ਵਤ ਖਾਂਦਾ ਸੀ। ਇਹੀ ਵਜ੍ਹਾ ਹੈ ਕਿ ਸਲੀਮ ਵਧੀਆ ਤੋਂ ਵਧੀਆ ਕੱਪੜੇ ਪਹਿਨਦਾ ਜੇਬ ਖ਼ਰਚ ਵੀ ਉਹਨੂੰ ਕਾਫ਼ੀ ਮਿਲਦਾ ਇਸ ਲਈ ਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ।

ਜਦੋਂ ਕਾਲਜ ਵਿੱਚ ਸੀ ਤਾਂ ਕਈ ਲੜਕੀਆਂ ਉਸ `ਤੇ ਜਾਨ ਵਾਰਦੀਆਂ ਸਨ ਮਗਰ ਉਹ ਬੇਧਿਆਨੀ ਬਰਤਦਾ, ਆਖ਼ਰ ਉਸ ਦੀ ਅੱਖ ਇੱਕ ਚਪਲ ਚੰਚਲ ਕੁੜੀ, ਜਿਸਦਾ ਨਾਮ ਸੀਮਾ ਸੀ, ਨਾਲ਼ ਲੜ ਗਈ। ਸਲੀਮ ਨੇ ਉਸ ਨਾਲ਼ ਨੇੜਤਾ ਪੈਦਾ ਕਰਨੀ ਚਾਹੀ। ਉਸਨੂੰ ਭਰੋਸਾ ਸੀ ਕਿ ਉਹ ਉਸਦੀ ਮਿਹਰਬਾਨੀ ਹਾਸਲ ਕਰ ਲਵੇਗਾ। ਨਹੀਂ, ਉਹ ਤਾਂ ਇੱਥੇ ਤੱਕ ਸਮਝਦਾ ਸੀ ਕਿ ਸੀਮਾ ਉਸਦੇ ਕਦਮਾਂ `ਤੇ ਡਿੱਗ ਪਵੇਗੀ ਅਤੇ ਉਸਦੀ ਬਹੁਤ ਸ਼ੁਕਰਗੁਜਾਰ ਹੋਵੇਗੀ ਕਿ ਉਸ ਨੇ ਮੁਹੱਬਤ ਦੀਆਂ ਨਿਗਾਹਾਂ ਨਾਲ਼ ਉਸਨੂੰ ਵੇਖਿਆ।

ਇੱਕ ਦਿਨ ਕਾਲਜ ਵਿੱਚ ਸਲੀਮ ਨੇ ਸੀਮਾ ਨੂੰ ਪਹਿਲੀ ਵਾਰ ਮੁਖ਼ਾਤਬ ਹੋ ਕੇ ਕਿਹਾ, "ਤੁਸੀ ਕਿਤਾਬਾਂ ਦਾ ਇੰਨਾ ਬੋਝ ਚੁੱਕੇ ਹੋਇਆ ਹੋ, ਲਿਆਓ ਮੈਨੂੰ ਦੇ ਦਿਓ। ਮੇਰਾ ਤਾਂਗਾਬਾਹਰ ਮੌਜੂਦ ਹੈ, ਤੁਹਾਨੂੰ ਅਤੇ ਇਸ ਬੋਝ ਨੂੰ ਤੁਹਾਡੇ ਘਰ ਤੱਕ ਪੁੱਜਦਾ ਕਰ ਦੇਵਾਂਗਾ।"

ਸੀਮਾ ਨੇ ਆਪਣੀਆਂ ਭਾਰੀਆਂ ਭਰਕਮ ਕਿਤਾਬਾਂ ਬਗ਼ਲ ਵਿੱਚ ਦੱਬਦੇ ਹੋਏ ਵੱਡੇ ਖੁਸ਼ਕ ਲਹਿਜੇ ਵਿੱਚ ਜਵਾਬ ਦਿੱਤਾ, "ਤੁਹਾਡੀ ਮਦਦ ਦੀ ਮੈਨੂੰ ਕੋਈ ਜ਼ਰੂਰਤ ਨਹੀਂ, ਫਿਰ ਵੀ ਧੰਨਵਾਦ ਅਦਾ ਕਰ ਦਿੰਦੀ ਹਾਂ।"

ਸ਼ਹਿਜ਼ਾਦਾ ਸਲੀਮ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਦਮਾ ਪੁੱਜਿਆ। ਕੁਝ ਪਲਾਂ ਲਈ ਉਹ ਆਪਣੀ ਖ਼ਿੱਫ਼ਤ ਮਿਟਾਉਂਦਾ ਰਿਹਾ। ਇਸਦੇ ਬਾਅਦ ਉਸਨੇ ਸੀਮਾ ਨੂੰ ਕਿਹਾ, "ਔਰਤ ਨੂੰ ਮਰਦ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ, ਮੈਨੂੰ ਹੈਰਤ ਹੈ ਕਿ ਤੁਸੀਂ ਮੇਰੀ ਪੇਸ਼ਕਸ਼ ਨੂੰ ਕਿਉਂ ਠੁਕਰਾ ਦਿੱਤਾ?"

ਸੀਮਾ ਦਾ ਲਹਿਜਾ ਹੋਰ ਜ਼ਿਆਦਾ ਖੁਸ਼ਕ ਹੋ ਗਿਆ "ਔਰਤਾਂ ਨੂੰ ਮਰਦ ਦੇ ਸਹਾਰੇ ਦੀ ਜ਼ਰੂਰਤ ਹੋਵੇਗੀ ਮਗਰ ਫ਼ਿਲਹਾਲ ਮੈਨੂੰ ਅਜਿਹੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਤੁਹਾਡੀ ਪੇਸ਼ਕਸ਼ ਦਾ ਧੰਨਵਾਦ ਮੈਂ ਅਦਾ ਕਰ ਚੁੱਕੀ ਹਾਂ ਇਸ ਤੋਂ ਵੱਧ ਤੁਸੀਂ ਹੋਰ ਕੀ ਚਾਹੁੰਦੇ ਹੋ?"

ਇਹ ਕਹਿ ਕੇ ਸੀਮਾ ਚਲੀ ਗਈ। ਸ਼ਹਿਜ਼ਾਦਾ ਸਲੀਮ ਜੋ ਅਨਾਰਕਲੀ ਦੇ ਸੁਪਨੇ ਵੇਖ ਰਿਹਾ ਸੀ, ਅੱਖਾਂ ਝਪਕਦਾ ਰਹਿ ਗਿਆ। ਉਸਨੇ ਬਹੁਤ ਬੁਰੀ ਤਰ੍ਹਾਂ ਹਾਰ ਖਾਈ ਸੀ।

ਇਸ ਤੋਂ ਪਹਿਲਾਂ ਉਸਦੀ ਜ਼ਿੰਦਗੀ ਵਿੱਚ ਕਈ ਲੜਕੀਆਂ ਆ ਚੁਕੀਆਂ ਸਨ ਜੋ ਉਸਦੀ ਅੱਖ ਦੇ ਇਸ਼ਾਰੇ `ਤੇ ਚੱਲਦੀਆਂ ਸਨ, ਮਗਰ ਇਹ ਸੀਮਾ ਕੀ ਸਮਝਦੀ ਹੈ ਆਪਣੇ ਆਪ ਨੂੰ, "ਇਸ ਵਿੱਚ ਕੋਈ ਸ਼ਕ ਨਹੀਂ ਕਿ ਖ਼ੂਬਸੂਰਤ ਹੈ ਜਿੰਨੀਆਂ ਲੜਕੀਆਂ ਮੈਂ ਹੁਣ ਤੱਕ ਵੇਖੀਆਂ ਹਨ ਉਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਹਸੀਨ ਹੈ ਮਗਰ ਮੈਨੂੰ ਠੁਕਰਾ ਦੇਣਾ, ਇਹ ਬਹੁਤ ਵੱਡੀ ਜ਼ਿਆਦਤੀ ਹੈ। ਮੈਂ ਜ਼ਰੂਰ ਇਸ ਤੋਂ ਬਦਲਾ ਲਵਾਂਗਾ, ਚਾਹੇ ਕੁੱਝ ਵੀ ਹੋ ਜਾਵੇ।"

ਸ਼ਹਿਜ਼ਾਦਾ ਸਲੀਮ ਨੇ ਉਸ ਤੋਂ ਬਦਲਾ ਲੈਣ ਦੀ ਕਈ ਸਕੀਮਾਂ ਬਣਾਈਆਂ ਮਗਰ ਫਲਦਾਇਕ ਸਾਬਤ ਨਾ ਹੋਈਆਂ। ਉਸਨੇ ਇੱਥੇ ਤੱਕ ਸੋਚਿਆ ਕਿ ਉਸਦੀ ਨੱਕ ਕੱਟ ਦੇਵੇ। ਇਹ ਉਹ ਜੁਰਮ ਕਰ ਬੈਠਦਾ ਮਗਰ ਉਸਨੂੰ ਸੀਮਾ ਦੇ ਚਿਹਰੇ `ਤੇ ਇਹ ਨੱਕ ਬਹੁਤ ਪਸੰਦ ਸੀ। ਕੋਈ ਵੱਡੇ ਤੋਂ ਵੱਡਾ ਚਿੱਤਰਕਾਰ ਵੀ ਅਜਿਹੀ ਨੱਕ ਦਾ ਤਸੱਵਰ ਨਹੀਂ ਕਰ ਸਕਦਾ ਸੀ।

ਸਲੀਮ ਤਾਂ ਆਪਣੇ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋਇਆ। ਮਗਰ ਤਕਦੀਰ ਨੇ ਉਸਦੀ ਮਦਦ ਕੀਤੀ। ਉਸ ਦੀ ਮਾਂ ਨੇ ਉਸ ਲਈ ਰਿਸ਼ਤਾ ਢੂੰਡਣਾ ਸ਼ੁਰੂ ਕੀਤਾ। ਢੂੰਡਦੀ ਨਜ਼ਰ ਆਖ਼ਰ ਸੀਮਾ `ਤੇ ਪਈ ਜੋ ਉਸ ਦੀ ਸਹੇਲੀ ਦੀ ਸਹੇਲੀ ਦੀ ਕੁੜੀ ਸੀ।

ਗੱਲ ਪੱਕੀ ਹੋ ਗਈ, ਮਗਰ ਸਲੀਮ ਨੇ ਇਨਕਾਰ ਕਰ ਦਿੱਤਾ ਇਸ `ਤੇ ਉਸਦੇ ਮਾਪੇ ਬਹੁਤ ਨਰਾਜ ਹੋਏ। ਘਰ ਵਿੱਚ ਦਸ-ਬਾਰਾਂ ਰੋਜ਼ ਤੱਕ ਹੰਗਾਮਾ ਮੱਚਿਆ ਰਿਹਾ। ਸਲੀਮ ਦੇ ਬਾਪ ਜ਼ਰਾ ਸਖ਼ਤ ਤਬੀਅਤ ਦੇ ਸਨ, ਉਨ੍ਹਾਂ ਨੇ ਉਸ ਨੂੰ ਕਿਹਾ, "ਵੇਖ, ਤੈਨੂੰ ਸਾਡਾ ਫ਼ੈਸਲਾ ਕਬੂਲ ਕਰਨਾ ਪਵੇਗਾ।"

ਸਲੀਮ ਹਠ ਧਰਮ ਸੀ। ਜਵਾਬ ਵਿੱਚ ਇਹ ਕਿਹਾ, "ਤੁਹਾਡਾ ਫ਼ੈਸਲਾ ਕੋਈ ਹਾਈਕੋਰਟ ਦਾ ਫ਼ੈਸਲਾ ਨਹੀਂ, ਫਿਰ ਮੈਂ ਕੀ ਜੁਰਮ ਕੀਤਾ ਹੈ ਜਿਸਦਾ ਤੁਸੀਂ ਫ਼ੈਸਲਾ ਸੁਣਾ ਰਹੇ ਹੋ।"

ਉਸਦੇ ਬਾਪ ਨੂੰ ਇਹ ਸੁਣ ਕੇ ਤੈਸ਼ ਆ ਗਿਆ, "ਤੇਰਾ ਜੁਰਮ ਕਿ ਤੂੰ ਨਾ-ਖ਼ਲਫ਼ ਹੋ, ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦਾ। ਹੁਕਮੀ-ਅਦੂਲੀ ਕਰਦੇ ਹੋ, ਮੈਂ ਤੈਨੂੰ ਬੇਦਖ਼ਲ ਕਰ ਦੇਵਾਂਗਾ।"

ਸਲੀਮ ਦਾ ਜੋਸ਼ ਠੰਡਾ ਹੋ ਗਿਆ, "ਪਰ ਅੱਬਾ ਜਾਨ, ਮੇਰਾ ਵਿਆਹ ਮੇਰੀ ਮਰਜ਼ੀ ਦੇ ਮੁਤਾਬਕ ਹੋਣਾ ਚਾਹੀਦਾ ਹੈ।"

"ਦੱਸ, ਤੇਰੀ ਮਰਜ਼ੀ ਕੀ ਹੈ?"

"ਜੇਕਰ ਤੁਸੀਂ ਠੰਡੇ ਦਿਲੋਂ ਸੁਣੋ ਤਾਂ ਮੈਂ ਅਰਜ ਕਰਾਂ।"

"ਮੇਰਾ ਦਿਲ ਕਾਫ਼ੀ ਠੰਡਾ ਹੈ, ਤੂੰ ਜੋ ਕੁੱਝ ਕਹਿਣਾ ਹੈ ਫ਼ੌਰਨ ਕਹਿਦੇ, ਮੈਂ ਜ਼ਿਆਦਾ ਦੇਰ ਇੰਤਜ਼ਾਰ ਨਹੀਂ ਕਰ ਸਕਦਾ।"

ਸਲੀਮ ਨੇ ਰੁਕ ਕੇ ਕਿਹਾ, "ਮੈਨੂੰ ... ਮੈਨੂੰ ਇੱਕ ਕੁੜੀ ਨਾਲ਼ ਮੁਹੱਬਤ ਹੈ।"

ਉਸਦਾ ਬਾਪ ਗਰਜਿਆ, "ਕਿਸ ਕੁੜੀ ਨਾਲ਼?"

ਸਲੀਮ ਥੋੜ੍ਹੀ ਦੇਰ ਹਿਚਕਿਚਾਇਆ, "ਇੱਕ ਕੁੜੀ ਹੈ।"

"ਕੌਣ ਹੈ ਉਹ? ਕੀ ਨਾਮ ਹੈ ਉਸਦਾ?"

"ਸੀਮਾ ... ਮੇਰੇ ਨਾਲ਼ ਕਾਲਜ ਵਿੱਚ ਪੜ੍ਹਦੀ ਸੀ।"

"ਮੀਆਂ ਇਫ਼ਤਿਖ਼ਾਰਉੱਦੀਨ ਦੀ ਕੁੜੀ?"

"ਜੀ ਹਾਂ, ਉਸਦਾ ਨਾਮ ਸੀਮਾ ਇਫ਼ਤਿਖ਼ਾਰ ਹੈ, ਮੇਰਾ ਖ਼ਿਆਲ ਹੈ, ਉਹੀ ਹੈ।"

ਉਸਦੇ ਬਾਪ ਬੇਤਹਾਸ਼ਾ ਹੱਸਣ ਲੱਗੇ, "ਖ਼ਿਆਲ ਦੇ ਬੱਚੇ, ਤੇਰਾ ਵਿਆਹ ਉਸੇ ਕੁੜੀ ਨਾਲ਼ ਨੀਯਤ ਹੋਇਆ ਹੈ। ਕੀ ਉਹ ਤੈਨੂੰ ਪਸੰਦ ਕਰਦੀ ਹੈ?"

ਸਲੀਮ ਬੌਖਲਾ ਜਿਹਾ ਗਿਆ, ਇਹ ਸਿਲਸਿਲਾ ਕਿਵੇਂ ਹੋ ਗਿਆ? ਉਸਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿਤੇ ਉਸਦਾ ਬਾਪ ਝੂਠ ਤਾਂ ਨਹੀਂ ਬੋਲ ਰਿਹਾ ਸੀ। ਸਲੀਮ ਨੂੰ ਜੋ ਸਵਾਲ ਕੀਤਾ ਗਿਆ ਸੀ ਉਸਦਾ ਜਵਾਬ ਉਸਦੇ ਬਾਪ ਨੂੰ ਨਹੀਂ ਮਿਲਿਆ ਸੀ, ਇਸ ਲਈ ਉਨ੍ਹਾਂ ਨੇ ਕੜਕ ਕੇ ਪੁੱਛਿਆ, "ਸਲੀਮ ਮੈਨੂੰ ਦੱਸ ਕੀ ਸੀਮਾ ਤੈਨੂੰ ਪਸੰਦ ਕਰਦੀ ਹੈ?"

ਸਲੀਮ ਨੇ ਕਿਹਾ, "ਜੀ ਨਹੀਂ।"

"ਤੈਨੂੰ ਇਹ ਕਿਵੇਂ ਪਤਾ ਲੱਗਿਆ?"

"ਉਸਤੋਂ ... ਉਸਤੋਂ ਇੱਕ ਵਾਰ ਮੈਂ ਮੁਖਤਸਰ ਅਲਫ਼ਾਜ਼ ਵਿੱਚ ਮੁਹੱਬਤ ਦਾ ਇਜਹਾਰ ਕੀਤਾ, ਪਰ ਉਸਨੇ ਮੈਨੂੰ ... "

"ਤੈਨੂੰ ਦਰ-ਖ਼ੂਰ-ਏ-ਏਤੀਨਾ ਨਹੀਂ ਸਮਝਿਆ।"

"ਜੀ ਹਾਂ, ਵੱਡੀ ਬੇ-ਰੁਖ਼ੀ ਵਰਤੀ।"

ਸਲੀਮ ਦੇ ਬਾਪ ਨੇ ਆਪਣੇ ਗੰਜੇ ਸਿਰ ਨੂੰ ਥੋੜ੍ਹੀ ਦੇਰ ਲਈ ਖੁਰਕਿਆ ਅਤੇ ਕਿਹਾ, "ਤਾਂ ਫਿਰ ਇਹ ਰਿਸ਼ਤਾ ਨਹੀਂ ਹੋਣਾ ਚਾਹੀਦਾ ਹੈ। ਮੈਂ ਤੁਹਾਡੀ ਮਾਂ ਵਲੋਂ ਕਹਿੰਦਾ ਹਾਂ ਕਿ ਉਹ ਕੁੜੀ ਵਾਲੀਆਂ ਵਲੋਂ ਕਹਿ ਦੇ ਦੇ ਮੁੰਡੇ ਰਜ਼ਾਮੰਦ ਨਹੀਂ।"

ਸਲੀਮ ਇੱਕ ਦਮ ਜਜ਼ਬਾਤੀ ਹੋ ਗਿਆ, "ਨਹੀਂ ਅੱਬਾ ਜਾਨ, ਅਜਿਹਾ ਨਹੀਂ ਕਰਨਾ ਜੀ। ਵਿਆਹ ਹੋ ਜਾਵੇ ਤਾਂ ਸਭ ਠੀਕ ਹੋ ਜਾਵੇਗਾ। ਮੈਂ ਉਸਤੋਂ ਮੁਹੱਬਤ ਕਰਦਾ ਹਾਂ ਅਤੇ ਕਿਸੇ ਦੀ ਮੁਹੱਬਤ ਅਕਾਰਤ ਨਹੀਂ ਜਾਂਦੀ, ਪਰ ਤੁਸੀਂ ਲੋਕਾਂ ਨੂੰ, ਮੇਰਾ ਮਤਲੱਬ ਹੈ ਸੀਮਾ ਨੂੰ ਇਹ ਪਤਾ ਨਹੀਂ ਲੱਗਣ ਦਿਓ ਕਿ ਉਸਦਾ ਵਿਆਹ ਮੇਰੇ ਤੋਂ ਹੋ ਰਿਹਾ ਹੈ ਜਿਸਦੇ ਨਾਲ਼ ਉਹ ਬੇਰੁਖ਼ੀ ਅਤੇ ਬੇ-ਏਤੀਨਾਈ ਦਾ ਇਜਹਾਰ ਕੇ ਚੁੱਕੀ ਹੈ।"

ਉਸਦੇ ਬਾਪ ਨੇ ਆਪਣੇ ਗੰਜੇ ਸਿਰ `ਤੇ ਹੱਥ ਫੇਰਿਆ, "ਮੈਂ ਇਸ ਸੰਬੰਧੀ ਸੋਚਾਂਗਾ।"

ਇਹ ਕਹਿ ਕੇ ਉਹ ਚਲੇ ਗਏ, ਉਨ੍ਹਾਂ ਨੇ ਇੱਕ ਠੇਕੇਦਾਰ ਤੋਂ ਰਿਸ਼ਵਤ ਵਸੂਲ ਕਰਨੀ ਸੀ, ਆਪਣੇ ਬੇਟੇ ਦੇ ਵਿਆਹ ਦੇ ਖਰਚਿਆਂ ਦੇ ਸਿਲਸਿਲੇ ਵਿੱਚ। ਸ਼ਹਿਜ਼ਾਦਾ ਸਲੀਮ ਜਦੋਂ ਰਾਤ ਨੂੰ ਪਲੰਗ `ਤੇ ਸੌਣ ਲਈ ਲਿਟਿਆ ਤਾਂ ਉਸਨੂੰ ਅਨਾਰ ਦੀਆਂ ਕਲੀਆਂ ਹੀ ਕਲੀਆਂ ਨਜ਼ਰ ਆਈਆਂ, ਸਾਰੀ ਰਾਤ ਉਹ ਉਨ੍ਹਾਂ ਦੇ ਸੁਪਨਾ ਵੇਖਦਾ ਰਿਹਾ।

ਘੋੜੇ `ਤੇ ਸਵਾਰ ਬਾਗ ਵਿੱਚ ਆਇਆ ਹੈ, ਸ਼ਾਹਾਨਾ ਲਿਬਾਸ ਪਹਿਨਿਆ ਹੋਇਆ। ਅਸਪ ਤਾਜ਼ੀ ਤੋਂ ਉੱਤਰ ਕੇ ਬਾਗ ਦੀ ਇੱਕ ਡੰਡੀ `ਤੇ ਜਾ ਰਿਹਾ ਹੈ।

ਕੀ ਵੇਖਦਾ ਹੈ ਕਿ ਸੀਮਾ ਅਨਾਰ ਦੇ ਬੂਟੇ ਦੀ ਸਭ ਤੋਂ ਉੱਚੀ ਸ਼ਾਖ਼ ਤੋਂ ਇੱਕ ਨੌਂ-ਖ਼ੇਜ਼ ਕਲੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ... ਉਸਦੀਆਂ ਭਾਰੀ-ਭਰਕਮ ਕਿਤਾਬਾਂ ਜ਼ਮੀਨ `ਤੇ ਬਿਖਰੀਆਂ ਪਈਆਂ ਹਨ, ਜ਼ੁਲਫ਼ਾਂ ਉਲਝੀਆਂ ਹੋਈਆਂ ਹਨ ਅਤੇ ਉਹ ਉਚਕ-ਉਚਕ ਕੇ ਉਸ ਸ਼ਾਖ਼ ਤੱਕ ਆਪਣਾ ਹੱਥ ਪਹੁੰਚਾਣ ਦੀ ਕੋਸ਼ਿਸ਼ ਕਰ ਰਹੀ ਹੈ, ਮਗਰ ਹਰ ਵਾਰ ਨਾਕਾਮ ਰਹਿੰਦੀ ਹੈ।

ਉਹ ਉਸ ਵੱਲ ਵਧਿਆ, ਅਨਾਰ ਦੀ ਝਾੜੀ ਦੇ ਪਿੱਛੇ ਛੁਪ ਕੇ ਉਸਨੇ ਉਸ ਸ਼ਾਖ਼ ਨੂੰ ਫੜਿਆ ਅਤੇ ਝੁਕਾ ਦਿੱਤਾ। ਸੀਮਾ ਨੇ ਉਹ ਕਲੀ ਤੋੜ ਲਈ ਜਿਸਦੇ ਲਈ ਉਹ ਇੰਨੀ ਕੋਸ਼ਿਸ਼ ਕਰਹੀ ਸੀ, ਪਰ ਫ਼ੌਰਨ ਉਸਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਸ਼ਾਖ਼ ਹੇਠਾਂ ਕਿਵੇਂ ਝੁਕ ਗਈ।

ਉਹ ਅਜੇ ਇਹ ਸੋਚ ਹੀ ਰਹੀ ਸੀ ਕਿ ਸ਼ਹਿਜ਼ਾਦਾ ਸਲੀਮ ਉਸਦੇ ਕੋਲ ਪਹੁੰਚ ਗਿਆ। ਸੀਮਾ ਘਬਰਾ ਗਈ, ਪਰ ਸੰਭਲ ਕੇ ਉਸਨੇ ਆਪਣੀਆਂ ਕਿਤਾਬਾਂ ਉਠਾਈਆਂ ਅਤੇ ਬਗ਼ਲ ਵਿੱਚ ਦੱਬ ਲਈਆਂ। ਅਨਾਰਕਲੀ ਆਪਣੇ ਜੂੜੇ ਵਿੱਚ ਟੁੰਗ ਲਈ ਅਤੇ ਇਹ ਖੁਸ਼ਕ ਸ਼ਬਦ ਕਹਿ ਕੇ ਉੱਥੋਂ ਚੱਲੀ ਗਈ, "ਤੁਹਾਡੀ ਇਮਦਾਦ ਦੀ ਮੈਨੂੰ ਕੋਈ ਜ਼ਰੂਰਤ ਨਹੀਂ, ਫਿਰ ਵੀ ਧੰਨਵਾਦ ਅਦਾ ਕਰ ਦਿੰਦੀ ਹਾਂ।"

ਤਮਾਮ ਰਾਤ ਉਹ ਇਸ ਕਿਸਮ ਦੇ ਸੁਪਨੇ ਵੇਖਦਾ ਰਿਹਾ। ਸੀਮਾ ਉਸਦੀਆਂ ਭਾਰੀ-ਭਰਕਮ ਕਿਤਾਬਾਂ, ਅਨਾਰ ਦੀਆਂ ਕਲੀਆਂ ਅਤੇ ਵਿਆਹ ਦੀ ਧੂਮ-ਧਾਮ।

ਵਿਆਹ ਹੋ ਗਿਆ। ਸ਼ਹਿਜ਼ਾਦਾ ਸਲੀਮ ਨੇ ਉਸ ਵੇਲੇ ਤੱਕ ਆਪਣੀ ਅਨਾਰਕਲੀ ਦੀ ਇੱਕ ਝਲਕ ਵੀ ਨਹੀਂ ਵੇਖ ਸਕਿਆ ਸੀ, ਉਹ ਉਸ ਪਲ ਲਈ ਤੜਫ਼ ਰਿਹਾ ਸੀ ਜਦੋਂ ਸੀਮਾ ਉਸਦੀ ਆਗ਼ੋਸ਼ ਵਿੱਚ ਹੋਵੇਗੀ। ਉਹ ਉਸਦੇ ਇਤਨੇ ਪਿਆਰ ਲਵੇਗਾ ਕਿ ਉਹ ਤੰਗ ਆਕੇ ਰੋਣਾ ਸ਼ੁਰੂ ਕਰ ਦੇਵੇਗੀ।

ਸਲੀਮ ਨੂੰ ਰੋਣ ਵਾਲੀਆਂ ਲੜਕੀਆਂ ਬਹੁਤ ਪਸੰਦ ਸਨ। ਉਸਦਾ ਇਹ ਫ਼ਲਸਫ਼ਾ ਸੀ ਕਿ ਔਰਤ ਜਦੋਂ ਰੋ ਰਹੀ ਹੋਵੇ ਤਾਂ ਬਹੁਤ ਹਸੀਨ ਹੋ ਜਾਂਦੀ ਹੈ। ਉਸਦੇ ਅੱਥਰੂ ਸ਼ਬਨਮ ਦੇ ਕਤਰਿਆਂ ਦੇ ਬਰਾਬਰ ਹੁੰਦੇ ਹਨ ਜੋ ਮਰਦ ਦੇ ਜਜ਼ਬਿਆਂ ਦੇ ਫੁੱਲਾਂ `ਤੇ ਟਪਕਦੇ ਹਨ, ਜਿਨ੍ਹਾਂ ਤੋਂ ਉਸਨੂੰ ਅਜਿਹੀ ਰਾਹਤ, ਅਜਿਹੀ ਲੱਜ਼ਤ ਮਿਲਦੀ ਹੈ ਜੋ ਹੋਰ ਕਿਸੇ ਵਕਤ ਨਸੀਬ ਨਹੀਂ ਹੋ ਸਕਦੀ।

ਰਾਤ ਦੇ ਦਸ ਵਜੇ ਦੁਲਹਨ ਨੂੰ ਸੁਹਾਗ-ਰਾਤ ਵਾਲੇ ਕਮਰੇ ਵਿੱਚ ਦਾਖ਼ਲ ਕਰ ਦਿੱਤਾ ਗਿਆ। ਸਲੀਮ ਨੂੰ ਵੀ ਇਜਾਜ਼ਤ ਮਿਲ ਗਈ ਕਿ ਉਹ ਉਸ ਕਮਰੇ ਵਿੱਚ ਜਾ ਸਕਦਾ ਹੈ। ਲੜਕੀਆਂ ਦੀ ਛੇੜਛਾੜ ਅਤੇ ਰਸਮਾਂ-ਰੀਤਾਂ ਸਭ ਖ਼ਤਮ ਹੋ ਗਈਆਂ ਸਨ ਉਹ ਕਮਰੇ ਦੇ ਅੰਦਰ ਦਾਖ਼ਲ ਹੋਇਆ। ਫੁੱਲਾਂ ਨਾਲ਼ ਸਜੀ ਹੋਈ ਸੇਜ `ਤੇ ਦੁਲਹਨ ਘੁੰਡ ਕੱਢੀ ਰੇਸ਼ਮ ਦੀ ਗਠੜੀ ਜਿਹੀ ਬਣੀ ਬੈਠੀ ਸੀ। ਸ਼ਹਿਜ਼ਾਦਾ ਸਲੀਮ ਨੇ ਖ਼ਾਸ ਖ਼ਿਆਲ ਰੱਖਿਆ ਸੀ ਕਿ ਫੁਲ, ਅਨਾਰ ਦੀਆਂ ਕਲੀਆਂ ਹੋਣ। ਉਹ ਧੜਕਦੇ ਹੋਏ ਦਿਲ ਦੇ ਨਾਲ਼ ਸੇਜ ਵੱਲ ਵਧਿਆ ਅਤੇ ਦੁਲਹਨ ਦੇ ਕੋਲ ਬੈਠ ਗਿਆ।

ਕਾਫ਼ੀ ਦੇਰ ਤੱਕ ਉਹ ਆਪਣੀ ਪਤਨੀ ਨਾਲ਼ ਕੋਈ ਗੱਲ ਨਾ ਕਰ ਸਕਿਆ। ਉਹਨੂੰ ਅਜਿਹਾ ਮਹਿਸੂਸ ਹੁੰਦਾ ਸੀ ਕਿ ਉਸਦੀ ਬਗ਼ਲ ਵਿੱਚ ਕਿਤਾਬਾਂ ਹੋਣਗੀਆਂ ਜਿਨ੍ਹਾਂ ਨੂੰ ਉਹ ਚੁੱਕਣ ਨਹੀਂ ਦੇਵੇਗੀ। ਆਖ਼ਰ ਉਸਨੇ ਬੜੀ ਜੁਰਅਤ ਤੋਂ ਕੰਮ ਲਿਆ ਅਤੇ ਉਸਨੂੰ ਕਿਹਾ, "ਸੀਮਾ ... "

ਇਹ ਨਾਮ ਲੈਂਦੇ ਹੀ ਉਸਦੀ ਜ਼ੁਬਾਨ ਖੁਸ਼ਕ ਹੋ ਗਈ ਪਰ ਉਸਨੇ ਫਿਰ ਜੁਰਅਤ ਜੁਟਾਈ ਅਤੇ ਆਪਣੀ ਦੁਲਹਨ ਦੇ ਚਿਹਰੇ ਤੋਂ ਘੁੰਡ ਚੁੱਕਿਆ ਅਤੇ ਭੌਂਚੱਕਾ ਰਹਿ ਗਿਆ, ਇਹ ਸੀਮਾ ਨਹੀਂ ਸੀ ਕੋਈ ਹੋਰ ਹੀ ਕੁੜੀ ਸੀ। ਅਨਾਰ ਦੀਆਂ ਸਾਰੀਆਂ ਕਲੀਆਂ ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਕੁਮਲਾ ਗਈਆਂ ਹਨ।