ਸਮੱਗਰੀ 'ਤੇ ਜਾਓ

ਅਨੁਵਾਦ:ਇੱਕ ਦਿਨ ਦਾ ਇੰਤਜ਼ਾਰ

ਵਿਕੀਸਰੋਤ ਤੋਂ
ਅੰਗਰੇਜ਼ੀ ਕਹਾਣੀ - A Day's Wait (1933)
ਅਵਾਜ਼: Jagseer S Sidhu (ਮਦਦ | ਡਾਊਨਲੋਡ)
ਅਰਨੈਸਟ ਹੈਮਿੰਗਵੇ44271ਇੱਕ ਦਿਨ ਦਾ ਇੰਤਜ਼ਾਰ1933ਚਰਨ ਗਿੱਲ

ਉਹ ਕਮਰੇ ਵਿੱਚ ਖਿੜਕੀਆਂ ਬੰਦ ਕਰਨ ਆਇਆ। ਅਸੀਂ ਉਸ ਸਮੇਂ ਤੱਕ ਬਿਸਤਰੇ ਵਿੱਚ ਹੀ ਸਾਂ ਅਤੇ ਮੈਂ ਵੇਖਿਆ ਕਿ ਉਹ ਬੀਮਾਰ ਲੱਗ ਰਿਹਾ ਸੀ। ਉਹ ਕੰਬ ਰਿਹਾ ਸੀ ਅਤੇ ਉਸਦਾ ਚਿਹਰਾ ਤਣਿਆ ਹੋਇਆ ਸੀ। ਉਹ ਬਹੁਤ ਹੌਲੀ - ਹੌਲੀ ਚੱਲ ਰਿਹਾ ਸੀ, ਜਿਵੇਂ ਉਸਨੂੰ ਚਲਣ ਵਿੱਚ ਤਕਲੀਫ ਹੋ ਰਹੀ ਹੋਵੇ।

"ਕੀ ਗੱਲ ਹੈ, ਸ਼ੈਟਸ?"

"ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ।"

"ਅੱਛਾ ਹੈ ਕਿ ਤੂੰ ਜਾਕੇ ਬੈੱਡ ਵਿੱਚ ਲੇਟ ਜਾ।"

"ਨਹੀਂ। ਮੈਂ ਠੀਕ ਹਾਂ।"

"ਤੂੰ ਆਪਣੇ ਬਿਸਤਰ ’ਤੇ ਚੱਲ। ਮੈਂ ਕੱਪੜੇ ਬਦਲ ਕੇ ਆਉਂਦਾ ਹਾਂ ਅਤੇ ਵੇਖਦਾ ਹਾਂ।" ਪਰ ਜਦੋਂ ਮੈਂ ਹੇਠਾਂ ਆਇਆ ਤਾਂ ਉਹ ਆਪਣੇ ਕੱਪੜੇ ਬਦਲ ਚੁੱਕਿਆ ਸੀ ਅਤੇ ਅੱਗ ਦੇ ਕੋਲ ਬੈਠਾ ਸੀ। ਨੌਂ ਸਾਲ ਦਾ ਉਹ ਬੱਚਾ ਬੀਮਾਰ ਅਤੇ ਦੁਖੀ ਲੱਗ ਰਿਹਾ ਸੀ। ਜਦੋਂ ਮੈਂ ਉਸਦੇ ਮੱਥੇ ਉੱਤੇ ਆਪਣਾ ਹੱਥ ਰੱਖਿਆ ਤਾਂ ਪਤਾ ਲਗਾ ਕਿ ਉਸਨੂੰ ਬੁਖ਼ਾਰ ਹੈ।

"ਤੂੰ ਬੈੱਡ ਵਿੱਚ ਲੇਟ," ਮੈਂ ਫਿਰ ਕਿਹਾ, "ਤੇਰੀ ਤਬੀਅਤ ਠੀਕ ਨਹੀਂ ਹੈ।"

"ਮੈਂ ਠੀਕ ਹਾਂ", ਉਸਨੇ ਕਿਹਾ। ਜਦੋਂ ਡਾਕਟਰ ਆਇਆ ਤਾਂ ਉਸ ਨੇ ਥਰਮਾਮੀਟਰ ਲਗਾ ਕੇ ਮੁੰਡੇ ਦਾ ਬੁਖ਼ਾਰ ਦੇਖਿਆ।

"ਕਿੰਨਾ ਹੈ"? ਮੈਂ ਉਸ ਤੋਂ ਪੁੱਛਿਆ।

"ਇੱਕ ਸੌ ਦੋ।"

ਹੇਠਾਂ ਜਾਕੇ ਡਾਕਟਰ ਨੇ ਤਿੰਨ ਤਰ੍ਹਾਂ ਦੇ ਵੱਖ ਵੱਖ ਰੰਗਾਂ ਦੇ ਕੈਪਸੂਲ ਦਿੱਤੇ ਅਤੇ ਅਤੇ ਉਨ੍ਹਾਂ ਨੂੰ ਲੈਣ ਦਾ ਸਮਾਂ ਦੱਸਿਆ। ਇੱਕ ਕੈਪਸੂਲ ਬੁਖ਼ਾਰ ਉਤਾਰਣ ਦੇ ਲਈ, ਦੂਜਾ ਪੇਟ ਸਾਫ ਕਰਨ ਲਈ ਅਤੇ ਤੀਜਾ ਐਸਿਡਿਟੀ ਠੀਕ ਕਰਨ ਲਈ ਸੀ। ਉਸਨੇ ਸਮਝਾਇਆ ਕਿ ਇੰਫਲੂਏਂਜਾ ਦੇ ਕੀਟਾਣੂ ਢਿੱਡ ਵਿੱਚ ਐਸਿਡ ਹੋਣ ’ਤੇ ਹੀ ਜ਼ਿੰਦਾ ਰਹਿ ਸਕਦੇ ਹਨ। ਉਸਦੀਆਂ ਗੱਲਾਂ ਤੋਂ ਅਜਿਹਾ ਲੱਗ ਰਿਹਾ ਸੀ ਕਿ ਇੰਫਲੂਏਂਜਾ ਬਾਰੇ ਉਹ ਕਾਫੀ ਕੁੱਝ ਜਾਣਦਾ ਸੀ। ਉਸਨੇ ਦੱਸਿਆ ਕਿ ਜੇਕਰ ਬੁਖ਼ਾਰ ਇੱਕ ਸੌ ਚਾਰ ਡਿਗਰੀ ਤੋਂ ਉੱਤੇ ਨਹੀਂ ਜਾਂਦਾ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ। ਇਸ ਸਮੇਂ ਥੋੜ੍ਹਾ ਫਲੂ ਫੈਲਿਆ ਹੋਇਆ ਹੈ। ਖ਼ਤਰੇ ਦੀ ਗੱਲ ਨਹੀਂ, ਬਸ ਨਿਮੋਨੀਏ ਤੋਂ ਬਚਾਅ ਹੋਣਾ ਚਾਹੀਦਾ ਹੈ। ਕਮਰੇ ਵਿੱਚ ਵਾਪਸ ਆਕੇ ਮੈਂ ਬੇਟੇ ਦਾ ਬੁਖ਼ਾਰ ਲਿਖ ਲਿਆ ਅਤੇ ਤਿੰਨਾਂ ਤਰ੍ਹਾਂ ਦੇ ਕੈਪਸੂਲ ਲੈਣ ਦਾ ਸਮਾਂ ਵੀ ਨੋਟ ਕਰ ਲਿਆ।

"ਮੈਂ ਤੈਨੂੰ ਕੁੱਝ ਪੜ੍ਹ ਕੇ ਸੁਣਾਵਾਂ?"

"ਜੇਕਰ ਤੁਸੀਂ ਚਾਹੁੰਦੇ ਹੋ ਤਾਂ ਸੁਣਾਓ," ਮੁੰਡੇ ਨੇ ਕਿਹਾ। ਉਸਦਾ ਚਿਹਰਾ ਬਹੁਤ ਜਿਆਦਾ ਸਫੈਦ ਸੀ ਅਤੇ ਉਸਦੀਆਂ ਅੱਖਾਂ ਦੇ ਹੇਠਾਂ ਦਾ ਹਿੱਸਾ ਸਿਆਹ ਹੋ ਚੁੱਕਿਆ ਸੀ। ਉਹ ਬਿਸਤਰ ਉੱਤੇ ਚੁਪਚਾਪ ਲਿਟਿਆ ਸੀ ਅਤੇ ਜੋ ਕੁਝ ਹੋ ਰਿਹਾ ਸੀ ਉਸਤੋਂ ਬਹੁਤ ਜਿਜ਼ਿਆਦਾ ਨਿਰਪੇਖ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਉਸਨੂੰ ਹੋਵਾਰਡ ਪਾਈਲੇ ਇੱਕ ਕਿਤਾਬ ‘ਬੁਕ ਆਫ਼ ਪਾਇਰੇਟਸ’ ਵਿੱਚੋਂ ਪੜ੍ਹ ਕੇ ਕੁਝ ਸੁਣਾਇਆ। ਪਰ ਮੈਂ ਵੇਖ ਰਿਹਾ ਸੀ ਕਿ ਜੋ ਕੁਝ ਮੈਂ ਪੜ੍ਹ ਰਿਹਾ ਸੀ ਉਸ ਵਿੱਚ ਉਸਦਾ ਧਿਆਨ ਨਹੀਂ ਸੀ।

"ਤੂੰ ਕਿਵੇਂ ਮਹਿਸੂਸ ਕਰ ਰਿਹੈਂ, ਸ਼ੈਟਸ?" ਮੈਂ ਉਸਨੂੰ ਪੁੱਛਿਆ।

"ਅਜੇ ਤੱਕ ਤਾਂ ਉਹੋ ਜਿਹਾ ਹੀ ਹਾਂ, ਪਹਿਲਾਂ ਵਰਗਾ," ਉਸਨੇ ਕਿਹਾ। ਮੈਂ ਉਸਦੇ ਬਿਸਤਰੇ ਦੀ ਪੈਂਦ ਵੱਲ ਕੁਰਸੀ ਉੱਤੇ ਬੈਠ ਗਿਆ ਅਤੇ ਚੁਪਚਾਪ ਆਪਣਾ ਕੁਝ ਪੜ੍ਹਦੇ ਹੋਏ ਅਗਲਾ ਕੈਪਸੂਲ ਦੇਣ ਦੇ ਸਮੇਂ ਦੀ ਉਡੀਕ ਕਰਨ ਲੱਗਿਆ। ਸੁਭਾਵਕ ਸੀ ਕਿ ਉਹ ਸੌਂ ਜਾਂਦਾ ਪਰ ਜਦੋਂ ਮੈਂ ਉਸ ਵੱਲ ਵੇਖਿਆ ਤਾਂ ਉਹ ਆਪਣੇ ਬੈੱਡ ਦੀ ਪੈਂਦ ਵੱਲ ਵੇਖ ਰਿਹਾ ਸੀ। ਉਸਦੀਆਂ ਨਜ਼ਰਾਂ ਵਿੱਚ ਇੱਕ ਓਪਰਾਪਣ ਜਿਹਾ ਸੀ।

"ਤੂੰ ਸੌਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ? ਮੈਂ ਤੈਨੂੰ ਦਵਾਈ ਲਈ ਜਗਾ ਲਵਾਂਗਾ।"

"ਨਹੀਂ, ਮੈਂ ਜਾਗਦਾ ਰਹਾਂਗਾ"। ਥੋੜ੍ਹੀ ਦੇਰ ਬਾਅਦ ਉਸਨੇ ਮੈਨੂੰ ਕਿਹਾ, "ਪਾਪਾ, ਜੇਕਰ ਤੁਹਾਨੂੰ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਹਾਨੂੰ ਇੱਥੇ ਮੇਰੇ ਕੋਲ ਬੈਠਣ ਦੀ ਜ਼ਰੂਰਤ ਨਹੀਂ।"

"ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ, ਪੁੱਤ।"

"ਨਹੀਂ, ਮੇਰਾ ਭਾਵ ਹੈ ਕਿ ਅਗਰ ਤੁਹਾਨੂੰ ਜ਼ਰਾ ਕੁ ਵੀ ਮੁਸ਼ਕਿਲ ਹੈ ਤਾਂ ਤੁਹਾਨੂੰ ਇੱਥੇ ਰੁਕਣ ਦੀ ਜ਼ਰੂਰਤ ਨਹੀਂ।"

ਮੈਨੂੰ ਲਗਾ ਕਿ ਉਸਦਾ ਸਿਰ ਕੁਝ ਹਲਕਾ ਹੋ ਗਿਆ ਹੈ, ਇਸ ਲਈ ਗਿਆਰਾਂ ਵਜੇ ਦਾ ਕੈਪਸੂਲ ਦੇਣ ਦੇ ਬਾਅਦ ਮੈਂ ਥੋੜ੍ਹੀ ਦੇਰ ਲਈ ਬਾਹਰ ਆ ਗਿਆ। ਇਹ ਖੁੱਲ੍ਹਾ ਠੰਡਾ ਦਿਨ ਸੀ। ਮੀਂਹ ਅਤੇ ਬਰਫ਼ ਨਾਲ਼ ਧਰਤੀ ਕੁੱਝ ਇਸ ਤਰ੍ਹਾਂ ਢਕੀ ਗਈ ਸੀ, ਜਿਵੇਂ ਸਾਰੇ ਪੱਤਰਹੀਣ ਰੁੱਖਾਂ, ਝਾੜੀਆਂ, ਝਾੜ—ਝਿੰਗਾਂ, ਘਾਹ ਅਤੇ ਖ਼ਾਲੀ ਜ਼ਮੀਨ ਉੱਤੇ ਬਰਫ ਦੀ ਵਾਰਨਿਸ਼ ਕਰ ਦਿੱਤੀ ਗਈ ਹੋਵੇ। ਮੈਂ ਆਪਣੀ ਆਇਰਿਸ਼ ਬੰਦੂਕ ਅਤੇ ਕੁੱਤੇ ਨੂੰ ਨਾਲ਼ ਲਿਆ ਅਤੇ ਜੰਮੀ ਹੋਈ ਕਰੀਕ ਨਦੀ ਦੇ ਨਾਲ-ਨਾਲ ਸੜਕ ਉੱਤੇ ਥੋੜ੍ਹਾ ਘੁੰਮਣ ਨਿਕਲ ਗਿਆ, ਪਰ ਚੀਕਣੀ ਸਤ੍ਹਾ ਉੱਤੇ ਚੱਲਣਾ ਅਤੇ ਖੜ੍ਹੇ ਰਹਿਣਾ ਮੁਸ਼ਕਲ ਹੋ ਰਿਹਾ ਸੀ। ਕੁੱਤਾ ਫਿਸਲ ਗਿਆ ਅਤੇ ਮੈਂ ਵੀ ਦੋ ਵਾਰ ਡਿੱਗਿਆ। ਇੱਕ ਵਾਰ ਤਾਂ ਮੇਰੀ ਬੰਦੂਕ ਛੁੱਟ ਕੇ ਦੂਰ ਬਰਫ਼ ਵਿੱਚ ਜਾ ਡਿੱਗੀ। ਚੀਕਣੀ ਮਿੱਟੀ ਦੀ ਇੱਕ ਉੱਚੀ ਵੱਟ ਤੇ ਬੁਰੁਸ਼ ਦੇ ਰੁੱਖ ਉੱਤੇ ਬਟੇਰਿਆਂ ਦਾ ਝੁੰਡ ਵੇਖ ਕੇ ਸਾਡੇ ਚਿਹਰਿਆਂ ’ਤੇ ਖੁਸ਼ੀ ਛਾ ਗਈ। ਅਤੇ ਮੈਂ ਉਨ੍ਹਾਂ ਵਿਚੋਂ ਦੋ ਨੂੰ ਮਾਰ ਸੁੱਟਿਆ। ਬਾਕੀ ਉੱਚੀ ਵੱਟ ਦੇ ਪਰ੍ਹੇ ਓਝਲ ਹੋ ਗਏ। ਤੇ ਫੇਰ ਥੋੜ੍ਹੀ ਦੇਰ ਵਿੱਚ ਝੁੰਡ ਵਿੱਚੋਂ ਕੁਝ ਰੁੱਖਾਂ ਉੱਤੇ ਝਿਲਮਿਲਾਉਣ ਲੱਗੇ ਪਰ ਬਾਕੀ ਇੱਧਰ-ਉੱਧਰ ਨਿੱਖੜ ਗਏ। ਇਸ ਸਮੇਂ ਹੋਰ ਬਟੇਰੇ ਮਾਰ ਸਕਣਾ ਮੁਸ਼ਕਲ ਸੀ। ਮੈਂ ਕੇਵਲ ਦੋ ਹੀ ਮਾਰ ਸਕਿਆ ਅਤੇ ਪੰਜ ਮੇਰੇ ਤੋਂ ਬਚ ਗਏ। ਪ੍ਰੰਤੂ ਮੈਂ ਇਹ ਸੋਚ ਖ਼ੁਸ਼ੀ-ਖ਼ੁਸ਼ੀ ਪਰਤ ਪਿਆ ਕਿ ਘਰ ਦੇ ਇੰਨੇ ਨੇੜੇ ਬਟੇਰਿਆਂ ਦਾ ਇਹ ਝੁੰਡ ਮਿਲ ਗਿਆ ਅਤੇ ਕਿਸੇ ਹੋਰ ਦਿਨ ਲਈ ਅਜੇ ਵੀ ਬਹੁਤ ਸਾਰੇ ਬਾਕੀ ਸਨ। ਘਰ ਆਕੇ ਪਤਾ ਲਗਾ ਕਿ ਮੁੰਡੇ ਨੇ ਕਿਸੇ ਨੂੰ ਵੀ ਕਮਰੇ ਵਿੱਚ ਨਹੀਂ ਆਉਣ ਦਿੱਤਾ।

"ਤੁਸੀਂ ਅੰਦਰ ਨਹੀਂ ਆ ਸਕਦੇ", ਉਸਨੇ ਕਿਹਾ ਸੀ, "ਤੁਹਾਨੂੰ ਉਹ ਸਭ ਨਹੀਂ ਜਾਨਣਾ ਚਾਹੀਦਾ ਜੋ ਮੇਰੇ ਉੱਤੇ ਬੀਤ ਰਿਹਾ ਹੈ।"

ਮੈਂ ਉਸਦੇ ਕੋਲ ਗਿਆ ਅਤੇ ਉਸਨੂੰ ਠੀਕ ਉਵੇਂ ਹੀ ਹਾਲਤ ਵਿੱਚ ਲਿਟੇ ਪਾਇਆ, ਜਿਵੇਂ ‌ਕਿ ਮੈਂ ਛੱਡ ਗਿਆ ਸੀ। ਉਸਦਾ ਚਿਹਰਾ ਬੱਗਾ ਸੀ, ਪਰ ਬੁਖ਼ਾਰ ਦੇ ਕਰਨ ਉਸਦੀਆਂ ਗੱਲ੍ਹਾਂ ਲਾਲ ਹੋਈਆਂ ਪਈਆਂ ਸਨ। ਉਹ ਪਹਿਲਾਂ ਵਾਂਗ ਹੀ ਚੁੱਪਚਾਪ ਆਪਣੇ ਬੈੱਡ ਦੀ ਪੈਂਦ ਵੱਲ ਟਿਕਟਿਕੀ ਲਗਾ ਵੇਖ ਰਿਹਾ ਸੀ। ਮੈਂ ਉਸਦਾ ਬੁਖ਼ਾਰ ਚੈੱਕ ਕੀਤਾ।

"ਕਿੰਨਾ ਹੈ?"

"ਸੌ ਦੇ ਕਰੀਬ,"ਮੈਂ ਦੱਸਿਆ। ਹਾਲਾਂਕਿ ਇਹ ਇੱਕ ਸੌ ਦੋ ਪਵਾਇੰਟ ਚਾਰ ਸੀ।

"ਇਹ ਇੱਕ ਸੌ ਦੋ ਸੀ," ਉਸਨੇ ਕਿਹਾ।

"ਇਹ ਕਿਸਨੇ ਕਿਹਾ?"

"ਡਾਕਟਰ ਨੇ।"

"ਤੁਹਾਡਾ ਬੁਖ਼ਾਰ ਬਿਲਕੁਲ ਠੀਕ ਹੈ", ਮੈਂ ਕਿਹਾ। "ਚਿੰਤਾ ਦੀ ਕੋਈ ਗੱਲ ਨਹੀਂ ਹੈ।"

"ਮੈਂ ਚਿੰਤਾ ਨਹੀਂ ਕਰ ਰਿਹਾ ਹਾਂ," ਉਸਨੇ ਕਿਹਾ। "ਪਰ ਮੈਂਥੋਂ ਆਪਣੇ ਆਪ ਨੂੰ ਸੋਚਣ ਤੋਂ ਨਹੀਂ ਰੋਕਿਆ ਜਾ ਰਿਹਾ।"

"ਸੋਚ ਨਾ," ਮੈਂ ਕਿਹਾ। "ਇਸਨੂੰ ਹਲਕੇ ਫੁਲਕੇ ਢੰਗ ਨਾਲ ਲੈ।"

"ਮੈਂ ਹਲਕੇ ਢੰਗ ਨਾਲ ਹੀ ਲੈ ਰਿਹਾ ਹਾਂ," ਉਸਨੇ ਕਿਹਾ ਅਤੇ ਸਿੱਧਾ ਉੱਪਰ ਵੱਲ ਦੇਖਣ ਲੱਗਾ। ਸਪਸ਼ਟ ਤੌਰ ’ਤੇ ਉਹ ਕੋਈ ਗੱਲ ਲੁਕਾ ਰਿਹਾ ਸੀ।

"ਲੈ, ਪਾਣੀ ਨਾਲ ਇਹ ਦਵਾਈ ਖਾ ਲੈ।"

"ਕੀ ਤੁਹਾਨੂੰ ਲੱਗਦਾ, ਇਹ ਕੋਈ ਅਸਰ ਕਰੇਗੀ?"

"ਹਾਂ, ਬਿਲਕੁਲ ਕਰੇਗੀ।"

ਮੈਂ ਬੈਠ ਗਿਆ ਅਤੇ ਮੈਂ ਸਮੁੰਦਰੀ ਡਾਕੂਆਂ ਵਾਲੀ ਕਿਤਾਬ ਖੋਲ੍ਹ ਕੇ ਉਥੋਂ ਹੀ ਪੜ੍ਹਨੀ ਸ਼ੁਰੂ ਕਰ ਦਿੱਤੀ, ਜਿੱਥੋਂ ਛੱਡੀ ਸੀ। ਪਰ ਮੈਂ ਵੇਖਿਆ ਕਿ ਉਹ ਸੁਣ ਨਹੀਂ ਰਿਹਾ, ਇਸ ਲਈ ਮੈਂ ਪੜ੍ਹਨਾ ਛੱਡ ਦਿੱਤਾ।

"ਤੁਹਾਨੂੰ ਕੀ ਲੱਗਦਾ, ਮੈਂ ਕਿਸ ਸਮੇਂ ਤੱਕ ਮਰ ਜਾਵਾਂਗਾ?" ਉਸਨੇ ਪੁੱਛਿਆ।

"ਕੀ!?"

"ਮੇਰੇ ਮਰਨ ਵਿੱਚ ਹੁਣ ਕਿੰਨੀ ਦੇਰ ਬਚੀ ਹੈ?"

"ਤੂੰ ਮਰਨ ਵਾਲਾ ਨਹੀਂ ਹੈਂ। ਇਹ ਤੈਨੂੰ ਕੀ ਹੋ ਗਿਆ ਹੈ?"

"ਓਹ ਹਾਂ, ਮੈਂ ਮਰ ਰਿਹਾ ਹਾਂ। ਮੈਂ ਉਨ੍ਹਾਂ ਨੂੰ ਕਹਿੰਦੇ ਹੋਏ ਸੁਣਿਆ ਕਿ ਬੁਖ਼ਾਰ ਇੱਕ ਸੌ ਦੋ ਹੈ।"

"ਇੱਕ ਸੌ ਦੋ ਬੁਖ਼ਾਰ ਨਾਲ ਲੋਕ ਮਰਦੇ ਨਹੀਂ। ਕਿਹੋ ਜਿਹੀਆਂ ਬੇਤੁਕੀਆਂ ਗੱਲਾਂ ਕਰ ਰਿਹਾ ਹੈਂ।"

"ਮੈਂ ਜਾਣਦਾ ਹਾਂ ਕਿ ਇੰਨੇ ਬੁਖ਼ਾਰ ਨਾਲ ਲੋਕ ਮਰ ਜਾਂਦੇ ਹਨ। ਫ਼ਰਾਂਸ ਵਿੱਚ ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ ਤਦ ਮੁੰਡਿਆਂ ਨੇ ਮੈਨੂੰ ਦੱਸਿਆ ਸੀ ਕਿ ਕੋਈ ਵੀ ਚੁਤਾਲੀ ਡਿਗਰੀ ਵਿੱਚ ਜਿਉਂਦਾ ਨਹੀਂ ਰਹਿ ਸਕਦਾ। ਮੈਨੂੰ ਤਾਂ ਇੱਕ ਸੌ ਦੋ ਹੋ ਗਿਆ ਹੈ।" ਉਹ ਸਵੇਰੇ ਨੌਂ ਵਜੇ ਤੋਂ ਸਾਰਾ ਦਿਨ ਆਪਣੇ ਮਰਨ ਦੀ ਉਡੀਕ ਕਰਦਾ ਰਿਹਾ ਸੀ!!

"ਓਏ! ਪਗਲਾ, ਮੈਨੂੰ ਲੱਗਦਾ ਤੂੰ ਹੋਸ਼ਿਆਰ ਬੁਧੂ ਹੈਂ। ਇਹ ਉਵੇਂ ਹੀ ਹੈ, ਜਿਵੇਂ ਮੀਲ ਅਤੇ ਕਿਲੋਮੀਟਰ। ਤੂੰ ਮਰਨ ਵਾਲਾ ਨਹੀਂ ਹੈਂ। ਉਹ ਦੂਜੀ ਤਰ੍ਹਾਂ ਦਾ ਥਰਮਾਮੀਟਰ ਹੈ। ਉਸ ਵਿੱਚ ਸੈਂਤੀ ਡਿਗਰੀ ਨਾਰਮਲ ਹੈ। ਇਸ ਵਿੱਚ ਅੱਠਾਨਵੇਂ।"

"ਕੀ ਤੁਹਾਨੂੰ ਪੱਕਾ ਪਤਾ ਹੈ?"

"ਹਾਂ, ਬਿਲਕੁਲ ਹਾਂ," ਮੈਂ ਕਿਹਾ। "ਇਹ ਫਾਰਨਹਾਈਟ ਅਤੇ ਸੇਂਟੀਗਰੇਡ ਦਾ ਫਰਕ ਹੈ - ਮੀਲ ਅਤੇ ਕਿਲੋਮੀਟਰ ਵਾਂਗ। ਕੀ ਤੈਨੂੰ ਪਤਾ ਹੈ ਕਿ ਜਦੋਂ ਅਸੀਂ ਕਾਰ ’ਤੇ ਸੱਤਰ ਮੀਲ ਜਾਂਦੇ ਹਾਂ ਤਾਂ ਕਿੰਨੇ ਕਿਲੋਮੀਟਰ ਚੱਲ ਚੁੱਕੇ ਹੁੰਦੇ ਹਾਂ?"

"ਓਹ, ਹਾਂ," ਉਸਨੇ ਕਿਹਾ।

ਫਿਰ ਉਸਦਾ ਆਪਣੇ ਪੈਰਾਂ ਦੇ ਵੱਲ ਇੱਕ ਟੱਕ ਵੇਖਣਾ ਹੌਲੀ ਹੌਲੀ ਘੱਟ ਹੋਇਆ। ਅਤੇ ਅੰਤ ਉਹ ਸਹਿਜ ਹੋ ਗਿਆ। ਅਗਲੇ ਦਿਨ ਤੱਕ ਉਹ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਗਿਆ। ਅਤੇ ਹੁਣ ਉਹ ਪਹਿਲਾਂ ਦੀ ਤਰ੍ਹਾਂ ਛੋਟੀਆਂ—ਛੋਟੀਆਂ ਚੀਜ਼ਾਂ ਲਈ ਜ਼ਿਦ ਅਤੇ ਚੀਖ਼ ਪੁਕਾਰ ਕਰ ਰਿਹਾ ਸੀ!