ਸਮੱਗਰੀ 'ਤੇ ਜਾਓ

ਅਨੁਵਾਦ:ਹਤਕ

ਵਿਕੀਸਰੋਤ ਤੋਂ

ਦਿਨ ਭਰ ਦੀ ਥਕੀ ਮਾਂਦੀ ਉਹ ਹੁਣੇ ਹੁਣੇ ਆਪਣੇ ਬਿਸਤਰ `ਤੇ ਲੇਟੀ ਸੀ ਅਤੇ ਲਿਟਦੇ ਹੀ ਸੌਂ ਗਈ। ਮਿਊਂਸਿਪਲ ਕਮੇਟੀ ਦਾ ਦਰੋਗ਼ਾ ਸਫਾਈ, ਜਿਸਨੂੰ ਉਹ ਸੇਠ ਜੀ ਦੇ ਨਾਮ ਨਾਲ਼ ਪੁਕਾਰਿਆ ਕਰਦੀ ਸੀ, ਹੁਣੇ ਹੁਣੇ ਉਸਦੀਆਂ ਹੱਡੀਆਂ-ਪਸਲੀਆਂ ਝਿੰਜੋੜ ਕੇ ਸ਼ਰਾਬ ਦੇ ਨਸ਼ੇ ਵਿੱਚ ਚੂਰ, ਘਰ ਵਾਪਸ ਗਿਆ ਸੀ ... ਉਹ ਰਾਤ ਨੂੰ ਇੱਥੇ ਰੁੱਕ ਜਾਂਦਾ ਮਗਰ ਉਸਨੂੰ ਆਪਣੀ ਧਰਮਪਤਨੀ ਦਾ ਬਹੁਤ ਖ਼ਿਆਲ ਸੀ ਜੋ ਉਸ ਨੂੰ ਬੇਹੱਦ ਪ੍ਰੇਮ ਕਰਦੀ ਸੀ।

ਉਹ ਰੁਪਏ ਜੋ ਉਸਨੇ ਆਪਣੀ ਜਿਸਮਾਨੀ ਮਸ਼ੱਕਤ ਦੇ ਬਦਲੇ ਉਸ ਦਰੋਗਾ ਤੋਂ ਵਸੂਲ ਕੀਤੇ ਸਨ, ਉਸਦੀ ਚੁਸਤ ਅਤੇ ਥੁੱਕ ਭਰੀ ਚੋਲੀ ਦੇ ਹੇਠੋਂ ਉੱਪਰ ਨੂੰ ਉਭਰੇ ਹੋਏ ਸਨ। ਕਦੇ ਕਦੇ ਸਾਹ ਦੇ ਉਤਾਰ ਚੜਾਅ ਨਾਲ਼ ਚਾਂਦੀ ਦੇ ਇਹ ਸਿੱਕੇ ਖਨਕਣ ਲੱਗਦੇ ਅਤੇ ਉਸਦੀ ਖਨਖਨਾਹਟ ਉਸਦੇ ਦਿਲ ਦੀਆਂ ਬੇਸੁਰੀਆਂ ਧੜਕਣਾਂ ਵਿੱਚ ਘੁਲ ਮਿਲ ਜਾਂਦੀ। ਇਵੇਂ ਲੱਗਦਾ ਕਿ ਉਨ੍ਹਾਂ ਸਿੱਕਿਆਂ ਦੀ ਚਾਂਦੀ ਪਿਘਲ ਕੇ ਉਸਦੇ ਦਿਲ ਦੇ ਖ਼ੂਨ ਵਿੱਚ ਟਪਕ ਰਹੀ ਹੈ!

ਉਸਦਾ ਸੀਨਾ ਅੰਦਰੋਂ ਤਪ ਰਿਹਾ ਸੀ। ਇਹ ਗਰਮੀ ਕੁੱਝ ਤਾਂ ਉਸ ਬਰਾਂਡੀ ਦੇ ਕਾਰਨ ਸੀ ਜਿਸਦਾ ਅਧੀਆ ਦਰੋਗਾ ਆਪਣੇ ਨਾਲ਼ ਲਿਆਇਆ ਸੀ ਅਤੇ ਕੁੱਝ ਉਸ "ਬੇਵੜਾ" ਦਾ ਨਤੀਜਾ ਸੀ ਜਿਸ ਨੂੰ ਸੋਡਾ ਖ਼ਤਮ ਹੋਣ `ਤੇ ਦੋਨਾਂ ਨੇ ਪਾਣੀ ਮਿਲਾ ਕੇ ਪੀਤਾ ਸੀ।

ਉਹ ਸਾਗਵਾਨ ਦੇ ਲੰਬੇ ਅਤੇ ਚੌੜੇ ਪਲੰਗ `ਤੇ ਮੂੰਹ ਹੇਠਾਂ ਵੱਲ ਕਰਕੇ ਲੇਟੀ ਸੀ। ਉਸਦੀਆਂ ਬਾਹਾਂ ਜੋ ਮੋਢਿਆਂ ਤੱਕ ਨੰਗੀਆਂ ਸਨ, ਪਤੰਗ ਦੀ ਉਸ ਕਾਂਪ ਦੀ ਤਰ੍ਹਾਂ ਫੈਲੀ ਹੋਈਆਂ ਸਨ ਜੋ ਤਰੇਲ ਵਿੱਚ ਭਿੱਜ ਜਾਣ ਦੇ ਸਬੱਬ ਪਤਲੇ ਕਾਗ਼ਜ਼ ਨਾਲ਼ੋਂ ਜੁਦਾ ਹੋ ਜਾਵੇ। ਸੱਜੀ ਬਾਂਹ ਦੀ ਕੱਛ ਵਿੱਚ ਝੁਰੜਾਇਆ ਗੋਸ਼ਤ ਉੱਭਰਿਆ ਹੋਇਆ ਸੀ ਜੋ ਵਾਰ ਵਾਰ ਮੂੰਨਣ ਦੇ ਕਾਰਨ ਨੀਲੀ ਰੰਗਤ ਧਾਰਨ ਕਰ ਗਿਆ ਸੀ ਜਿਵੇਂ ਛਿੱਲੀ ਹੋਈ ਮੁਰਗੀ ਦੀ ਖਲ ਦਾ ਇੱਕ ਟੁਕੜਾ ਉੱਥੇ ਰੱਖ ਦਿੱਤਾ ਗਿਆ ਹੋਵੇ।

ਕਮਰਾ ਬਹੁਤ ਛੋਟਾ ਸੀ ਜਿਸ ਵਿੱਚ ਬੇਸ਼ੁਮਾਰ ਚੀਜ਼ਾਂ ਬੇਤਰਤੀਬੀ ਦੇ ਨਾਲ਼ ਬਿਖਰੀਆਂ ਹੋਈਆਂ ਸਨ। ਤਿੰਨ ਚਾਰ ਸੁੱਕੇ ਸੜੇ ਚੱਪਲ ਪਲੰਗ ਦੇ ਹੇਠਾਂ ਪਏ ਸਨ ਜਿਨ੍ਹਾਂ ਦੇ ਉੱਤੇ ਮੂੰਹ ਰੱਖ ਕੇ ਇੱਕ ਖ਼ਾਰਿਸ-ਜ਼ਦਾ ਕੁੱਤਾ ਸੌਂ ਰਿਹਾ ਸੀ ਅਤੇ ਨੀਂਦ ਵਿੱਚ ਕਿਸੇ ਅਦਿੱਖ ਚੀਜ਼ ਨੂੰ ਮੂੰਹ ਚਿੜਾ ਰਿਹਾ ਸੀ। ਉਸ ਕੁੱਤੇ ਦੇ ਵਾਲ਼ ਜਗ੍ਹਾ ਜਗ੍ਹਾ ਤੋਂ ਖ਼ਾਰਿਸ ਦੇ ਕਾਰਨ ਉੱਡੇ ਹੋਏ ਸਨ। ਦੂਰੋਂ ਜੇਕਰ ਕੋਈ ਉਸ ਕੁੱਤੇ ਨੂੰ ਵੇਖਦਾ ਤਾਂ ਸਮਝਦਾ ਕਿ ਪੈਰ ਪੂੰਝਣ ਵਾਲਾ ਪੁਰਾਣਾ ਟਾਟ ਦੂਹਰਾ ਕਰਕੇ ਜ਼ਮੀਨ `ਤੇ ਰੱਖਿਆ ਹੈ।

ਉਸ ਤਰਫ਼ ਛੋਟੇ ਜਿਹੇ ਕੰਸ `ਤੇ ਸ਼ਿੰਗਾਰ ਦਾ ਸਾਮਾਨ ਰੱਖਿਆ ਸੀ। ਗੱਲ੍ਹਾਂ `ਤੇ ਲਾਉਣ ਦੀ ਸੁਰਖੀ, ਬੁੱਲ੍ਹਾਂ ਦੀ ਸੁਰਖ਼ ਬੱਤੀ, ਧੂੜਾ, ਕੰਘੀ ਅਤੇ ਲੋਹੇ ਦੇ ਪਿਨ ਜੋ ਉਹ ਸ਼ਾਇਦ ਆਪਣੇ ਜੂੜੇ ਵਿੱਚ ਲਗਾਇਆ ਕਰਦੀ ਸੀ। ਕੋਲ ਹੀ ਇੱਕ ਲੰਮੀ ਖੂੰਟੀ ਦੇ ਨਾਲ਼ ਹਰੇ ਤੋਤੇ ਦਾ ਪਿੰਜਰਾ ਲਟਕ ਰਿਹਾ ਜਿਹੀ ਜੋ ਗਰਦਨ ਨੂੰ ਆਪਣੀ ਪਿੱਠ ਦੇ ਵਾਲ਼ਾਂ ਵਿੱਚ ਛੁਪਾਏ ਸੌਂ ਰਿਹਾ ਸੀ। ਪਿੰਜਰਾ ਕੱਚੇ ਅਮਰੂਦ ਦੇ ਟੁਕੜਿਆਂ ਅਤੇ ਗਲੇ ਹੋਏ ਸੰਗਤਰੇ ਦੇ ਛਿਲਕਿਆਂ ਨਾਲ਼ ਭਰਿਆ ਪਿਆ ਸੀ। ਉਨ੍ਹਾਂ ਬਦਬੂਦਾਰ ਟੁਕੜਿਆਂ`ਤੇ ਛੋਟੇ ਛੋਟੇ ਕਾਲੇ ਰੰਗ ਦੇ ਮੱਛਰ ਜਾਂ ਪਤੰਗੇ ਉੱਡ ਰਹੇ ਸਨ।

ਪਲੰਗ ਦੇ ਕੋਲ ਹੀ ਬੈਂਤ ਦੀ ਇੱਕ ਕੁਰਸੀ ਪਈ ਸੀ ਜਿਸਦੀ ਪਿੱਠ ਸਿਰ ਟੇਕਣ ਦੇ ਸਬੱਬ ਬੇਹੱਦ ਮੈਲੀ ਹੋ ਰਹੀ ਸੀ। ਉਸ ਕੁਰਸੀ ਦੇ ਸੱਜੇ ਹੱਥ ਇੱਕ ਖ਼ੂਬਸੂਰਤ ਤਿਪਾਈ ਸੀ ਜਿਸ `ਤੇ ਹਿਜ਼ ਮਾਸਟਰਜ਼ ਵਾਇਸ ਦਾ ਪੋਰਟੇਬਲ ਗਰਾਮੋਫੋਨ ਪਿਆ ਸੀ। ਉਸ ਗਰਾਮੋਫੋਨ `ਤੇ ਮੜ੍ਹੇ ਹੋਏ ਕਾਲੇ ਕੱਪੜੇ ਦੀ ਬਹੁਤ ਬੁਰੀ ਹਾਲਤ ਸੀ। ਜੰਗਾਲ ਲੱਗੀਆਂ ਸੂਈਆਂ ਤਿਪਾਈ ਦੇ ਇਲਾਵਾ ਕਮਰੇ ਦੇ ਹਰ ਕੋਨੇ ਵਿੱਚ ਬਿਖਰੀਆਂ ਹੋਈਆਂ ਸਨ। ਉਸ ਤਿਪਾਈ ਦੇ ਐਨ ਉੱਪਰ ਦੀਵਾਰ `ਤੇ ਚਾਰ ਫਰੇਮ ਲਟਕ ਰਹੇ ਸਨ ਜਿਨ੍ਹਾਂ ਵਿੱਚ ਵੱਖ ਵੱਖ ਆਦਮੀਆਂ ਦੀਆਂ ਤਸਵੀਰਾਂ ਜੁੜੀਆਂ ਸਨ।

ਉਨ੍ਹਾਂ ਤਸਵੀਰਾਂ ਤੋਂ ਜ਼ਰਾ ਹੱਟ ਕੇ ਯਾਨੀ ਦਰਵਾਜ਼ੇ ਵਿੱਚ ਦਾਖ਼ਲ ਹੁੰਦੇ ਹੀ ਖੱਬੇ ਪਾਸੇ ਦੀ ਦੀਵਾਰ ਦੇ ਕੋਨੇ ਵਿੱਚ ਗਣੇਸ਼ ਜੀ ਦੀ ਸ਼ੋਖ਼ ਰੰਗ ਦੀ ਤਸਵੀਰ ਜੋ ਤਾਜ਼ਾ ਅਤੇ ਸੁੱਕੇ ਹੋਏ ਫੁੱਲਾਂ ਨਾਲ਼ ਲੱਦੀ ਹੋਈ ਸੀ। ਸ਼ਾਇਦ ਇਹ ਤਸਵੀਰ ਕੱਪੜੇ ਦੇ ਕਿਸੇ ਥਾਨ ਤੋਂ ਉਤਾਰ ਕੇ ਫਰੇਮ ਵਿੱਚ ਜੜਾਈ ਗਈ ਸੀ। ਉਸ ਤਸਵੀਰ ਦੇ ਨਾਲ਼ ਛੋਟੇ ਜਿਹੀ ਟਾਂਡ `ਤੇ ਜੋ ਕਿ ਬੇਹੱਦ ਚਿਕਣਾ ਹੋ ਰਿਹਾ ਸੀ, ਤੇਲ ਦੀ ਇੱਕ ਪਿਆਲੀ ਧਰੀ ਜਿਹੀ ਜੋ ਦੀਵੇ ਨੂੰ ਰੌਸ਼ਨ ਕਰਨ ਲਈ ਰੱਖੀ ਗਈ ਸੀ। ਕੋਲ ਹੀ ਦੀਵਾ ਪਿਆ ਸੀ ਜਿਸਦੀ ਲਾਟ ਹਵਾ ਬੰਦ ਹੋਣ ਦੇ ਸਬੱਬ ਮੱਥੇ ਦੇ ਬਰਾਬਰ ਸਿੱਧੀ ਖੜੀ ਸੀ। ਉਸ ਟਾਂਡ `ਤੇ ਰੂੰ ਦੀਆਂ ਛੋਟੀਆਂ ਵੱਡੀਆਂ ਮਰੋੜੀਆਂ ਵੀ ਪਈਆਂ ਸਨ।

ਜਦੋਂ ਉਹ ਬੋਹਣੀ ਕਰਦੀ ਸੀ ਤਾਂ ਦੂਰੋਂ ਗਣੇਸ਼ ਜੀ ਦੀ ਉਸ ਮੂਰਤੀ ਨਾਲ਼ ਰੁਪਏ ਛੁਹਾ ਕੇ ਅਤੇ ਫਿਰ ਆਪਣੇ ਮੱਥੇ ਦੇ ਨਾਲ਼ ਲਗਾ ਕੇ ਉਨ੍ਹਾਂ ਨੂੰ ਆਪਣੀ ਚੋਲੀ ਵਿੱਚ ਰੱਖ ਲਿਆ ਕਰਦੀ ਸੀ। ਉਸਦੀਆਂ ਛਾਤੀਆਂ ਹਾਲਾਂਕਿ ਕਾਫ਼ੀ ਉਭਰੀਆਂ ਹੋਈਆਂ ਸਨ ਇਸ ਲਈ ਉਹ ਜਿੰਨੇ ਰੁਪਏ ਵੀ ਆਪਣੀ ਚੋਲੀ ਵਿੱਚ ਰੱਖਦੀ ਮਹਿਫ਼ੂਜ਼ ਪਏ ਰਹਿੰਦੇ ਸਨ। ਪ੍ਰੰਤੂ ਕਦੇ ਕਦੇ ਜਦੋਂ ਮਾਧਵ ਪੂਨੇ ਤੋਂ ਛੁੱਟੀ ਲੈ ਕੇ ਆਉਂਦਾ ਤਾਂ ਉਸਨੂੰ ਆਪਣੇ ਕੁੱਝ ਰੁਪਏ ਪਲੰਗ ਦੇ ਪਾਵੇ ਦੇ ਹੇਠਾਂ ਉਸ ਛੋਟੇ ਜਿਹੇ ਟੋਏ ਵਿੱਚ ਲੁਕਾਉਣਾ ਪੈਂਦੇ ਸਨ ਜੋ ਉਸਨੇ ਖਾਸ ਇਸ ਕੰਮ ਲਈ ਪੁੱਟਿਆ ਸੀ।

ਮਾਧਵ ਕੋਲੋਂ ਰੁਪਏ ਮਹਿਫ਼ੂਜ਼ ਰੱਖਣ ਦਾ ਇਹ ਤਰੀਕਾ ਸੌਗੰਧੀ ਨੂੰ ਰਾਮਲਾਲ ਦਲਾਲ ਨੇ ਦੱਸਿਆ ਸੀ। ਉਸਨੇ ਜਦੋਂ ਇਹ ਸੁਣਿਆ ਕਿ ਮਾਧਵ ਪੂਨੇ ਤੋਂ ਆ ਕੇ ਸੌਗੰਧੀ `ਤੇ ਧਾਵੇ ਬੋਲਦਾ ਹੈ ਤਾਂ ਕਿਹਾ ਸੀ... "ਉਸ ਸਾਲੇ ਨੂੰ ਤੂੰ ਕਦੋਂ ਤੋਂ ਯਾਰ ਬਣਾਇਆ ਹੈ? ਇਹ ਬੜੀ ਅਨੋਖੀ ਆਸ਼ਿਕੀ-ਮਾਸ਼ੂਕੀ ਹੈ।"

"ਇੱਕ ਪੈਸਾ ਆਪਣੀ ਜੇਬ `ਚੋਂ ਕੱਢਦਾ ਨਹੀਂ ਅਤੇ ਤੇਰੇ ਨਾਲ਼ ਮਜ਼ੇ ਉਡਾਉਂਦਾ ਰਹਿੰਦਾ ਹੈ, ਮਜ਼ੇ ਵੱਖ ਰਹੇ, ਤੈਥੋਂ ਕੁੱਝ ਲੈ ਵੀ ਮਰਦਾ ਹੈ ... ਸੌਗੰਧੀ! ਮੈਨੂੰ ਕੁੱਝ ਦਾਲ ਵਿੱਚ ਕਾਲ਼ਾ ਨਜ਼ਰ ਆਉਂਦਾ ਹੈ। ਉਸ ਸਾਲੇ `ਚ ਕੁੱਝ ਗੱਲ ਜ਼ਰੂਰ ਹੈ ਜੋ ਤੈਨੂੰ ਭਾ ਗਿਆ ਹੈ ... ਸੱਤ ਸਾਲ ...ਤੋਂ ਇਹ ਧੰਦਾ ਕਰ ਰਿਹਾ ਹਾਂ। ਤੁਸੀਂ ਛੋਕਰੀਆਂ ਦੀਆਂ ਸਾਰੀਆਂ ਕਮਜ਼ੋਰੀਆਂ ਜਾਣਦਾ ਹਾਂ।"

ਇਹ ਕਹਿ ਕੇ ਰਾਮ ਲਾਲ ਦਲਾਲ ਨੇ ਜੋ ਬੰਬਈ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਦਸ ਰੁਪਏ ਤੋਂ ਲੈ ਕੇ ਸੌ ਰੁਪਏ ਤੱਕ ਵਾਲੀਆਂ ਇੱਕ ਸੌ ਵੀਹ ਛੋਕਰੀਆਂ ਦਾ ਧੰਦਾ ਕਰਦਾ ਸੀ। ਸੌਗੰਧੀ ਨੂੰ ਦੱਸਿਆ, ਸਾਲੀ ਆਪਣਾ ਪੈਸਾ ਇਵੇਂ ਨਾ ਬਰਬਾਦ ਕਰ ... ਤੇਰੇ ਅੰਗ ਉਤੋਂ ਇਹ ਕੱਪੜਾ ਵੀ ਉਤਾਰ ਕੇ ਲੈ ਜਾਵੇਗਾ। ਉਹ ਤੇਰੀ ਮਾਂ ਦਾ ਯਾਰ ... ਇਸ ਪਲੰਗ ਦੇ ਪਾਵੇ ਦੇ ਹੇਠਾਂ ਛੋਟਾ ਜਿਹਾ ਟੋਆ ਖੋਦ ਕੇ ਉਸ ਵਿੱਚ ਸਾਰੇ ਪੈਸੇ ਦਬਾ ਦਿਆ ਕਰ ਅਤੇ ਜਦੋਂ ਉਹ ਯਾਰ ਆਇਆ ਕਰੇ ਤਾਂ ਉਸ ਨੂੰ ਕਿਹਾ ਕਰ ... ਤੇਰੀ ਜਾਨ ਦੀ ਕਸਮ ਮਾਧਵ, ਅੱਜ ਸਵੇਰ ਤੋਂ ਇੱਕ ਧੇਲੇ ਦਾ ਮੂੰਹ ਨਹੀਂ ਵੇਖਿਆ। ਬਾਹਰ ਵਾਲੇ ਨੂੰ ਕਹਿ ਕੇ ਇੱਕ ਕਪ ਚਾਹ ਅਤੇ ਅਫਲਾਤੂਨ ਬਿਸਕੁਟ ਤਾਂ ਮੰਗਾ। ਭੁੱਖ ਨਾਲ਼ ਮੇਰੇ ਢਿੱਡ ਵਿੱਚ ਚੂਹੇ ਦੌੜ ਰਹੇ ਨੇ ... ਸਮਝੀ! ਬਹੁਤ ਨਾਜ਼ੁਕ ਵਕਤ ਆ ਗਿਆ ਹੈ ਮੇਰੀ ਜਾਨ ... ਇਸ ਸਾਲੀ ਕਾਂਗਰਸ ਨੇ ਸ਼ਰਾਬ ਬੰਦ ਕਰਕੇ ਬਜ਼ਾਰ ਬਿਲਕੁਲ ਮੰਦਾ ਕਰ ਦਿੱਤਾ ਹੈ। `ਤੇ ਤੈਨੂੰ ਤਾਂ ਕਿਤੋਂ ਨਾ ਕਿਤੋਂ ਪੀਣ ਨੂੰ ਮਿਲ ਹੀ ਜਾਂਦੀ ਹੈ, ਭਗਵਾਨ ਦੀ ਕਸਮ, ਜਦੋਂ ਤੇਰੇ ਇੱਥੇ ਕਦੇ ਰਾਤ ਦੀ ਖ਼ਾਲੀ ਕੀਤੀ ਹੋਈ ਬੋਤਲ ਵੇਖਦਾ ਹਾਂ ਅਤੇ ਦਾਰੂ ਦੀ ਬਾਸ ਸੁੰਘਦਾ ਹਾਂ ਤਾਂ ਜੀ ਚਾਹੁੰਦਾ ਹੈ ਤੇਰੀ ਜੂਨ ਵਿੱਚ ਚਲਾ ਜਾਂਵਾਂ।"

ਸੌਗੰਧੀ ਨੂੰ ਆਪਣੇ ਜਿਸਮ ਵਿੱਚ ਸਭ ਤੋਂ ਜ਼ਿਆਦਾ ਆਪਣਾ ਸੀਨਾ ਪਸੰਦ ਸੀ। ਇੱਕ ਵਾਰ ਜਮਨਾ ਨੇ ਉਸ ਨੂੰ ਕਿਹਾ ਸੀ, "ਹੇਠਾਂ ਤੋਂ ਇਸ ਬੰਬ ਦੇ ਗੋਲਿਆਂ ਨੂੰ ਬੰਨ੍ਹ ਕੇ ਰੱਖਿਆ ਕਰ, ਅੰਗੀ ਪਹਿਨੇਗੀ ਤਾਂ ਇਨ੍ਹਾਂ ਦੀ ਸਖ਼ਤਾਈ ਠੀਕ ਰਹੇਗੀ।"

ਸੌਗੰਧੀ ਨੇ ਇਹ ਸੁਣ ਕੇ ਹੱਸ ਛੱਡਿਆ, "ਜਮਨਾ ਤੂੰ ਸਾਰਿਆਂ ਨੂੰ ਆਪਣੀ ਤਰ੍ਹਾਂ ਸਮਝਦੀ ਹੈ। ਦਸ ਰੁਪਏ ਵਿੱਚ ਲੋਕ ਤੇਰੀਆਂ ਬੋਟੀਆਂ ਤੋੜ ਕੇ ਚਲੇ ਜਾਂਦੇ ਹਨ। ਤੂੰ ਤਾਂ ਸਮਝਦੀ ਹੈ ਕਿ ਸਭ ਦੇ ਨਾਲ਼ ਵੀ ਅਜਿਹਾ ਹੀ ਹੁੰਦਾ ਹੋਵੇਗਾ ... ਕੋਈ ਮੋਇਆ ਲਗਾਏ ਤਾਂ ਐਸੀ-ਵੈਸੀ ਜਗ੍ਹਾ ਹੱਥ ... ਅਰੇ ਹਾਂ, ਕੱਲ ਦੀ ਗੱਲ ਤੈਨੂੰ ਸੁਣਾਵਾਂ, ਰਾਮ ਲਾਲ ਰਾਤ ਦੇ ਦੋ ਵਜੇ ਇੱਕ ਪੰਜਾਬੀ ਨੂੰ ਲਿਆਇਆ। ਰਾਤ ਦੇ ਤੀਹ ਰੁਪਏ ਤੈਅ ਹੋਏ ... ਜਦੋਂ ਸੌਣ ਲੱਗੇ ਤਾਂ ਮੈਂ ਬੱਤੀ ਬੁਝਾ ਦਿੱਤੀ ...ਅਰੇ ਉਹ ਤਾਂ ਡਰਨ ਲੱਗਾ ... ਸੁਣਦੀ ਹੋ ਜਮਨਾ? ਤੇਰੀ ਕਸਮ ਹਨੇਰਾ ਹੁੰਦੇ ਹੀ ਉਸਦਾ ਸਾਰਾ ਠਾਠ ਬੇ-ਸੁਆਦਾ ਹੋ ਗਿਆ!... ਉਹ ਡਰ ਗਿਆ! ਮੈਂ ਕਿਹਾ, ਚਲੋ ਚਲੋ, ਦੇਰ ਕਿਉਂ ਕਰਦੇ ਹੋ। ਤਿੰਨ ਵੱਜਣ ਵਾਲੇ ਨੇ, ਹੁਣ ਦਿਨ ਚੜ੍ਹ ਆਵੇਗਾ, ਬੋਲਿਆ, ਰੌਸ਼ਨੀ ਕਰੋ, ਰੌਸ਼ਨੀ ਕਰੋ ... ਮੈਂ ਕਿਹਾ, ਇਹ ਰੌਸ਼ਨੀ ਕੀ ਹੋਈ ... ਬੋਲਿਆ, ਲਾਈਟ ... ਲਾਈਟ ... ਉਸਦੀ ਮੀਚੀ ਹੋਈ ਅਵਾਜ਼ ਸੁਣਕੇ ਮੇਰੇ ਤੋਂ ਹਾਸੀ ਨਾ ਰੁਕੇ।

"ਭਈ ਮੈਂ ਤਾਂ ਲਾਈਟ ਨਹੀਂ ਕਰਾਂਗੀ!" ਅਤੇ ਇਹ ਕਹਿ ਕੇ ਮੈਂ ਉਸਦੇ ਗੋਸ਼ਤ ਭਰੇ ਪੱਟ ਦੀ ਚੂੰਡੀ ਭਰੀ ... ਤੜਫ਼ ਕੇ ਉਠ ਬੈਠਾ ਅਤੇ ਲਾਈਟ ਆਨ ਕਰ ਦਿੱਤੀ, ਮੈਂ ਝੱਟ ਦੇਣੀਂ ਚਾਦਰ ਓੜ ਲਈ, ਅਤੇ ਕਿਹਾ, ਤੈਨੂੰ ਸ਼ਰਮ ਨਹੀਂ ਆਉਂਦੀ ਮਰਦੁਵੇ! ਉਹ ਪਲੰਗ `ਤੇ ਆਇਆ ਤਾਂ ਮੈਂ ਉੱਠੀ ਅਤੇ ਝੱਪਟ ਕੇ ਲਾਈਟ ਬੁਝਾ ਦਿੱਤੀ! ਉਹ ਫਿਰ ਘਬਰਾਉਣ ਲੱਗਾ ... ਤੇਰੀ ਕਸਮ ਬੜੇ ਮਜ਼ੇ ਵਿੱਚ ਰਾਤ ਕਟੀ, ਕਦੇ ਹਨੇਰਾ ਕਦੇ ਉਜਾਲਾ, ਕਦੇ ਉਜਾਲਾ, ਕਦੇ ਹਨੇਰ ... ਟ੍ਰਾਮ ਦੀ ਖੜਖੜ ਹੋਈ ਤਾਂ ਪਤਲੂਨ-ਓਤਲੂਨ ਪਹਿਨ ਕੇ ਉਹ ਉਠ ਭੱਜਿਆ ... ਸਾਲੇ ਨੇ ਤੀਹ ਰੁਪਏ ਸੱਟੇ ਵਿੱਚ ਜਿੱਤੇ ਹੋਣਗੇ, ਜੋ ਇਵੇਂ ਮੁਫ਼ਤ ਦੇ ਗਿਆ ... ਜਮਨਾ ਤੂੰ ਬਿਲਕੁਲ ਅੱਲ੍ਹੜ ਹੈਂ। ਵੱਡੇ ਵੱਡੇ ਗੁਰ ਯਾਦ ਹਨ ਮੈਨੂੰ, ਇਨ੍ਹਾਂ ਲੋਕਾਂ ਨੂੰ ਠੀਕ ਕਰਨ ਦੇ ਲਈ!"

ਸੌਗੰਧੀ ਨੂੰ ਵਾਕਈ ਬਹੁਤ ਸਾਰੇ ਗੁਰ ਯਾਦ ਸਨ ਜੋ ਉਸਨੇ ਆਪਣੀਆਂ ਇੱਕ ਦੋ ਸਹੇਲੀਆਂ ਨੂੰ ਦੱਸੇ ਵੀ ਸਨ। ਆਮ ਤੌਰ `ਤੇ ਉਹ ਇਹ ਗੁਰ ਸਾਰਿਆਂ ਨੂੰ ਦੱਸਿਆ ਕਰਦੀ ਸੀ, "ਜੇਕਰ ਆਦਮੀ ਸ਼ਰੀਫ ਹੋਵੇ, ਜ਼ਿਆਦਾ ਗੱਲਾਂ ਨਾ ਕਰਨ ਵਾਲਾ ਹੋਵੇ ਤਾਂ ਉਸ ਨਾਲ਼ ਖ਼ੂਬ ਸ਼ਰਾਰਤਾਂ ਕਰੋ, ਅਣਗਿਣਤ ਗੱਲਾਂ ਕਰੋ। ਉਸਨੂੰ ਛੇੜੋ, ਸਤਾਓ, ਉਸਦੇ ਕੁਤਕੁਤਾਰੀਆਂ ਕਰੋ। ਉਸ ਨਾਲ਼ ਖੇਡੋ ... ਜੇਕਰ ਦਾੜ੍ਹੀ ਰੱਖਦਾ ਹੋਵੇ ਤਾਂ ਉਸ ਵਿੱਚ ਉਂਗਲੀਆਂ ਨਾਲ਼ ਕੰਘੀ ਕਰਦੇ ਕਰਦੇ ਦੋ ਚਾਰ ਵਾਲ਼ ਵੀ ਨੋਚ ਲਓ, ਢਿੱਡ ਵੱਡਾ ਹੋਵੇ ਤਾਂ ਥਪਥਪਾਓ ... ਉਹਨੂੰ ਇੰਨੀ ਮੁਹਲਤ ਹੀ ਨਾ ਦਿਓ ਕਿ ਆਪਣੀ ਮਰਜ਼ੀ ਦੇ ਮੁਤਾਬਕ ਕੁੱਝ ਕਰ ਸਕੇ ... ਉਹ ਖ਼ੁਸ਼ ਖ਼ੁਸ਼ ਚਲਾ ਜਾਵੇਗਾ ਅਤੇ ਰਕਮ ਵੀ ਬਚੀ ਰਹੇਗੀ ... ਅਜਿਹੇ ਮਰਦ ਜੋ ਗੁਪਚੁਪ ਰਹਿੰਦੇ ਹਨ ਬੜੇ ਖਤਰਨਾਕ ਹੁੰਦੇ ਹਨ, ਭੈਣ ... ਹੱਡੀ-ਪਸਲੀ ਤੋੜ ਦਿੰਦੇ ਹਨ ਜੇਕਰ ਉਨ੍ਹਾਂ ਦਾ ਦਾਅ ਚੱਲ ਜਾਵੇ।"

ਸੌਗੰਧੀ ਇੰਨੀ ਚਲਾਕ ਨਹੀਂ ਸੀ ਜਿੰਨੀ ਖ਼ੁਦ ਨੂੰ ਜ਼ਾਹਰ ਕਰਦੀ ਸੀ। ਉਸਦੇ ਗਾਹਕ ਬਹੁਤ ਘੱਟ ਸਨ। ਅੱਤ ਦਰਜੇ ਦੀ ਜਜ਼ਬਾਤੀ ਕੁੜੀ ਸੀ। ਇਹੀ ਵਜ੍ਹਾ ਹੈ ਕਿ ਉਹ ਤਮਾਮ ਗੁਰ ਜੋ ਉਸਨੂੰ ਯਾਦ ਸਨ ਉਸਦੇ ਦਿਮਾਗ਼ ਤੋਂ ਫਿਸਲ ਕੇ ਉਸਦੇ ਢਿੱਡ ਵਿੱਚ ਆ ਜਾਂਦੇ ਸਨ ਜਿਸ `ਤੇ ਇੱਕ ਬੱਚਾ ਪੈਦਾ ਕਰਨ ਦੇ ਸਬੱਬ ਕਈ ਲਕੀਰਾਂ ਪੈ ਗਈਆਂ ਸਨ ... ਉਨ੍ਹਾਂ ਲਕੀਰਾਂ ਨੂੰ ਪਹਿਲੀ ਵਾਰ ਵੇਖ ਕੇ ਉਸਨੂੰ ਅਜਿਹਾ ਲੱਗਾ ਸੀ ਕਿ ਉਸਦੇ ਖ਼ਾਰਿਸ਼-ਜ਼ਦਾ ਕੁੱਤੇ ਨੇ ਆਪਣੇ ਪੰਜੇ ਨਾਲ਼ ਇਹ ਨਿਸ਼ਾਨ ਬਣਾ ਦਿੱਤੇ ਹਨ।

ਸੌਗੰਧੀ ਦਿਮਾਗ਼ ਵਿੱਚ ਜ਼ਿਆਦਾ ਰਹਿੰਦੀ ਸੀ ਪਰ ਐਵੇਂ ਹੀ ਕੋਈ ਨਰਮ-ਨਾਜ਼ੁਕ ਗੱਲ, ਕੋਈ ਕੋਮਲ ਬੋਲ, ਉਸ ਨੂੰ ਕਹਿੰਦਾ ਤਾਂ ਝੱਟ ਪਿਘਲ ਕੇ ਉਹ ਆਪਣੇ ਜਿਸਮ ਦੇ ਦੂਜੇ ਹਿੱਸਿਆਂ ਵਿੱਚ ਫੈਲ ਜਾਂਦੀ। ਚਾਹੇ ਮਰਦ ਅਤੇ ਔਰਤ ਦੇ ਜਿਸਮਾਨੀ ਮਿਲਾਪ ਨੂੰ ਉਸਦਾ ਦਿਮਾਗ਼ ਬਿਲਕੁਲ ਫ਼ੁਜ਼ੂਲ ਸਮਝਦਾ ਸੀ। ਮਗਰ ਉਸਦੇ ਜਿਸਮ ਦੇ ਬਾਕੀ ਅੰਗ ਸਭ ਦੇ ਸਭ ਉਸਦੇ ਬਹੁਤ ਬੁਰੀ ਤਰ੍ਹਾਂ ਕਾਇਲ ਸਨ! ਉਹ ਥਕਾਵਟ ਚਾਹੁੰਦੇ ਸਨ ...।

ਅਜਿਹੀ ਥਕਾਵਟ ਜੋ ਉਨ੍ਹਾਂ ਨੂੰ ਝੰਜੋੜ ਕੇ ... ਉਸਨੂੰ ਮਾਰਕੇ ਸੁਲਾਉਣ `ਤੇ ਮਜਬੂਰ ਕਰ ਦੇਵੇ! ਅਜਿਹੀ ਨੀਂਦ ਜੋ ਥੱਕ ਕੇ ਚੂਰ ਚੂਰ ਹੋ ਜਾਣ ਦੇ ਬਾਅਦ ਆਏ, ਕਿੰਨੀ ਮਜ਼ੇਦਾਰ ਹੁੰਦੀ ਹੈ ... ਉਹ ਬੇਹੋਸ਼ੀ ਜੋ ਮਾਰ ਖਾ ਕੇ ਬੰਦ ਬੰਦ ਢਿੱਲੇ ਹੋ ਜਾਣ `ਤੇ ਤਾਰੀ ਹੁੰਦੀ ਹੈ, ਕਿਤਨਾ ਆਨੰਦ ਦਿੰਦੀ ਹੈ! ... ਕਦੇ ਅਜਿਹਾ ਹੁੰਦਾ ਹੈ ਕਿ ਤੂੰ ਹੈਂ ਅਤੇ ਕਦੇ ਇਵੇਂ ਲੱਗਦਾ ਹੈ ਕਿ ਤੂੰ ਨਹੀਂ ਹੈਂ ਅਤੇ ਇਸ ਹੋਣ ਅਤੇ ਨਾ ਹੋਣ ਦੇ ਵਿੱਚ ਕਦੇ ਕਦੇ ਅਜਿਹਾ ਵੀ ਮਹਿਸੂਸ ਹੁੰਦਾ ਹੈ ਕਿ ਤੂੰ ਹਵਾ ਵਿੱਚ ਬਹੁਤ ਉੱਚੀ ਜਗ੍ਹਾ ਲਮਕੀ ਹੋਈ ਹੈਂ। ਉੱਪਰ ਹਵਾ, ਹੇਠਾਂ ਹਵਾ, ਸੱਜੇ ਹਵਾ, ਖੱਬੇ ਹਵਾ, ਬਸ ਹਵਾ ਹੀ ਹਵਾ! ਅਤੇ ਫਿਰ ਇਸ ਹਵਾ ਵਿੱਚ ਦਮ ਘੁਟਣਾ ਵੀ ਇੱਕ ਖਾਸ ਮਜ਼ਾ ਦਿੰਦਾ ਹੈ।

ਬਚਪਨ ਵਿੱਚ ਜਦੋਂ ਉਹ ਆਂਖ ਮਿਚੌਲੀ ਖੇਡਿਆ ਕਰਦੀ ਸੀ, ਅਤੇ ਆਪਣੀ ਮਾਂ ਦਾ ਵੱਡਾ ਸੰਦੂਕ ਖੋਲ੍ਹ ਕੇ ਉਸ ਵਿੱਚ ਛੁਪ ਜਾਇਆ ਕਰਦੀ ਸੀ, ਤਾਂ ਨਾਕਾਫੀ ਹਵਾ ਵਿੱਚ ਦਮ ਘੁਟਣ ਦੇ ਨਾਲ਼ ਨਾਲ਼ ਫੜੇ ਜਾਣ ਦੇ ਖੌਫ ਨਾਲ਼ ਉਹ ਤੇਜ਼ ਧੜਕਨ ਜੋ ਉਸਦੇ ਦਿਲ ਵਿੱਚ ਪੈਦਾ ਹੋ ਜਾਇਆ ਕਰਦੀ ਸੀ ਕਿੰਨਾ ਮਜ਼ਾ ਦਿਆ ਕਰਦੀ ਸੀ।

ਸੌਗੰਧੀ ਚਾਹੁੰਦੀ ਸੀ ਕਿ ਆਪਣੀ ਸਾਰੀ ਜ਼ਿੰਦਗੀ ਕਿਸੇ ਐਸੇ ਹੀ ਸੰਦੂਕ ਵਿੱਚ ਛੁਪ ਕੇ ਗੁਜ਼ਾਰ ਦੇਵੇ ਜਿਸਦੇ ਬਾਹਰ ਲਭਣ ਵਾਲੇ ਫਿਰਦੇ ਰਹੀਂ। ਕਦੇ ਕਦੇ ਉਹਨੂੰ ਲਭ ਲੈਣ ਤਾਂਕਿ ਉਹ ਕਦੇ ਉਨ੍ਹਾਂ ਨੂੰ ਲਭਣ ਦੀ ਕੋਸ਼ਿਸ਼ ਕਰੇ! ਇਹ ਜ਼ਿੰਦਗੀ ਜੋ ਉਹ ਪੰਜ ਸਾਲਾਂ ਤੋਂ ਗੁਜ਼ਾਰ ਰਹੀ ਸੀ, ਅੱਖ ਮਿਚੌਲੀ ਹੀ ਤਾਂ ਸੀ! ਕਦੇ ਉਹ ਕਿਸੇ ਨੂੰ ਲਭ ਲੈਂਦੀ ਸੀ ਅਤੇ ਕਦੇ ਕੋਈ ਉਸਨੂੰ ਖੋਜ ਲੈਂਦਾ ਸੀ ...

ਬਸ ਇੰਜ ਹੀ ਉਸਦਾ ਜੀਵਨ ਗੁਜ਼ਰ ਰਿਹਾ ਸੀ। ਉਹ ਖ਼ੁਸ਼ ਸੀ ਇਸ ਲਈ ਕਿ ਉਸ ਨੂੰ ਖ਼ੁਸ਼ ਰਹਿਣਾ ਪੈਂਦਾ ਸੀ। ਹਰ ਰੋਜ਼ ਰਾਤ ਨੂੰ ਕੋਈ ਨਾ ਕੋਈ ਮਰਦ ਉਸਦੇ ਚੌੜੇ ਸਾਗਵਾਨੀ ਪਲੰਗ `ਤੇ ਹੁੰਦਾ ਸੀ ਅਤੇ ਸੌਗੰਧੀ ਜਿਸਨੂੰ ਮਰਦਾਂ ਦੇ ਠੀਕ ਕਰਨ ਲਈ ਬੇਸ਼ੁਮਾਰ ਗੁਰ ਯਾਦ ਸਨ। ਇਸ ਗੱਲ ਦਾ ਵਾਰ ਵਾਰ ਤਹਈਆ ਕਰਨ `ਤੇ ਵੀ ਕਿ ਉਹ ਉਨ੍ਹਾਂ ਮਰਦਾਂ ਦੀ ਕੋਈ ਐਸੀ ਵੈਸੀ ਗੱਲ ਨਹੀਂ ਮੰਨੇਗੀ ਅਤੇ ਉਨ੍ਹਾਂ ਦੇ ਨਾਲ਼ ਬੜੇ ਰੁੱਖੇਪਣ ਦੇ ਨਾਲ਼ ਪੇਸ਼ ਆਵੇਗੀ, ਹਮੇਸ਼ਾ ਆਪਣੇ ਜਜ਼ਬਾਤ ਦੇ ਧਾਰੇ ਵਿੱਚ ਵਹਿ ਜਾਇਆ ਕਰਦੀ ਸੀ ਅਤੇ ਫਕਤ ਇੱਕ ਤਿਹਾਈ ਔਰਤ ਰਹਿ ਜਾਇਆ ਕਰਦੀ ਸੀ!

ਹਰ ਰੋਜ਼ ਰਾਤ ਨੂੰ ਉਸਦਾ ਪੁਰਾਣਾ ਜਾਂ ਨਵਾਂ ਮੁਲਾਕਾਤੀ ਉਸ ਨੂੰ ਕਿਹਾ ਕਰਦਾ ਸੀ, "ਸੌਗੰਧੀ ਮੈਂ ਤੈਨੂੰ ਪ੍ਰੇਮ ਕਰਦਾ ਹਾਂ।" ਅਤੇ ਸੌਗੰਧੀ ਇਹ ਜਾਣਬੁੱਝ ਕੇ ਵੀ ਕਿ ਉਹ ਝੂਠ ਬੋਲਦਾ ਹੈ ਬਸ ਮੋਮ ਹੋ ਜਾਂਦੀ ਸੀ ਅਤੇ ਅਜਿਹਾ ਮਹਿਸੂਸ ਕਰਦੀ ਸੀ ਜਿਵੇਂ ਸਚਮੁੱਚ ਉਸ ਨੂੰ ਪ੍ਰੇਮ ਕੀਤਾ ਜਾ ਰਿਹਾ ਹੈ ... ਪ੍ਰੇਮ ... ਕਿੰਨਾ ਸੁੰਦਰ ਬੋਲ ਹੈ!

ਉਹ ਚਾਹੁੰਦੀ ਸੀ, ਉਹਨੂੰ ਪਿਘਲਾ ਕੇ ਆਪਣੇ ਸਾਰੇ ਅੰਗਾਂ `ਤੇ ਮਲ ਲਵੇ ਉਸਦੀ ਮਾਲਿਸ਼ ਕਰੇ ਤਾਂਕਿ ਇਹ ਸਾਰੇ ਦਾ ਸਾਰਾ ਉਸਦੇ ਮੁਸਾਮਾਂ ਵਿੱਚ ਰਚ ਜਾਵੇ ... ਜਾਂ ਫਿਰ ਉਹ ਖ਼ੁਦ ਉਸਦੇ ਅੰਦਰ ਚਲੀ ਜਾਵੇ। ਸਿਮਟ ਸਿਮਟਾ ਕੇ ਉਸਦੇ ਅੰਦਰ ਦਾਖ਼ਲ ਹੋ ਜਾਵੇ ਅਤੇ ਉਪਰੋਂ ਢਕਣ ਬੰਦ ਕਰ ਦੇਵੇ। ਕਦੇ ਕਦੇ ਜਦੋਂ ਪ੍ਰੇਮ ਕੀਤੇ ਜਾਣ ਦਾ ਜਜ਼ਬਾ ਉਸਦੇ ਅੰਦਰ ਬਹੁਤ ਸ਼ਿੱਦਤ ਇਖ਼ਤਿਆਰ ਕਰ ਲੈਂਦਾ ਤਾਂ ਕਈ ਵਾਰ ਉਸਕੇ ਜੀ ਵਿੱਚ ਆਉਂਦਾ ਕਿ ਆਪਣੇ ਕੋਲ ਪਏ ਹੋਏ ਆਦਮੀ ਨੂੰ ਗੋਦ ਹੀ ਵਿੱਚ ਲੈ ਕੇ ਥਪਥਪਾਉਣਾ ਸ਼ੁਰੂ ਕਰ ਦੇਵੇ ਅਤੇ ਲੋਰੀਆਂ ਦੇ ਕੇ ਉਸਨੂੰ ਗੋਦ ਹੀ ਵਿੱਚ ਸੁਲਾ ਦੇਵੇ।

ਪ੍ਰੇਮ ਕਰ ਸਕਣ ਦੀ ਯੋਗਤਾ ਉਸਦੇ ਅੰਦਰ ਇਸ ਕਦਰ ਜ਼ਿਆਦਾ ਸੀ ਕਿ ਹਰ ਉਸ ਮਰਦ ਨੂੰ ਜੋ ਉਸਦੇ ਕੋਲ ਆਉਂਦਾ ਸੀ, ਉਹ ਮੁਹੱਬਤ ਕਰ ਸਕਦੀ ਸੀ ਅਤੇ ਫਿਰ ਉਹਨੂੰ ਨਿਬਾਹ ਵੀ ਸਕਦੀ ਸੀ। ਹੁਣ ਤੱਕ ਚਾਰ ਮਰਦਾਂ ਨਾਲ਼ ਆਪਣਾ ਪ੍ਰੇਮ ਨਿਬਾਹ ਹੀ ਤਾਂ ਰਹੀ ਸੀ ਜਿਨ੍ਹਾਂ ਦੀਆਂ ਤਸਵੀਰਾਂ ਉਸਦੇ ਸਾਹਮਣੇ ਦੀਵਾਰ `ਤੇ ਲਟਕ ਰਹੀਆਂ ਸਨ।

ਹਰ ਵਕਤ ਇਹ ਅਹਿਸਾਸ ਉਸਦੇ ਦਿਲ ਵਿੱਚ ਮੌਜੂਦ ਰਹਿੰਦਾ ਸੀ ਕਿ ਉਹ ਬਹੁਤ ਚੰਗੀ ਹੈ ਪਰ ਇਹ ਅੱਛਾਪਣ ਮਰਦਾਂ ਵਿੱਚ ਕਿਉਂ ਨਹੀਂ ਹੁੰਦਾ। ਇਹ ਗੱਲ ਉਸਦੀ ਸਮਝ ਵਿੱਚ ਨਹੀਂ ਸੀ ਆਉਂਦੀ ... ਇੱਕ ਵਾਰ ਸ਼ੀਸ਼ਾ ਵੇਖਦੇ ਹੋਏ ਬੇਇਖ਼ਤਿਆਰ ਉਸਦੇ ਮੂੰਹੋਂ ਨਿਕਲ ਗਿਆ ਸੀ ... "ਸੌਗੰਧੀ, ਤੇਰੇ ਨਾਲ਼ ਜ਼ਮਾਨੇ ਨੇ ਅੱਛਾ ਸੁਲੂਕ ਨਹੀਂ ਕੀਤਾ!"

ਇਹ ਜ਼ਮਾਨਾ ਯਾਨੀ ਪੰਜ ਸਾਲਾਂ ਦੇ ਦਿਨ ਅਤੇ ਉਨ੍ਹਾਂ ਦੀ ਰਾਤਾਂ, ਉਸਦੇ ਜੀਵਨ ਦੀ ਹਰ ਤਾਰ ਦੇ ਨਾਲ਼ ਵਾਬਸਤਾ ਸਨ। ਚਾਹੇ ਉਸ ਜ਼ਮਾਨੇ ਤੋਂ ਉਹਨੂੰ ਖੁਸ਼ੀ ਨਸੀਬ ਨਹੀਂ ਹੋਈ ਸੀ ਜਿਸਦੀ ਖ਼ਾਹਿਸ਼ ਉਸਦੇ ਦਿਲ ਵਿੱਚ ਮੌਜੂਦ ਸੀ। ਫਿਰ ਵੀ ਉਹ ਚਾਹੁੰਦੀ ਸੀ ਕਿ ਇਸੇ ਤਰ੍ਹਾਂ ਉਸਦੇ ਦਿਨ ਬੀਤਦੇ ਚਲੇ ਜਾਣ, ਉਸਨੇ ਕਿਹੜੇ ਮਹਿਲ ਖੜੇ ਕਰਨੇ ਸਨ ਜੋ ਰੁਪਏ-ਪੈਸੇ ਦਾ ਲਾਲਚ ਕਰਦੀ। ਦਸ ਰੁਪਏ ਉਸਦਾ ਆਮ ਨਿਰਖ਼ ਸੀ ਜਿਸ ਵਿਚੋਂ ਢਾਈ ਰੁਪਏ ਰਾਮਲਾਲ ਆਪਣੀ ਦਲਾਲੀ ਦੇ ਕੱਟ ਲੈਂਦਾ ਸੀ। ਸਾਢੇ ਸੱਤ ਰੁਪਏ ਉਸਨੂੰ ਰੋਜ਼ ਮਿਲ ਹੀ ਜਾਇਆ ਕਰਦੇ ਸਨ ਜੋ ਉਸਦੀ ਇਕੱਲੀ ਜਾਨ ਲਈ ਕਾਫ਼ੀ ਸਨ ਅਤੇ ਮਾਧਵ ਜਦੋਂ ਪੂਨੇ ਤੋਂ ਬਕੌਲ ਰਾਮਲਾਲ ਦਲਾਲ, ਸੌਗੰਧੀ `ਤੇ ਧਾਵਾ ਬੋਲਣ ਲਈ ਆਉਂਦਾ ਸੀਤਾਂ ਉਹ ਦਸ ਪੰਦਰਾਂ ਰੁਪਏ ਖ਼ਿਰਾਜ ਵੀ ਅਦਾ ਕਰਦੀ ਸੀ!

ਇਹ ਖ਼ਿਰਾਜ ਸਿਰਫ ਇਸ ਗੱਲ ਦਾ ਸੀ ਕਿ ਸੌਗੰਧੀ ਨੂੰ ਉਸ ਨਾਲ਼ ਕੁੱਝ ਉਹ ਹੋ ਗਿਆ ਸੀ। ਰਾਮਲਾਲ ਦਲਾਲ ਠੀਕ ਕਹਿੰਦਾ ਸੀ, ਉਸ ਵਿੱਚ ਅਜਿਹੀ ਗੱਲ ਜ਼ਰੂਰ ਸੀ ਜੋ ਸੌਗੰਧੀ ਨੂੰ ਬਹੁਤ ਭਾ ਗਈ ਸੀ। ਹੁਣ ਉਹਨੂੰ ਲੁਕਾਉਣਾ ਕੀ! ਦੱਸ ਹੀ ਕਿਉਂ ਨਾ ਦੇਵੇ!

ਸੌਗੰਧੀ ਨਾਲ਼ ਜਦੋਂ ਮਾਧਵ ਦੀ ਪਹਿਲੀ ਮੁਲਾਕਾਤ ਹੋਈ ਤਾਂ ਉਸਨੇ ਕਿਹਾ ਸੀ, "ਤੈਨੂੰ ਸ਼ਰਮ ਨਹੀਂ ਆਉਂਦੀ ਆਪਣਾ ਭਾਅ ਕਰਦਿਆਂ! ਜਾਣਦੀ ਹੈਂ ਤੂੰ ਮੇਰੇ ਨਾਲ਼ ਕਿਸ ਚੀਜ਼ ਦਾ ਸੌਦਾ ਕਰ ਰਹੀ ਹੈਂ ... ਅਤੇ ਮੈਂ ਤੇਰੇ ਕੋਲ ਕਿਉਂ ਆਇਆ ਹਾਂ? ... ਛੀ ਛੀ ਛੀ ... ਦਸ ਰੁਪਏ ਅਤੇ ਜਿਵੇਂ ਕ‌ਿ ਤੂੰ ਕਹਿੰਦੀ ਹੈ ਢਾਈ ਰੁਪਏ ਦਲਾਲ ਦੇ, ਬਾਕੀ ਰਹੇ ਸਾਢੇ ਸੱਤ, ਰਹੇ ਨਾ ਸਾਢੇ ਸੱਤ? ... ਹੁਣ ਇਨ੍ਹਾਂ ਸਾਢੇ ਸੱਤ ਰੁਪਿਆਂ `ਤੇ ਤੂੰ ਮੈਨੂੰ ਅਜਿਹੀ ਚੀਜ਼ ਦੇਣ ਦਾ ਵਚਨ ਦਿੰਦੀ ਹੈਂ ਜੋ ਤੂੰ ਦੇ ਹੀ ਨਹੀਂ ਸਕਦੀ ਅਤੇ ਮੈਂ ਅਜਿਹੀ ਚੀਜ਼ ਲੈਣ ਆਇਆ, ਜੋ ਮੈਂ ਲੈ ਹੀ ਨਹੀਂ ਸਕਦਾ ... ਮੈਨੂੰ ਔਰਤ ਚਾਹੀਦੀ ਹੈ `ਤੇ ਤੈਨੂੰ ਕੀ ਇਸ ਵਕਤ ਇਸ ਘੜੀ ਮਰਦ ਚਾਹੀਦਾ ਹੈ? ... ਮੈਨੂੰ ਤਾਂ ਕੋਈ ਔਰਤ ਵੀ ਭਾ ਜਾਵੇਗੀ `ਤੇ ਕੀ ਮੈਂ ਤੈਨੂੰ ਜਚਦਾ ਹਾਂ! ... ਤੇਰਾ ਮੇਰਾ ਨਾਤਾ ਹੀ ਕੀ ਹੈ, ਕੁੱਝ ਵੀ ਨਹੀਂ ... ਬਸ ਇਹ ਦਸ ਰੁਪਏ, ਜਿਨ੍ਹਾਂ ਵਿਚੋਂ ਢਾਈ ਰੁਪਏ ਦਲਾਲੀ ਵਿੱਚ ਚਲੇ ਜਾਣਗੇ ਅਤੇ ਬਾਕੀ ਏਧਰ ਉੱਧਰ ਬਿਖਰ ਜਾਣਗੇ, ਤੇਰੇ ਅਤੇ ਮੇਰੇ ਵਿੱਚਕਾਰ ਵਜ ਰਹੇ ਹਨ ... ਤੂੰ ਵੀ ਇਨ੍ਹਾਂ ਦਾ ਵੱਜਣਾ ਸੁਣ ਰਹੀ ਹੈਂ ਅਤੇ ਮੈਂ ਵੀ। ਤੇਰਾ ਮਨ ਕੁੱਝ ਹੋਰ ਸੋਚਦਾ ਹੈ ਮੇਰਾ ਮਨ ਕੁੱਝ ਹੋਰ ... ਕਿਉਂ ਨਾ ਕੋਈ ਅਜਿਹੀ ਗੱਲ ਕਰੀਏ ਕਿ ਤੈਨੂੰ ਮੇਰੀ ਜ਼ਰੂਰਤ ਹੋਵੇ ਅਤੇ ਮੈਨੂੰ ਤੇਰੀ ... ਪੂਨੇ ਵਿੱਚ ਹਵਲਦਾਰ ਹਾਂ, ਮਹੀਨੇ ਵਿੱਚ ਇੱਕ ਵਾਰ ਆਇਆ ਕਰਾਂਗਾ। ਤਿੰਨ-ਚਾਰ ਦਿਨ ਦੇ ਲਈ ... ਇਹ ਧੰਦਾ ਛੱਡ, ਮੈਂ ਤੈਨੂੰ ਖ਼ਰਚ ਦੇ ਦਿਆ ਕਰਾਂਗਾ ... ਕੀ ਭਾੜਾ ਹੈ ਇਸ ਖੋਲੀ ਦਾ?"

ਮਾਧਵ ਨੇ ਹੋਰ ਵੀ ਬਹੁਤ ਕੁੱਝ ਕਿਹਾ ਸੀ ਜਿਸਦਾ ਅਸਰ ਸੌਗੰਧੀ `ਤੇ ਇਸ ਕਦਰ ਜ਼ਿਆਦਾ ਹੋਇਆ ਸੀ ਕਿ ਉਹ ਕੁਝ ਪਲਾਂ ਲਈ ਖ਼ੁਦ ਨੂੰ ਹਵਾਲਦਾਰਨੀ ਸਮਝਣ ਲੱਗੀ ਸੀ। ਗੱਲਾਂ ਕਰਨ ਦੇ ਬਾਅਦ ਮਾਧਵ ਨੇ ਉਸਦੇ ਕਮਰੇ ਦੀਆਂ ਬਿਖਰੀਆਂ ਹੋਈਆਂ ਚੀਜ਼ਾਂ ਕਰੀਨੇ ਨਾਲ਼ ਰੱਖੀਆਂ ਸਨ ਅਤੇ ਨੰਗੀਆਂ ਤਸਵੀਰਾਂ ਜੋ ਸੌਗੰਧੀ ਨੇ ਆਪਣੇ ਸਿਰਹਾਨੇ ਲਟਕਾ ਰੱਖੀਆਂ ਸਨ, ਬਿਨਾਂ ਪੁੱਛੇ-ਗਿਛੇ ਪਾੜ ਦਿੱਤੀਆਂ ਸਨ ਅਤੇ ਕਿਹਾ ਸੀ ... "ਸੌਗੰਧੀ, ਭਈ ਮੈਂ ਅਜਿਹੀਆਂ ਤਸਵੀਰਾਂ ਇੱਥੇ ਨਹੀਂ ਰੱਖਣ ਦੇਵਾਂਗਾ ... ਅਤੇ ਪਾਣੀ ਦਾ ਇਹ ਘੜਾ ... ਵੇਖਣਾ ਕਿੰਨਾ ਮੈਲਾ ਹੈ ਅਤੇ ਇਹ ... ਇਹ ਚੀਥੜੇ, ਇਹ ਚਿੰਦੀਆਂ ... ਉਫ਼, ਕਿੰਨੀ ਬੁਰੀ ਬਾਸ ਆਉਂਦੀ ਹੈ, ਉਠਾ ਕੇ ਬਾਹਰ ਸੁੱਟ ਇਨ੍ਹਾਂ ਨੂੰ ... ਅਤੇ ਤੂੰ ਆਪਣੇ ਵਾਲ਼ਾਂ ਦਾ ਸਤਿਆਨਾਸ ਕਰ ਰੱਖਿਆ ਹੈ ... ਅਤੇ ... ਅਤੇ ..."

ਤਿੰਨ ਘੰਟੇ ਦੀ ਗੱਲਬਾਤ ਦੇ ਬਾਅਦ ਸੌਗੰਧੀ ਅਤੇ ਮਾਧਵ ਆਪਸ ਵਿੱਚ ਘੁਲ਼ ਮਿਲ਼ ਗਏ ਸਨ ਅਤੇ ਸੌਗੰਧੀ ਨੂੰ ਤਾਂ ਇਸ ਤਰ੍ਹਾਂ ਮਹਿਸੂਸ ਹੋਇਆ ਸੀ ਕਿ ਸਾਲਾਂ ਤੋਂ ਹਵਾਲਦਾਰ ਨੂੰ ਜਾਣਦੀ ਹੈ, ਉਸ ਵਕਤ ਤੱਕ ਕਿਸੇ ਨੇ ਵੀ ਕਮਰੇ ਵਿੱਚ ਬਦਬੂਦਾਰ ਚੀਥੜਿਆਂ, ਮੈਲੇ ਘੜੇ ਅਤੇ ਨੰਗੀਆਂ ਤਸਵੀਰਾਂ ਦੀ ਹਾਜ਼ਰੀ ਦਾ ਖ਼ਿਆਲ ਨਹੀਂ ਕੀਤਾ ਸੀ ਅਤੇ ਨਾ ਕਦੇ ਕਿਸੇ ਨੇ ਉਹਨੂੰ ਇਹ ਮਹਿਸੂਸ ਕਰਨ ਦਾ ਮੌਕਾ ਦਿੱਤਾ ਸੀ ਕਿ ਉਸਦਾ ਇੱਕ ਘਰ ਹੈ ਜਿਸ ਵਿੱਚ ਘਰੇਲੂਪਣ ਆ ਸਕਦਾ ਹੈ।

ਲੋਕ ਆਉਂਦੇ ਸਨ ਅਤੇ ਬਿਸਤਰ ਤੱਕ ਗ਼ਲਾਜ਼ਤ ਨੂੰ ਮਹਿਸੂਸ ਕੀਤੇ ਬਿਨਾਂ ਚਲੇ ਜਾਂਦੇ ਸਨ। ਕੋਈ ਸੌਗੰਧੀ ਨੂੰ ਇਹ ਨਹੀਂ ਕਹਿੰਦਾ ਸੀ, "ਵੇਖ ਤਾਂ ਅੱਜ ਤੇਰੀ ਨੱਕ ਕਿੰਨੀ ਲਾਲ਼ ਹੋ ਰਹੀ ਹੈ, ਕਿਤੇ ਜੁਕਾਮ ਨਾ ਹੋਵੇ ਜਾਵੇ ਤੈਨੂੰ ... ਰੁੱਕ ਮੈਂ ਤੇਰੇ ਵਾਸਤੇ ਦਵਾਈ ਲਿਆਂਦਾ ਹਾਂ।" ਮਾਧਵ ਕਿੰਨਾ ਅੱਛਾ ਸੀ ਉਸਦੀ ਹਰ ਗੱਲ ਬਵੰਜਾ ਤੋਲੇ ਅਤੇ ਪਾਵ-ਰੱਤੀ ਦੀ ਸੀ। ਕਿਆ ਖਰੀਆਂ ਖਰੀਆਂ ਸੁਣਾਈਆਂ ਸਨ ਉਸਨੇ ਸੌਗੰਧੀ ਨੂੰ ... ਉਸਨੂੰ ਮਹਿਸੂਸ ਹੋਣ ਲੱਗਾ ਕਿ ਉਸਨੂੰ ਮਾਧਵ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਦੋਨਾਂ ਦਾ ਸੰਬੰਧ ਹੋ ਗਿਆ।

ਮਹੀਨੇ ਵਿੱਚ ਇੱਕ ਵਾਰ ਮਾਧਵ ਪੂਨੇ ਤੋਂ ਆਉਂਦਾ ਸੀ ਅਤੇ ਵਾਪਸ ਜਾਂਦੇ ਹੋਏ ਹਮੇਸ਼ਾ ਸੌਗੰਧੀ ਨੂੰ ਕਿਹਾ ਕਰਦਾ ਸੀ, "ਵੇਖ ਸੌਗੰਧੀ! ਜੇਕਰ ਤੂੰ ਫਿਰ ਤੋਂ ਆਪਣਾ ਧੰਦਾ ਸ਼ੁਰੂ ਕੀਤਾ ਤਾਂ ਬਸ ਤੇਰੀ ਮੇਰੀ ਟੁੱਟ ਜਾਵੇਗੀ ... ਜੇਕਰ ਤੂੰ ਇੱਕ ਵਾਰ ਵੀ ਕਿਸੇ ਮਰਦ ਨੂੰ ਆਪਣੇ ਇੱਥੇ ਠਹਿਰਾਇਆ ਤਾਂ ਗੁੱਤ ਤੋਂ ਫੜ ਕੇ ਬਾਹਰ ਕੱਢ ਦੇਵਾਂਗਾ ... ਵੇਖ ਇਸ ਮਹੀਨੇ ਦਾ ਖ਼ਰਚ ਮੈਂ ਤੈਨੂੰ ਪੂਨਾ ਪੁੱਜਦੇ ਹੀ ਮਨੀ ਆਰਡਰ ਕਰ ਦੇਵਾਂਗਾ ... ਹਾਂ ਕੀ ਭਾੜਾ ਹੈ ਇਸ ਖੋਲੀ ਦਾ ... "

ਨਾ ਮਾਧਵ ਨੇ ਕਦੇ ਪੂਨਾ ਤੋਂ ਖ਼ਰਚ ਭੇਜਿਆ ਸੀ ਅਤੇ ਨਾ ਸੌਗੰਧੀ ਨੇ ਆਪਣਾ ਧੰਦਾ ਬੰਦ ਕੀਤਾ ਸੀ। ਦੋਨਾਂ ਚੰਗੀ ਤਰ੍ਹਾਂ ਜਾਣਦੇ ਸਨ ਕਿ ਕੀ ਹੋ ਰਿਹਾ ਹੈ। ਨਾ ਸੌਗੰਧੀ ਨੇ ਕਦੇ ਮਾਧਵ ਨੂੰ ਇਹ ਕਿਹਾ ਸੀ ਕਿ "ਤੂੰ ਇਹ ਕੀ ਟਰ ਟਰ ਕਰਦਾ ਹੈਂ, ਇੱਕ ਫੁੱਟੀ ਕੌਡੀ ਵੀ ਦਿੱਤੀ ਹੈ ਕਦੇ ਤੂੰ?" ਅਤੇ ਨਾ ਮਾਧਵ ਨੇ ਕਦੇ ਸੌਗੰਧੀ ਨੂੰ ਪੁੱਛਿਆ ਸੀ, "ਇਹ ਮਾਲ ਤੇਰੇ ਕੋਲ ਕਿੱਥੋ ਆਉਂਦਾ ਹੈ ਜਦੋਂ ਕਿ ਮੈਂ ਤੈਨੂੰ ਕੁੱਝ ਦਿੰਦਾ ਹੀ ਨਹੀਂ ... "

ਦੋਨੋਂ ਝੂਠੇ ਸਨ। ਦੋਨੋਂ ਇੱਕ ਮਲੰਮਾ ਕੀਤੀ ਹੋਈ ਜ਼ਿੰਦਗੀ ਬਸਰ ਕਰ ਰਹੇ ਸਨ ... ਪਰ ਸੌਗੰਧੀ ਖ਼ੁਸ਼ ਸੀ ਜਿਸਨੂੰ ਅਸਲ ਸੋਨਾ ਨਾ ਮਿਲੇ ਉਹ ਮਲੰਮਾ ਕੀਤੇ ਹੋਏ ਗਹਿਣਿਆਂ ਹੀ `ਤੇ ਰਾਜੀ ਹੋ ਜਾਇਆ ਕਰਦਾ ਹੈ।

ਉਸ ਵਕਤ ਸੌਗੰਧੀ ਥੱਕੀ ਮਾਂਦੀ ਸੌਂ ਰਹੀ ਸੀ। ਬਿਜਲੀ ਦਾ ਲਾਟੂ ਜਿਸ ਨੂੰ ਆਫ਼ ਕਰਨਾ ਉਹ ਭੁੱਲ ਗਈ ਸੀ ਉਸਦੇ ਸਿਰ ਦੇ `ਤੇ ਲਟਕ ਰਿਹਾ ਸੀ। ਉਸਦੀ ਤੇਜ਼ ਰੌਸ਼ਨੀ ਉਸਦੀਆਂ ਮੁੰਦੀਆਂ ਹੋਈਆਂ ਅੱਖਾਂ ਦੇ ਸਾਹਮਣੇ ਟਕਰਾ ਰਹੀ ਸੀ। ਮਗਰ ਉਹ ਡੂੰਘੀ ਨੀਂਦ ਸੌਂ ਰਹੀ ਸੀ।

ਦਰਵਾਜ਼ੇ `ਤੇ ਦਸਤਕ ਹੋਈ ... ਰਾਤ ਦੇ ਦੋ ਵਜੇ ਇਹ ਕੌਣ ਆਇਆ ਸੀ? ਸੌਗੰਧੀ ਦੇ ਨਿੰਦਰਿਆਏ ਕੰਨਾਂ ਵਿੱਚ ਦਸਤਕ ਭੁਨਭੁਨਾਹਟ ਬਣ ਕੇ ਪਹੁੰਚੀ। ਦਰਵਾਜ਼ਾ ਜਦੋਂ ਜ਼ੋਰ ਨਾਲ਼ ਠਕਠਕਾਇਆ ਗਿਆ ਤਾਂ ਚੌਂਕ ਕੇ ਉਠ ਬੈਠੀ ... ਦੋ ਮਿਲੀਆਂ-ਜੁਲੀਆਂ ਸ਼ਰਾਬਾਂ ਅਤੇ ਦੰਦਾਂ ਵਿੱਚ ਫਸੇ ਹੋਏ ਮੱਛੀ ਦੇ ਟੁਕੜਿਆਂ ਨੇ ਉਸਦੇ ਮੂੰਹ ਦੇ ਅੰਦਰ ਅਜਿਹਾ ਲੁਆਬ ਪੈਦਾ ਕਰ ਦਿੱਤਾ ਜਿਹੀ ਜੋ ਬੇਹੱਦ ਕੁਸੈਲ਼ਾ ਅਤੇ ਲੇਸਦਾਰ ਸੀ। ਧੋਤੀ ਦੇ ਪੱਲੇ ਨਾਲ਼ ਉਸਨੇ ਇਹ ਬਦਬੂਦਾਰ ਲੁਆਬ ਸਾਫ਼ ਕੀਤਾ ਅਤੇ ਅੱਖਾਂ ਮਲ਼ਣ ਲੱਗੀ।

ਪਲੰਗ `ਤੇ ਉਹ ਇਕੱਲੀ ਸੀ। ਝੁਕ ਕੇ ਉਸਨੇ ਪਲੰਗ ਦੇ ਹੇਠਾਂ ਵੇਖਿਆ ਤਾਂ ਉਸਦਾ ਕੁੱਤਾ ਸੁੱਕੇ ਹੋਏ ਚੱਪਲਾਂ `ਤੇ ਮੂੰਹ ਰੱਖ ਸੌਂ ਰਿਹਾ ਸੀ ਅਤੇ ਨੀਂਦ ਵਿੱਚ ਕਿਸੇ ਅਦਿੱਖ ਚੀਜ਼ ਨੂੰ ਮੂੰਹ ਚਿੜਾ ਰਿਹਾ ਜਿਹੀ ਅਤੇ ਤੋਤਾ ਪਿੱਠ ਦੇ ਵਾਲ਼ਾਂ ਵਿੱਚ ਸਿਰ ਦਈਂ ਸੌਂ ਰਿਹਾ ਸੀ।

ਦਰਵਾਜ਼ੇ `ਤੇ ਦਸਤਕ ਹੋਈ। ਸੌਗੰਧੀ ਬਿਸਤਰ ਤੋਂ ਉੱਠੀ। ਸਿਰ ਦਰਦ ਦੇ ਮਾਰੇ ਫੱਟਿਆ ਜਾ ਰਿਹਾ ਸੀ। ਘੜੇ ਵਿੱਚੋਂ ਪਾਣੀ ਦਾ ਇੱਕ ਡੋਂਗਾ ਕੱਢ ਕੇ ਉਸਨੇ ਕੁਰਲੀ ਕੀਤੀ ਅਤੇ ਦੂਜਾ ਡੋਂਗਾ ਗਟਾ ਗਟ ਪੀ ਕੇ ਉਸਨੇ ਦਰਵਾਜ਼ੇ ਦਾ ਪਟ ਥੋੜ੍ਹਾ ਜਿਹਾ ਖੋਲ੍ਹਿਆ ਅਤੇ ਕਿਹਾ, "ਰਾਮਲਾਲ?"

ਰਾਮ ਲਾਲ ਜੋ ਬਾਹਰ ਦਸਤਕ ਦਿੰਦੇ ਹੋਏ ਥੱਕ ਗਿਆ ਸੀ, ਖਿਝ ਕੇ ਕਹਿਣ ਲੱਗਾ, "ਤੈਨੂੰ ਸੱਪ ਸੂੰਘ ਗਿਆ ਸੀ ਜਾਂ ਕੀ ਹੋ ਗਿਆ ਸੀ। ਇੱਕ ਕਲਾਕ (ਘੰਟੇ) ਤੋਂ ਬਾਹਰ ਖੜਾ ਦਰਵਾਜ਼ਾ ਖਟਖਟਾ ਰਿਹਾ ਹਾਂ, ਕਿੱਥੇ ਮਰ ਗਈ ਸੀ?" ਫਿਰ ਅਵਾਜ਼ ਦਬਾ ਕੇ ਉਸਨੇ ਹੌਲੀ ਜਿਹੇ ਕਿਹਾ, "ਅੰਦਰ ਕੋਈ ਹੈ ਤਾਂ ਨਹੀਂ?"

ਜਦੋਂ ਸੌਗੰਧੀ ਨੇ ਕਿਹਾ, "ਨਹੀਂ ... " ਤਾਂ ਰਾਮਲਾਲ ਦੀ ਅਵਾਜ਼ ਫਿਰ ਉੱਚੀ ਹੋ ਗਈ, "ਤਾਂ ਦਰਵਾਜ਼ਾ ਕਿਉਂ ਨਹੀਂ ਖੋਲ੍ਹਦੀ? ... ਭਈ ਹੱਦ ਹੋ ਗਈ ਹੈ, ਕੀ ਨੀਂਦ ਪਾਈ ਹੈ। ਇਵੇਂ ਇੱਕ ਇੱਕ ਛੋਕਰੀ ਉਤਾਰਨ ਵਿੱਚ ਦੋ ਦੋ ਘੰਟੇ ਸਿਰ ਖਪਾਉਣਾ ਪਏ ਤਾਂ ਮੈਂ ਆਪਣਾ ਧੰਦਾ ਕਰ ਚੁੱਕਿਆ ... ਹੁਣ ਤੂੰ ਮੇਰਾ ਮੂੰਹ ਕੀ ਵੇਖਦੀ ਹੈਂ। ਝਟਪਟ ਇਹ ਧੋਤੀ ਉਤਾਰ ਕੇ ਉਹ ਫੁੱਲਾਂ ਵਾਲੀ ਸਾੜ੍ਹੀ ਪਹਿਨ, ਪਾਉਡਰ-ਵਾਉਡਰ ਲਗਾ ਅਤੇ ਚੱਲ ਮੇਰੇ ਨਾਲ਼ ... ਬਾਹਰ ਮੋਟਰ ਵਿੱਚ ਇੱਕ ਸੇਠ ਬੈਠਾ ਤੇਰਾ ਇੰਤਜ਼ਾਰ ਕਰ ਰਿਹਾ ਹੈ ... ਚੱਲ ਚੱਲ ਇੱਕ ਦਮ ਜਲਦੀ ਕਰ।"

ਸੌਗੰਧੀ ਆਰਾਮ ਕੁਰਸੀ `ਤੇ ਬੈਠ ਗਈ ਅਤੇ ਰਾਮਲਾਲ ਆਈਨੇ ਦੇ ਸਾਹਮਣੇ ਆਪਣੇ ਵਾਲ਼ਾਂ ਵਿੱਚ ਕੰਘੀ ਕਰਨ ਲੱਗਾ।

ਸੌਗੰਧੀ ਨੇ ਤਿਪਾਈ ਵੱਲ ਆਪਣਾ ਹੱਥ ਵਧਾਇਆ ਅਤੇ ਬਾਮ ਦੀ ਸ਼ੀਸ਼ੀ ਉਠਾ ਕੇ ਉਸਦਾ ਢੱਕਣ ਖੋਲ੍ਹਦੇ ਹੋਏ ਕਿਹਾ, "ਰਾਮਲਾਲ ਅੱਜ ਮੇਰਾ ਜੀ ਅੱਛਾ ਨਹੀਂ।"

ਰਾਮਲਾਲ ਨੇ ਕੰਘੀ ਟਾਂਡ `ਤੇ ਰੱਖ ਦਿੱਤੀ ਅਤੇ ਮੁੜ ਕੇ ਕਿਹਾ, "ਤਾਂ ਪਹਿਲਾਂ ਹੀ ਕਹਿ ਦਿੱਤਾ ਹੁੰਦਾ।" ਸੌਗੰਧੀ ਨੇ ਮੱਥੇ ਅਤੇ ਕਨਪਟੀਆਂ `ਤੇ ਬਾਮ ਨਾਲ਼ ਛੂੰਹਦੇ ਹੋਏ ਗ਼ਲਤਫ਼ਹਮੀ ਦੂਰ ਕਰ ਦਿੱਤੀ।

"ਉਹ ਗੱਲ ਨਹੀਂ, ਰਾਮਲਾਲ! ਵੈਸੇ ਹੀ, ਮੇਰਾ ਜੀ ਅੱਛਾ ਨਹੀਂ ... ਬਹੁਤ ਪੀ ਗਈ।"

ਰਾਮ ਲਾਲ ਦੇ ਮੂੰਹ ਵਿੱਚ ਪਾਣੀ ਭਰ ਆਇਆ, "ਥੋੜ੍ਹੀ ਬਚੀ ਹੈ ਤਾਂ ਲਿਆ ... ਜਰਾ ਅਸੀਂ ਵੀ ਮੂੰਹ ਦਾ ਮਜਾ ਠੀਕ ਕਰ ਲਈਏ।"

ਸੌਗੰਧੀ ਨੇ ਬਾਮ ਦੀ ਸ਼ੀਸ਼ੀ ਤਿਪਾਈ `ਤੇ ਰੱਖ ਦਿੱਤੀ ਅਤੇ ਕਿਹਾ, "ਬਚਾਈ ਹੁੰਦੀ ਤਾਂ ਇਹ ਮੋਇਆ ਸਿਰ ਵਿੱਚ ਦਰਦ ਹੀ ਕਿਉਂ ਹੁੰਦਾ ... ਵੇਖ ਰਾਮਲਾਲ! ਉਹ ਜੋ ਬਾਹਰ ਮੋਟਰ ਵਿੱਚ ਬੈਠਾ ਹੈ ਉਸਨੂੰ ਅੰਦਰ ਹੀ ਲੈ ਆਓ।"

ਰਾਮਲਾਲ ਨੇ ਜਵਾਬ ਦਿੱਤਾ, "ਨਹੀਂ ਭਈ, ਉਹ ਅੰਦਰ ਨਹੀਂ ਆ ਸਕਦੇ। ਜੈਂਟਲਮੈਨ ਆਦਮੀ ਹੈ। ਉਹ ਤਾਂ ਮੋਟਰ ਨੂੰ ਗਲੀ ਦੇ ਬਾਹਰ ਖੜੀ ਕਰਦੇ ਹੋਏ ਘਬਰਾਉਂਦੇ ਸਨ ... ਤੂੰ ਕੱਪੜੇ-ਵਪੜੇ ਪਹਿਨ ਲੈ ਅਤੇ ਜ਼ਰਾ ਗਲੀ ਦੇ ਨੁੱਕੜ ਤੱਕ ਚੱਲ ... ਸਭ ਠੀਕ ਹੋ ਜਾਵੇਗਾ।"

ਸਾਢੇ ਸੱਤ ਰੁਪਏ ਦਾ ਸੌਦਾ ਸੀ। ਸੌਗੰਧੀ ਇਸ ਹਾਲਤ ਵਿੱਚ ਜਦੋਂ ਕਿ ਉਸਦੇ ਸਿਰ ਵਿੱਚ ਸ਼ਿੱਦਤ ਨਾਲ਼ ਦਰਦ ਹੋ ਰਿਹਾ ਸੀ, ਕਦੇ ਕਬੂਲ ਨਾ ਕਰਦੀ ਮਗਰ ਉਸਨੂੰ ਰੁਪਿਆਂ ਦੀ ਸਖ਼ਤ ਜ਼ਰੂਰਤ ਸੀ। ਉਸਦੀ ਨਾਲ਼ ਵਾਲੀ ਖੋਲੀ ਵਿੱਚ ਇੱਕ ਮਦਰਾਸੀ ਔਰਤ ਰਹਿੰਦੀ ਸੀ ਜਿਸਦਾ ਖੌਂਦ ਮੋਟਰ ਦੇ ਹੇਠਾਂ ਆ ਕੇ ਮਰ ਗਿਆ ਸੀ। ਉਸ ਔਰਤ ਨੇ ਆਪਣੀ ਜਵਾਨ ਕੁੜੀ ਸਮੇਤ ਵਤਨ ਜਾਣਾ ਸੀ। ਪਰ ਉਸਦੇ ਕੋਲ ਕਿਉਂਕਿ ਕਿਰਾਇਆ ਹੀ ਨਹੀਂ ਸੀ ਇਸ ਲਈ ਉਹ ਬੇਵਸੀ ਦੀ ਹਾਲਤ ਵਿੱਚ ਪਈ ਸੀ। ਸੌਗੰਧੀ ਨੇ ਕੱਲ ਹੀ ਉਹਨੂੰ ਢਾਰਸ ਦਿੱਤੀ ਸੀ ਅਤੇ ਉਸ ਨੂੰ ਕਿਹਾ ਸੀ, "ਭੈਣ ਤੂੰ ਚਿੰਤਾ ਨਾ ਕਰ। ਮੇਰਾ ਮਰਦ ਪੂਨੇ ਤੋਂ ਆਉਣ ਹੀ ਵਾਲਾ ਹੈ, ਮੈਂ ਉਸ ਤੋਂ ਕੁੱਝ ਰੁਪਏ ਲੈ ਕੇ ਤੇਰੇ ਜਾਣ ਦਾ ਬੰਦੋਬਸਤ ਕਰ ਦੇਵਾਂਗੀ।"

ਮਾਧਵ ਪੂਨਾ ਤੋਂ ਆਉਣ ਵਾਲਾ ਸੀ। ਮਗਰ ਰੁਪਿਆਂ ਦਾ ਬੰਦੋਬਸਤ ਤਾਂ ਸੌਗੰਧੀ ਨੇ ਹੀ ਕਰਨਾ ਸੀ। ਇਸ ਲਈ ਉਹ ਉੱਠੀ ਅਤੇ ਜਲਦੀ ਜਲਦੀ ਕੱਪੜੇ ਤਬਦੀਲ ਕਰਨ ਲੱਗੀ। ਪੰਜ ਮਿੰਟਾਂ ਵਿੱਚ ਉਸਨੇ ਧੋਤੀ ਉਤਾਰ ਕੇ ਫੁੱਲਾਂ ਵਾਲੀ ਸਾੜ੍ਹੀ ਪਹਿਨੀ ਅਤੇ ਗੱਲ੍ਹਾਂ `ਤੇ ਸੁਰਖ਼ ਪੋਡਰ ਲਗਾ ਕੇ ਤਿਆਰ ਹੋ ਗਈ। ਘੜੇ ਦੇ ਠੰਡੇ ਪਾਣੀ ਦਾ ਇੱਕ ਅਤੇ ਡੋਂਗਾ ਪੀਤਾ ਅਤੇ ਰਾਮਲਾਲ ਦੇ ਨਾਲ਼ ਹੋ ਲਈ।

ਗਲੀ ਜੋ ਕਿ ਛੋਟੇ ਸ਼ਹਿਰਾਂ ਦੇ ਬਜ਼ਾਰ ਨਾਲ਼ੋਂ ਵੀ ਕੁੱਝ ਵੱਡੀ ਸੀ। ਬਿਲਕੁਲ ਖ਼ਾਮੋਸ਼ ਜਿਹੀ ਗੈਸ ਦੇ ਉਹ ਲੈਂਪ ਜੋ ਖੰਭਿਆਂ `ਤੇ ਜੜੇ ਸਨ ਪਹਿਲਾਂ ਦੀ ਨਿਸਬਤ ਬਹੁਤ ਧੁੰਦਲੀ ਰੌਸ਼ਨੀ ਦੇ ਰਹੇ ਸਨ। ਲੜਾਈ ਦੇ ਸਬੱਬ ਉਨ੍ਹਾਂ ਦੇ ਸ਼ੀਸ਼ਿਆਂ ਨੂੰ ਮਟਿਆਲਾ ਕਰ ਦਿੱਤਾ ਗਿਆ ਸੀ। ਇਸ ਅੰਨ੍ਹੀ ਰੌਸ਼ਨੀ ਵਿੱਚ ਗਲੀ ਦੇ ਆਖ਼ਰੀ ਸਿਰੇ `ਤੇ ਇੱਕ ਮੋਟਰ ਨਜ਼ਰ ਆ ਰਹੀ ਸੀ।

ਕਮਜ਼ੋਰ ਰੌਸ਼ਨੀ ਵਿੱਚ ਉਸਨੂੰ ਸਿਆਹ ਰੰਗ ਦੀ ਮੋਟਰ ਦਾ ਸਾਇਆ ਜਿਹਾ ਨਜ਼ਰ ਆਇਆ ਅਤੇ ਰਾਤ ਦੇ ਪਿਛਲੇ ਪਹਿਰ ਦੀ ਭੇਤਾਂ ਭਰੀ ਖ਼ਾਮੋਸ਼ੀ ... ਸੌਗੰਧੀ ਨੂੰ ਅਜਿਹਾ ਲੱਗਾ ਕਿ ਉਸਦੇ ਸਿਰ ਦਾ ਦਰਦ ਫ਼ਿਜ਼ਾ `ਤੇ ਵੀ ਛਾ ਗਿਆ ਹੈ। ਇੱਕ ਕਸੈਲਾਪਣ ਉਸਨੂੰ ਹਵਾ ਦੇ ਅੰਦਰ ਵੀ ਮਹਿਸੂਸ ਹੁੰਦਾ ਸੀ ਜਿਵੇਂ ਬਰਾਂਡੀ ਅਤੇ ਬੇਵੜਾ ਦੀ ਬਾਸ ਨਾਲ਼ ਉਹ ਬੋਝਲ ਹੋ ਰਹੀ ਹੈ।

ਅੱਗੇ ਵੱਧ ਕੇ ਰਾਮਲਾਲ ਨੇ ਮੋਟਰ ਦੇ ਅੰਦਰ ਬੈਠਦੇ ਹੋਏ ਆਦਮੀਆਂ ਨੂੰ ਕੁੱਝ ਕਿਹਾ। ਐਨੇ ਵਿੱਚ ਜਦੋਂ ਸੌਗੰਧੀ ਮੋਟਰ ਦੇ ਕੋਲ ਪਹੁੰਚ ਗਈ ਤਾਂ ਰਾਮਲਾਲ ਨੇ ਇੱਕ ਤਰਫ਼ ਹੱਟ ਕੇ ਕਿਹਾ, "ਲਓ ਉਹ ਆ ਗਈ।"

"ਬੜੀ ਚੰਗੀ ਛੋਕਰੀ ਹੈ। ਥੋੜ੍ਹੇ ਹੀ ਦਿਨ ਹੋਏ ਹਨ ਇਸਨੂੰ ਧੰਦਾ ਸ਼ੁਰੂ ਕੀਤੇ।" ਫਿਰ ਸੌਗੰਧੀ ਨੂੰ ਮੁਖ਼ਾਤਬ ਹੋ ਕੇ ਕਿਹਾ, "ਸੌਗੰਧੀ, ਏਧਰ ਆਓ ਸੇਠ ਜੀ ਬੁਲਾਉਂਦੇ ਹਨ।"

ਸੌਗੰਧੀ ਸਾੜ੍ਹੀ ਦਾ ਇੱਕ ਕਿਨਾਰਾ ਆਪਣੀ ਉਂਗਲ `ਤੇ ਲਪੇਟਦੀ ਹੋਈ ਅੱਗੇ ਵਧੀ ਅਤੇ ਮੋਟਰ ਦੇ ਦਰਵਾਜ਼ੇ ਦੇ ਕੋਲ ਖੜੀ ਹੋ ਗਈ। ਸੇਠ ਸਾਹਿਬ ਨੇ ਬੈਟਰੀ ਉਸਦੇ ਚਿਹਰੇ ਦੇ ਕੋਲ ਰੌਸ਼ਨ ਕੀਤੀ। ਇੱਕ ਪਲ ਲਈ ਉਸ ਰੌਸ਼ਨੀ ਨੇ ਸੌਗੰਧੀ ਦੀਆਂ ਨਸ਼ਿਆਈਆਂ ਅੱਖਾਂ ਵਿੱਚ ਚਕਾਚੌਂਦ ਪੈਦਾ ਕੀਤੀ। ਬਟਨ ਦਬਾਣ ਦੀ ਅਵਾਜ਼ ਪੈਦਾ ਹੋਈ ਅਤੇ ਬੁਝ ਗਈ। ਨਾਲ਼ ਹੀ ਸੇਠ ਦੇ ਮੂੰਹੋਂ "ਊਂਹ" ਨਿਕਲਿਆ। ਫਿਰ ਇੱਕ ਮੋਟਰ ਦਾ ਇੰਜਨ ਫੜਫੜਾਇਆ ਅਤੇ ਕਾਰ ਇਹ ਗਈ ਉਹ ਗਈ ...

ਸੌਗੰਧੀ ਕੁੱਝ ਸੋਚ ਵੀ ਨਹੀਂ ਸਕੀ ਸੀ ਕਿ ਮੋਟਰ ਚਲੀ ਗਈ। ਉਸਦੀਆਂ ਅੱਖਾਂ ਵਿੱਚ ਅਜੇ ਤੱਕ ਬੈਟਰੀ ਦੀ ਤੇਜ਼ ਰੌਸ਼ਨੀ ਵੜੀ ਹੋਈ ਸੀ। ਉਹ ਠੀਕ ਤਰ੍ਹਾਂ ਸੇਠ ਦਾ ਚਿਹਰਾ ਵੀ ਤਾਂ ਨਹੀਂ ਵੇਖ ਸਕੀ ਸੀ। ਇਹ ਆਖ਼ਰ ਹੋਇਆ ਕੀ ਸੀ। ਇਸ ਊਂਹ ਦਾ ਕੀ ਮਤਲਬ ਸੀ। ਜੋ ਅਜੇ ਤੱਕ ਉਸਦੇ ਕੰਨਾਂ ਵਿੱਚ ਭਿਨਭਿਨਾ ਰਹੀ ਸੀ। ਕੀ? ... ਕੀ?

ਰਾਮਲਾਲ ਦਲਾਲ ਦੀ ਅਵਾਜ਼ ਸੁਣਾਈ ਦਿੱਤੀ, "ਪਸੰਦ ਨਹੀਂ ਕੀਤਾ ਤੈਨੂੰ। ਦੋ ਘੰਟੇ ਮੁਫ਼ਤ ਵਿੱਚ ਹੀ ਬਰਬਾਦ ਕੀਤੇ।"

ਇਹ ਸੁਣ ਕੇ ਸੌਗੰਧੀ ਦੀਆਂ ਟੰਗਾਂ ਵਿੱਚ, ਉਸਦੀਆਂ ਬਾਂਹਾਂ ਵਿੱਚ, ਉਸਦੇ ਹੱਥਾਂ ਵਿੱਚ ਇੱਕ ਜ਼ਬਰਦਸਤ ਹਰਕਤ ਦਾ ਇਰਾਦਾ ਪੈਦਾ ਹੋਇਆ। ਕਿੱਥੇ ਸੀ ਉਹ ਮੋਟਰ ... ਕਿੱਥੇ ਸੀ ਉਹ ਸੇਠ ... ਤਾਂ ਊਂਹ ਦਾ ਮਤਲਬ ਇਹ ਸੀ ਕਿ ਉਸਨੇ ਮੈਨੂੰ ਪਸੰਦ ਨਹੀਂ ਕੀਤਾ ... ਉਸਦੀ ...

ਗਾਲ੍ਹ ਉਸਦੇ ਢਿੱਡ ਦੇ ਅੰਦਰ ਉੱਠੀ ਅਤੇ ਜ਼ਬਾਨ ਦੀ ਨੋਕ `ਤੇ ਆ ਕੇ ਰੁਕ ਗਈ। ਉਹ ਆਖ਼ਰ ਗਾਲ੍ਹ ਕਿਸ ਨੂੰ ਦਿੰਦੀ, ਮੋਟਰ ਤਾਂ ਜਾ ਚੁੱਕੀ ਸੀ। ਉਸਦੀ ਦੁਮ ਦੀ ਸੁਰਖ਼ ਬੱਤੀ ਉਸਦੇ ਸਾਹਮਣੇ ਬਜ਼ਾਰ ਦੇ ਹਨੇਰੇ ਵਿੱਚ ਡੁੱਬ ਰਹੀ ਸੀ ਅਤੇ ਸੌਗੰਧੀ ਨੂੰ ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਇਹ ਲਾਲ ਲਾਲ ਅੰਗਾਰਾ ਊਂਹ ਹੈ ਜੋ ਉਸਦੇ ਸੀਨੇ ਵਿੱਚ ਬਰਮੇ ਦੀ ਤਰ੍ਹਾਂ ਉਤਰਿਆ ਚਲਾ ਜਾ ਰਿਹਾ ਹੈ। ਉਸ ਦੇ ਜੀ ਵਿੱਚ ਆਇਆ ਕਿ ਜ਼ੋਰ ਨਾਲ਼ ਪੁਕਾਰੇ, "ਓ ਸੇਠ, ਜਰਾ ਮੋਟਰ ਰੋਕਣਾ ਆਪਣੀ ... ਬਸ ਇੱਕ ਮਿੰਟ ਦੇ ਲਈ।"

ਉਹ ਸੁੰਨਸਾਨ ਬਜ਼ਾਰ ਵਿੱਚ ਖੜੀ ਸੀ। ਫੁੱਲਾਂ ਵਾਲੀ ਸਾੜ੍ਹੀ ਜੋ ਉਹ ਖ਼ਾਸ ਖ਼ਾਸ ਮੌਕੀਆਂ `ਤੇ ਪਾਇਆ ਕਰਦੀ ਸੀ, ਰਾਤ ਦੇ ਪਿਛਲੇ ਪਹਿਰ ਦੀ ਹਲਕੀ ਹਲਕੀ ਹਵਾ ਨਾਲ਼ ਲਹਿਰਾ ਰਹੀ ਸੀ। ਇਹ ਸਾੜ੍ਹੀ ਅਤੇ ਇਸਦੀ ਰੇਸ਼ਮੀ ਸਰਸਰਾਹਟ ਸੌਗੰਧੀ ਨੂੰ ਕਿੰਨੀ ਬੁਰੀ ਲੱਗਦੀ ਸੀ। ਉਹ ਚਾਹੁੰਦੀ ਸੀ ਕਿ ਇਸ ਸਾੜ੍ਹੀ ਦੇ ਚੀਥੜੇ ਉੱਡਾ ਦੇਵੇ ਕਿਉਂਕਿ ਸਾੜ੍ਹੀ ਹਵਾ ਵਿੱਚ ਲਹਿਰਾ ਲਹਿਰਾ ਕੇ ਊਂਹ ਊਂਹ ਕਰ ਰਹੀ ਸੀ।

ਗੱਲ੍ਹਾਂ `ਤੇ ਉਸਨੇ ਪੋਡਰ ਲਗਾਇਆ ਸੀ ਅਤੇ ਬੁੱਲ੍ਹਾਂ`ਤੇ ਸੁਰਖੀ। ਜਦੋਂ ਉਸਨੂੰ ਖ਼ਿਆਲ ਆਇਆ ਕਿ ਇਹ ਸ਼ਿੰਗਾਰ ਉਸਨੇ ਆਪਣੇ ਆਪ ਨੂੰ ਪਸੰਦ ਕਰਾਉਣ ਦੇ ਵਾਸਤੇ ਕੀਤਾ ਸੀ ਤਾਂ ਸ਼ਰਮ ਦੇ ਮਾਰੇ ਉਸਨੂੰ ਮੁੜ੍ਹਕਾ ਆ ਗਿਆ। ਇਹ ਸ਼ਰਮਿੰਦਗੀ ਦੂਰ ਕਰਨ ਲਈ ਉਸਨੇ ਕੁੱਝ ਸੋਚਿਆ ... ਮੈਂ ਇਸ ਮੋਏ ਨੂੰ ਵਿਖਾਉਣ ਲਈ ਥੋੜ੍ਹੀ ਆਪਣੇ ਆਪ ਨੂੰ ਸਜਾਇਆ ਸੀ। ਇਹ ਤਾਂ ਮੇਰੀ ਆਦਤ ਹੈ ... ਮੇਰੀ ਕੀ ਸਭ ਦੀ ਇਹੀ ਆਦਤ ਹੈ ... `ਤੇ ... `ਤੇ ... ਇਹ ਰਾਤ ਦੇ ਦੋ ਵਜੇ ਅਤੇ ਰਾਮਲਾਲ ਦਲਾਲ ਅਤੇ ... ਇਹ ਬਜ਼ਾਰ ... ਅਤੇ ਉਹ ਮੋਟਰ ਅਤੇ ਬੈਟਰੀ ਦੀ ਚਮਕ ... ਇਹ ਸੋਚਦੇ ਹੀ ਰੌਸ਼ਨੀ ਦੇ ਧੱਬੇ ਉਸਦੀ ਨਜ਼ਰ ਦੀ ਹੱਦ ਤੱਕ ਫ਼ਿਜ਼ਾ ਵਿੱਚ ਏਧਰ ਉੱਧਰ ਤੈਰਨ ਲੱਗੇ ਅਤੇ ਮੋਟਰ ਦੇ ਇੰਜਨ ਦੀ ਫੜਫੜਾਹਟ ਉਸਨੂੰ ਹਵਾ ਦੇ ਹਰ ਝੋਂਕੇ ਵਿੱਚ ਸੁਣਾਈ ਦੇਣ ਲੱਗੀ।

ਉਸਦੇ ਮੱਥੇ `ਤੇ ਬਾਮ ਦਾ ਲੇਪ ਜੋ ਸ਼ਿੰਗਾਰ ਕਰਨ ਦੇ ਦੌਰਾਨ ਬਿਲਕੁਲ ਹਲਕਾ ਹੋ ਗਿਆ ਸੀ, ਮੁੜ੍ਹਕਾ ਆਉਣ ਦੇ ਸਬੱਬ ਉਸਦੇ ਮੁਸਾਮਾਂ ਵਿੱਚ ਦਾਖ਼ਲ ਹੋਣ ਲੱਗਾ ਅਤੇ ਸੌਗੰਧੀ ਨੂੰ ਆਪਣਾ ਮੱਥਾ ਕਿਸੇ ਹੋਰ ਦਾ ਮੱਥਾ ਲੱਗਿਆ। ਜਦੋਂ ਹਵਾ ਦਾ ਇੱਕ ਝੋਂਕਾ ਉਸਦੇ ਅਰਕ ਆਲੂਦ ਮੱਥੇ ਦੇ ਕੋਲੋਂ ਗੁਜ਼ਰਿਆ ਤਾਂ ਉਸਨੂੰ ਅਜਿਹਾ ਲੱਗਾ ਕਿ ਠੰਡਾ ਠੰਡਾ ਟੀਨ ਦਾ ਟੁਕੜਾ ਕੱਟ ਕੇ ਉਸਦੇ ਮੱਥੇ ਦੇ ਨਾਲ਼ ਚਸਪਾਂ ਕਰ ਦਿੱਤਾ ਗਿਆ ਹੈ। ਸਿਰ ਵਿੱਚ ਦਰਦ ਉਂਜ ਦਾ ਉਂਜ ਮੌਜੂਦ ਸੀ ਮਗਰ ਖ਼ਿਆਲਾਂ ਦੀ ਭੀੜ ਭਾੜ ਅਤੇ ਉਨ੍ਹਾਂ ਦੇ ਸ਼ੋਰ ਨੇ ਇਸ ਦਰਦ ਨੂੰ ਆਪਣੇ ਹੇਠਾਂ ਦੱਬ ਰੱਖਿਆ ਸੀ।

ਸੌਗੰਧੀ ਨੇ ਕਈ ਵਾਰ ਇਸ ਦਰਦ ਨੂੰ ਆਪਣੇ ਖ਼ਿਆਲਾਂ ਦੇ ਹੇਠੋਂ ਕੱਢ ਕੇ ਉੱਪਰ ਲਿਆਉਣਾ ਚਾਹਿਆ ਮਗਰ ਨਾਕਾਮ ਰਹੀ। ਉਹ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਸਦਾ ਅੰਗ ਅੰਗ ਦੁਖਣ ਲੱਗੇ, ਉਸਦੇ ਸਿਰ ਵਿੱਚ ਦਰਦ ਹੋਵੇ, ਉਸਦੀਆਂ ਟੰਗਾਂ ਵਿੱਚ ਦਰਦ ਹੋਵੇ, ਉਸਦੇ ਢਿੱਡ ਵਿੱਚ ਦਰਦ ਹੋਵੇ, ਉਸਦੀਆਂ ਬਾਂਹਾਂ ਵਿੱਚ ਦਰਦ ਹੋਵੇ। ਅਜਿਹਾ ਦਰਦ ਕਿ ਉਹ ਸਿਰਫ ਦਰਦ ਹੀ ਦਾ ਖ਼ਿਆਲ ਕਰੇ ਹੋਰ ਸਭ ਕੁੱਝ ਭੁੱਲ ਜਾਵੇ। ਇਹ ਸੋਚਦੇ ਸੋਚਦੇ ਉਸਦੇ ਦਿਲ ਵਿੱਚ ਕੁੱਝ ਹੋਇਆ ... ਕੀ ਇਹ ਦਰਦ ਸੀ? ਇੱਕ ਪਲ ਲਈ ਉਸਦਾ ਦਿਲ ਸੁੰਗੜਿਆ ਅਤੇ ਫਿਰ ਫੈਲ ਗਿਆ ... ਇਹ ਕੀ ਸੀ? ਲਾਹਨਤ! ਇਹ ਤਾਂ ਉਹੀ ਊਂਹ ਸੀ ਜੋ ਉਸਦੇ ਦਿਲ ਦੇ ਅੰਦਰ ਕਦੇ ਸੁੰਗੜਦੀ ਸੀ ਅਤੇ ਕਦੇ ਫੈਲਦੀ ਸੀ।

ਘਰ ਵੱਲ ਸੌਗੰਧੀ ਦੇ ਕਦਮ ਉੱਠੇ ਹੀ ਸਨ ਕਿ ਰੁਕ ਗਏ ਅਤੇ ਉਹ ਰੁੱਕ ਕੇ ਸੋਚਣ ਲੱਗੀ, ਰਾਮ ਲਾਲ ਦਲਾਲ ਦਾ ਖ਼ਿਆਲ ਹੈ ਕਿ ਉਸਨੂੰ ਮੇਰੀ ਸ਼ਕਲ ਪਸੰਦ ਨਹੀਂ ਆਈ ... ਸ਼ਕਲ ਦਾ ਤਾਂ ਉਸਨੇ ਜ਼ਿਕਰ ਨਹੀਂ ਕੀਤਾ। ਉਸਨੇ ਤਾਂ ਇਹ ਕਿਹਾ ਸੀ, ਸੌਗੰਧੀ ਤੈਨੂੰ ਪਸੰਦ ਨਹੀਂ ਕੀਤਾ! ਉਸਨੂੰ ... ਉਸਨੂੰ ... ਸਿਰਫ ਮੇਰੀ ਸ਼ਕਲ ਹੀ ਪਸੰਦ ਨਹੀਂ ਆਈ ਤਾਂ ਕੀ ਹੋਇਆ? ਮੈਨੂੰ ਵੀ ਤਾਂ ਕਈ ਬੰਦਿਆਂ ਦੀ ਸ਼ਕਲ ਪਸੰਦ ਨਹੀਂ ਆਉਂਦੀ ...

ਉਹ ਜੋ ਮੱਸਿਆ ਦੀ ਰਾਤ ਨੂੰ ਆਇਆ ਸੀ। ਕਿੰਨੀ ਬੁਰੀ ਸੂਰਤ ਜਿਹੀ ਉਸਦੀ ... ਕੀ ਮੈਂ ਨੱਕ-ਭੌਂ ਨਹੀਂ ਚੜ੍ਹਾਇਆ ਸੀ? ਜਦੋਂ ਉਹ ਮੇਰੇ ਨਾਲ਼ ਸੌਣ ਲੱਗਾ ਸੀ ਤਾਂ ਮੈਨੂੰ ਨਫ਼ਰਤ ਨਹੀਂ ਆਈ ਸੀ? ਕੀ ਮੈਨੂੰ ਉਲਟੀ ਆਉਂਦੇ ਆਉਂਦੇ ਨਹੀਂ ਰੁਕ ਗਈ ਸੀ? ਠੀਕ ਹੈ, ਪਰ ਸੌਗੰਧੀ ... ਤੂੰ ਉਸਨੂੰ ਧੁਤਕਾਰਿਆ ਨਹੀਂ ਸੀ। ਤੂੰ ਉਸ ਨੂੰ ਠੁਕਰਾਇਆ ਨਹੀਂ ਸੀ ... ਉਸ ਮੋਟਰ ਵਾਲੇ ਸੇਠ ਨੇ ਤਾਂ ਤੇਰੇ ਮੂੰਹ `ਤੇ ਥੁੱਕਿਆ ਹੈ ... ਊਂਹ ... ਇਸ ਊਂਹ ਦਾ ਹੋਰ ਮਤਲਬ ਹੀ ਕੀ ਹੈ? ਇਹੀ ਕਿ ਇਸ ਛਛੂੰਦਰ ਦੇ ਸਿਰ ਵਿੱਚ ਚੰਬੇਲੀ ਦਾ ਤੇਲ ... ਊਂਹ ... ਇਹ ਮੂੰਹ ਅਤੇ ਮਸੁਰ ਦੀ ਦਾਲ ... ਓਏ ਰਾਮਲਾਲ ਤੂੰ ਇਹ ਕਿਰਲੀ ਕਿੱਥੋ ਫੜ ਕੇ ਲੈ ਆਇਆ ਹੈਂ ... ਇਸ ਲੌਂਡੀਆ ਦੀ ਇੰਨੀ ਤਾਰੀਫ਼ ਕਰ ਰਿਹਾ ਹੈ ਤੂੰ ... ਦਸ ਰੁਪਏ ਅਤੇ ਇਹ ਔਰਤ ... ਖ਼ੱਚਰ ਕੀ ਬੁਰੀ ਹੈ।

ਸੌਗੰਧੀ ਸੋਚ ਰਹੀ ਸੀ ਅਤੇ ਉਸਦੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਗਰਮ ਲਹਿਰਾਂ ਦੌੜ ਰਹੀਆਂ ਸਨ। ਉਹਨੂੰ ਕਦੇ ਆਪਣੇ ਆਪ `ਤੇ ਗੁੱਸਾ ਆਉਂਦਾ ਸੀ, ਕਦੇ ਰਾਮਲਾਲ ਦਲਾਲ `ਤੇ ਜਿਸ ਨੇ ਰਾਤ ਦੇ ਦੋ ਵਜੇ ਉਸਨੂੰ ਬੇਆਰਾਮ ਕੀਤਾ। ਪਰ ਫ਼ੌਰਨ ਹੀ ਦੋਨਾਂ ਨੂੰ ਬੇਕਸੂਰ ਪਾ ਕੇ ਉਹ ਸੇਠ ਦਾ ਖ਼ਿਆਲ ਕਰਦੀ ਸੀ।

ਇਸ ਖ਼ਿਆਲ ਦੇ ਆਉਂਦੇ ਹੀ ਉਸਦੀਆਂ ਅੱਖਾਂ, ਉਸਦੇ ਕੰਨ, ਉਸਦੀਆਂ ਬਾਂਹਾਂ, ਉਸਦੀਆਂ ਟੰਗਾਂ, ਉਸਦਾ ਸਭ ਕੁੱਝ ਮੁੜਦਾ ਸੀ ਕਿ ਉਸ ਸੇਠ ਨੂੰ ਕਿਤੇ ਵੇਖ ਪਾਏ ... ਉਸਦੇ ਅੰਦਰ ਖ਼ਾਹਿਸ਼ ਵੱਡੀ ਸ਼ਿੱਦਤ ਨਾਲ਼ ਪੈਦਾ ਹੋ ਰਹੀ ਸੀ ਕਿ ਜੋ ਕੁੱਝ ਹੋ ਚੁੱਕਿਆ ਹੈ ਇੱਕ ਵਾਰ ਫਿਰ ਹੋਵੇ ... ਸਿਰਫ ਇੱਕ ਵਾਰ ... ਉਹ ਸਹਿਜੇ-ਸਹਿਜੇ ਮੋਟਰ ਵੱਲ ਵਧੇ। ਮੋਟਰ ਦੇ ਅੰਦਰੋਂ ਇੱਕ ਹੱਥ ਬੈਟਰੀ ਕੱਢੇ ਅਤੇ ਉਸਦੇ ਚਿਹਰੇ `ਤੇ ਰੌਸ਼ਨੀ ਸੁੱਟੇ। ਊਂਹ ਦੀ ਅਵਾਜ਼ ਆਏ ਅਤੇ ਉਹ ... ਸੌਗੰਧੀ ਅੰਧਾਧੁੰਦ ਆਪਣੇ ਦੋਨਾਂ ਪੰਜਿਆਂ ਨਾਲ਼ ਉਸਦਾ ਮੂੰਹ ਨੋਚਣਾ ਸ਼ੁਰੂ ਕਰ ਦੇਵੇ। ਵਹਿਸ਼ੀ ਬਿੱਲੀ ਦੀ ਤਰ੍ਹਾਂ ਝਪਟੇ ਅਤੇ ... ਅਤੇ ਆਪਣੀਆਂ ਉਂਗਲੀਆਂ ਦੇ ਸਾਰੇ ਨਹੁੰ ਜੋ ਉਸਨੇ ਮੌਜੂਦਾ ਫ਼ੈਸ਼ਨ ਦੇ ਮੁਤਾਬਕ ਵਧਾ ਰੱਖੇ ਸਨ, ਉਸ ਸੇਠ ਦੀਆਂ ਗੱਲ੍ਹਾਂ ਵਿੱਚ ਗੱਡ ਦੇਵੇ... ਵਾਲ਼ਾਂ ਤੋੰ ਫੜ ਕੇ ਉਸਨੂੰ ਬਾਹਰ ਘਸੀਟ ਲਵੇ ਅਤੇ ਧੜਾ ਧੜ ਮੁੱਕੇ ਮਾਰਨਾ ਸ਼ੁਰੂ ਕਰ ਦੇ ਅਤੇ ਜਦੋਂ ਥੱਕ ਜਾਵੇ ... ਜਦੋਂ ਥੱਕ ਜਾਵੇ ਤਾਂ ਰੋਣਾ ਸ਼ੁਰੂ ਕਰ ਦੇਵੇ।

ਰੋਣ ਦਾ ਖ਼ਿਆਲ ਸੌਗੰਧੀ ਨੂੰ ਸਿਰਫ ਇਸ ਲਈ ਆਇਆ ਕਿ ਉਸਦੀਆਂ ਅੱਖਾਂ ਵਿੱਚ ਗੁੱਸੇ ਅਤੇ ਬੇਬਸੀ ਦੀ ਸ਼ਿੱਦਤ ਦੇ ਸਬੱਬ ਤਿੰਨ-ਚਾਰ ਵੱਡੇ ਵੱਡੇ ਅੱਥਰੂ ਬਣ ਰਹੇ ਸਨ। ਅਚਾਨਕ ਸੌਗੰਧੀ ਨੇ ਆਪਣੀਆਂ ਅੱਖਾਂ ਨੂੰ ਸਵਾਲ ਕੀਤਾ। ਤੁਸੀਂ ਰੋਦੀਆਂ ਕਿਉਂ ਹੋ? ਤੁਹਾਨੂੰ ਕੀ ਹੋਇਆ ਹੈ ਕਿ ਟਪਕਣ ਲੱਗੀਆਂ ਹੋ? ਅੱਖਾਂ ਨੂੰ ਕੀਤਾ ਹੋਇਆ ਸਵਾਲ ਕੁਝ ਪਲਾਂ ਤੱਕ ਉਨ੍ਹਾਂ ਅੱਥਰੂਆਂ ਵਿੱਚ ਤੈਰਦਾ ਰਿਹਾ ਜੋ ਹੁਣ ਪਲਕਾਂ ਉੱਪਰ ਕੰਬ ਰਹੇ ਸਨ। ਸੌਗੰਧੀ ਉਨ੍ਹਾਂ ਹੰਝੂਆਂ ਵਿੱਚੋਂ ਦੇਰ ਤੱਕ ਉਸ ਖਲਾ ਨੂੰ ਘੂਰਦੀ ਰਹੀ ਜਿਧਰ ਸੇਠ ਦੀ ਮੋਟਰ ਗਈ ਸੀ।

ਫੜ ਫੜ ਫੜ ... ਇਹ ਅਵਾਜ਼ ਕਿੱਥੋ ਆਈ? ਸੌਗੰਧੀ ਨੇ ਚੌਂਕ ਕੇ ਏਧਰ ਉੱਧਰ ਵੇਖਿਆ ਪਰ ਕੋਈ ਨਹੀਂ ਸੀ ... ਓਏ ਇਹ ਤਾਂ ਉਸਦਾ ਦਿਲ ਫੜ ਫੜਾਇਆ ਸੀ। ਉਹ ਸਮਝੀ ਸੀ ਮੋਟਰ ਦਾ ਇੰਜਨ ਬੋਲਿਆ ਹੈ ... ਉਸਦਾ ਦਿਲ ... ਇਹ ਕੀ ਹੋ ਗਿਆ ਸੀ ਉਸਦੇ ਦਿਲ ਨੂੰ! ਅੱਜ ਹੀ ਰੋਗ ਲੱਗ ਗਿਆ ਸੀ ਉਸਨੂੰ ... ਅੱਛਾ ਭਲਾ ਚੱਲਦਾ ਚੱਲਦਾ ਇੱਕ ਜਗ੍ਹਾ ਰੁਕ ਕੇ ਧੜ ਧੜ ਕਿਉਂ ਕਰਦਾ ਸੀ ... ਬਿਲਕੁਲ ਉਸਨੂੰ ਘਸੇ ਹੋਏ ਰਿਕਾਰਡ ਦੀ ਤਰ੍ਹਾਂ ਜੋ ਸੂਈ ਦੇ ਹੇਠਾਂ ਇੱਕ ਜਗ੍ਹਾ ਆਕੇ ਰੁਕ ਜਾਂਦਾ ਹੈ, ਰਾਤ ਕਟੀ ਗਿਣ ਗਿਣ ਤਾਰੇ ਕਹਿੰਦਾ ਕਹਿੰਦਾ ਤਾਰੇ ਤਾਰੇ ਦੀ ਰੱਟ ਲੱਗਾ ਦਿੰਦਾ ਸੀ।

ਅਸਮਾਨ ਤਾਰਿਆਂ ਨਾਲ਼ ਅੱਟਿਆ ਹੋਇਆ ਸੀ। ਸੌਗੰਧੀ ਨੇ ਉਨ੍ਹਾਂ ਵੱਲ ਵੇਖਿਆ ਅਤੇ ਕਿਹਾ ਕਿੰਨੇ ਸੁੰਦਰ ਹਨ ... ਉਹ ਚਾਹੁੰਦੀ ਸੀ ਕਿ ਆਪਣਾ ਧਿਆਨ ਕਿਸੇ ਹੋਰ ਤਰਫ਼ ਪਲਟ ਦੇਵੇ। `ਤੇ ਜਦੋਂ ਉਸਨੇ ਸੁੰਦਰ ਕਿਹਾ ਤਾਂ ਝੱਟ ਇਹ ਖ਼ਿਆਲ ਉਸਦੇ ਦਿਮਾਗ਼ ਵਿੱਚ ਕੁੱਦਿਆ। ਇਹ ਤਾਰੇ ਸੁੰਦਰ ਹਨ `ਤੇ ਤੂੰ ਕਿੰਨੀ ਭੌਂਡੀ ਹੈਂ... ਕੀ ਭੁੱਲ ਗਈ ਹੁਣੇ ਹੁਣੇ ਤੇਰੀ ਸੂਰਤ ਨੂੰ ਫਿਟਕਾਰਿਆ ਗਿਆ ਹੈ?

ਸੌਗੰਧੀ ਬਦਸੂਰਤ ਤਾਂ ਨਹੀਂ ਸੀ। ਇਹ ਖ਼ਿਆਲ ਆਉਂਦੇ ਹੀ ਉਹ ਤਮਾਮ ਅਕਸ ਇੱਕ ਇੱਕ ਕਰਕੇ ਉਸਦੀਆਂ ਅੱਖਾਂ ਦੇ ਸਾਹਮਣੇ ਆਉਣ ਲੱਗੇ, ਜੋ ਇਨ੍ਹਾਂ ਪੰਜ ਵਰ੍ਹਿਆਂ ਦੇ ਦੌਰਾਨ ਉਹ ਆਈਨੇ ਵਿੱਚ ਵੇਖ ਚੁੱਕੀ ਸੀ। ਇਸ ਵਿੱਚ ਸ਼ਕ ਨਹੀਂ ਕਿ ਉਸਦਾ ਰੰਗ-ਰੂਪ ਹੁਣ ਉਹ ਨਹੀਂ ਰਿਹਾ ਸੀ ਜੋ ਅੱਜ ਤੋਂ ਪੰਜ ਸਾਲ ਪਹਿਲਾਂ ਸੀ ਜਦੋਂ ਉਹ ਤਮਾਮ ਫ਼ਿਕਰਾਂ ਤੋਂ ਅਜ਼ਾਦ ਆਪਣੇ ਮਾਪਿਆਂ ਦੇ ਨਾਲ਼ ਰਿਹਾ ਕਰਦੀ ਸੀ। ਪਰ ਉਹ ਬਦਸੂਰਤ ਤਾਂ ਨਹੀਂ ਹੋ ਗਈ ਸੀ। ਉਸਦੀ ਸ਼ਕਲ-ਸੂਰਤ ਉਨ੍ਹਾਂ ਆਮ ਔਰਤਾਂ ਜਿਹੀ ਸੀ ਜਿਨ੍ਹਾਂ ਵੱਲ ਮਰਦ ਲੰਘਦੇ ਲੰਘਦੇ ਘੂਰ ਕੇ ਵੇਖ ਲਿਆ ਕਰਦੇ ਹਨ। ਉਸ ਵਿੱਚ ਉਹ ਤਮਾਮ ਖੂਬੀਆਂ ਮੌਜੂਦ ਸਨ ਜੋ ਸੌਗੰਧੀ ਦੇ ਖ਼ਿਆਲ ਵਿੱਚ ਹਰ ਮਰਦ ਉਸ ਔਰਤ ਵਿੱਚ ਜ਼ਰੂਰੀ ਸਮਝਦਾ ਹੈ ਜਿਸਦੇ ਨਾਲ਼ ਉਸ ਨੇ ਇੱਕ ਦੋ ਰਾਤਾਂ ਬਸਰ ਕਰਨੀਆਂ ਹੁੰਦੀਆਂ ਹਨ। ਉਹ ਜਵਾਨ ਸੀ, ਉਸਦੇ ਅੰਗ ਸਮਅਨੁਪਾਤੀ ਸਨ। ਕਦੇ ਕਦੇ ਨਹਾਂਦੇ ਵਕਤ ਜਦੋਂ ਉਸਦੀ ਨਜ਼ਰਾਂ ਆਪਣੇ ਪੱਟਾਂ`ਤੇ ਪੈਂਦੀਆਂ ਸਨ ਤਾਂ ਉਹ ਖ਼ੁਦ ਉਨ੍ਹਾਂ ਦੀਆਂ ਗੋਲਾਈਆਂ ਅਤੇ ਗੁਦਗੁਦਾਹਟ ਨੂੰ ਪਸੰਦ ਕਰਿਆ ਕਰਦੀ ਸੀ।

ਉਹਦਾ ਸੁਭਾਅ ਮਨਮੋਹਕ ਸੀ। ਇਨ੍ਹਾਂ ਪੰਜ ਵਰ੍ਹਿਆਂ ਦੇ ਦੌਰਾਨ ਸ਼ਾਇਦ ਹੀ ਕੋਈ ਆਦਮੀ ਉਸ ਕੋਲੋਂ ਨਾਖ਼ੁਸ਼ ਹੋ ਕੇ ਗਿਆ ਹੋਵੇ... ਵੱਡੀ ਮਿਲਣਸਾਰ ਸੀ, ਵੱਡੀ ਰਹਮਦਿਲ ਸੀ। ਪਿਛਲੇ ਦਿਨੀਂ ਜਦੋਂ ਕਰਿਸਮਸ ਵਿੱਚ ਉਹ ਗੋਲ ਪੇਠਾ ਵਿੱਚ ਰਿਹਾ ਕਰਦੀ ਸੀ, ਇੱਕ ਨੌਜਵਾਨ ਮੁੰਡਾ ਉਸਦੇ ਕੋਲ ਆਇਆ ਸੀ। ਸਵੇਰੇ ਉੱਠਕੇ ਜਦੋਂ ਉਸਨੇ ਦੂਜੇ ਕਮਰੇ ਵਿੱਚ ਜਾ ਕੇ ਖੂੰਟੀ ਤੋਂ ਕੋਟ ਉਤਾਰਿਆ ਤਾਂ ਬਟੂਆ ਗਾਇਬ ਮਿਲਿਆ। ਸੌਗੰਧੀ ਦਾ ਨੌਕਰ ਇਹ ਬਟੂਆ ਲੈ ਉੱਡਿਆ ਸੀ। ਬੇਚਾਰਾ ਬਹੁਤ ਪਰੇਸ਼ਾਨ ਹੋਇਆ। ਛੁੱਟੀਆਂ ਗੁਜ਼ਾਰਨ ਲਈ ਹੈਦਰਾਬਾਦ ਤੋਂ ਬੰਬਈ ਆਇਆ ਸੀ। ਹੁਣ ਉਸਦੇ ਕੋਲ ਵਾਪਸ ਜਾਣ ਲਈ ਪੈਸੇ ਨਹੀਂ ਸਨ। ਸੌਗੰਧੀ ਨੇ ਤਰਸ ਖਾ ਕੇ ਉਸਨੂੰ ਉਸਦੇ ਦਸ ਰੁਪਏ ਵਾਪਸ ਦੇ ਦਿੱਤੇ ਸਨ ...

ਮੇਰੇ ਵਿੱਚ ਕੀ ਬੁਰਾਈ ਹੈ? ਸੌਗੰਧੀ ਨੇ ਇਹ ਸਵਾਲ ਹਰ ਉਸ ਚੀਜ਼ ਨੂੰ ਕੀਤਾ ਜੋ ਉਸਦੀਆਂ ਅੱਖਾਂ ਦੇ ਸਾਹਮਣੇ ਸੀ। ਗੈਸ ਦੇ ਅੰਧੇ ਲੈਂਪ, ਲੋਹੇ ਦੇ ਖੰਭੇ, ਫੁਟਪਾਥ ਦੇ ਚੁਕੋਰ ਪੱਥਰ ਅਤੇ ਸੜਕ ਦੀ ਉਖੜੀ ਹੋਈ ਬਜਰੀ ... ਇਨ੍ਹਾਂ ਸਭ ਚੀਜ਼ਾਂ ਵੱਲ ਉਸਨੇ ਵਾਰੀ ਵਾਰੀ ਵੇਖਿਆ, ਫਿਰ ਅਸਮਾਨ ਵੱਲ ਨਜ਼ਰਾਂ ਉਠਾਈਆਂ ਜੋ ਉਸਦੇ ਉੱਪਰ ਝੁੱਕਿਆ ਹੋਇਆ ਸੀ, ਮਗਰ ਸੌਗੰਧੀ ਨੂੰ ਕੋਈ ਜਵਾਬ ਨਹੀਂ ਮਿਲਿਆ।

ਜਵਾਬ ਉਸਦੇ ਅੰਦਰ ਮੌਜੂਦ ਸੀ। ਉਹ ਜਾਣਦੀ ਸੀ ਕਿ ਉਹ ਬੁਰੀ ਨਹੀਂ ਚੰਗੀ ਹੈ, ਪਰ ਉਹ ਚਾਹੁੰਦੀ ਸੀ ਕਿ ਕੋਈ ਉਸਦੀ ਤਾਈਦ ਕਰੇ ... ਕੋਈ ... ਕੋਈ ... ਇਸ ਵਕਤ ਉਸਦੇਮੋਢਿਆਂ `ਤੇ ਹੱਥ ਰੱਖ ਕੇ ਸਿਰਫ ਇੰਨਾ ਕਹਿ ਦੇ, "ਸੌਗੰਧੀ! ਕੌਣ ਕਹਿੰਦਾ ਹੈ, ਤੂੰ ਬੁਰੀ ਹੈਂ, ਜੋ ਤੈਨੂੰ ਬੁਰਾ ਕਹੇ ਉਹ ਆਪ ਬੁਰਾ ਹੈ ... " ਨਹੀਂ ਇਹ ਕਹਿਣ ਦੀ ਕੋਈ ਜ਼ਰੂਰਤ ਨਹੀਂ ਸੀ। ਕਿਸੇ ਦਾ ਇੰਨਾ ਕਹਿ ਦੇਣਾ ਕਾਫ਼ੀ ਸੀ, "ਸੌਗੰਧੀ ਤੂੰ ਬਹੁਤ ਚੰਗੀ ਹੈ!"

ਉਹ ਸੋਚਣ ਲੱਗੀ ਕਿ ਉਹ ਕਿਉਂ ਚਾਹੁੰਦੀ ਹੈ ਕੋਈ ਉਸਦੀ ਤਾਰੀਫ਼ ਕਰੇ। ਇਸ ਤੋਂ ਪਹਿਲਾਂ ਉਸਨੂੰ ਇਸ ਗੱਲ ਦੀ ਇੰਨੀ ਸ਼ਿੱਦਤ ਨਾਲ਼ ਜ਼ਰੂਰਤ ਮਹਿਸੂਸ ਨਹੀਂ ਹੋਈ ਸੀ। ਅੱਜ ਕਿਉਂ ਉਹ ਬੇਜਾਨ ਚੀਜ਼ਾਂ ਨੂੰ ਵੀ ਅਜਿਹੀਆਂ ਨਜ਼ਰਾਂ ਨਾਲ਼ ਵੇਖਦੀ ਹੈ ਜਿਵੇਂ ਉਨ੍ਹਾਂ `ਤੇ ਆਪਣੇ ਚੰਗੇ ਹੋਣ ਦਾ ਅਹਿਸਾਸ ਤਾਰੀ ਕਰਨਾ ਚਾਹੁੰਦੀ ਹੋਵੇ, ਉਸਦੇ ਜਿਸਮ ਦਾ ਜ਼ੱਰਾ ਜ਼ੱਰਾ ਕਿਉਂ ਮਾਂ ਬਣ ਰਿਹਾ ਹੈ ... ਉਹ ਮਾਂ ਬਣ ਕੇ ਧਰਤੀ ਦੀ ਹਰ ਚੀਜ਼ ਨੂੰ ਆਪਣੀ ਗੋਦ ਵਿੱਚ ਲੈਣ ਲਈ ਕਿਉਂ ਤਿਆਰ ਹੋ ਰਹੀ ਸੀ? ਉਸ ਦਾ ਜੀ ਕਿਉਂ ਚਾਹੁੰਦਾ ਸੀ ਕਿ ਸਾਹਮਣੇ ਵਾਲੇ ਗੈਸ ਦੇ ਫੌਲਾਦੀ ਖੰਭੇ ਦੇ ਨਾਲ਼ ਚਿਮਟ ਜਾਵੇ ਅਤੇ ਉਸਦੇ ਸਰਦ ਲੋਹੇ `ਤੇ ਆਪਣੀਆਂ ਗੱਲ੍ਹਾਂ ਰੱਖ ਦੇਵੇ ... ਆਪਣੀਆਂ ਗਰਮ-ਗਰਮ ਗੱਲ੍ਹਾਂ ਅਤੇ ਉਸਦੀ ਸਾਰੀ ਸਰਦੀ ਚੂਸ ਲਵੇ।

ਥੋੜ੍ਹੀ ਦੇਰ ਲਈ ਉਸਨੂੰ ਅਜਿਹਾ ਮਹਿਸੂਸ ਹੋਇਆ ਕਿ ਗੈਸ ਦੇ ਅੰਨ੍ਹੇ ਲੈਂਪ, ਲੋਹੇ ਦੇ ਖੰਭੇ, ਫੁਟਪਾਥ ਦੇ ਚਕੋਰ ਪੱਥਰ ਅਤੇ ਹਰ ਉਹ ਚੀਜ਼ ਜੋ ਰਾਤ ਦੇ ਸੰਨਾਟੇ ਵਿੱਚ ਉਸਦੇ ਨੇੜੇ ਤੇੜੇ ਸੀ, ਹਮਦਰਦੀ ਦੀਆਂ ਨਜ਼ਰਾਂ ਨਾਲ਼ ਉਸਨੂੰ ਵੇਖ ਰਹੀ ਸੀ ਅਤੇ ਉਸਦੇ ਉੱਪਰ ਝੁੱਕਿਆ ਹੋਇਆ ਅਸਮਾਨ ਵੀ ਜੋ ਮਟਿਆਲੇ ਰੰਗ ਦੀ ਅਜਿਹੀ ਮੋਟੀ ਚਾਦਰ ਲੱਗਦਾ ਸੀ ਜਿਸ ਵਿੱਚ ਬੇਸ਼ੁਮਾਰ ਸੂਰਾਖ਼ ਹੋ ਰਹੇ ਹੋਣ, ਉਸਦੀਆਂ ਗੱਲਾਂ ਸਮਝਦਾ ਸੀ ਅਤੇ ਸੌਗੰਧੀ ਨੂੰ ਵੀ ਅਜਿਹਾ ਲੱਗਦਾ ਸੀ ਕਿ ਉਹ ਤਾਰਿਆਂ ਦਾ ਟਿਮਟਿਮਾਉਣਾ ਸਮਝਦੀ ਹੈ ... ਪਰ ਉਸਦੇ ਅੰਦਰ ਕੀ ਗੜਬੜ ਸੀ? ਉਹ ਕਿਉਂ ਆਪਣੇ ਅੰਦਰ ਉਸ ਮੌਸਮ ਦੀ ਫ਼ਿਜ਼ਾ ਮਹਿਸੂਸ ਕਰਦੀ ਸੀ ਜੋ ਮੀਂਹ ਤੋਂ ਪਹਿਲਾਂ ਦੇਖਣ ਵਿੱਚ ਆਇਆ ਕਰਦਾ ਹੈ ... ਉਸ ਦਾ ਜੀ ਚਾਹੁੰਦਾ ਸੀ ਕਿ ਉਸਦੇ ਜਿਸਮ ਦਾ ਹਰ ਮੁਸਾਮ ਖੁੱਲ੍ਹ ਜਾਵੇ ਅਤੇ ਜੋ ਕੁੱਝ ਉਸਦੇ ਅੰਦਰ ਉਬਲ ਰਿਹਾ ਹੈ ਉਨ੍ਹਾਂ ਦੇ ਰਸਤੇ ਬਾਹਰ ਨਿਕਲ ਜਾਵੇ। `ਤੇ ਇਹ ਕਿਵੇਂ ਹੋਵੇ ... ਕਿਵੇਂ ਹੋਵੇ?

ਸੌਗੰਧੀ ਗਲੀ ਦੇ ਨੁੱਕੜ `ਤੇ ਖ਼ਤ ਪਾਉਣ ਵਾਲੇ ਲਾਲ ਭਬਕੇ ਦੇ ਕੋਲ ਖੜੀ ਸੀ... ਹਵਾ ਦੇ ਤੇਜ਼ ਝੋਕੇ ਨਾਲ਼ ਉਸ ਭਬਕੇ ਦੀ ਲੋਹੇ ਦੀ ਜੀਭ ਜੋ ਉਸਦੇ ਖੁੱਲ੍ਹੇ ਹੋਏ ਮੂੰਹ ਵਿੱਚ ਲਮਕਦੀ ਰਹਿੰਦੀ ਹੈ, ਲੜਖੜਾਈ ਤਾਂ ਸੌਗੰਧੀ ਦੀਆਂ ਨਜ਼ਰਾਂ ਅਚਾਨਕ ਉਸ ਵੱਲ ਉਠੀਆਂ ਜਿਧਰ ਮੋਟਰ ਗਈ ਸੀ ਮਗਰ ਉਸਨੂੰ ਕੁੱਝ ਨਜ਼ਰ ਨਾ ਆਇਆ ... ਉਸਨੂੰ ਕਿੰਨੀ ਜ਼ਬਰਦਸਤ ਆਰਜੂ ਸੀ ਕਿ ਮੋਟਰ ਫਿਰ ਇੱਕ ਵਾਰ ਆਏ ਅਤੇ ... ਅਤੇ ... ਨਾ ਆਏ ...ਦਫ਼ਾ ਹੋਵੇ... ਮੈਂ ਆਪਣੀ ਜਾਨ ਕਿਉਂ ਬੇਕਾਰ ਹੈਰਾਨ ਕਰਾਂ। ਘਰ ਚਲਦੇ ਹਾਂ ਅਤੇ ਆਰਾਮ ਨਾਲ਼ ਲੰਮੀਆਂ ਤਾਣ ਕੇ ਸੋਂਦੇ ਹਾਂ। ਇਨ੍ਹਾਂ ਝਗੜਿਆਂ ਵਿੱਚ ਰੱਖਿਆ ਹੀ ਕੀ ਹੈ। ਮੁਫ਼ਤ ਦੀ ਦਰਦਸਰੀ ਹੀ ਤਾਂ ਹੈ ... ਚੱਲ ਸੌਗੰਧੀ ਘਰ ਚੱਲ ... ਠੰਡੇ ਪਾਣੀ ਦਾ ਇੱਕ ਡੌਂਗਾ ਪੀ ਅਤੇ ਥੋੜ੍ਹਾ ਜਿਹਾ ਬਾਮ ਮਲ ਕੇ ਸੌਂ ਜਾ ... ਫਸਟ ਕਲਾਸ ਨੀਂਦ ਆਵੇਗੀ ਅਤੇ ਸਭ ਠੀਕ ਹੋ ਜਾਵੇਗਾ ... ਸੇਠ ਅਤੇ ਉਸਦੀ ਮੋਟਰ ਦੀ ਐਸੀ ਤੈਸੀ ...

ਇਹ ਸੋਚਦੇ ਹੋਏ ਸੌਗੰਧੀ ਦਾ ਬੋਝ ਹਲਕਾ ਹੋ ਗਿਆ। ਜਿਵੇਂ ਉਹ ਕਿਸੇ ਠੰਡੇ ਤਾਲਾਬ `ਚੋਂ ਨਹਾ-ਧੋ ਕੇ ਬਾਹਰ ਨਿਕਲੀ ਹੋਵੇ। ਜਿਸ ਤਰ੍ਹਾਂ ਪੂਜਾ ਕਰਨ ਦੇ ਬਾਅਦ ਉਸਦਾ ਜਿਸਮ ਹਲਕਾ ਹੋ ਜਾਂਦਾ ਸੀ, ਉਸੇ ਤਰ੍ਹਾਂ ਹੁਣ ਵੀ ਹਲਕਾ ਹੋ ਗਿਆ ਸੀ। ਘਰ ਵੱਲ ਚਲਣ ਲੱਗੀ ਤਾਂ ਖ਼ਿਆਲਾਂ ਦਾ ਬੋਝ ਨਾ ਹੋਣ ਦੇ ਸਬੱਬ ਉਸਦੇ ਕਦਮ ਕਈ ਵਾਰ ਲੜਖੜਾਏ।

ਆਪਣੇ ਮਕਾਨ ਦੇ ਕੋਲ ਪਹੁੰਚੀ ਤਾਂ ਇੱਕ ਟੀਸ ਦੇ ਨਾਲ਼ ਫਿਰ ਸਾਰਾ ਘਟਨਾ-ਚੱਕਰ ਉਸਦੇ ਦਿਲ ਵਿੱਚ ਉਠਿਆ ਅਤੇ ਦਰਦ ਦੀ ਤਰ੍ਹਾਂ ਉਸਦੇ ਰੋਮ ਰੋਮ `ਤੇ ਛਾ ਗਿਆ ... ਕਦਮ ਫਿਰ ਬੋਝਲ ਹੋ ਗਏ ਅਤੇ ਉਹ ਇਸ ਗੱਲ ਨੂੰ ਸ਼ਿੱਦਤ ਨਾਲ਼ ਮਹਿਸੂਸ ਕਰਨ ਲੱਗੀ ਕਿ ਘਰੋਂ ਸੱਦ ਕੇ, ਬਾਹਰ ਬਜ਼ਾਰ ਵਿੱਚ ਮੂੰਹ `ਤੇ ਰੌਸ਼ਨੀ ਦੀ ਚਪੇੜ ਮਾਰ ਕੇ ਇੱਕ ਆਦਮੀ ਨੇ ਉਸਦੀ ਹੁਣੇ ਹੁਣੇ ਹਤਕ ਕੀਤੀ ਹੈ। ਇਹ ਖ਼ਿਆਲ ਆਇਆ ਤਾਂ ਉਸਨੇ ਆਪਣੀ ਪਸਲੀਆਂ `ਤੇ ਕਿਸੇ ਦੇ ਸਖ਼ਤ ਅੰਗੂਠੇ ਮਹਿਸੂਸ ਕੀਤੇ ਜਿਵੇਂ ਕੋਈ ਉਸਨੂੰ ਭੇਡ-ਬਕਰੀ ਦੀ ਤਰ੍ਹਾਂ ਦਬਾ ਦਬਾ ਕੇ ਵੇਖ ਰਿਹਾ ਹੈ ਕਿ ਕੀ ਗੋਸ਼ਤ ਵੀ ਹੈ ਜਾਂ ਵਾਲ਼ ਹੀ ਵਾਲ਼ ਹਨ ...

ਉਸ ਸੇਠ ਨੇ ... ਈਸਵਰ ਕਰੇ ... ਸੌਗੰਧੀ ਨੇ ਚਾਹਿਆ ਕਿ ਉਹਨੂੰ ਬਦਦੁਆ ਦੇਵੇ, ਮਗਰ ਸੋਚਿਆ, ਬਦਦੁਆ ਦੇਣ ਨਾਲ਼ ਕੀ ਬਣੇਗਾ। ਮਜਾ ਤਾਂ ਉਦੋਂ ਸੀ ਕਿ ਉਹ ਸਾਹਮਣੇ ਹੁੰਦਾ ਅਤੇ ਉਹ ਉਸਦੇ ਵਜੂਦ ਦੇ ਹਰ ਜ਼ੱਰੇ `ਤੇ ਲਾਨਤਾਂ ਲਿਖ ਦਿੰਦੀ ... ਉਸਦੇ ਮੂੰਹ `ਤੇ ਕੁੱਝ ਅਜਿਹੇ ਸ਼ਬਦ ਕਹਿੰਦੀ ਕਿ ਜ਼ਿੰਦਗੀ ਭਰ ਬੇਚੈਨ ਰਹਿੰਦਾ ... ਕੱਪੜੇ ਫਾੜ ਕੇ ਉਸਦੇ ਸਾਹਮਣੇ ਨੰਗੀ ਹੋ ਜਾਂਦੀ ਅਤੇ ਕਹਿੰਦੀ, "ਇਹੀ ਲੈਣ ਆਇਆ ਜਿਹੀ ਨਾ ਤੂੰ? ... ਲੈ ਮੁੱਲ ਦਿੱਤੇ ਬਿਨਾਂ ਲੈ ਜਾ ਇਸਨੂੰ ... ਇਹ ਜੋ ਕੁੱਝ ਮੈਂ ਹਾਂ, ਜੋ ਕੁੱਝ ਮੇਰੇ ਅੰਦਰ ਛੁਪਿਆ ਹੋਇਆ ਹੈ ਉਹ ਤੂੰ ਕੀ, ਤੇਰਾ ਬਾਪ ਵੀ ਨਹੀਂ ਖ਼ਰੀਦ ਸਕਦਾ ... "

ਇੰਤਕਾਮ ਦੇ ਨਵੇਂ ਨਵੇਂ ਤਰੀਕੇ ਸੌਗੰਧੀ ਦੇ ਦਿਮਾਗ ਵਿੱਚ ਆ ਰਹੇ ਸਨ। ਜੇਕਰ ਉਸ ਸੇਠ ਨਾਲ਼ ਇੱਕ ਵਾਰ ... ਸਿਰਫ ਇੱਕ ਵਾਰ ਉਸਦੀ ਮੁੱਠ ਭੇੜ ਹੋ ਜਾਵੇ ਤਾਂ ਇਹ ਕਰੇ। ਨਹੀਂ ਇਹ ਨਹੀਂ। ਇਹ ਕਰੇ ... ਇਵੇਂ ਉਸ ਤੋਂ ਇੰਤੀਕਾਮ ਲਵੇ, ਨਹੀਂ ਇਵੇਂ ਨਹੀਂ ... ਪਰ ਜਦੋਂ ਸੌਗੰਧੀ ਸੋਚਦੀ ਕਿ ਸੇਠ ਨੂੰ ਉਸਦਾ ਦੁਬਾਰਾ ਮਿਲਣਾ ਮੁਹਾਲ ਹੈ ਤਾਂ ਉਹ ਉਸਨੂੰ ਇੱਕ ਛੋਟੀ ਜਿਹੀ ਗਾਲ੍ਹ ਦੇਣ ਤੇ ਹੀ `ਤੇ ਖ਼ੁਦ ਨੂੰ ਰਾਜੀ ਕਰ ਲੈਂਦੀ ... ਬਸ ਸਿਰਫ ਇੱਕ ਛੋਟੀ ਜਿਹੀ ਗਾਲ੍ਹ, ਜੋ ਉਸਦੀ ਨੱਕ `ਤੇ ਚਿਪਕੂ ਮੱਖੀ ਦੀ ਤਰ੍ਹਾਂ ਬੈਠ ਜਾਵੇ ਅਤੇ ਹਮੇਸ਼ਾ ਉਥੇ ਹੀ ਜਮੀ ਰਹੇ।

ਇਸ ਉਧੇੜ ਬੁਣ ਵਿੱਚ ਉਹ ਦੂਜੀ ਮੰਜ਼ਿਲ `ਤੇ ਆਪਣੀ ਖੋਲੀ ਦੇ ਕੋਲ ਪਹੁੰਚ ਗਈ। ਚੋਲੀ ਵਿੱਚੋਂ ਕੁੰਜੀ ਕੱਢ ਕੇ ਤਾਲਾ ਖੋਲ੍ਹਣ ਲਈ ਹੱਥ ਵਧਾਇਆ ਤਾਂ ਕੁੰਜੀ ਹਵਾ ਹੀ ਵਿੱਚ ਘੁੰਮ ਕੇ ਰਹਿ ਗਈ! ਕੁੰਡੇ ਵਿੱਚ ਤਾਲਾ ਨਹੀਂ ਸੀ। ਸੌਗੰਧੀ ਨੇ ਕਿਵਾੜ ਅੰਦਰ ਵੱਲ ਦਬਾਏ ਤਾਂ ਹਕੀ ਜਿਹੀ ਚਿੜਚਿੜਾਹਟ ਪੈਦਾ ਹੋਈ। ਅੰਦਰੋਂ ਕੁੰਡੀ ਖੋਲ੍ਹੀ ਗਈ ਅਤੇ ਦਰਵਾਜ਼ੇ ਨੇ ਅੰਗੜਾਈ ਲਈ, ਸੌਗੰਧੀ ਅੰਦਰ ਦਾਖ਼ਲ ਹੋ ਗਈ।

ਮਾਧਵ ਮੁੱਛਾਂ ਵਿੱਚ ਹੱਸਿਆ ਅਤੇ ਦਰਵਾਜ਼ਾ ਬੰਦ ਕਰਕੇ ਸੌਗੰਧੀ ਨੂੰ ਕਹਿਣ ਲੱਗਾ, "ਅੱਜ ਤੂੰ ਮੇਰਾ ਕਿਹਾ ਮੰਨ ਹੀ ਲਿਆ ... ਸਵੇਰੇ ਦੀ ਸੈਰ ਤੰਦੁਰੁਸਤੀ ਲਈ ਬੜੀ ਚੰਗੀ ਹੁੰਦੀ ਹੈ। ਹਰ ਰੋਜ਼ ਇਸ ਤਰ੍ਹਾਂ ਸਵੇਰੇ ਉਠ ਕੇ ਘੁੱਮਣ ਜਾਇਆ ਕਰੇਗੀ ਤਾਂ ਤੇਰੀ ਸਾਰੀ ਸੁਸਤੀ ਦੂਰ ਹੋ ਜਾਵੇਗੀ ਅਤੇ ਉਹ ਤੇਰੀ ਕਮਰ ਦਾ ਦਰਦ ਵੀ ਗ਼ਾਇਬ ਹੋ ਜਾਵੇਗਾ, ਜਿਸਦੇ ਸੰਬੰਧ ਵਿੱਚ ਤੂੰ ਆਏ ਦਿਨ ਸ਼ਿਕਾਇਤ ਕਰਿਆ ਕਰਦੀ ਹੈਂ... ਵਿਕਟੋਰੀਆ ਗਾਰਡਨ ਤੱਕ ਹੋ ਆਈ ਹੋਵੇਂਗੀ ਤੂੰ, ਕਿਉਂ?"

ਸੌਗੰਧੀ ਨੇ ਕੋਈ ਜਵਾਬ ਨਾ ਦਿੱਤਾ ਅਤੇ ਨਾ ਹੀ ਮਾਧਵ ਨੇ ਜਵਾਬ ਦੀ ਖ਼ਾਹਿਸ਼ ਜ਼ਾਹਿਰ ਕੀਤੀ। ਦਰਅਸਲ ਜਦੋਂ ਮਾਧਵ ਗੱਲ ਕਰਦਾ ਸੀ ਤਾਂ ਉਸਦਾ ਮਤਲਬ ਇਹ ਨਹੀਂ ਹੁੰਦਾ ਸੀ ਕਿ ਸੌਗੰਧੀ ਜ਼ਰੂਰ ਉਸ ਵਿੱਚ ਹਿੱਸਾ ਲਵੇ ਅਤੇ ਸੌਗੰਧੀ ਜਦੋਂ ਕੋਈ ਗੱਲ ਕਰਦੀ ਸੀ ਇਹ ਜ਼ਰੂਰੀ ਨਹੀਂ ਹੁੰਦਾ ਸੀ ਕਿ ਮਾਧਵ ਉਸ ਵਿੱਚ ਹਿੱਸਾ ਲਵੇ ... ਪ੍ਰੰਤੂ ਕੋਈ ਗੱਲ ਕਰਨੀ ਹੁੰਦੀ ਸੀ, ਇਸ ਲਈ ਉਹ ਕਹਿ ਦਿੰਦੇ ਹੁੰਦੇ ਸੀ।

ਮਾਧਵ ਬੇਦ ਦੀ ਕੁਰਸੀ `ਤੇ ਬੈਠ ਗਿਆ ਜਿਸਦੀ ਪਿਠ `ਤੇ ਉਸਦੇ ਤੇਲ ਨਾਲ਼ ਚੋਪੜੇ ਹੋਏ ਸਿਰ ਨੇ ਮੈਲ ਦਾ ਇੱਕ ਵੱਡਾ ਧੱਬਾ ਬਣਾ ਰੱਖਿਆ ਜਿਹੀ ਅਤੇ ਟੰਗ `ਤੇ ਟੰਗ ਰੱਖ ਕੇ ਆਪਣੀਆਂ ਮੁੱਛਾਂ `ਤੇ ਉਂਗਲੀਆਂ ਫੇਰਨ ਲਗਾ।

ਸੌਗੰਧੀ ਪਲੰਗ `ਤੇ ਬੈਠ ਗਈ ਅਤੇ ਮਾਧਵ ਨੂੰ ਕਹਿਣ ਲੱਗੀ, "ਮੈਂ ਅੱਜ ਤੇਰਾ ਇੰਤਜ਼ਾਰ ਕਰ ਰਹੀ ਸੀ।"

ਮਾਧਵ ਬਹੁਤ ਸਟਪਟਾਇਆ, "ਇੰਤਜ਼ਾਰ? ਤੈਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਅੱਜ ਆਉਣ ਵਾਲਾ ਹਾਂ।"

ਸੌਗੰਧੀ ਦੇ ਮਿਚੇ ਹੋਏ ਬੁੱਲ੍ਹ ਖੁੱਲੇ। ਉਨ੍ਹਾਂ `ਤੇ ਇੱਕ ਪੀਲੀ ਮੁਸਕਰਾਹਟ ਸਾਕਾਰ ਹੋਈ, "ਮੈਂ ਰਾਤ ਤੈਨੂੰ ਸੁਪਨੇ ਵਿੱਚ ਵੇਖਿਆ ਸੀ... ਉੱਠੀ ਤਾਂ ਕੋਈ ਵੀ ਨਹੀਂ ਸੀ। ਸੋ ਜੀ ਨੇ ਕਿਹਾ, ਚਲੋ ਕਿਤੇ ਬਾਹਰ ਘੁੰਮ ਆਓ ... ਅਤੇ ... "

ਮਾਧਵ ਖ਼ੁਸ਼ ਹੋ ਕੇ ਬੋਲਿਆ, "ਅਤੇ ਮੈਂ ਆ ਗਿਆ ... ਭਈ ਵੱਡੇ ਲੋਕਾਂ ਦੀਆਂ ਗੱਲਾਂ ਬੜੀਆਂ ਪੱਕੀਆਂ ਹੁੰਦੀਆਂ ਹਨ। ਕਿਸੇ ਨੇ ਠੀਕ ਕਿਹਾ ਹੈ, ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ ... ਤੂੰ ਇਹ ਸੁਫ਼ਨਾ ਕਦੋਂ ਵੇਖਿਆ ਸੀ?"

ਸੌਗੰਧੀ ਨੇ ਜਵਾਬ ਦਿੱਤਾ, "ਚਾਰ ਵਜੇ ਦੇ ਕਰੀਬ।"

ਮਾਧਵ ਕੁਰਸੀ ਤੋਂ ਉਠ ਕੇ ਸੌਗੰਧੀ ਦੇ ਕੋਲ ਬੈਠ ਗਿਆ, "ਅਤੇ ਮੈਂ ਤੈਨੂੰ ਠੀਕ ਦੋ ਵਜੇ ਸੁਪਨੇ ਵਿੱਚ ਵੇਖਿਆ ... ਜਿਵੇਂ ਤੂੰ ਫੁੱਲਾਂ ਵਾਲੀ ਸਾੜ੍ਹੀ ... ਓਏ ਬਿਲਕੁਲ ਇਹੀ ਸਾੜ੍ਹੀ ਪਹਿਨ ਮੇਰੇ ਕੋਲ ਖੜੀ ਹੈਂ, ਤੇਰੇ ਹੱਥਾਂ ਵਿੱਚ ... ਕੀ ਸੀ ਤੇਰੇ ਹੱਥਾਂ ਵਿੱਚ! ਹਾਂ, ਤੇਰੇ ਹੱਥਾਂ ਵਿੱਚ ਰੁਪਿਆਂ ਨਾਲ਼ ਭਰੀ ਹੋਈ ਥੈਲੀ ਸੀ। ਤੂੰ ਇਹ ਥੈਲੀ ਮੇਰੀ ਝੋਲੀ ਵਿੱਚ ਰੱਖ ਦਿੱਤੀ ਅਤੇ ਕਿਹਾ, ਮਾਧਵ ਤੂੰ ਚਿੰਤਾ ਕਿਉਂ ਕਰਦਾ ਹੈਂ? ... ਲੈ ਇਹ ਥੈਲੀ ... ਅਰੇ ਤੇਰੇ ਮੇਰੇ ਰੁਪਏ ਕੀ ਦੋ ਹਨ? ਸੌਗੰਧੀ ਤੇਰੀ ਜਾਨ ਦੀ ਕਸਮ ਫ਼ੌਰਨ ਉਠਿਆ ਅਤੇ ਟਿਕਟ ਕਟਾ ਕੇ ਏਧਰ ਦਾ ਰੁਖ ਕੀਤਾ ... ਕੀ ਦੱਸਾਂ ਬੜੀ ਪਰੇਸ਼ਾਨੀ ਹੈ! ਬੈਠੇ ਬਿਠਾਏ ਇੱਕ ਕੇਸ ਹੋ ਗਿਆ ਹੈ, ਹੁਣ ਵੀਹ-ਤੀਹ ਰੁਪਏ ਹੋਣ ਤਾਂ, ਇੰਸਪੈਕਟਰ ਦੀ ਮੁੱਠੀ ਗਰਮ ਕਰਕੇ ਛੁਟਕਾਰਾ ਮਿਲੇ ... ਥੱਕ ਤਾਂ ਨਹੀਂ ਗਈ ਤੂੰ? ਲੇਟ ਜਾ, ਮੇਰੀ ਤਰਫ਼ ਪੈਰ ਕਰਕੇ ਲੇਟ ਜਾ।"

ਸੌਗੰਧੀ ਲੇਟ ਗਈ। ਦੋਨਾਂ ਬਾਂਹਾਂ ਦਾ ਤਕੀਆ ਬਣਾ ਕੇ ਉਹ ਉਨ੍ਹਾਂ `ਤੇ ਸਿਰ ਰੱਖ ਕੇ ਲੇਟ ਗਈ ਅਤੇ ਉਸ ਲਹਿਜੇ ਵਿੱਚ ਜੋ ਉਸਦਾ ਆਪਣਾ ਨਹੀਂ ਸੀ, ਮਾਧਵ ਨੂੰ ਕਹਿਣ ਲੱਗੀ, "ਮਾਧਵ ਇਹ ਕਿਸ ਮੋਏ ਨੇ ਤੇਰਾ `ਤੇ ਕੇਸ ਕੀਤਾ ਹੈ? ਬੇਲ-ਵੇਲ ਦਾ ਡਰ ਹੋਵੇ ਤਾਂ ਮੈਨੂੰ ਕਹਿ ਦੇ ਵੀਹ ਤੀਹ ਕੀ ਸੌ-ਪੱਚਾਸ ਵੀ ਅਜਿਹੇ ਮੌਕਿਆਂ `ਤੇ ਪੁਲਿਸ ਦੇ ਹੱਥ ਵਿੱਚ ਥਮਾ ਦਿੱਤੇ ਜਾਣ ਤਾਂ ਫਾਇਦਾ ਆਪਣਾ ਹੀ ਹੈ ... ਜਾਨ ਬਚੀ ਲੱਖਾਂ ਪਾਏ ... ਬਸ ਬਸ ਹੁਣ ਜਾਣ ਦੇ। ਥਕਾਵਟ ਕੁੱਝ ਜ਼ਿਆਦਾ ਨਹੀਂ ਹੈ ... ਮੁੱਠੀ ਚਾਪੀ ਛੱਡ ਅਤੇ ਮੈਨੂੰ ਸਾਰੀ ਗੱਲ ਸੁਣਾ ... ਕੇਸ ਦਾ ਨਾਮ ਸੁਣਦੇ ਹੀ ਮੇਰਾ ਦਿਲ ਧਕ-ਧਕ ਕਰਨ ਲੱਗਾ ਹੈ ... ਵਾਪਸ ਕਦੋਂ ਜਾਵੇਗਾ ਤੂੰ?"

ਮਾਧਵ ਨੂੰ ਸੌਗੰਧੀ ਦੇ ਮੂੰਹੋਂ ਸ਼ਰਾਬ ਦੀ ਬਾਸ ਆਈ ਤਾਂ ਉਸਨੇ ਇਹ ਮੌਕਾ ਅੱਛਾ ਸਮਝਿਆ ਅਤੇ ਝੱਟ ਨੂੰ ਕਿਹਾ, "ਦੁਪਹਿਰ ਦੀ ਗੱਡੀ ਵਾਪਸ ਜਾਣਾ ਪਵੇਗਾ ... ਜੇਕਰ ਸ਼ਾਮ ਤੱਕ ਸਭ ਇੰਸਪੈਕਟਰ ਨੂੰ ਸੌ-ਪੱਜਾਹ ਨਾ ਥਮਾਏ ਤਾਂ ... ਜ਼ਿਆਦਾ ਦੇਣ ਦੀ ਜ਼ਰੂਰਤ ਨਹੀਂ। ਮੈਂ ਸਮਝਦਾ ਹਾਂ ਪੰਜਾਹ ਵਿੱਚ ਕੰਮ ਚੱਲ ਜਾਵੇਗਾ।"

"ਪੰਜਾਹ!" ਇਹ ਕਹਿ ਕੇ ਸੌਗੰਧੀ ਵੱਡੇ ਆਰਾਮ ਨਾਲ਼ ਉੱਠੀ ਅਤੇ ਉਨ੍ਹਾਂ ਚਾਰ ਤਸਵੀਰਾਂ ਦੇ ਕੋਲ ਆਹਿਸਤਾ ਆਹਿਸਤਾ ਗਈ ਜੋ ਦੀਵਾਰ `ਤੇ ਲਟਕ ਰਹੀਆਂ ਸਨ। ਖੱਬਿਓਂ ਤੀਸਰੇ ਫਰੇਮ ਵਿੱਚ ਮਾਧਵ ਦੀ ਤਸਵੀਰ ਸੀ। ਵੱਡੇ ਵੱਡੇ ਫੁੱਲਾਂ ਵਾਲੇ ਪਰਦੇ ਦੇ ਅੱਗੇ ਕੁਰਸੀ `ਤੇ ਉਹ ਦੋਨਾਂ ਪੱਟਾਂ `ਤੇ ਆਪਣੇ ਹੱਥ ਰੱਖੇ ਬੈਠਾ ਸੀ। ਇੱਕ ਹੱਥ ਵਿੱਚ ਗੁਲਾਬ ਦਾ ਫੁਲ ਸੀ। ਕੋਲ ਹੀ ਤਿਪਾਈ `ਤੇ ਦੋ ਮੋਟੀਆਂ ਮੋਟੀਆਂ ਕਿਤਾਬਾਂ ਧਰੀਆਂ ਸਨ। ਤਸਵੀਰ ਲਹਾਉਂਦੇ ਵਕਤ ਤਸਵੀਰ ਉਤਰਵਾਉਣ ਦਾ ਖ਼ਿਆਲ ਮਾਧਵ `ਤੇ ਇਸ ਕਦਰ ਗ਼ਾਲਿਬ ਸੀ ਕਿ ਉਸਦੀ ਹਰ ਸ਼ੈ ਤਸਵੀਰ ਤੋਂ ਬਾਹਰ ਨਿਕਲ ਨਿਕਲ ਕੇ ਪੁਕਾਰ ਰਹੀ ਸੀ, "ਸਾਡਾ ਫੋਟੋ ਉਤਰੇਗਾ। ਸਾਡਾ ਫੋਟੋ ਉਤਰੇਗਾ!"

ਕੈਮਰੇ ਵੱਲ ਮਾਧਵ ਅੱਖਾਂ ਫਾੜ-ਫਾੜ ਕੇ ਵੇਖ ਰਿਹਾ ਸੀ ਅਤੇ ਅਜਿਹਾ ਲੱਗਦਾ ਸੀ ਕਿ ਫੋਟੋ ਲਹਾਉਂਦੇ ਵਕਤ ਉਸਨੂੰ ਬਹੁਤ ਤਕਲੀਫ ਹੋ ਰਹੀ ਸੀ।

ਸੌਗੰਧੀ ਖਿੜਖਿੜਾ ਕੇ ਹੱਸ ਪਈ ... ਉਸਦੀ ਹਾਸੀ ਕੁੱਝ ਅਜਿਹੀ ਤਿੱਖੀ ਅਤੇ ਨੋਕੀਲੀ ਸੀ ਕਿ ਮਾਧਵ ਦੇ ਸੂਈਆਂ ਜਿਹੀਆਂ ਚੁਭੀਆਂ। ਪਲੰਗ ਤੋਂ ਉਠ ਕੇ ਉਹ ਸੌਗੰਧੀ ਦੇ ਕੋਲ ਗਿਆ, ਕਿਸਦੀ ਤਸਵੀਰ ਵੇਖ ਕੇ ਤੂੰ ਇਸ ਕਦਰ ਜ਼ੋਰ ਨਾਲ਼ ਹੱਸੀ ਹੈਂ?"

ਸੌਗੰਧੀ ਨੇ ਖੱਬੇ ਹੱਥ ਦੀ ਪਹਿਲੀ ਤਸਵੀਰ ਵੱਲ ਇਸ਼ਾਰਾ ਕੀਤਾ ਜੋ ਮਿਊਂਸਿਪਲ ਦੇ ਸਫ਼ਾਈ ਦਾਰੋਗ਼ਾ ਦੀ ਸੀ। ਉਸਦੀ ... ਮੁਨਸ਼ੀ ਪਾਲਟੀ ਦੇ ਦਾਰੋਗਾ ਦੀ.. ਜਰਾ ਵੇਖ ਤਾਂ ਇਸਦਾ ਥੋਬੜਾ ... ਕਹਿੰਦਾ ਸੀ, ਇੱਕ ਰਾਣੀ ਮੇਰੇ `ਤੇ ਆਸ਼ਿਕ ਹੋ ਗਈ ਸੀ ... ਊਂਹ! ਇਹ ਮੂੰਹ ਅਤੇ ਮਸੁਰ ਦੀ ਦਾਲ। ਇਹ ਕਹਿ ਕੇ ਸੌਗੰਧੀ ਨੇ ਫਰੇਮ ਨੂੰ ਏਨੇ ਜ਼ੋਰ ਨਾਲ਼ ਖਿੱਚਿਆ ਕਿ ਦੀਵਾਰ ਵਿੱਚੋਂ ਕਿੱਲ ਵੀ ਪਲਸਤਰ ਸਮੇਤ ਉੱਖੜ ਆਇਆ!

ਮਾਧਵ ਦੀ ਹੈਰਤ ਅਜੇ ਦੂਰ ਨਹੀਂ ਹੋਈ ਸੀ ਕਿ ਸੌਗੰਧੀ ਨੇ ਫਰੇਮ ਨੂੰ ਖਿੜਕੀ ਤੋਂ ਬਾਹਰ ਸੁੱਟ ਦਿੱਤਾ। ਦੋ ਮੰਜ਼ਿਲਾਂ ਤੋਂ ਫਰੇਮ ਹੇਠਾਂ ਜ਼ਮੀਨ `ਤੇ ਡਿਗੀ ਅਤੇ ਕੱਚ ਟੁੱਟਣ ਦੀ ਝਨਕਾਰ ਸੁਣਾਈ ਦਿੱਤੀ। ਸੌਗੰਧੀ ਨੇ ਇਸ ਝਨਕਾਰ ਦੇ ਨਾਲ਼ ਕਿਹਾ, "ਰਾਣੀ ਭੰਗਣ ਕੂੜਾ ਚੁੱਕਣ ਆਵੇਗੀ ਤਾਂ ਮੇਰੇ ਇਸ ਰਾਜਾ ਨੂੰ ਵੀ ਨਾਲ਼ ਲੈ ਜਾਵੇਗੀ।"

ਇੱਕ ਵਾਰ ਫਿਰ ਉਹੀ ਨੋਕੀਲੀ ਅਤੇ ਤਿੱਖੀ ਹਾਸੀ ਦੀ ਫ਼ੁਵਾਰ ਸੌਗੰਧੀ ਦੇ ਬੁੱਲ੍ਹਾਂ ਤੋਂ ਗਿਰਨਾ ਸ਼ੁਰੂ ਹੋਈ ਜਿਵੇਂ ਉਹ ਉਨ੍ਹਾਂ `ਤੇ ਚਾਕੂ ਜਾਂ ਛੁਰੀ ਦੀ ਧਾਰ ਤੇਜ਼ ਕਰ ਰਹੀ ਹੋਵੇ।

ਮਾਧਵ ਬੜੀ ਮੁਸ਼ਕਲ ਨਾਲ਼ ਮੁਸਕੁਰਾਇਆ ਅਤੇ ਫਿਰ ਹੱਸਿਆ, "ਹੀ ਹੀ ਹੀ।"

ਸੌਗੰਧੀ ਨੇ ਦੂਜਾ ਫਰੇਮ ਵੀ ਨੋਚ ਲਿਆ ਅਤੇ ਖਿੜਕੀ ਤੋਂ ਬਾਹਰ ਸੁੱਟ ਦਿੱਤਾ, "ਇਸ ਸਾਲੇ ਦਾ ਇੱਥੇ ਕੀ ਮਤਲਬ ਹੈ? ... ਭੌਂਡੀ ਸ਼ਕਲ ਦਾ ਕੋਈ ਆਦਮੀ ਇੱਥੇ ਨਹੀਂ ਰਹੇਗਾ ... ਕਿਉਂ ਮਾਧਵ?"

ਮਾਧਵ ਫਿਰ ਬੜੀ ਮੁਸ਼ਕਲ ਨਾਲ਼ ਮੁਸਕੁਰਾਇਆ ਅਤੇ ਫਿਰ ਹੱਸਿਆ, "ਹੀ ਹੀ ਹੀ।"

ਇੱਕ ਹੱਥ ਨਾਲ਼ ਸੌਗੰਧੀ ਨੇ ਪਗੜੀ ਵਾਲੇ ਦੀ ਤਸਵੀਰ ਉਤਾਰੀ ਅਤੇ ਦੂਜਾ ਹੱਥ ਉਸ ਫਰੇਮ ਵੱਲ ਵਧਾਇਆ ਜਿਸ ਵਿੱਚ ਮਾਧਵ ਦਾ ਫੋਟੋ ਜੁੜਿਆ ਸੀ। ਮਾਧਵ ਆਪਣੀ ਜਗ੍ਹਾ `ਤੇ ਸਿਮਟ ਗਿਆ, ਜਿਵੇਂ ਹੱਥ ਉਸ ਵੱਲ ਵੱਧ ਰਿਹਾ ਹੋਵੇ। ਇੱਕ ਸੈਕੰਡ ਵਿੱਚ ਫਰੇਮ ਕਿੱਲ ਸਮੇਤ ਸੌਗੰਧੀ ਦੇ ਹੱਥ ਵਿੱਚ ਸੀ।

ਜ਼ੋਰ ਦਾ ਕਹਿਕਹਾ ਲੱਗਾ ਕੇ ਉਸਨੇ ਊਂਹ ਕੀਤੀ ਅਤੇ ਦੋਨਾਂ ਫਰੇਮ ਇਕੱਠੇ ਖਿੜਕੀ ਵਿੱਚੋਂ ਬਾਹਰ ਸੁੱਟ ਦਿੱਤੇ। ਦੋ ਮੰਜ਼ਿਲਾਂ ਤੋਂ ਜਦੋਂ ਫਰੇਮ ਜ਼ਮੀਨ `ਤੇ ਗਿਰੇ ਤਾਂ ਕੱਚ ਦੇ ਟੁੱਟਣ ਦੀ ਅਵਾਜ਼ ਆਈ ਤਾਂ ਮਾਧਵ ਨੂੰ ਲੱਗਿਆ ਜਿਵੇਂ ਉਸਦੇ ਅੰਦਰ ਕੋਈ ਚੀਜ਼ ਟੁੱਟ ਗਈ ਹੈ। ਬੜੀ ਮੁਸ਼ਕਲ ਨਾਲ਼ ਉਸਨੇ ਹੱਸ ਕੇ ਕਿਹਾ, "ਅੱਛਾ ਕੀਤਾ? ਮੈਨੂੰ ਵੀ ਇਹ ਫੋਟੋ ਪਸੰਦ ਨਹੀਂ ਸੀ।"

ਆਹਿਸਤਾ ਆਹਿਸਤਾ ਸੌਗੰਧੀ ਮਾਧਵ ਦੇ ਕੋਲ ਆਈ ਅਤੇ ਕਹਿਣ ਲੱਗੀ, "ਤੈਨੂੰ ਇਹ ਫੋਟੋ ਪਸੰਦ ਨਹੀਂ ਸੀ, `ਤੇ ਮੈਂ ਪੁੱਛਦੀ ਹਾਂ ਤੇਰੇ ਵਿੱਚ ਐਸੀ ਕਿਹੜੀ ਚੀਜ਼ ਹੈ ਜੋ ਕਿਸੇ ਨੂੰ ਪਸੰਦ ਆ ਸਕਦੀ ਹੈ ... ਤੇਰੀ ਪਕੌੜੇ ਵਰਗੀ ਨੱਕ, ਇਹ ਤੇਰਾ ਵਾਲ਼ਾਂ ਭਰਿਆ ਮੱਥਾ, ਇਹ ਤੇਰੀਆਂ ਸੁੱਜੀਆਂ ਹੋਈਆਂ ਨਾਸ਼੍ਹਾਂ ਇਹ ਤੇਰੇ ਵਧੇ ਹੋਏ ਕੰਨ, ਇਹ ਤੇਰੇ ਮੂੰਹ ਦੀ ਬਾਸ, ਇਹ ਤੇਰੇ ਸਰੀਰ ਦੀ ਮੈਲ? ਤੈਨੂੰ ਆਪਣਾ ਫੋਟੋ ਪਸੰਦ ਨਹੀਂ ਸੀ, ਊਂਹ ... ਪਸੰਦ ਕਿਉਂ ਹੁੰਦਾ, ਤੇਰੇ ਐਬ ਜੋ ਛੁਪਾ ਰੱਖੇ ਸਨ ਉਸਨੇ, ਅੱਜਕੱਲ੍ਹ ਜ਼ਮਾਨਾ ਹੀ ਅਜਿਹਾ ਹੈ ਜੋ ਐਬ ਛੁਪਾਏ ਉਹੀ ਬੁਰਾ।"

ਮਾਧਵ ਪਿੱਛੇ ਹਟਦਾ ਗਿਆ। ਆਖ਼ਰ ਜਦੋਂ ਉਹ ਦੀਵਾਰ ਦੇ ਨਾਲ਼ ਲੱਗ ਗਿਆ ਤਾਂ ਉਸਨੇ ਆਪਣੀ ਅਵਾਜ਼ ਵਿੱਚ ਜ਼ੋਰ ਪੈਦਾ ਕਰਕੇ ਕਿਹਾ, "ਵੇਖ ਸੌਗੰਧੀ, ਮੈਨੂੰ ਅਜਿਹਾ ਵਿਖਾਈ ਦਿੰਦਾ ਹੈ ਕਿ ਤੂੰ ਫਿਰ ਆਪਣਾ ਧੰਦਾ ਸ਼ੁਰੂ ਕਰ ਦਿੱਤਾ ਹੈ ... ਹੁਣ ਮੈਂ ਤੈਨੂੰ ਆਖ਼ਿਰੀ ਵਾਰ ਕਹਿੰਦਾ ਹਾਂ ... "

ਸੌਗੰਧੀ ਨੇ ਇਸਤੋਂ ਅੱਗੇ ਮਾਧਵ ਦੇ ਲਹਿਜੇ ਵਿੱਚ ਕਹਿਣਾ ਸ਼ੁਰੂ ਕੀਤਾ, "ਜੇਕਰ ਤੂੰ ਫਿਰ ਤੋਂ ਧੰਦਾ ਸ਼ੁਰੂ ਕੀਤਾ ਤਾਂ ਬਸ ਤੇਰੀ ਮੇਰੀ ਟੁੱਟ ਜਾਵੇਗੀ। ਜੇਕਰ ਤੂੰ ਫਿਰ ਕਿਸੇ ਨੂੰ ਆਪਣੇ ਇੱਥੇ ਬੁਲਾਇਆ ਤਾਂ ਗੁੱਤ ਤੋਂ ਫੜ ਕੇ ਤੈਨੂੰ ਬਾਹਰ ਕੱਢ ਦੇਵਾਂਗਾ ... ਇਸ ਮਹੀਨੇ ਦਾ ਖ਼ਰਚ ਮੈਂ ਤੈਨੂੰ ਪੂਨਾ ਤੋਂ ਹੀ ਮਨੀ ਆਰਡਰ ਕਰ ਦੇਵਾਂਗਾ ... ਹਾਂ ਕੀ ਭਾੜਾ ਹੈ ਇਸ ਖੋਲੀ ਦਾ?"

ਮਾਧਵ ਚਕਰਾ ਗਿਆ।

ਸੌਗੰਧੀ ਨੇ ਕਹਿਣਾ ਸ਼ੁਰੂ ਕੀਤਾ, "ਮੈਂ ਦੱਸਦੀ ਹਾਂ ... ਪੰਦਰਾਂ ਰੁਪਿਆ ਭਾੜਾ ਹੈ ਇਸ ਖੋਲੀ ਦਾ ... ਅਤੇ ਦਸ ਰੁਪਿਆ ਭਾੜਾ ਹੈ ਮੇਰਾ ... ਅਤੇ ਜਿਵੇਂ ਤੈਨੂੰ ਪਤਾ ਹੈ, ਢਾਈ ਰੁਪਏ ਦਲਾਲ ਦੇ, ਬਾਕੀ ਰਹੇ ਸਾਢੇ ਸੱਤ। ਹੈ ਨਾ ਸਾਢੇ ਸੱਤ? ਇਨ੍ਹਾਂ ਸਾਢੇ ਸੱਤ ਰੁਪਿਆਂਵਿੱਚ ਮੈਂ ਅਜਿਹੀ ਚੀਜ਼ ਦੇਣ ਦਾ ਵਚਨ ਦਿੱਤਾ ਸੀ ਜੋ ਮੈਂ ਦੇ ਹੀ ਨਹੀਂ ਸਕਦੀ ਸੀ। ਅਤੇ ਤੂੰ ਅਜਿਹੀ ਚੀਜ਼ ਲੈਣ ਆਇਆ ਸੀ ਜੋ ਤੂੰ ਲੈ ਹੀ ਨਹੀਂ ਸਕਦਾ ਸੀ ... ਤੇਰਾ ਮੇਰਾ ਨਾਤਾ ਹੀ ਕੀ ਸੀ। ਕੁੱਝ ਵੀ ਨਹੀਂ। ਬਸ ਇਹ ਦਸ ਰੁਪਏ ਤੇਰੇ ਅਤੇ ਮੇਰੇ ਵਿੱਚ ਵਜ ਰਹੇ ਸਨ, ਸੌਂ ਅਸੀਂ ਦੋਨਾਂ ਨੇ ਮਿਲ ਕੇ ਅਜਿਹੀ ਗੱਲ ਕੀਤੀ ਕਿ ਤੈਨੂੰ ਮੇਰੀ ਜ਼ਰੂਰਤ ਅਤੇ ਮੈਨੂੰ ਤੇਰੀ ... ਪਹਿਲਾਂ ਤੇਰੇ ਅਤੇ ਮੇਰੇ ਵਿੱਚ ਦਸ ਰੁਪਏ ਬਜਦੇ ਸਨ, ਅੱਜ ਪੰਜਾਹ ਵਜ ਰਹੇ ਹਨ। ਤੂੰ ਵੀ ਇਨ੍ਹਾਂ ਦਾ ਬਜਣਾ ਸੁਣ ਰਿਹਾ ਹੈਂ ਅਤੇ ਮੈਂ ਵੀ ਇਨ੍ਹਾਂ ਦਾ ਬਜਣਾ ਸੁਣ ਰਹੀ ਹਾਂ ... ਇਹ ਤੂੰ ਆਪਣੇ ਵਾਲ਼ਾਂ ਦਾ ਕੀ ਮਲੀਆ ਮੇਟ ਕਰ ਰੱਖਿਆ ਹੈ?"

ਇਹ ਕਹਿ ਕੇ ਸੌਗੰਧੀ ਨੇ ਮਾਧਵ ਦੀ ਟੋਪੀ ਉਂਗਲ ਨਾਲ਼ ਇੱਕ ਤਰਫ਼ ਉੱਡਾ ਦਿੱਤੀ। ਇਹ ਹਰਕਤ ਮਾਧਵ ਨੂੰ ਬਹੁਤ ਨਾਗਵਾਰ ਗੁਜ਼ਰੀ। ਉਸਨੇ ਵੱਡੇ ਕਰੜੇ ਲਹਿਜੇ ਵਿੱਚ ਕਿਹਾ, "ਸੌਗੰਧੀ!"

ਸੌਗੰਧੀ ਨੇ ਮਾਧਵ ਦੀ ਜੇਬ `ਚੋਂ ਰੂਮਾਲ ਕੱਢ ਕੇ ਸੁੰਘਿਆ ਅਤੇ ਜ਼ਮੀਨ `ਤੇ ਸੁੱਟ ਦਿੱਤਾ, "ਇਹ ਚੀਥੜੇ, ਇਹ ਚਿੰਦੀਆਂ ... ਉਫ਼ ਕਿੰਨੀ ਬੁਰੀ ਬਾਸ ਆਉਂਦੀ ਹੈ, ਉਠਾ ਕੇ ਬਾਹਰ ਸੁੱਟ ਇਨ੍ਹਾਂ ਨੂੰ ... "

ਮਾਧਵ ਚੀਖ਼ਿਆ, "ਸੌਗੰਧੀ।"

ਸੌਗੰਧੀ ਨੇ ਤੇਜ਼ ਲਹਿਜੇ ਵਿੱਚ ਕਿਹਾ, "ਸੌਗੰਧੀ ਦੇ ਬੱਚੇ ਤੂੰ ਆਇਆ ਕਿਸ ਲਈ ਹੈਂ ਇੱਥੇ? ਤੁਹਾਡੀ ਮਾਂ ਰਹਿੰਦੀ ਹੈ ਇਸ ਜਗ੍ਹਾ ਜੋ ਤੈਨੂੰ ਪੰਜਾਹ ਰੁਪਏ ਦੇਵੇਗੀ? ਜਾਂ ਤੂੰ ਕੋਈ ਐਸਾ ਬੜਾ ਗਭਰੂ ਜਵਾਨ ਹੈਂ ਜੋ ਮੈਂ ਤੇਰੇ `ਤੇ ਆਸ਼ਿਕ ਹੋ ਗਈ ਹਾਂ ... ਕੁੱਤੇ, ਕਮੀਨੇ, ਮੇਰੇ `ਤੇ ਰੋਹਬ ਝਾੜਦਾ ਹੈਂ? ਮੈਂ ਤੇਰੀ ਰਖੇਲ ਹਾਂ ਕੀ? ਭਿਖ਼ਮੰਗੇ ਤੂੰ ਆਪਣੇ ਆਪ ਨੂੰ ਸਮਝ ਕੀ ਬੈਠਾ ਹੈਂ? ਮੈਂ ਕਹਿੰਦੀ ਹਾਂ ਤੂੰ ਹੈਂ ਕੌਣ? ਚੋਰ ਜਾਂ ਗਠ ਕਤਰਾ? ਇਸ ਵਕਤ ਤੂੰ ਮੇਰੇ ਮਕਾਨ ਵਿੱਚ ਕਰਨ ਕੀ ਆਇਆ ਹੈਂ? ਬੁਲਾਵਾਂ ਪੁਲਿਸ ਨੂੰ ... ਪੂਨੇ ਵਿੱਚ ਤੇਰੇ `ਤੇ ਕੇਸ ਹੋਵੇ ਨਾ ਹੋਵੇ। ਇੱਥੇ ਤਾਂ ਤੇਰੇ `ਤੇ ਇੱਕ ਕੇਸ ਖੜਾ ਕਰ ਦੇਵਾਂ ... "

ਮਾਧਵ ਸਹਿਮ ਗਿਆ। ਦਬੇ ਹੋਏ ਲਹਿਜੇ ਵਿੱਚ ਉਹ ਸਿਰਫ ਇਸ ਕਦਰ ਕਹਿ ਸਕਿਆ, "ਸੌਗੰਧੀ, ਤੈਨੂੰ ਕੀ ਹੋ ਗਿਆ ਹੈ?"

"ਮੇਰੀ ਮਾਂ ਦਾ ਸਿਰ ... ਤੂੰ ਹੁੰਦਾ ਕੌਣ ਹੈ ਮੈਨੂੰ ਅਜਿਹੇ ਸਵਾਲ ਕਰਨ ਵਾਲਾ ...ਭੱਜ ਇੱਥੋਂ, ਵਰਨਾ ... "

ਸੌਗੰਧੀ ਦੀ ਬੁਲੰਦ ਅਵਾਜ਼ ਸੁਣ ਕੇ ਉਸਦਾ ਖ਼ਾਰਿਸ਼ਜ਼ਦਾ ਕੁੱਤਾ ਜੋ ਸੁੱਕੇ ਹੋਏ ਚੱਪਲਾਂ `ਤੇ ਮੂੰਹ ਰੱਖ ਸੌਂ ਰਿਹਾ ਸੀ, ਹੜਬੜਾ ਕੇ ਉਠ ਬੈਠਾ ਅਤੇ ਮਾਧਵ ਵੱਲ ਮੂੰਹ ਉਠਾ ਕੇ ਭੋਂਕਣਾ ਸ਼ੁਰੂ ਕਰ ਦਿੱਤਾ। ਕੁੱਤੇ ਦੇ ਭੌਂਕਣ ਦੇ ਨਾਲ਼ ਹੀ ਸੌਗੰਧੀ ਜ਼ੋਰ ਨਾਲ਼ ਹੱਸਣ ਲੱਗੀ।

ਮਾਧਵ ਡਰ ਗਿਆ। ਡਿੱਗੀ ਹੋਈ ਟੋਪੀ ਚੁੱਕਣ ਲਈ ਉਹ ਝੁਕਿਆ ਤਾਂ ਸੌਗੰਧੀ ਦੀ ਗਰਜ ਸੁਣਾਈ ਦਿੱਤੀ, "ਖ਼ਬਰਦਾਰ ... ਪਈ ਰਹਿਣ ਦੇ ਉਥੇ ਹੀ ... ਤੂੰ ਜਾ, ਤੇਰੇ ਪੂਨਾ ਪੁੱਜਦੇ ਹੀ ਮੈਂ ਇਸਨ੍ਹੂੰ ਮਨੀ ਆਰਡਰ ਕਰ ਦਊਂਗੀ।"

ਇਹ ਕਹਿ ਕੇ ਉਹ ਅਤੇ ਜ਼ੋਰ ਨਾਲ਼ ਹੱਸੀ ਅਤੇ ਹੱਸਦੇ ਹੱਸਦੇ ਕੁਰਸੀ `ਤੇ ਬੈਠ ਗਈ। ਉਸਦੇ ਖ਼ਾਰਿਸ਼ਜ਼ਦਾ ਕੁੱਤੇ ਨੇ ਭੌਂਕ-ਭੌਂਕ ਕੇ ਮਾਧਵ ਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ। ਪੌੜੀਆਂ ਉਤਾਰ ਕੇ ਜਦੋਂ ਕੁੱਤਾ ਆਪਣੀ ਤੁੰਡ ਮੁੰਡ ਦੁਮ ਹਿਲਾਂਦਾ ਸੌਗੰਧੀ ਦੇ ਕੋਲ ਆਇਆ ਅਤੇ ਉਸਦੇ ਕਦਮਾਂ ਦੇ ਕੋਲ ਬੈਠ ਕੇ ਕੰਨ ਫੜਫੜਾਉਣ ਲੱਗਾ ਤਾਂ ਸੌਗੰਧੀ ਚੌਂਕੀ ... ਉਸਨੇ ਆਪਣੇ ਚਾਰੋਂ ਤਰਫ਼ ਇੱਕ ਭਿਆਨਕ ਸੱਨਾਟਾ ਵੇਖਿਆ ... ਅਜਿਹਾ ਸੱਨਾਟਾ ਜੋ ਉਸਨੇ ਪਹਿਲਾਂ ਕਦੇ ਨਹੀਂ ਵੇਖਿਆ ਸੀ।

ਉਸਨੂੰ ਅਜਿਹਾ ਲੱਗਾ ਕਿ ਹਰ ਸ਼ੈ ਖ਼ਾਲੀ ਹੈ ... ਜਿਵੇਂ ਮੁਸਾਫ਼ਰਾਂ ਨਾਲ਼ ਲੱਦੀ ਹੋਈ ਰੇਲਗੱਡੀ ਸਭ ਸਟੇਸ਼ਨਾਂ `ਤੇ ਮੁਸਾਫ਼ਰ ਉਤਾਰ ਕੇ ਹੁਣ ਲੋਹੇ ਦੇ ਸ਼ੈਡ ਵਿੱਚ ਬਿਲਕੁਲ ਇਕੱਲੀ ਖੜੀ ਹੈ। ਇਹ ਖਲਾ ਜੋ ਅਚਾਨਕ ਸੌਗੰਧੀ ਦੇ ਅੰਦਰ ਪੈਦਾ ਹੋ ਗਿਆ ਸੀ, ਉਸਨੂੰ ਬਹੁਤ ਤਕਲੀਫ ਦੇ ਰਿਹਾ ਸੀ। ਉਸਨੇ ਕਾਫ਼ੀ ਦੇਰ ਤੱਕ ਇਸ ਖਲਾ ਨੂੰ ਭਰਨ ਦੀ ਕੋਸ਼ਿਸ਼ ਕੀਤੀ। ਮਗਰ ਬੇਸੂਦ, ਉਹ ਇੱਕ ਹੀ ਵਕਤ ਵਿੱਚ ਬੇਸ਼ੁਮਾਰ ਖ਼ਿਆਲ ਆਪਣੇ ਦਿਮਾਗ਼ ਵਿੱਚ ਭਰਦੀ ਸੀ ਮਗਰ ਬਿਲਕੁਲ ਛਾਨਣੀ ਜਿਹਾ ਹਿਸਾਬ ਸੀ। ਏਧਰ ਦਿਮਾਗ਼ ਨੂੰ ਪੁਰ ਕਰਦੀ ਸੀ, ਉੱਧਰ ਉਹ ਖ਼ਾਲੀ ਹੋ ਜਾਂਦਾ ਸੀ।

ਬਹੁਤ ਦੇਰ ਤੱਕ ਉਹ ਬੇਦ ਦੀ ਕੁਰਸੀ `ਤੇ ਬੈਠੀ ਰਹੀ। ਸੋਚ-ਬਿਚਾਰ ਦੇ ਬਾਅਦ ਵੀ ਜਦੋਂ ਉਹਨੂੰ ਆਪਣਾ ਦਿਲ ਪਰਚਾਉਣ ਦਾ ਕੋਈ ਤਰੀਕਾ ਨਾ ਮਿਲਿਆ ਤਾਂ ਉਸਨੇ ਆਪਣੇ ਖ਼ਾਰਿਸ਼ਜ਼ਦਾ ਕੁੱਤੇ ਨੂੰ ਗੋਦ ਵਿੱਚ ਚੁੱਕਿਆ ਅਤੇ ਸਾਗਵਾਨ ਦੇ ਚੌੜੇ ਪਲੰਗ `ਤੇ ਉਸਨੂੰ ਪਹਿਲੂ ਵਿੱਚ ਲਿਟਾ ਕੇ ਸੌਂ ਗਈ।