ਅਨੁਵਾਦ:ਕਲਾਕ੍ਰਿਤੀ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਸਾਸ਼ਾ ਸਮਿਰਨੋਵ, ਆਪਣੀ ਮਾਂ ਦਾ ਇਕਲੌਤਾ ਪੁੱਤਰ, ਵਿੱਤੀ ਸਮਾਚਾਰ ਦੇ 223ਵੇਂ ਅੰਕ ਵਿੱਚ ਕੁੱਝ ਲਪੇਟਿਆ ਹੈ ਅਤੇ ਕੱਛ ਹੇਠਾਂ ਫੜੀਂ ਭਾਵੁਕ ਹਾਵਭਾਵ ਬਣਾ ਉਹ ਡਾ. ਕੋਸ਼ਲਕੋਵ ਦੇ ਮਰੀਜ਼ ਦੇਖਣ ਵਾਲ਼ੇ ਕਮਰੇ ਵਿੱਚ ਚਲਾ ਗਿਆ।

"ਆਉ, ਪਿਆਰੇ ਬੱਚੇ ...” ਇਉਂ ਡਾਕਟਰ ਨੇ ਉਸ ਦਾ ਸੁਆਗਤ ਕੀਤਾ। "ਠੀਕ ਹੈ! ਆਪਾਂ ਹੁਣ ਕਿਵੇਂ ਮਹਿਸੂਸ ਕਰ ਰਹੇ ਹਾਂ? ਕੋਈ ਚੰਗੀ ਖ਼ਬਰ ਹੈ ਮੇਰੇ ਲਈ?”

ਸਾਸ਼ਾ ਨੇ ਅੱਖਾਂ ਝਪਕੀਆਂ, ਉਸਨੇ ਆਪਣੇ ਦਿਲ ਤੇ ਹਥ ਰੱਖਿਆ ਅਤੇ ਉਤੇਜਿਤ ਅਵਾਜ਼ ਵਿੱਚ ਕਿਹਾ, "ਮੇਰੀ ਮਾਂ ਨੇ ਤੁਹਾਨੂੰ ਵਧਾਈ ਭੇਜੀ ਹੈ, ਇਵਾਨ ਨਿਕੋਲਾਏਵਿਚ, ਅਤੇ ਮੈਨੂੰ ਤੁਹਾਡਾ ਧੰਨਵਾਦ ਕਰਨ ਲਈ ਕਿਹਾ ਹੈ... ਮੈਂ ਮੇਰੀ ਮਾਂ ਦਾ ਇਕਲੌਤਾ ਪੁੱਤਰ ਹਾਂ ਅਤੇ ਤੁਸੀਂ ਮੇਰੀ ਜਾਨ ਬਚਾਈ ਹੈ.... ਤੁਸੀਂ ਮੈਨੂੰ ਇੱਕ ਖਤਰਨਾਕ ਰੋਗ ਤੋਂ ਬਚਾਇਆ ਹੈ.... ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਤੁਹਾਡਾ ਰਿਣ ਕਿਵੇਂ ਅਦਾ ਕਰੀਏ!"

"ਬੱਸ, ਬੱਚੂ,. ਬੱਸ!" ਡਾਕਟਰ ਨੇ ਕਿਹਾ, ਬਹੁਤ ਜ਼ਿਆਦਾ ਖ਼ੁਸ਼ ਸੀ ਉਹ। "ਮੈਂ ਜੋ ਕੀਤਾ ਹੈ ਮੇਰੀ ਜਗ੍ਹਾ ਹੋਰ ਕੋਈ ਹੁੰਦਾ ਉਹ ਵੀ ਉਹੀ ਕਰਦਾ।“

“ਮੈਂ ਆਪਣੀ ਮਾਂ ਦਾ ਇਕਲੌਤਾ ਪੁੱਤਰ ਹਾਂ.... ਅਸੀਂ ਗ਼ਰੀਬ ਲੋਕ ਹਾਂ ... ਬੇਸ਼ੱਕ ਤੁਹਾਡਾ ਰਿਣ ਨਹੀਂ ਚੁਕਾ ਸਕਦੇ, ਅਤੇ ਸਾਨੂੰ... ਬੜੀ ਸ਼ਰਮ ਆਉਂਦੀ ਹੈ, ਡਾਕਟਰ ਸਾਹਿਬ, ਫਿਰ ਵੀ, ਮਾਂ ਅਤੇ ਮੈਂ.... ਮੇਰੀ ਮਾਂ ਦਾ ਇਕਲੌਤਾ ਪੁੱਤਰ, ਅਸੀਂ ਦੋਨੋਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਅਹਿਸਾਨ ਦੀ ਨਿਸ਼ਾਨੀ ਵਜੋਂ.... ਇਹ ਚੀਜ਼,.... ਬੜੀ ਕੀਮਤੀ, ਇੱਕ ਪ੍ਰਾਚੀਨ ਕਾਂਸੀ ਦੀ ਮੂਰਤੀ... ਕਲਾ ਦਾ ਕਮਾਲ ਨਮੂਨਾ... ਤੁਸੀਂ ਰੱਖ ਲਓ।"

"ਨਹੀਂ...ਨਹੀਂ ਇਹਦੀ ਕੀ ਲੋੜ ਹੈ,” ਡਾਕਟਰ ਨੇ ਮੱਥੇ ਵੱਟ ਪਾਉਂਦਿਆਂ ਕਿਹਾ।

"ਨਹੀਂ, ਕਿਰਪਾ ਕਰਕੇ! ਨਾਂਹ ਨਾ ਕਰੋਾ,” ਸਾਸ਼ਾ ਗੁਣਗੁਣ ਕਰਦੇ ਹੋਏ ਅਖ਼ਬਾਰ ਖੋਲ੍ਹਦਾ ਰਿਹਾਾ। “ਤੁਸੀਂ ਨਾਂਹ ਕਰਕੇ.... ਮਾਂ ਨੂੰ ਤੇ ਮੈਨੂੰ ਠੇਸ ਨਾ ਪਹੁੰਚਾਉਣਾ.... ਇੱਕ ਪ੍ਰਾਚੀਨ ਕਾਂਸੀ ਦੀ ਮੂਰਤੀ... ਇਹ ਮੇਰੇ ਮਰਹੂਮ ਪਿਤਾ ਦੀ ਵਿਰਾਸਤ ਅਤੇ ਅਸੀਂ ਇਸਨੂੰ ਇੱਕ ਕੀਮਤੀ ਨਿਸ਼ਾਨੀ ਵਜੋਂ ਸਾਂਭ ਕੇ ਰੱਖਿਆ ਹੈ। ਮੇਰੇ ਪਿਤਾ ਕਾਂਸੀ ਦੀਆਂ ਪੁਰਾਣੀਆਂ ਅਨੂਪਮ ਕਲਾਕ੍ਰਿਤੀਆਂ ਖ਼ਰੀਦਦੇ ਸਨ ਅਤੇ ਕਲਾ-ਪਾਰਖੂਆਂ ਨੂੰ ਵੇਚਦੇ ਸਨ। ਤੇ ਹੁਣ ਅਸੀਂ ਲੋਕ ਇਹ ਕੰਮ ਕਰਦੇ ਹਾਂ।" । ਸਾਸ਼ਾ ਨੇ ਮੂਰਤੀ ਕੱਢ ਕੇ ਸਾਹਮਣੇ ਮੇਜ਼ `ਤੇ ਰੱਖ ਦਿੱਤੀ। ਉਹ ਇੱਕ ਕਾਂਸੀ ਦੀ ਮੂਰਤੀ ਸੀ ਕਲਾ ਦੀ ਅਨੂਪਮ ਸਿਰਜਨਾ। ਮੂਰਤੀ ਦੇ ਹੇਠਾਂ ਚੌਂਕੀ ਤੇ ਦੋ ਪਰੀਆਂ ਦੀ ਸ਼ਕਲ ਸ,ਹੱਵਾ (ਈਵ) ਦੀ ਪੋਸ਼ਾਕ ਵਿੱਚ। ਅਤੇ ਅਦਾ ਐਸੀ ਜਿਸ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਨਾ ਤਾਂ ਜੁਰਅਤ ਹੈ ਅਤੇ ਨਾ ਹੀ ਮੁਆਫ਼ਕ ਸੁਭਾਅ। ਪਰੀਆਂ ਮਨਮੋਹਕ ਤੇ ਕਾਮ-ਉਕਸਾਊ ਮੁਦਰਾ ਵਿੱਚ ਮੁਸਕਰਾ ਰਹੀਆਂ ਸਨ ਅਤੇ ਆਮ ਤੌਰ ਤੇ ਦੇਖਣ ਤੋਂ ਇਸ ਤਰ੍ਹਾਂ ਲੱਗਦਾ ਸੀ, ਕਿ ਅਗਰ ਮੋਮਬੱਤੀਦਾਨ ਨੂੰ ਸਹਾਰੇ ਦੀ ਲੋੜ ਨਾ ਹੁੰਦੀ ਤਾਂ ਉਨ੍ਹਾਂ ਨੇ ਆਪਣੀ ਜਗ੍ਹਾ ਛੱਡ ਦੇਣੀ ਸੀ ਅਤੇ ਕਮਰੇ ਵਿੱਚ ਐਸਾ ਤਮਾਸ਼ਾ ਹੋ ਜਾਣਾ ਸੀ ਜਿਸ ਦੀ ਕਲਪਨਾ ਕਰਨਾ ਵੀ ਪਾਠਕ ਲਈ ਅਣ-ਉਚਿਤ ਹੁੰਦਾ।

ਮੂਰਤੀ ਨੂੰ ਵੇਖਦਿਆਂ, ਡਾਕਟਰ ਨੇ ਹੌਲੀ ਜਿਹੇ ਆਪਣੇ ਕੰਨ ਦੇ ਪਿੱਛੇ ਖੁਰਕ ਕੀਤੀ ਗਲ਼ਾ ਸਾਫ਼ ਕੀਤਾ ਅਤੇ ਝਿਜਕਦੇ ਜਿਹੇ ਨੱਕ ਛਿਣਕਿਆ।

"ਹਾਂ, ਇਹ ਸੱਚੀਂ ਸੁਹਣੀ ਚੀਜ਼ ਹੈ," ਉਹ ਫੁਸਫਸਾਇਆ। "ਪਰ.... ਮੈਂ ਇਹ ਕਿਵੇਂ ਦੱਸਾਂ?.... ਇਹ ਹੈ.... ਹੰਮ.... ਇਹ ਸਹੀ ਨਹੀਂ ਹੈ। ਇਹ ਤਾਂ ਅਰਧ-ਨਗਨ ਵੀ ਨਹੀਂ, ਸਗੋਂ ਪੂਰੀ ਤਰ੍ਹਾਂ, ... ਇਹ ਤਾਂ ਸ਼ੈਤਾਨ ਨੂੰ ਹੀ ਪਤਾ ਹੋਣੈਂ...!"

"ਕੀ ਮਤਲਬ... ਤੁਹਾਡਾ?”

"ਆਦਮ ਤੇ ਹੱਵਾ ਨੂੰ ਭਰਮਾਉਣ ਵਾਲ਼ਾ ਸ਼ੈਤਾਨ ਵੀ ਇਸ ਤੋਂ ਭੈੜਾ ਕੁਝ ਨਹੀਂ ਸੋਚ ਸਕਦਾ...ਕਿਉਂ, ਮੇਜ਼ ਉੱਤੇ ਇਸ ਤਰ੍ਹਾਂ ਦੀ ਤਲਿਸਮੀ ਮੂਰਤੀ ਨੂੰ ਰੱਖਣ ਦਾ ਭਾਵ ਹੈ ਪੂਰੇ ਫਲੈਟ ਨੂੰ ਗੰਦਾ ਕਰਨਾ!"

"ਕਲਾ ਨੂੰ ਦੇਖਣ ਦਾ ਅਜੀਬ ਤਰੀਕਾ ਹੈ! ਡਾਕਟਰ ਸਾਹਿਬ,” ਸਾਸ਼ਾ ਨੇ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ। ਇਹ ਕਮਾਲ ਦੀ ਕਲਾਤਮਕ ਚੀਜ਼ ਹੈ, ਇਸਨੂੰ ਵੇਖੋ! ਇੰਨਾ ਸੁਹੱਪਣ ਅਤੇ ਸੁਨੱਖ ਕਿ ਆਦਰ ਭਾਵ ਨਾਲ ਰੂਹ ਰੱਜ ਜਾਂਦੀ ਹੈ ਅਤੇ ਗੱਚ ਭਰ ਆਉਂਦਾ ਹੈ! ਜਦੋਂ ਬੰਦਾ ਇੰਨੀ ਸੁੰਦਰ ਕੋਈ ਚੀਜ਼ ਵੇਖਦਾ ਹੈ ਤਾਂ ਦੁਨਿਆਵੀ ਸਭ ਕੁੱਝ ਭੁੱਲ ਜਾਂਦਾ ਹੈ... ਜ਼ਰਾ ਵੇਖੋ, ਕਿੰਨੀ ਅਦਾ, ਕਯਾ ਅੰਦਾਜ਼ ਅਤੇ ਹਾਵ ਭਾਵ!"

"ਮੈਂ ਇਹ ਸਭ ਬਹੁਤ ਚੰਗੀ ਤਰ੍ਹਾਂ ਸਮਝਦਾ ਹਾਂ, ਮੇਰੇ ਪਿਆਰੇ ਬੱਚੂ,” ਡਾਕਟਰ ਨੇ ਕਿਹਾ। "ਵੇਖ ਨਾ, ਮੈਂ ਇੱਕ ਸ਼ਾਦੀਸ਼ੁਦਾ ਵਿਅਕਤੀ ਹਾਂ, ਮੇਰੇ ਬੱਚੇ ਹਨ। ਮੇਰੇ ਘਰ ਵਿੱਚ ਔਰਤਾਂ ਦਾ ਆਉਣਾ ਜਾਣਾ ਰਹਿੰਦਾ ਹੈ।"

"ਬੇਸ਼ੱਕ, ਜੇਕਰ ਤੁਸੀਂ ਭੀੜ ਦੀ ਨਜ਼ਰ ਨਾਲ ਇਸਨੂੰ ਵੇਖੋ,” ਸਾਸ਼ਾ ਨੇ ਕਿਹਾ, "ਤਾਂ ਇਹ ਉੱਤਮ ਕਲਾਕ੍ਰਿਤੀ ਇੱਕ ਅਲਗ ਰੌਸ਼ਨੀ ਵਿੱਚ ਵਿਖਾਈ ਦੇ ਸਕਦੀ ਹੈ... ਪਰ, ਡਾਕਟਰ ਸਾਹਿਬ, ਤੁਸੀਂ ਭੀੜ ਤੋਂ ਉੱਪਰ ਉਠੋ, ਖ਼ਾਸਕਰ ਉਦੋਂ ਜਦੋਂ ਇਨਕਾਰ ਕਰਨ ਨਾਲ ਮਾਂ ਨੂੰ ਅਤੇ ਮੈਨੂੰ ਠੇਸ ਪਹੁੰਚੇਗੀ, ਮੈਂ ਮੇਰੀ ਮਾਂ ਦਾ ਇਕਲੌਤਾ ਪੁੱਤਰ ਹਾਂ, ਤੇ ਤੁਸੀਂ ਮੇਰੀ ਜਾਨ ਬਚਾਈ... ਅਸੀਂ ਆਪਣੀ ਸਭ ਤੋਂ ਕੀਮਤੀ ਚੀਜ਼ ਤੁਹਾਨੂੰ ਦੇ ਰਹੇ ਹਾਂ.... ਬੱਸ ਇੱਕੋ ਅਫ਼ਸੋਸ ਹੈ ਕਿ ਮੇਰੇ ਕੋਲ ਤੁਹਾਨੂੰ ਜੋੜੀ ਪੇਸ਼ ਕਰਨ ਲਈ ਇਹਦੇ ਨਾਲ਼ ਵਾਲਾ ਦੂਜਾ ਨਗ ਨਹੀਂ ਹੈ....!"

"ਧੰਨਵਾਦ, ਮੇਰੇ ਪਿਆਰੇ ਨਿੱਕੇ ਸਾਥੀ, ਮੈਂ ਬਹੁਤ ਅਹਿਸਾਨਮੰਦ ਹਾਂ...। ਆਪਣੀ ਮਾਂ ਨੂੰ ਮੇਰੇ ਵੱਲੋਂ ਸਤਿਕਾਰ ਦੇਵੀਂ, ਪਰ ਸਹੁੰ ਰੱਬ ਦੀ,... ਤੂੰ ਹੀ ਦੇਖ ਨਾ, ਮੇਰੇ ਘਰ ਵਿੱਚ ਛੋਟੇ ਬੱਚੇ ਹਨ, ਔਰਤਾਂ ਆਉਂਦੀਆਂ ਰਹਿੰਦੀਆਂ ਹਨ ... ਪਰ, ਚਲੋ ਛੱਡੋ...! ਮੈਂ ਤੈਨੂੰ ਕਿਵੇਂ ਸਮਝਾਵਾਂ!"

"ਪਰ ਇਸ ਬਾਰੇ ਸਮਝਣ ਵਾਲੀ ਕੋਈ ਗੱਲ ਹੀ ਨਹੀਂ ਹੈ,” ਸਾਸ਼ਾ ਨੇ ਪ੍ਰਸੰਨ ਹੁੰਦੇ ਕਿਹਾ। "ਮੋਮਬੱਤੀ ਇੱਥੇ ਇਸ ਗੁਲਦਸਤੇ ਕੋਲ, ਰੱਖੋ। ਅਫ਼ਸੋਸ ਕਿ ਸਾਡੇ ਕੋਲ ਜੋੜੀ ਦਾ ਦੂਜਾ ਪੀਸ ਨਹੀਂ ਹੈ! ਬਹੁਤ ਦੁੱਖ ਹੈ! ਠੀਕ ਹੈ, ਅਲਵਿਦਾ, ਡਾਕਟਰ ਸਾਹਿਬ!"

ਸਾਸ਼ਾ ਦੇ ਚਲੇ ਜਾਣ ਦੇ ਬਾਅਦ ਡਾਕਟਰ ਮੋਮਬੱਤੀਦਾਨ ਨੂੰ ਦੇਰ ਤੱਕ ਦੇਖਦਾ ਰਿਹਾ, ਆਪਣੇ ਕੰਨ ਤੇ ਖਾਜ ਕਰਦਿਆਂ ਦਿਸ਼ਾਹੀਣ ਖਿਆਲਾਂ ਵਿੱਚ ਉਲਝਦਾ ਰਿਹਾ।

'ਸ਼ਾਨਦਾਰ ਚੀਜ਼ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ’, ਉਸਨੇ ਸੋਚਿਆ, ‘ਤੇ ਇਹ ਦੁੱਖਦਾਈ ਗੱਲ ਹੋਵੇਗੀ ਕਿ ਇਸਨੂੰ ਸੁੱਟ ਦਿੱਤਾ ਜਾਵੇ... ਪਰ ਇਹਨੂੰ ਰੱਖਣਾ ਵੀ ਤਾਂ ਅਸੰਭਵ ਹੈ ਮੇਰੇ ਲਈ... ਹੰਮ!.... ਕੈਸੀ ਸਮੱਸਿਆ ਹੈ! ਸਮਝ ਨਹੀਂ ਆਉਂਦਾ ਮੈਂ ਇਸਨੂੰ ਉਪਹਾਰ ਵਜੋਂ ਕਿਸਨੂੰ ਦੇਵਾਂ?'

ਦੇਰ ਤੱਕ ਸੋਚਣ ਦੇ ਬਾਅਦ ਉਸਨੂੰ ਆਪਣੇ ਇੱਕ ਚੰਗੇ ਦੋਸਤ, ਵਕੀਲ ਉਖੋਵ ਦਾ ਖਿਆਲ ਆਇਆ, ਜਿਸਦਾ ਉਹ ਆਪਣੇ ਕੁਝ ਕਾਨੂੰਨੀ ਮਾਮਲੇ ਸੁਲਝਾਉਣ ਲਈ ਰਿਣੀ ਸੀ।

'ਇਹੀ ਠੀਕ ਹੈ,' ਡਾਕਟਰ ਨੇ ਫੈਸਲਾ ਕੀਤਾ, 'ਉਸਨੂੰ ਦੋਸਤ ਹੋਣ ਨਾਤੇ ਪੈਸੇ ਲੈਣਾ ਤਾਂ ਅਜੀਬ ਲੱਗ ਸਕਦਾ ਹੈ, ਅਤੇ ਇਹ ਬਹੁਤ ਠੀਕ ਰਹੇਗਾ ਕਿ ਮੈਂ ਉਸਨੂੰ ਇਹ ਭੇਟ ਦੇ ਦੇਵਾਂ, ਮੈਂ ਉਸਨੂੰ ਦੇਣ ਲਈ ਇਹ ਸ਼ੈਤਾਨੀ ਚੀਜ਼ ਲੈ ਚੱਲਾਂ! ਹੋਰ ਵੀ ਚੰਗੀ ਗੱਲ ਉਹ ਛੜਾ ਛੜਾਂਗ ਹੈ ਅਤੇ ਉਹਦੀ ਰਹਿਣੀ ਬਹਿਣੀ ਵੀ ਬੇਪਰਵਾਹ ਹੈ।

ਜ਼ਿਆਦਾ ਦੇਰੀ ਕੀਤੇ ਬਿਨਾਂ ਟੋਪੀ ਅਤੇ ਕੋਟ ਪਹਿਨ ਡਾਕਟਰ ਨੇ ਮੋਮਬੱਤੀਦਾਨ ਲਿਆ ਅਤੇ ਉਖੋਵ ਵੱਲ ਚਲਾ ਗਿਆ।

"ਕਿਵੇਂ ਹੋ, ਦੋਸਤ!" ਵਕੀਲ ਘਰ ਹੀ ਮਿਲ਼ ਗਿਆ ਤਾਂ ਉਸ ਨੇ ਕਿਹਾ, "ਮੈਂ ਤੁਹਾਨੂੰ ਮਿਲ਼ਣ ਆਇਆ ਹਾਂ.... ਤੁਸੀਂ ਮੇਰੇ ਕੰਮ ਆਏ ਹੋ... ਤੁਸੀਂ ਮੈਥੋਂ ਪੈਸੇ ਤਾਂ ਲੈਣੇ ਨਹੀਂ... ਘੱਟੋ ਘੱਟ ਇਹ ਨਿੱਕੀ ਜਿਹੀ ਚੀਜ਼ ਸਵੀਕਾਰ ਕਰ ਲਓ.... ਵੇਖੋ, ਮੇਰੇ ਪਿਆਰੇ ਸਾਥੀ... ਕਿੰਨੀ ਸ਼ਾਨਦਾਰ ਕਲਾਮਈ ਚੀਜ਼ ਹੈ ,ਤੁਹਾਡੇ ਅਹਿਸਾਨਾਂ ਦਾ ਭਾਰ ਹਲਕਾ ਕਰਨ ਲਈ!"

ਕਲਾਕ੍ਰਿਤੀ ਦੇਖ ਵਕੀਲ ਨੂੰ ਅਕਹਿ ਖ਼ੁਸ਼ੀ ਹੋਈ। "ਵਾਹ! ਕਯਾ ਨਮੂਨਾ ਹੈ!" ਉਹ ਹੱਸਿਆ। "ਆਹ, ਇਹ ਕਮਾਲ! ਉਹ ਕਿਵੇਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਕਲਪਨਾ ਕਰ ਲੈਂਦੇ ਹਨ, ਸ਼ੈਤਾਨ ਹੀ ਜਾਣੇ! ਅਤਿ ਸੁੰਦਰ! ਦਿਲਕਸ਼ ਹੈ! ਤੁਹਾਨੂੰ ਇਸ ਤਰ੍ਹਾਂ ਦੀ ਰਮਣੀ ਚੀਜ਼ ਕਿੱਥੋਂ ਮਿਲ ਗਈ?”

ਆਪਣੀ ਗੁਦਗੁਦੀ ਦਾ ਪੂਰਾ ਪ੍ਰਗਟਾ ਕਰਨ ਦੇ ਬਾਅਦ ਵਕੀਲ ਨੇ ਡਰਦੇ ਡਰਦੇ ਦਰਵਾਜ਼ੇ ਵੱਲ ਵੇਖਿਆ ਅਤੇ ਕਿਹਾ, “ਪਰ ਮੇਰੇ ਦੋਸਤ ਮੈਂ ਇਹ ਉਪਹਾਰ ਨਹੀਂ ਰੱਖ ਸਕਦਾ... ਤੁਸੀਂ ਇਹ ਆਪਣੇ ਕੋਲ ਹੀ ਰੱਖੋ...”

"ਕਿਉਂ?" ਘਬਰਾਏ ਜਿਹੇ ਡਾਕਟਰ ਨੇ ਪੁਛਿਆ, "ਕਿਉਂ.... ਕਿਉਂਕਿ ਮੇਰੀ ਮਾਂ ਅਕਸਰ ਇੱਥੇ ਆਉਂਦੀ ਹੈ, ਇਲਾਵਾ ਮੇਰੇ ਗਾਹਕ ਵੀ ਆਉਂਦੇ ਹਨ ... ਤੇ ਇਹ ਐਸੀ ਚੀਜ਼ ਨਹੀਂ ਜਿਸ ਨੂੰ ਮੇਰੇ ਨੌਕਰ ਦੇਖਣ ਕਿ ਮੈਂ ਪਰੇਮ ਨਾਲ ਸਜਾ ਰੱਖੀ ਹੈ!"

"ਨਹੀਂ! ਨਹੀਂ!!"ਡਾਕਟਰ ਨੇ ਕਿਹਾ, "ਇਹ ਤੁਹਾਡੀ ਲੋਭੀ ਨਜ਼ਰ ਹੈ! ਵਰਨਾ ਇਹ ਕਲਾ ਦੀ ਸੁੰਦਰ ਸਿਰਜਨਾ ਹੈ, ਜ਼ਰਾ ਵੇਖੋ, ਕਿੰਨੀ ਅਦਾ, ਕਯਾ ਅੰਦਾਜ਼ ਅਤੇ ਹਾਵ ਭਾਵ! ਸਵੀਕਾਰ ਨਾ ਕਰਨ ਦੀ ਤਾਂ ਗੱਲ ਹੀ ਨਾ ਕਰੋ! ਤੁਸੀਂ ਮੇਰਾ ਅਪਮਾਨ ਕਰ ਰਹੇ ਹੋਵੋਗੇ।"

"...ਕਾਸ਼! ਇਹ ਇਥੋਂ ਥੋੜੀ ਢਕੀ ਹੁੰਦੀ ਜਾਂ ਅੰਜੀਰ ਦੇ ਕੁਝ ਪੱਤੇ ਹੀ ਚਿਪਕਾਏ ਹੁੰਦੇ...!"

ਪਰ ਡਾਕਟਰ ਪਹਿਲਾਂ ਨਾਲੋਂ ਵੀ ਜ਼ਿਆਦਾ ਜੋਸ਼ ਨਾਲ ਇਸ਼ਾਰੇ ਕਰਦਾ ਫਲੈਟ ਦੇ ਬਾਹਰ ਨਿਕਲਿਆ ਤੇ ਤੇਜ਼ ਤੇਜ਼ ਘਰ ਚਲਾ ਗਿਆ, ਪੂਰਾ ਖ਼ੁਸ਼ ਕਿ ਉਹ ਉਪਹਾਰ ਤੋਂ ਨਜ਼ਾਤ ਪਾਉਣ ਵਿੱਚ ਸਫਲ ਰਿਹਾ ਸੀ।

ਉਸਦੇ ਜਾਣ ਦੇ ਬਾਅਦ ਵਕੀਲ ਨੇ ਮੋਮਬੱਤੀਦਾਨ ਦੀ ਜਾਂਚ ਕੀਤੀ, ਉਸ `ਤੇ ਉਂਗਲੀਆਂ ਫੇਰੀਆਂ। ਅਤੇ ਫਿਰ, ਡਾਕਟਰ ਦੀ ਤਰ੍ਹਾਂ ਦੇਰ ਤੱਕ ਖੌਝਲਦਾ ਰਿਹਾ ਕਿ ਉਪਹਾਰ ਦਾ ਕੀ ਕੀਤਾ ਜਾਵੇ।

'ਸ਼ਾਨਦਾਰ ਚੀਜ਼ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ’, ਉਸਨੇ ਸੋਚਿਆ, ... ‘ਇਹ ਦੁੱਖਦਾਈ ਗੱਲ ਹੋਵੇਗੀ ਕਿ ਇਸਨੂੰ ਸੁੱਟ ਦਿੱਤਾ ਜਾਵੇ... ਪਰ ਇਹਨੂੰ ਰੱਖਣਾ ਵੀ ਤਾਂ ਅਸੰਭਵ ਹੈ ਮੇਰੇ ਲਈ... ਚੰਗਾ ਰਹੇਗਾ ਮੈਂ ਵੀ ਕਿਸੇ ਨੂੰ ਉਪਹਾਰ ਦੇ ਦੇਵਾਂ...! ਮੈਂ ਅੱਜ ਹੀ ਸ਼ਾਮ ਨੂੰ ਇਹਨੂੰ ਸ਼ਾਸ਼ਕਿਨ, ਕਮੇਡੀਅਨ ਕੋਲ ਲੈ ਜਾਵਾਂਗਾ। ਬਦਮਾਸ਼ ਅਜਿਹੀਆਂ ਚੀਜ਼ਾਂ ਦਾ ਸ਼ੌਕੀਨ ਹੈ, ਅਤੇ ਵੈਸੇ ਅੱਜ ਰਾਤ ਉਸਦੀ ਬੇਨਿਫਿਟ ਪਰਫਾਰਮੈਂਸ ਵੀ ਹੈ।

ਤੇ ਇਹ ਕੰਮ ਫੌਰਨ ਕਰ ਦਿੱਤਾ ਗਿਆ। ਸ਼ਾਮ ਨੂੰ ਮੋਮਬੱਤੀਦਾਨ, ਧਿਆਨ ਨਾਲ ਲਪੇਟ ਕੇ, ਰਸਮੀ ਤੌਰ ਤੇ ਸ਼ਾਸ਼ਕਿਨ ਨੂੰ ਭੇਟ ਕਰ ਦਿੱਤਾ ਗਿਆ। ਕਮੇਡੀਅਨ ਐਕਟਰ ਦਾ ਡਰੈਸਿੰਗ ਰੂਮ ਸਾਰੀ ਸ਼ਾਮ ਉਪਹਾਰ ਦੇ ਪ੍ਰਸ਼ੰਸਕ ਪੁਰਸ਼ਾਂ ਨਾਲ ਭਰਿਆ ਰਿਹਾ। ਡਰੈਸਿੰਗ ਰੂਮ ਘੋੜਿਆਂ ਦੀ ਹਿਣਕਣ ਵਰਗੇ ਹਾਸੇ ਦੀ ਗੂੰਜ ਨਾਲ ਭਰ ਗਿਆ ਸੀ। ਜੇਕਰ ਅਭਿਨੇਤਰੀਆਂ ਵਿੱਚੋਂ ਕੋਈ ਦਰਵਾਜ਼ੇ ਕੋਲ ਆ ਕੇ ਪੁੱਛਦੀ: ਕੀ ਮੈਂ ਅੰਦਰ ਆ ਸਕਦੀ ਹਾਂ? ਤਾਂ ਕਮੇਡੀਅਨ ਐਕਟਰ ਦੀ ਖਰਵੀ ਅਵਾਜ਼ ਸੁਣਾਈ ਪੈਂਦੀ: ਨਹੀਂ, ਨਹੀਂ, ਮੇਰੀ ਪਿਆਰੀ, ਮੈਂ ਅਜੇ ਕੱਪੜੇ ਨਹੀਂ ਪਾਏ।

ਸ਼ੋ ਦੇ ਬਾਅਦ ਕਮੇਡੀਅਨ ਨੇ ਆਪਣੇ ਮੋਢੇ ਛੰਡੇ ਅਤੇ ਸੋਚਾਂ ਵਿੱਚ ਡੁੱਬ ਗਿਆ: ਭਲਾ ਮੈਂ ਇਸ ਸ਼ੈਤਾਨੀ ਚੀਜ਼ ਨੂੰ ਕੀ ਕਰਾਂਗਾ? ਮੈਂ ਇੱਕ ਇੱਜਤਦਾਰ ਪਰਿਵਾਰ ਦੇ ਨਾਲ ਕਰਾਏ ਦੇ ਫਲੈਟ ਵਿੱਚ ਰਹਿੰਦਾ ਹਾਂ! ਇਥੇ ਅਭਿਨੇਤਰੀਆਂ ਆਉਂਦੀਆਂ ਰਹਿੰਦੀਆਂ ਹਨ! ਇਹ ਕੋਈ ਐਸੀ ਤਸਵੀਰ ਤਾਂ ਹੈ ਨਹੀਂ ਜਿਸ ਨੂੰ ਤੁਸੀਂ ਪੇਟੀ ਵਿੱਚ ਬੰਦ ਰੱਖ ਸਕੋ!"

"ਬਿਹਤਰ ਰਹੇਗਾ ਇਸਨੂੰ ਵੇਚ ਦਿਓ, ਸ਼੍ਰੀਮਾਨ,” ਕੱਪੜੇ ਉਤਾਰਦਿਆਂ ਹੱਜਾਮ ਨੇ ਐਕਟਰ ਨੂੰ ਸਲਾਹ ਦਿੱਤੀ। "ਇੱਕ ਬੁਢੀ ਔਰਤ ਇੱਥੇ ਨੇੜੇ ਰਹਿੰਦੀ ਹੈ ਜੋ ਪ੍ਰਾਚੀਨ ਕਾਂਸੀ ਦੀਆਂ ਕਲਾ ਵਸਤਾਂ ਦਾ ਧੰਦਾ ਕਰਦੀ ਹੈ। ਉਥੇ ਜਾਕੇ ਮੈਡਮ ਸਮਿਰਨੋਵ ਪੁੱਛ ਲੈਣਾ.... ਹਰ ਕੋਈ ਉਸਨੂੰ ਜਾਣਦਾ ਹੈ।"

ਐਕਟਰ ਨੇ ਉਸ ਦੀ ਸਲਾਹ ਤੇ ਅਮਲ ਕੀਤਾ... ਦੋ ਦਿਨ ਬਾਅਦ ਡਾਕਟਰ ਆਪਣੇ ਕਮਰੇ ਵਿੱਚ ਬੈਠਾ ਸੀ, ਅਤੇ ਆਪਣੇ ਮੱਥੇ ਤੇ ਉਂਗਲ ਰੱਖ ਪਿੱਤ ਦੇ ਏਸਿਡ ਬਾਰੇ ਸੋਚ ਰਿਹਾ ਸੀ। ਅਚਾਨਕ ਦਰਵਾਜ਼ਾ ਖੁੱਲ੍ਹਿਆ ਅਤੇ ਸਾਸ਼ਾ ਸਮਿਰਨੋਵ ਕਮਰੇ ਵਿੱਚ ਆ ਵੜਿਆ। ਉਹ ਮੁਸਕਰਾ ਰਿਹਾ ਸੀ, ਮੁਸਕਰਾਂਦੇ ਹੋਏ ਲੋਹੜੇ ਦੀ ਖ਼ੁਸ਼ੀ ਨਾਲ ਚਮਕ ਰਿਹਾ ਸੀ। ਉਸਨੇ ਹੱਥ ਵਿੱਚ ਅਖਬਾਰ ਵਿੱਚ ਲਪੇਟੀ ਕੋਈ ਚੀਜ਼ ਫੜੀ ਸੀ। "ਡਾਕਟਰ!"ਉਹਨੇ ਸਾਹੋ ਸਾਹ ਹੋਏ ਨੇ ਕਹਿਣਾ ਸ਼ੁਰੂ ਕੀਤਾ, "ਮੇਰੀ ਖ਼ੁਸ਼ੀ ਦੀ ਕਲਪਨਾ ਕਰੋ! ਖ਼ੁਸ਼ਖ਼ਬਰੀ ਤੁਹਾਡੇ ਲਈ ...ਅਸੀਂ ਤੁਹਾਡੇ ਮੋਮਬੱਤੀਦਾਨ ਲਈ ਜੋੜੀ ਬਣਾਉਣ ਵਿੱਚ ਸਫਲ ਹੋ ਗਏ ਹਾਂ। ਮਾਂ ਬਹੁਤ ਖ਼ੁਸ਼ ਹੈ... ਮੈਂ ਮੇਰੀ ਮਾਂ ਦਾ ਇਕਲੌਤਾ ਪੁੱਤਰ ਹਾਂ, ਤੁਸੀਂ ਮੇਰੀ ਜਾਨ ਬਚਾਈ...!"

ਅਤੇ ਸਾਸ਼ਾ, ਅਹਿਸਾਨ ਦੇ ਭਾਰ ਨਾਲ ਕੰਬ ਰਿਹਾ ਸੀ, ਅਤੇ ਉਸ ਨੇ ਪੈਕੇਟ ਖੋਲ੍ਹ ਕੇ ਉਹ ਮੂਰਤੀ ਟੇਬਲ ਤੇ ਰੱਖ ਦਿੱਤੀ। ਡਾਕਟਰ ਨੇ ਜਿਵੇਂ ਹੀ ਉਸ ਮੂਰਤੀ ਨੂੰ ਵੇਖਿਆ ਉਸਦੇ ਹੋਸ਼ ਉੱਡ ਗਏ – ਓਏ ਬਾਪ ਰੇ! ਇਹ ਤਾਂ ਉਹੀ ਪਹਿਲਾਂ ਵਾਲੀ ਮੂਰਤੀ ਹੈ। ਡਾਕਟਰ ਨੇ ਆਪਣਾ ਮੁੰਹ ਖੋਲ੍ਹਿਆ, ਕੁੱਝ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਕੁੱਝ ਨਾ ਕਿਹਾ, ਉਹਦੀ ਜ਼ਬਾਨ ਸੁੰਨ ਹੋ ਗਈ ਸੀ