ਅਨੁਵਾਦ:ਕੀ ਇਹ ਸੁਪਨਾ ਸੀ?

ਵਿਕੀਸਰੋਤ ਤੋਂ

ਮੈਂ ਦੀਵਾਨਗੀ ਦੀ ਹੱਦ ਤੱਕ ਉਸ ਨਾਲ ਮੁਹੱਬਤ ਕਰਦਾ ਸੀ।

”ਕੋਈ ਕਿਸੇ ਨਾਲ ਕਿਉਂ ਮੁਹੱਬਤ ਕਰਦਾ ਹੈ? ਕਿੰਨਾ ਅਜੀਬ ਹੈ ਕਿ ਇਸ ਵੇਲੇ ਪੂਰੀ ਦੁਨੀਆ ਵਿੱਚ ਮੁਹੱਬਤ ਕਰਨ ਵਾਲੇ ਨੂੰ ਇੱਕ ਹੀ ਜਣਾ ਨਜ਼ਰ ਆਉਂਦਾ ਹੈ, ਇੱਕ ਹੀ ਖ਼ਿਆਲ ਉਸ ਦੇ ਦਿਮਾਗ਼ ਉੱਤੇ ਛਾਇਆ ਰਹਿੰਦਾ ਹੈ, ਇੱਕ ਹੀ ਰੀਝ ਉਸ ਦੇ ਦਿਲ ਵਿੱਚ ਬਸੇਰਾ ਕਰ ਲੈਂਦੀ ਹੈ, ਅਤੇ ਇੱਕ ਹੀ ਨਾਮ ਦਾ ਜਾਪ ਉਸ ਦੇ ਬੁੱਲ੍ਹ ਕਰਨ ਲੱਗਦੇ ਹਨ ਅਤੇ ਕਿਸੇ ਚਸ਼ਮੇ ਦੇ ਪਾਣੀ ਦੀ ਤਰ੍ਹਾਂ ਇੱਕ ਨਾਮ ਹੀ ਨਿਰੰਤਰ ਉਸ ਦੀ ਰੂਹ ਦੀਆਂ ਗਹਿਰਾਈਆਂ ਵਿੱਚੋਂ ਉੱਠਦਾ ਹੋਇਆ ਉਸ ਦੇ ਬੁੱਲ੍ਹਾਂ ਤੋਂ ਡੁੱਲ੍ਹਦਾ ਰਹਿੰਦਾ ਹੈ, ਇੱਕ ਹੀ ਨਾਮ ਜੋ ਮੁਹੱਬਤ ਮਾਰਿਆ ਪ੍ਰਾਣੀ ਵਾਰ-ਵਾਰ ਦੁਹਰਾਉਂਦਾ ਰਹਿੰਦਾ ਹੈ, ਨਿਰੰਤਰ ਉਸਨੂੰ ਬੁੜਬੜਾਉਂਦਾ ਰਹਿੰਦਾ ਹੈ। ਹਰ ਜਗ੍ਹਾ, ਕਿਸੇ ਮੁਕੱਦਸ ਅਰਦਾਸ ਦੀ ਤਰ੍ਹਾਂ ਗੁਣਗੁਣਾਉਂਦਾ ਰਹਿੰਦਾ ਹੈ।

”ਮੈਂ ਤੁਹਾਨੂੰ ਸਾਡੀ ਮੁਹੱਬਤ ਦੀ ਕਹਾਣੀ ਸੁਨਾਣ ਜਾ ਰਿਹਾ ਹਾਂ, ਕਿਉਂ ਕਿ ਮੁਹੱਬਤ ਦੀ ਇੱਕ ਹੀ ਕਹਾਣੀ ਹੁੰਦੀ ਹੈ, ਇੱਕੋ ਜਿਹੀ ਕਹਾਣੀ । ਇਸ ਦਾ ਮਤਲਬ ਹੈ ਕਿ ਇੱਕ ਦਿਨ ਮੇਰੀ ਉਸ ਨਾਲ ਮੁਲਾਕ਼ਾਤ ਹੋ ਗਈ ਅਤੇ ਮੈਂ ਫ਼ੌਰਨ ਉਸ ਨੂੰ ਮੁਹੱਬਤ ਕਰਨ ਲੱਗਾ। ਬਸ ਇੰਨੀ ਕੁ ਕਹਾਣੀ ਸੀ। ਪਰ ਇਸ ਦੇ ਬਾਅਦ ਪੂਰਾ ਸਾਲ ਮੈਂ ਉਸ ਦੀਆਂ ਕੋਮਲ ਛੋਹਾਂ, ਮਿੱਠੀਆਂ ਚੁੰਮਣਾਂ ਅਤੇ ਮਨਮੋਹਕ ਨਿਗਾਹਾਂ, ਰੇਸ਼ਮੀ ਬਾਹਾਂ, ਉਸ ਦੇ ਲੀੜਿਆਂ ਦੀਆਂ ਖੁਸ਼ਬੂਆਂ ਅਤੇ ਉਸ ਦੇ ਸ਼ੀਰੀਂ ਸ਼ਬਦਾਂ ਦੇ ਜਾਦੂ ਦਾ ਮੁਕੰਮਲ ਤੌਰ ਉੱਤੇ ਗ਼ੁਲਾਮ ਹੋ ਗਿਆ, ਅਤੇ ਉਸ ਦੇ ਬੰਧਨਾਂ ਵਿੱਚ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਬੱਝ ਗਿਆ ਅਤੇ ਆਪਣੇ ਹੋਸ਼-ਹਵਾਸ ਏਨੀ ਬੁਰੀ ਤਰ੍ਹਾਂ ਖੋ ਬੈਠਾ ਕਿ ਮੈਨੂੰ ਇਹ ਵੀ ਖ਼ਬਰ ਨਾ ਰਹੀ ਕਿ ਦਿਨ ਹੈ ਜਾਂ ਰਾਤ, ਜਾਂ ਮੈਂ ਇਸ ਸਦੀਆਂ ਪੁਰਾਣੇ ਜ਼ਮੀਨ ਦੇ ਟੁੱਕੜੇ ਉੱਤੇ ਜਾਂ ਹੋਰ ਕਿਤੇ ਮੁਰਦਾ ਹਾਂ ਜਾਂ ਜ਼ਿੰਦਾ।

”ਅਤੇ ਫਿਰ ਉਹ ਮਰ ਗਈ, ਕਿਵੇਂ ? ਮੈਂ ਨਹੀਂ ਜਾਣਦਾ ; ਹੁਣ ਮੈਨੂੰ ਕੁੱਝ ਵੀ ਯਾਦ ਨਹੀਂ ਹੈ। ਲੇਕਿਨ ਇੱਕ ਸ਼ਾਮ ਉਹ ਭਿੱਜ ਕੇ ਪਰਤੀ ਸੀ, ਮੀਂਹ ਤੇਜ਼ ਸੀ। ਅਗਲੇ ਦਿਨ ਉਸਨੂੰ ਖੰਘ ਹੋਈ, ਲੱਗਪੱਗ ਹਫ਼ਤਾ-ਭਰ ਉਹ ਖੰਘਦੀ ਰਹੀ ਅਤੇ ਉਸਨੇ ਬਿਸਤਰਾ ਫੜ ਲਿਆ। ਫਿਰ ਕੀ ਹੋਇਆ, ਮੈਨੂੰ ਕੁੱਝ ਯਾਦ ਨਹੀਂ ਹੈ, ਡਾਕਟਰ ਆਏ, ਦਵਾਈਆਂ ਲਿਖੀਆਂ ਅਤੇ ਚਲੇ ਗਏ। ਦਵਾਈਆਂ ਲਿਆਦੀਆਂ ਗਈਆਂ, ਕੁੱਝ ਔਰਤਾਂ ਨੇ ਉਸਨੂੰ ਪਿਲਾਈਆਂ । ਉਸਦੇ ਹੱਥ ਗਰਮ ਸਨ। ਉਸਦਾ ਮੱਥਾ ਤਪਿਆ ਹੋਇਆ ਸੀ, ਅੱਖਾਂ ਚਮਕੀਲੀਆਂ ਅਤੇ ਉਦਾਸ ਸਨ । ਜਦ ਮੈਂ ਉਸ ਨਾਲ ਗੱਲ ਕੀਤੀ, ਉਸਨੇ ਜਵਾਬ ਦਿੱਤਾ, ਪਰ ਉਸਨੇ ਕਿਹਾ ਕੀ ਸੀ ਮੈਨੂੰ ਹੁਣ ਯਾਦ ਨਹੀਂ। ਮੈਨੂੰ ਤਾਂ ਬਸ ਉਸਦਾ ਉਹ ਹਲਕਾ ਜਿਹਾ ਕਮਜ਼ੋਰ ਜਿਹਾ ਠੰਡਾ ਸਾਹ ਲੈਣਾ ਯਾਦ ਹੈ। ਬਸ ਉਸਨੇ ਕਿਹਾ ‘ਆਹ !’ ਅਤੇ ਮੈਂ ਸਭ ਸਮਝ ਗਿਆ।

ਮੈਨੂੰ ਇਸ ਤੋਂ ਜ਼ਿਆਦਾ ਕੁੱਝ ਨਹੀਂ ਪਤਾ, ਕੁੱਝ ਨਹੀਂ ਪਤਾ। ਬਸ ਇੰਨਾ ਯਾਦ ਹੈ ਕਿ ਮੈਂ ਜਦੋਂ ਪਾਦਰੀ ਨੂੰ ਬੁਲਾਇਆ, ਤਾਂ ਉਸ ਨੇ ਪਹਿਲਾ ਸਵਾਲ ਮੈਨੂੰ ਇਹ ਕੀਤਾ ਸੀ ”ਕੀ ਉਹ ਤੁਹਾਡੀ ਰਖੇਲ ਸੀ? ਮੈਨੂੰ ਲੱਗਿਆ ਪਾਦਰੀ ਉਸਦਾ ਅਪਮਾਨ ਕਰ ਰਿਹਾ ਸੀ। ਉਹ ਮਰ ਚੁੱਕੀ ਸੀ, ਅਤੇ ਉਸਦੇ ਬਾਰੇ ਅਜਿਹਾ ਕਹਿਣ ਦਾ ਅਧਿਕਾਰ ਕਿਸੇ ਨੂੰ ਨਹੀਂ ਰਹਿ ਗਿਆ ਸੀ। ਮੈਂ ਉਸ ਪਾਦਰੀ ਨੂੰ ਚੱਲਦਾ ਕੀਤਾ। ਫਿਰ ਇੱਕ ਹੋਰ ਆਇਆ। ਉਹ ਦਿਆਲੂ ਅਤੇ ਕੋਮਲ ਹਿਰਦੇ ਵਾਲਾ ਸੀ । ਜਦੋਂ ਉਸ ਪਾਦਰੀ ਨੇ ਮੇਰੇ ਨਾਲ ਉਸ ਬਾਰੇ ਗੱਲ ਕੀਤੀ ਤਾਂ ਮੇਰੇ ਅੱਥਰੂ ਵਹਿ ਤੁਰੇ।

ਲੋਕਾਂ ਨੇ ਉਸਨੂੰ ਦਫ਼ਨਾਉਣ ਬਾਰੇ ਮੈਨੂੰ ਪੁੱਛਿਆ। ਉਨ੍ਹਾਂ ਨੇ ਕੀ ਕਿਹਾ, ਮੈਨੂੰ ਕੁੱਝ ਵੀ ਯਾਦ ਨਹੀਂ । ਮੈਨੂੰ ਤਾਂ ਬਸ ਉਹ ਤਾਬੂਤ ਯਾਦ ਹੈ। ਹਥੌੜੇ ਦੀਆਂ ਸੱਟਾਂ ਦੀ ਉਹ ਠੱਕ ਠੱਕ ਯਾਦ ਹੈ ਜਦੋਂ ਉਨ੍ਹਾਂ ਨੇ ਉਸਨੂੰ ਤਾਬੂਤ ਵਿੱਚ ਬੰਦ ਕਰ ਕੇ ਤਾਬੂਤ ਤੇ ਕਿਲ ਠੋਕੇ ਸਨ। ਹਾਏ, ਓਏ! ਰੱਬਾ!!

ਉਸਨੂੰ ਦਫ਼ਨ ਕਰ ਦਿੱਤਾ ਗਿਆ। ਦਫ਼ਨਾ ਦਿੱਤਾ ਗਿਆ ਉਸਨੂੰ! ਉਸ ਖੱਡੇ ਵਿੱਚ! ਕੁੱਝ ਲੋਕ ਆਏ, ਕੁੱਝ ਮਿੱਤਰ ਔਰਤਾਂ, ਮੈਂ ਉਨ੍ਹਾਂ ਤੋਂ ਬਚਣ ਲਈ ਭੱਜਿਆ, ਭੱਜਦਾ ਗਿਆ ਅਤੇ ਅੱਗੇ ਗਲੀਆਂ ਵਿੱਚ ਪੈਦਲ ਚੱਲਿਆ, ਘਰ ਪੁੱਜ ਗਿਆ ਅਤੇ ਅਗਲੇ ਦਿਨ ਮੈਂ ਲੰਮੇ ਸਫ਼ਰ ਤੇ ਨਿਕਲ ਗਿਆ।

”ਫਿਰ ਕੱਲ੍ਹ ਮੈਂ ਮੁੱਦਤ ਬਾਅਦ ਪੈਰਿਸ ਅਤੇ ਜਦੋਂ ਮੈਂ ਆਪਣਾ ਕਮਰਾ – ਸਾਡਾ ਕਮਰਾ, ਸਾਡਾ ਬਿਸਤਰ, ਸਾਡਾ ਫ਼ਰਨੀਚਰ ਅਤੇ ਮੌਤ ਦੇ ਬਾਅਦ ਜੋ ਕੁੱਝ ਵੀ ਬਾਕੀ ਰਹਿ ਜਾਂਦਾ ਹੈ – ਫਿਰ ਵੇਖਿਆ ਤਾਂ ਦੁੱਖ ਦੇ ਇੱਕ ਜ਼ੋਰਦਾਰ ਝੰਜੋੜੇ ਨੇ ਮੈਨੂੰ ਬੁਰੀ ਤਰ੍ਹਾਂ ਪੀੜ ਦਿੱਤਾ। ਅਤੇ ਮੇਰਾ ਦਿਲ ਕੀਤਾ ਕਿ ਮੈਂ ਆਪਣੀ ਬਾਰੀ ਖੋਲ੍ਹ ਦੇਵਾਂ ਅਤੇ ਇਸ ਵਿੱਚੋਂ ਸੜਕ ਉੱਤੇ ਛਾਲ ਮਾਰ ਦੇਵਾਂ। ਮੈਂ ਇਨ੍ਹਾਂ ਚੀਜ਼ਾਂ ਵਿੱਚ, ਉਸਨੂੰ ਆਪਣੇ ਅੰਦਰ ਰੱਖਣ ਅਤੇ ਪਨਾਹ ਦੇਣ ਵਾਲੀਆਂ ਕੰਧਾਂ ਵਿੱਚ, ਜਿਨ੍ਹਾਂ ਦੀਆਂ ਅਦਿੱਖ ਦਰਾਰਾਂ ਵਿੱਚ ਉਸਦੀ ਜਿਲਦ ਅਤੇ ਸਾਹਾਂ ਦੇ ਅਣਗਿਣਤ ਪਰਮਾਣੂ ਮੌਜੂਦ ਸਨ, ਹੋਰ ਜ਼ਿਆਦਾ ਨਹੀਂ ਰੁਕ ਸਕਿਆ। ਇਸ ਸਭ ਤੋਂ ਬਚਣ ਲਈ ਮੈਂ ਆਪਣਾ ਟੋਪ ਚੁੱਕਿਆ ਅਤੇ ਜਾਂਦੇ ਜਾਂਦੇ ਹਾਲ ਵਿੱਚ ਲੱਗੇ ਉਸ ਆਦਮਕੱਦ ਸ਼ੀਸ਼ੇ ਦੇ ਕੋਲੋਂ ਲੰਘਿਆ ਜੋ ਉਸਨੇ ਉੱਥੇ ਇਸ ਲਈ ਲਗਵਾਇਆ ਸੀ ਕਿ ਬਾਹਰ ਜਾਣ ਤੋਂ ਪਹਿਲਾਂ ਉਸ ਵਿੱਚ ਆਪਣਾ ਆਪ ਸਿਰ ਤੋਂ ਪੈਰਾਂ ਤੀਕਰ ਤੱਕ ਸਕੇ, ਤੱਕ ਸਕੇ ਕਿ ਉਸਦੇ ਸਿੰਗਾਰ ਚੰਗੇ ਲੱਗ ਰਹੇ ਹਨ ਜਾਂ ਨਹੀਂ, ਕਿ ਉਹ ਖ਼ੂਬਸੂਰਤ ਲੱਗ ਰਹੀ ਹੈ ਜਾਂ ਨਹੀਂ।

ਮੈਂ ਇਸ ਸ਼ੀਸ਼ੇ ਦੇ ਸਾਹਮਣੇ ਠਿਠਕ ਕੇ ਰੁਕ ਗਿਆ, ਕਿਉਂਕਿ ਉਹ ਘਰ ਵਿੱਚ ਰਹਿਣ ਦੇ ਦੌਰਾਨ ਵੀ ਅਕਸਰ, ਜੀ ਹਾਂ ਅਕਸਰ, ਉਸ ਦੇ ਸਾਹਮਣੇ ਇੰਨੀ ਦੇਰ ਖੜੀ ਰਹਿੰਦੀ ਸੀ ਕਿ ਮੈਨੂੰ ਹੁਣ ਵੀ ਲੱਗ ਰਿਹਾ ਸੀ ਕਿ ਉਹ ਆਪਣੇ ਚਿਹਰੇ ਦਾ ਅਕਸ ਉਸ ਸ਼ੀਸ਼ੇ ਵਿੱਚ ਹਮੇਸ਼ਾ ਲਈ ਛੱਡ ਗਈ ਹੈ। ਇਸ ਵੇਲੇ ਮੈਂ ਸ਼ੀਸ਼ੇ ਦੇ ਸਾਹਮਣੇ ਖੜਾ ਕੰਬ ਰਿਹਾ ਸੀ, ਆਪਣੀ ਨਜਰਾਂ ਉਸ ਸ਼ੀਸ਼ੇ ਉੱਤੇ ਗੱਡੀਆਂ ਹੋਈਆਂ। ਇਸ ਸਪਾਟ, ਡੂੰਘੇ ਸ਼ੀਸ਼ੇ ਦੇ ਸਾਹਮਣੇ, ਜੋ ਉਸ ਨੂੰ ਮੁਕੰਮਲ ਤੌਰ ਤੇ ਆਪਣੀ ਆਗ਼ੋਸ਼ ਵਿੱਚ ਲੈ ਲੈਂਦਾ ਹੁੰਦਾ ਸੀ, ਉਸੇ ਤਰ੍ਹਾਂ ਜਿਵੇਂ ਮੇਰੀਆਂ ਮੁਤਲਾਸ਼ੀ ਨਜ਼ਰਾਂ ਉਸ ਨੂੰ ਆਗ਼ੋਸ਼ ਵਿੱਚ ਲੈ ਲਿਆ ਕਰਦੀਆਂ ਸਨ। ਮੈਨੂੰ ਮਹਿਸੂਸ ਹੋਇਆ ਕਿ ਮੈਂ ਇਸ ਸ਼ੀਸ਼ੇ ਨੂੰ ਹੀ ਮੁਹੱਬਤ ਕਰਦਾ ਹਾਂ। ਇਸ ਲਈ ਮੈਂ ਉਸ ਨੂੰ ਛੂਹ ਕੇ ਵੇਖਿਆ। ਮੈਨੂੰ ਇਹ ਬਿਲਕੁਲ ਠੰਡਾ ਮਹਿਸੂਸ ਹੋਇਆ। ਓਹ ਬਦਬਖ਼ਤ ਯਾਦਾਂ, ਤੜਪਦਾ ਸ਼ੀਸ਼ਾ, ਗ਼ਮ ਦੀ ਚਿਤਾ ਵਿੱਚ ਸੁਲਗਦਾ ਸ਼ੀਸ਼ਾ, ਭਿਅੰਕਰ ਸ਼ੀਸ਼ਾ, ਇਨਸਾਨਾਂ ਨੂੰ ਯਾਦਾਂ ਦੀ ਘੁਲਾੜੀ ਵਿੱਚ ਪੀੜਦਾ ਸ਼ੀਸ਼ਾ! ਸ਼ਾਇਦ ਉਹੀ ਆਦਮੀ ਖ਼ੁਸ਼ੀਆਂ ਭੋਗਦਾ ਹੈ, ਜਿਸਦਾ ਦਿਲ ਆਪਣੇ ਅੰਦਰ ਸਮਾਈ ਹਰ ਗੱਲ ਭੁਲਾ ਦਿੰਦਾ ਹੈ। ਹਰ ਚੀਜ਼ ਜਿਸਦੇ ਨਾਲ ਬੀਤੇ ਵਿੱਚ ਉਸ ਦਾ ਵਾਹ ਪਿਆ; ਹਰ ਚੀਜ਼ ਜਿਸ ਨੇ ਇਸ ਵਿੱਚ ਆਪਣੇ ਆਪ ਨੂੰ ਤੱਕਿਆ, ਮੁਹੱਬਤ ਵਿੱਚ ਜੋ ਵੀ ਸੋਚਿਆ, ਆਪਣੀ ਮੁਹੱਬਤ! ਹਾਏ! ਕਿੰਨਾ ਦੁਖੀ ਹਾਂ ਮੈਂ!

”ਇਸ ਵੇਲੇ ਮੈਂ ਤੁਰਦਾ ਗਿਆ, ਮੈਨੂੰ ਕੁਝ ਪਤਾ ਨਹੀਂ ਸੀ ਅਤੇ ਨਾ ਹੀ ਖ਼ਾਹਿਸ਼ ਸੀ। ਤੁਰਦਾ ਤੁਰਦਾ ਮੈਂ ਕਬਰਿਸਤਾਨ ਪਹੁੰਚ ਗਿਆ। ਮੈਂ ਉਸ ਦੀ ਸਾਦਾ ਜਿਹੀ ਕਬਰ ਵੇਖੀ, ਇੱਕ ਚਿੱਟੇ ਸੰਗਮਰਮਰ ਦੀ ਫੱਟੀ ਉੱਤੇ ਬਣੀ ਸਲੀਬ ਅਤੇ ਇਹ ਉੱਕਰੀ ਇਹ ਤਹਰੀਰ:

“ਇਸ ਨੇ ਮੁਹੱਬਤ ਲੁਟਾਈ, ਇਸ ਨੇ ਮੁਹੱਬਤ ਪਾਈ, ਅਤੇ ਦੁਨੀਆ ਤੋਂ ਚਲੀ ਗਈ।”

”ਹਾਏ ਉਹ ਮਿੱਟੀ ਦੀ ਵਿੱਚ ਦਫਨ ਹੈ ਅਤੇ ਉਸ ਦਾ ਜਿਸਮ ਗਲ਼ ਸੜ ਰਿਹਾ ਹੈ। ਕਿੰਨਾ ਭਿਅੰਕਰ ਹੈ!!!! ਮੇਰਾ ਮੱਥਾ ਜ਼ਮੀਨ ਉੱਤੇ ਟਿਕ ਗਿਆ ਅਤੇ ਮੈਂ ਫੁੱਟ ਫੁੱਟਕੇ ਰੋਣ ਲੱਗਾ। ਫਿਰ ਮੇਰੇ ਕਦਮਾਂ ਨੇ ਉੱਥੋਂ ਉੱਠਣ ਤੋਂ ਇਨਕਾਰ ਕਰ ਦਿੱਤਾ ਅਤੇ ਵਿੱਚ ਬਹੁਤ ਦੇਰ ਤੱਕ ਉੱਥੇ ਬੈਠਾ ਰਿਹਾ, ਘੰਟਿਆਂ ਬੱਧੀ। ਫਿਰ ਮੈਂ ਵੇਖਿਆ ਕਿ ਹਨੇਰਾ ਛਾਉਣ ਲੱਗਿਆ ਸੀ। ਇਸ ਦੇ ਨਾਲ ਹੀ ਮੇਰੇ ਦਿਲ ਵਿੱਚ ਇੱਕ ਅਜੀਬ ਜਿਹੀ, ਕਮਲ਼ੀ ਜਿਹੀ ਖ਼ਾਹਿਸ਼ ਪੈਦਾ ਹੋਈ। ਖਾਹਿਸ਼, ਜੋ ਕਿਸੇ ਵੀ ਗ਼ਮ ਨਾਲ ਨਿਢਾਲ ਅਤੇ ਫੁੱਟੇ ਨਸੀਬਾਂ ਵਾਲੇ ਆਸ਼ਕ ਦੀ ਹੋ ਸਕਦੀ ਹੈ। ਅਤੇ ਉਹ ਖ਼ਾਹਿਸ਼ ਇਹ ਸੀ ਕਿ ਮੈਂ ਅੱਜ ਦੀ ਰਾਤ, ਆਖ਼ਰੀ ਵਾਰ ਇਹ ਰਾਤ ਆਪਣੀ ਮਹਿਬੂਬਾ ਦੀ ਕਬਰ ਉੱਤੇ ਰੋਂਦੇ ਹੋਏ ਗੁਜ਼ਾਰਾਂ। ਪਰ ਹੋ ਸਕਦਾ ਹੈ ਕਿ ਮੈਨੂੰ ਵੇਖ ਲਿਆ ਜਾਵੇ ਅਤੇ ਇੱਥੋਂ ਕੱਢ ਦਿੱਤਾ ਜਾਵੇ। ਤਾਂ ਫਿਰ ਮੈਂ ਕੀ ਕਰਾਂ? ਮੈਂ ਚਲਾਕੀ ਵਿਖਾਈ ਅਤੇ ਇਸ ਸ਼ਹਿਰ-ਏ-ਖ਼ਮੋਸ਼ਾਂ ਦੇ ਗਿਰਦ ਚੱਕਰ ਲਗਾਉਣ ਲੱਗ ਪਿਆ। ਅਤੇ ਚੱਲਦਾ ਰਿਹਾ, ਚੱਲਦਾ ਰਿਹਾ। ਓਏ ਇਹ ਸ਼ਹਿਰ-ਏ-ਖ਼ਮੋਸ਼ਾਂ ਦੂਜੇ ਉਸ ਸ਼ਹਿਰ ਨਾਲੋਂ ਕਿੰਨਾ ਛੋਟਾ ਹੈ, ਜਿਸ ਵਿੱਚ ਅਸੀਂ ਰਹਿੰਦੇ ਹਾਂ। ਫਿਰ ਵੀ ਇੱਥੇ ਮੁਰਦਾ ਲੋਕਾਂ ਦੀ ਤਾਦਾਦ ਜ਼ਿੰਦਾ ਲੋਕਾਂ ਨਾਲੋਂ ਕਿਤੇ ਜ਼ਿਆਦਾ ਲੱਗਦੀ ਹੈ। ਸਾਨੂੰ ਉੱਚੀਆਂ ਉੱਚੀਆਂ ਇਮਾਰਤਾਂ, ਚੌੜੀਆਂ, ਚੌੜੀਆਂ ਸੜਕਾਂ ਅਤੇ ਖੁੱਲ੍ਹੀਆਂ ਥਾਵਾਂ ਚਾਹੀਦੀਆਂ ਹਨ, ਆਪਣੀਆਂ ਚਾਰ ਪੀੜ੍ਹੀਆਂ ਲਈ, ਜੋ ਇੱਕੋ ਸਮੇਂ ਦਿਨ ਦੀ ਰੋਸ਼ਨੀ ਵੇਖਦੀਆਂ ਹਨ, ਝਰਨਿਆਂ ਤੋਂ ਪਾਣੀ, ਅੰਗੂਰਾਂ ਦੀਆਂ ਵੇਲਾਂ ਤੋਂ ਸ਼ਰਾਬ ਪੀਂਦੀਆਂ ਹਨ ਅਤੇ ਮੈਦਾਨੀ ਜ਼ਮੀਨਾਂ ਤੋਂ ਢਿੱਡ ਭਰਦੀਆਂ ਹਨ। ”ਅਤੇ ਕੁੱਲ ਮੁਰਦਾ ਪੀੜ੍ਹੀਆਂ, ਜਿਨ੍ਹਾਂ ਦੇ ਜ਼ਰੀਏ ਸਾਡੇ ਤੱਕ ਮਨੁੱਖਤਾ ਪਹੁੰਚੀ ਹੈ, ਦੇ ਕੋਲ ਮੁਸ਼ਕਲ ਹੀ ਕੋਈ ਚੀਜ਼ ਰਹਿ ਜਾਂਦੀ ਹੈ, ਉਨ੍ਹਾਂ ਦੀਆਂ ਕੁੱਲ ਚੀਜਾਂ ਜ਼ਮੀਨ ਵਾਪਸ ਲੈ ਲੈਂਦੀ ਹੈ। ਗੁੰਮਨਾਮੀ ਉਨ੍ਹਾਂ ਨੂੰ ਖਪਾ ਜਾਂਦੀ ਹੈ ।ਅਲਵਿਦਾ!

”ਕਬਰਿਸਤਾਨ ਦੇ ਇੱਕ ਸਿਰੇ ਤੇ ਜਾ ਕੇ ਮੈਨੂੰ ਅਚਾਨਕ ਅਹਿਸਾਸ ਹੋਇਆ ਕਿ ਮੈਂ ਦਰਅਸਲ ਇੱਸ ਦੇ ਸਭ ਤੋਂ ਪੁਰਾਣੇ ਹਿੱਸੇ ਵਿੱਚ ਪਹੁੰਚ ਗਿਆ ਹਾਂ, ਜਿੱਥੇ ਬਹੁਤ ਦੇਰ ਪਹਿਲਾਂ ਇੱਥੇ ਆਉਣ ਵਾਲੇ ਲੋਕਾਂ ਦੇ ਜਿਸਮ ਕਦੋਂ ਦੇ ਖ਼ਾਕ ਵਿੱਚ ਮਿਲ ਚੁੱਕੇ ਹੋਣਗੇ। ਅਤੇ ਜਿੱਥੇ ਸੰਗਮਰਮਰੀਂ ਸਲੀਬੀ ਕੁਤਬੇ ਵੀ ਕਦੋਂ ਦੇ ਖ਼ਸਤਾ ਹਾਲ ਹੋ ਚੁੱਕੇ ਸਨ। ਇਥੇ ਕੱਲ੍ਹ ਨੂੰ ਨਵੇਂ ਲੋਕਾਂ ਦੀਆਂ ਕਬਰਾਂ ਬਣ ਜਾਣ ਦਾ ਅਮਲ ਸ਼ੁਰੂ ਹੋ ਜਾਵੇਗਾ। ਕਬਰਿਸਤਾਨ ਦਾ ਇਹ ਹਿੱਸਾ ਮਨੁੱਖੀ ਗੋਸ਼ਤ ਤੇ ਪਲੇ ਹੋਏ ਅਵਾਰਾ ਗੁਲਾਬਾਂ, ਵੱਡੇ ਤੇ ਸੰਘਣੇ ਸਰੂ ਦੇ ਰੁੱਖਾਂ ਨਾਲ ਭਰਪੂਰ ਇੱਕ ਉਦਾਸ ਸੁੰਦਰ ਬਾਗ਼ ਹੈ।

“ਮੈਂ ਇਕੱਲਾ ਸੀ, ਬਹੁਤ ਇਕੱਲਾ। ਮੈਂ ਇੱਕ ਹਰੇ ਦਰਖਤ ਦੇ ਪਿੱਛੇ ਦੁਬਕ ਕੇ, ਹਨੇਰੀ, ਉਦਾਸ ਝਾੜੀ ਵਿੱਚ ਲੁਕ ਕੇ ਮੈਂ ਉਡੀਕ ਕਰਨ ਲੱਗਾ।

“ਮੈਂ ਤਣੇ ਨਾਲ ਚਿਪਕਿਆ ਹੋਇਆ ਸੀ ਜਿਵੇਂ ਤਬਾਹ-ਸ਼ੁਦਾ ਸਮੁੰਦਰੀ ਜਹਾਜ਼ ਦਾ ਸਵਾਰ ਕਿਸੇ ਤਖ਼ਤੇ ਨਾਲ ਚਿਪਕ ਕੇ ਉਡੀਕ ਕਰਦਾ ਹੈ।

”ਜਦੋਂ ਹਨੇਰਾ ਮੁਕੰਮਲ ਤੌਰ ਉੱਤੇ ਛਾ ਗਿਆ ਤਾਂ ਵਿੱਚ ਆਪਣੀ ਪਨਾਹਗਾਹ ਵਿੱਚੋਂ ਨਿਕਲ ਕੇ ਮੁਰਦਿਆਂ ਨਾਲ ਅਟੀ ਜ਼ਮੀਨ ਤੇ ਹੌਲੀ-ਹੌਲੀ, ਸਹਿਜੇ ਸਹਿਜੇ ਬਿਨਾਂ ਕੋਈ ਆਹਟ ਕੀਤੇ ਉਸਦੀ ਕਬਰ ਦੀ ਤਲਾਸ਼ ਵਿੱਚ ਚੱਲ ਪਿਆ। ਕਾਫ਼ੀ ਦੇਰ ਤੱਕ ਏਧਰ ਉੱਧਰ ਭਟਕਣ ਦੇ ਬਾਵਜੂਦ ਮੈਨੂੰ ਆਪਣੀ ਮਹਿਬੂਬਾ ਦੀ ਕਬਰ ਨਾ ਲਭੀ। ਮੈਂ ਬਾਹਾਂ ਪਸਾਰੀਂ ਆਪਣੇ ਹੱਥ ਪੈਰ, ਗੋਡੇ, ਆਪਣੀ ਹਿੱਕ, ਇੱਥੋਂ ਤੱਕ ਕਿ ਆਪਣਾ ਸਿਰ ਵੀ ਕਬਰਾਂ ਨਾਲ ਟਕਰਾਉਂਦੇ ਹੋਏ, ਚੱਲਦਾ ਰਿਹਾ ਲੇਕਿਨ ਉਸਨੂੰ ਢੂੰਢ ਨਾ ਸਕਿਆ। ਅੰਨ੍ਹੇ ਦੀ ਤਰ੍ਹਾਂ ਰਸਤਾ ਟਟੋਲਦਾ ਮੈਂ ਹਨੇਰੇ ਵਿੱਚ ਟੱਕਰਾਂ ਮਾਰ ਰਿਹਾ ਸੀ। ਮੈਂ ਪੱਥਰ, ਸਲੀਬਾਂ, ਲੋਹੇ ਦੇ ਜੰਗਲੇ, ਕੱਚ ਦੀਆਂ ਮਾਲਾਵਾਂ, ਮੁਰਝਾਏ ਹੋਏ ਫੁੱਲਾਂ ਦੇ ਹਾਰ ਮਹਿਸੂਸ ਕਰ ਰਿਹਾ ਸੀ। ਮੈਂ ਆਪਣੀ ਉਂਗਲੀਆਂ ਦੀ ਮਦਦ ਨਾਲ ਕਬਰਾਂ ਦੇ ਕੁਤਬਿਆਂ ਉੱਤੇ ਲਿਖੇ ਨਾਮ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਕਿੰਨੀ ਭਿਆਨਕ ਕਾਲੀ ਰਾਤ ਸੀ, ਭਿਆਨਕ ਰਾਤ!!! ਮੈਂ ਲਭਦਾ ਰਿਹਾ ਮੈਨੂੰ ਉਸ ਦੀ ਕਬਰ ਨਾ ਮਿਲੀ। ਇਸ ਵੇਲੇ ਚੰਨ ਵੀ ਨਹੀਂ ਸੀ। ਉਫ਼ ਕਿੰਨੀ ਹਨੇਰੀ ਰਾਤ ਸੀ। ਮੈਂ ਕਬਰਾਂ ਦੇ ਵਿਚਕਾਰ ਬਣੀ ਹੋਈ ਤੰਗ ਪਗਡੰਡੀ ਦੇ ਵਿੱਚ ਡਰ ਰਿਹਾ ਸੀ, ਅੰਤਾਂ ਦਾ ਡਰ। ਮੇਰੇ ਚਾਰੇ ਪਾਸੇ ਕਬਰਾਂ ਹੀ ਕਬਰਾਂ ਸਨ। ਮੇਰੇ ਸੱਜੇ ਖੱਬੇ, ਅੱਗੇ ਪਿੱਛੇ, ਆਸ ਪਾਸ, ਹਰ ਜਗ੍ਹਾ ਕਬਰਾਂ ਹੀ ਕਬਰਾਂ ਸਨ! ਮੈਂ ਉਨ੍ਹਾਂ ਵਿਚੋਂ ਇਕ 'ਤੇ ਬੈਠ ਗਿਆ, ਮੈਂ ਹੁਣ ਤੁਰ ਨਹੀਂ ਸਕਦਾ ਸੀ ਕਿਉਂਕਿ ਮੇਰੇ ਗੋਡੇ ਬੁਰੀ ਤਰ੍ਹਾਂ ਹੰਭ ਗਏ ਸਨ। ਇਸ ਵਕ਼ਤ ਮੈਂ ਆਪਣੇ ਦਿਲ ਦੀ ਧੜਕਨ ਚੰਗੀ ਤਰ੍ਹਾਂ ਸੁਣ ਸਕਦਾ ਸੀ, ਸਗੋਂ ਇਸ ਦੇ ਇਲਾਵਾ ਵੀ ਵਿੱਚ ਕੁੱਝ ਸੁਣ ਸਕਦਾ ਸੀ। ਕੀ ਸੀ ਇਹ ? ਇੱਕ ਅਜੀਬ ਜਿਹਾ ਤੇਜ਼ ਰੌਲਾ, ਜਿਸਨੂੰ ਕੋਈ ਨਾਮ ਨਹੀਂ ਦਿੱਤਾ ਜਾ ਸਕਦਾ ਸੀ। ਕੀ ਇਹ ਰੌਲਾ ਮੇਰੇ ਘਬਰਾਏ ਹੋਏ ਮਨ ਵਿੱਚ ਮੱਚਿਆ ਕੁਹਰਾਮ ਸੀ, ਜਾਂ ਅਭੇਦ ਰਾਤ ਵਿੱਚ ਮੱਚਿਆ ਸੀ, ਜਾਂ ਫਿਰ ਮੇਰੇ ਪੈਰਾਂ ਥੱਲੇ ਲਾਸ਼ਾਂ ਬੀਜੀ ਰਹੱਸਮਈ ਧਰਤੀ ਦੇ ਅੰਦਰ ਮੱਚਿਆ ਸੀ? ਮੈਂ ਆਪਣੇ ਆਸ ਪਾਸ ਵੇਖਿਆ!

ਮੈਂ ਆਪਣੇ ਚਾਰੇ ਪਾਸੇ ਇਸ ਅਜੀਬ ਰੌਲੇ ਦਾ ਮੁਕਾਮ ਤਲਾਸ਼ ਕਰਨ ਲਈ ਆਪਣੀਆਂ ਨਜ਼ਰਾਂ ਦੌੜਾ ਰਿਹਾ ਸੀ ਅਤੇ ਮੈਂ ਕਿੰਨਾ ਚਿਰ ਉਥੇ ਬੈਠਾ ਰਿਹਾ? ਮੈਨੂੰ ਕੋਈ ਪਤਾ ਨਹੀਂ। ਮੈਨੂੰ ਦਹਿਸ਼ਤ ਨਾਲ ਲਕਵਾ ਮਾਰ ਗਿਆ ਸੀ, ਮੈਂ ਦਹਿਸ਼ਤ ਵਿਚ ਡੁੱਬਿਆ ਹੋਇਆ ਸੀ, ਚੀਕਣ ਲਈ ਤਿਆਰ ਸੀ, ਮਰਨ ਲਈ ਤਿਆਰ ਸੀ।

”ਫਿਰ ਅਚਾਨਕ ਮੈਨੂੰ ਮਹਿਸੂਸ ਹੋਇਆ ਕਿ ਕਬਰ ਦਾ ਪੱਥਰ, ਜਿਸ ਉੱਤੇ ਮੈਂ ਬੈਠਾ ਹਾਂ, ਹਿੱਲ ਰਹੀ ਹੈ। ਇਹ ਬਿਨਾਂ ਸ਼ੱਕ ਹਿੱਲ ਰਹੀ ਸੀ, ਜਿਵੇਂ ਕਿਸੇ ਨੇ ਉਸਨੂੰ ਚੁੱਕਿਆ ਹੋਵੇ। ਮੇਰਾ ਵਾਹਿਮ ਮਾਤਰ ਨਹੀਂ ਸੀ। ਮੈਂ ਘਬਰਾ ਕੇ ਤੁਰਤ ਛਾਲ ਮਾਰੀ ਅਤੇ ਆਪਣੇ ਨਾਲ ਵਾਲੀ ਕਬਰ ਉੱਤੇ ਪਹੁੰਚ ਗਿਆ। ਉੱਥੋਂ ਮੈਂ ਵੇਖਿਆ, ਜੀ ਹਾਂ ਖ਼ੂਬ ਚੰਗੀ ਤਰ੍ਹਾਂ ਵੇਖਿਆ ਕਿ ਮੇਰੀ ਖ਼ਾਲੀ ਕੀਤੀ ਕਬਰ ਦੀ ਸਲੈਬ ਹੁਣ ਬਿਲਕੁਲ ਸਿੱਧੀ ਉੱਪਰ ਵੱਲ ਖੜੀ ਹੋ ਗਈ ਸੀ। ਅਤੇ ਇਸ ਦੇ ਬਾਅਦ ਇਸ ਵਿੱਚੋਂ ਇੱਕ ਮੁਰਦਾ ਆਦਮੀ ਪ੍ਰਗਟ ਹੋਇਆ, ਇੱਕ ਨੰਗਾ ਪਿੰਜਰ, ਜੋ ਆਪਣੀ ਕੁੱਬੀ ਪਿਠ ਨਾਲ ਇਸ ਸਲੈਬ ਨੂੰ ਵਾਪਸ ਕਬਰ ਉੱਤੇ ਸਰਕਾ ਰਿਹਾ ਸੀ। ਘਣੇ ਹਨੇਰੇ ਦੇ ਬਾਵਜੂਦ ਮੈਂ ਸਲੀਬ ਤੇ ਲਿਖਿਆ ਹੋਇਆ ਪੜ੍ਹ ਸਕਦਾ ਸੀ :

“ਇੱਥੇ ਦਫ਼ਨ ਹਨ ਜੇਕਵੀਜ਼ ਓਲੀਵਾਂ, ਜੋ ਇੱਕਵੰਜਾ ਸਾਲ ਦੀ ਉਮਰ ਵਿੱਚ ਰੱਬ ਨੂੰ ਪਿਆਰੇ ਹੋ ਗਏ। ਉਹ ਆਪਣੇ ਪਰਵਾਰ ਨਾਲ ਪ੍ਰੇਮ ਕਰਦੇ ਸਨ, ਦਿਆਲੂ ਸਨ, ਸਨਮਾਨਿਤ ਸਨ ਅਤੇ ਰੱਬ ਦੀ ਰਜ਼ਾ ਨਾਲ ਸਵਰਗ ਸਿਧਾਰੇ।’

ਮੁਰਦਾ ਆਦਮੀ ਨੇ ਵੀ ਆਪਣੀ ਕਬਰ ਦੇ ਇਸ ਕੁਤਬੇ ਨੂੰ ਬੜੇ ਧਿਆਨ ਨਾਲ ਪੜ੍ਹਿਆ ਅਤੇ ਫਿਰ ਉਸ ਨੇ ਰਸਤੇ ਵਿੱਚ ਪਏ ਹੋਏ ਇੱਕ ਨੋਕਦਾਰ ਪੱਥਰ ਨੂੰ ਚੁੱਕ ਲਿਆ ਅਤੇ ਉਸ ਨਾਲ ਉਨ੍ਹਾਂ ਸ਼ਬਦਾਂ ਨੂੰ ਬਹੁਤ ਸਾਵਧਾਨੀ ਨਾਲ ਖੁਰਚਣ ਲੱਗ ਪਿਆ।ਉਸਨੇ ਹੌਲੀ ਹੌਲੀ ਉਨ੍ਹਾਂ ਨੂੰ ਮਿਟਾ ਦਿੱਤਾ ਅਤੇ ਆਪਣੀਆਂ ਅੱਖਾਂ ਦੇ ਝਰੋਖਿਆਂ ਵਿੱਚੋਂ ਉਨ੍ਹਾਂ ਸਭ ਥਾਵਾਂ ਨੂੰ ਵੇਖਿਆ ਜਿੱਥੇ ਉਹ ਅੱਖਰ ਉੱਕਰੇ ਗਏ ਸਨ, ਉਸਨੇ ਹੱਡੀ ਦੀ ਨੋਕ ਨਾਲ ਜੋ ਕਦੇ ਉਸਦੀ ਵੱਡੀ ਉਂਗਲ ਹੁੰਦੀ ਹੋਵੇਗੀ, ਬਲਦੇ ਹੋਏ ਅੱਖਰਾਂ ਵਿੱਚ, ਜਿਵੇਂ ਕਿ ਮੁੰਡੇ ਦੀਵਾਰਾਂ ਤੇ ਮਾਚਸ ਦੀ ਨੋਕ ਨਾਲ ਪੰਕਤੀਆਂ ਉਕੇਰ ਦਿੰਦੇ ਹਨ, ਲਿਖਿਆ:

'ਇੱਥੇ ਦਫ਼ਨ ਹੈ ਜੇਕਵੀਜ਼ ਓਲੀਵਾਂ, ਜੋ ਇੱਕਵੰਜਾ ਸਾਲ ਦੀ ਉਮਰ ਵਿੱਚ ਮਰ ਗਿਆ । ਉਸਦੀ ਪੱਥਰਦਿਲੀ ਉਸਦੇ ਪਿਤਾ ਦੀ ਸ਼ੀਘਰ ਮੌਤ ਦਾ ਕਾਰਨ ਬਣੀ, ਕਿਉਂਕਿ ਉਹ ਆਪਣੇ ਪਿਤਾ ਦੀ ਜਾਇਦਾਦ ਜਲਦ ਲੈਣਾ ਚਾਹੁੰਦਾ ਸੀ; ਉਸਨੇ ਆਪਣੀ ਪਤਨੀ ਨੂੰ ਤਸੀਹੇ ਦਿੱਤੇ; ਬੱਚਿਆਂ ਨਾਲ ਬੇਰਹਿਮੀ ਭਰਿਆ ਸਲੂਕ ਕੀਤਾ; ਗੁਆਂਢੀਆਂ ਨਾਲ ਧੋਖੇ ਕੀਤੇ; ਜਿਸਨੂੰ ਵੀ ਲੁੱਟ ਸਕਦਾ ਸੀ, ਲੁੱਟਿਆ ਅਤੇ ਫਿਰ ਇਹ ਵਿਅਕਤੀ ਭੈੜੀ ਮੌਤ ਮਰ ਗਿਆ।”

ਇਬਾਰਤ ਲਿਖਣ ਦੇ ਬਾਅਦ ਉਹ ਬੇਹਰਕਤ ਖੜਾ ਆਪਣੀ ਇਸ ਹਰਕਤ ਨੂੰ ਤੱਕਦਾ ਰਿਹਾ। ਮੈਂ ਚਾਰੇ ਪਾਸੇ ਨਜ਼ਰਾਂ ਘੁਮਾ ਕੇ ਵੇਖਿਆ ਕਿ ਸਭ ਕਬਰਾਂ ਖੁੱਲ੍ਹੀਆਂ ਹੋਈਆਂ ਸਨ, ਸਭ ਮੁਰਦੇ ਆਪਣੀਆਂ ਆਪਣੀਆਂ ਕਬਰਾਂ ਵਿੱਚੋਂ ਨਿਕਲ ਆਏ ਸਨ ਅਤੇ ਉਨ੍ਹਾਂ ਨੇ ਆਪਣੀਆਂ ਆਪਣੀਆਂ ਕਬਰਾਂ ਤੋਂ ਆਪਣੇ ਰਿਸ਼ਤੇਦਾਰਾਂ ਵਲੋਂ ਖੁਦਵਾਏ ਗਏ ਝੂਠ ਮਿਟਾ ਦਿੱਤੇ ਸਨ ਅਤੇ ਉਨ੍ਹਾਂ ਤੇ ਸੱਚ ਉੱਕਰ ਦਿੱਤਾ ਸੀ। ਅਤੇ ਮੈਂ ਵੇਖਿਆ ਕਿ ਆਪਣੇ ਜਿਉਂਦੇ ਜੀ ਉਹ ਸਭ ਆਪਣੇ ਗੁਆਂਢੀਆਂ ਨੂੰ ਸਤਾਉਣ ਵਾਲੇ, ਵੈਰਭਾਵ ਦੇ ਡੰਗੇ, ਬੇਈਮਾਨ, ਪਾਖੰਡੀ, ਝੂਠੇ, ਕਪਟੀ, ਨਿੰਦਕ ਅਤੇ ਈਰਖਾਲੂ ਰਹੇ ਸਨ। ਮੈਂ ਪੜ੍ਹਿਆ ਕਿ ਉਨ੍ਹਾਂ ਨੇ ਚੋਰੀਆਂ ਕੀਤੀਆਂ ਸਨ, ਧੋਖੇ ਦਿੱਤੇ ਸਨ; ਹਰ ਗੰਦਾ ਕੰਮ ਕੀਤਾ ਸੀ, ਇਹ ਚੰਗੇ ਪਿਤਾ, ਇਹ ਵਫ਼ਾਦਰ ਪਤਨੀਆਂ; ਇਹ ਸਮਰਪਤ ਸਪੁੱਤਰ; ਇਹ ਕੁਆਰੀਆਂ ਬੇਟੀਆਂ ਇਹ ਸਨਮਾਨਿਤ ਵਪਾਰੀ ਔਰਤਾਂ ਅਤੇ ਮਰਦ ਸਨ ਜਿਨ੍ਹਾਂ ਨੂੰ ਬੇਦਾਗ਼ ਕਿਹਾ ਜਾਂਦਾ ਸੀ।

ਉਹ ਸਭ ਦੇ ਸਭ ਇੱਕ ਹੀ ਸਮੇਂ ਆਪਣੇ ਸਦੀਵੀ ਘਰ ਦੀ ਦੇਹਲੀ ਤੇ ਸੱਚ ਲਿਖ ਰਹੇ ਸਨ, ਭਿਆਨਕ ਅਤੇ ਪਵਿਤਰ ਸੱਚ, ਜਿਸ ਤੋਂ ਹਰ ਵਿਅਕਤੀ ਅਣਭਿੱਜ ਸੀ ਜਾਂ ਘੱਟੋ ਘੱਟ ਆਪਣੇ ਜਿਉਂਦੇ ਜੀ ਅਣਭਿੱਜ ਹੋਣ ਦਾ ਢੌਂਗ ਕਰਦਾ ਸੀ।

ਮੈਨੂੰ ਵਿਚਾਰ ਆਇਆ ਕਿ ਉਸਨੇ ਵੀ ਆਪਣੇ ਬਾਰੇ ਕੁੱਝ ਨਾ ਕੁੱਝ ਜ਼ਰੂਰ ਲਿਖਿਆ ਹੋਵੇਗਾ ਅਤੇ ਹੁਣ ਮੈਂ ਬੇਖ਼ੌਫ਼ ਹੋ ਅੱਧਖੁੱਲ੍ਹੇ ਤਾਬੂਤਾਂ, ਲਾਸ਼ਾਂ ਅਤੇ ਕੰਕਾਲਾਂ ਵਿੱਚੋਂ ਹੁੰਦਾ ਹੋਇਆ ਉਸਦੇ ਕੋਲ ਗਿਆ, ਇਸ ਵਿਸ਼ਵਾਸ ਦੇ ਨਾਲ ਕਿ ਮੈਂ ਉਸਨੂੰ ਤੁਰੰਤ ਭਾਲ ਲਵਾਂਗਾ। ਮੈਂ ਉਸਨੂੰ ਇੱਕਦਮ ਪਛਾਣ ਲਿਆ, ਕਫ਼ਨ ਵਿੱਚ ਲਿਪਟੇ ਹੋਏ ਉਸਦੇ ਚਿਹਰੇ ਨੂੰ ਵੇਖੇ ਬਿਨਾਂ, ਅਤੇ ਸੰਗਮਰਮਰ ਦੀ ਸਲੀਬ ਤੇ, ਜਿੱਥੇ ਕੁੱਝ ਸਮਾਂ ਪਹਿਲਾਂ ਮੈਂ ਪੜ੍ਹਿਆ ਸੀ:

“ਇਸ ਨੇ ਮੁਹੱਬਤ ਲੁਟਾਈ, ਇਸ ਨੇ ਮੁਹੱਬਤ ਪਾਈ, ਅਤੇ ਦੁਨੀਆ ਤੋਂ ਚਲੀ ਗਈ।”

ਉਸ ਸਥਾਨ ਤੇ ਮੈਂ ਉੱਕਰਿਆ ਹੋਇਆ ਪੜ੍ਹਿਆ:

“ਇੱਕ ਦਿਨ ਆਪਣੇ ਪ੍ਰੇਮੀ ਨੂੰ ਧੋਖਾ ਦੇਣ ਲਈ ਉਹ ਮੀਂਹ ਵਿੱਚ ਬਾਹਰ ਗਈ, ਉਸਨੂੰ ਸਰਦੀ ਲੱਗ ਗਈ ਅਤੇ ਉਹ ਮਰ ਗਈ।”

ਅਜਿਹਾ ਲੱਗਦਾ ਹੈ ਕਿ ਸਵੇਰ ਹੁੰਦੇ ਹੀ ਲੋਕਾਂ ਨੂੰ ਮੈਂ ਉਸਦੀ ਕਬਰ ਤੇ ਬੇਹੋਸ਼ ਪਿਆ ਮਿਲਿਆ ਹੋਵਾਂਗਾ।