ਅਨੁਵਾਦ:ਬੇਰਹਿਮ ਮਾਂ

ਵਿਕੀਸਰੋਤ ਤੋਂ
ਬੇਰਹਿਮ ਮਾਂ
ਮੋਪਾਸਾਂ, ਅਨੁਵਾਦਕ ਚਰਨ ਗਿੱਲ


ਮੈਂ ਪੰਦਰਾਂ ਸਾਲ ਬਾਅਦ ਪਤਝੜ ਦੇ ਮੌਸਮ ਵਿੱਚ ਸ਼ਿਕਾਰ ਖੇਡਣ ਲਈ ਵੇਰਲਾਂ (ਫ਼ਰਾਂਸ ਦਾ ਕਸਬਾ) ਵਾਪਸ ਆਇਆ। ਆਪਣੇ ਦੋਸਤ ਸਰੋਲ ਦੇ ਕੋਲ ਠਹਿਰਿਆ। ਉਸਨੇ ਆਪਣੀ ਪਿੰਡ ਵਾਲੀ ਹਵੇਲੀ ਜਿਸਨੂੰ ਜਰਮਨ ਤਬਾਹ ਕਰ ਗਏ ਸਨ, ਦੁਬਾਰਾ ਉਸਾਰ ਲਈ ਸੀ।

ਮੈਂ ਇਸ ਇਲਾਕੇ ਦਾ ਆਸ਼ਕ ਸੀ। ਦੁਨੀਆ ਵਿੱਚ ਕੁੱਝ ਥਾਵਾਂ ਹੀ ਅਜਿਹੀਆਂ ਦਿਲਕਸ਼ ਹੁੰਦੀਆਂ ਹਨ, ਜੋ ਅੱਖਾਂ ਲਈ ਕਾਮਵਾਸ਼ਨਾ ਦਾ ਸਰੋਤ ਹੋਣ। ਉਨ੍ਹਾਂ ਨਾਲ ਇਨਸਾਨ ਜਿਸਮਾਨੀ ਮੁਹੱਬਤ ਮਹਿਸੂਸ ਕਰਨ ਲੱਗਦਾ ਹੈ। ਪੇਂਡੂ ਇਲਾਕਿਆਂ ਨਾਲ ਖ਼ਾਸ ਮੋਹ ਰੱਖਣ ਵਾਲੇ ਸਾਡੇ ਵਰਗੇ ਲੋਕਾਂ ਦੀ ਯਾਦਾਸ਼ਤ ਵਿੱਚ ਖ਼ਾਸ ਬਹਾਰਾਂ, ਖ਼ਾਸ ਜੰਗਲ, ਖ਼ਾਸ ਤਾਲਾਬ, ਖ਼ਾਸ ਪਹਾੜ ਸਾਂਭੇ ਰਹਿੰਦੇ ਹਨ, ਜਿਨ੍ਹਾਂ ਦੀ ਸਾਨੂੰ ਧੂਹ ਪੈਂਦੀ ਹੈ, ਜੋ ਸਾਡੇ ਦਿਲਾਂ ਨੂੰ ਕਿਸੇ ਖ਼ੁਸ਼ਗਵਾਰ ਦਿਨ ਦੇ ਨਾਲ ਜੋੜੀ ਰੱਖਦੇ ਹਨ। ਕਦੇ-ਕਦੇ ਅਸੀਂ ਮਨ ਦੇ ਝਰੋਖਿਆਂ ਵਿੱਚੋਂ ਕਿਸੇ ਜੰਗਲ ਦੇ ਕਿਸੇ ਕੋਨੇ ਜਾਂ ਦਰਿਆ ਕੰਢੇ ਕੋਈ ਜਗ੍ਹਾ ਜਾਂ ਫਿਰ ਕਿਸੇ ਫੁੱਲਾਂ ਭਰੇ ਬਗ਼ੀਚੇ ਦੀ ਝਲਕ ਵੇਖਦੇ ਹਾਂ ਜੋ ਸਾਡੇ ਦਿਲਾਂ ਵਿੱਚ ਤਸਵੀਰ ਦੀ ਤਰ੍ਹਾਂ ਚਿੱਤਰੀ ਹੁੰਦੀ ਹੈ, ਜਿਵੇਂ ਅਸੀਂ ਕਿਸੇ ਬਹਾਰ ਦੀ ਸਵੇਰ ਕਿਸੇ ਔਰਤ ਨੂੰ ਸ਼ੋਖ ਚਮਕੀਲੇ ਕੱਪੜੇ ਪਹਿਨੀਂ ਵੇਖਦੇ ਹਾਂ, ਜੋ ਸਾਡੇ ਤਨ ਅਤੇ ਰੂਹ ਵਿੱਚ ਅਤ੍ਰਿਪਤ ਖ਼ਾਹਿਸ਼ ਨੂੰ ਜਨਮ ਦਿੰਦੀ ਹੈ ਜਿਸ ਨੂੰ ਕਦੇ ਭੁਲਾਇਆ ਨਾ ਜਾ ਸਕਦਾ ਹੋਵੇ ਅਤੇ ਸਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਖੁਸ਼ੀ ਸਾਡੇ ਕੋਲੋਂ ਚੁੱਪ ਚੁੱਪੀਤੇ ਲੰਘ ਗਈ ਹੋਵੇ।

ਵੇਰਲਾਂ ਦੇ ਪੂਰੇ ਇਲਾਕੇ ਨਾਲ ਮੈਨੂੰ ਮੁਹੱਬਤ ਸੀ ਜਿੱਥੇ ਛੋਟੇ ਛੋਟੇ ਜੰਗਲ ਬਿਖਰੇ ਪਏ ਸਨ। ਨਹਿਰਾਂ ਖ਼ੂਨ ਦੀਆਂ ਨਾੜੀਆਂ ਦੀ ਤਰ੍ਹਾਂ ਇਸ ਤਰ੍ਹਾਂ ਵਿਛੀਆਂ ਸਨ ਜਿਵੇਂ ਜ਼ਮੀਨ ਨੂੰ ਖ਼ੂਨ ਪਹੁੰਚਾ ਰਹੀਆਂ ਹੋਣ। ਅਸੀਂ ਇਨ੍ਹਾਂ ਨਹਿਰਾਂ ਵਿੱਚ ਝੀਂਗਾ, ਟਰਾਊਟ ਅਤੇ ਬਾਮ ਮੱਛੀਆਂ ਫੜਦੇ ਹੋਏ ਸਵਰਗੀ ਖੁਸ਼ੀ ਮਹਿਸੂਸ ਕਰਦੇ। ਕਈ ਥਾਵਾਂ ਉੱਤੇ ਅਸੀਂ ਨਹਾ ਵੀ ਲੈਂਦੇ। ਕਦੇ ਛੋਟੇ ਨਦੀ ਨਾਲਿਆਂ ਦੇ ਕੰਢੇ ਉੱਗੀ ਲੰਮੀ ਲੰਮੀ ਘਾਹ ਵਿੱਚ ਟਟੀਹਰੀ ਜਾਂ ਰੇਤਲ ਚਾਹਾ ਆਦਿ ਪਰਿੰਦੇ ਮਿਲ ਜਾਂਦੇ।

ਮੈਂ ਬੱਕਰੀ ਵਾਂਗ ਪੋਲੇ ਪੋਲੇ ਪੈਰ ਧਰਦਾ ਚੱਲ ਰਿਹਾ ਸੀ। ਮੇਰੇ ਦੋਨੋਂ ਕੁੱਤੇ ਮੇਰੇ ਅੱਗੇ ਏਧਰ ਉੱਧਰ ਦੌੜ ਰਹੇ ਸਨ ਅਤੇ ਮੈਂ ਉਨ੍ਹਾਂ ਤੇ ਨਜ਼ਰ ਰੱਖੀ ਹੋਈ ਸੀ। ਸਰੋਲ ਮੇਰੇ ਸੱਜੇ ਪਾਸੇ ਸੌ ਗਜ਼ ਦੇ ਫ਼ਾਸਲੇ ਉੱਤੇ ਲੂਸਣ (ਹਰੇ ਚਾਰੇ) ਦੇ ਖੇਤ ਵਿੱਚ ਸੀ। ਮੈਂ ਸਾਂਦਰੇਸ ਜੰਗਲ ਦੇ ਕੰਢੇ ਉੱਗੀਆਂ ਝਾੜੀਆਂ ਦੇ ਉਪਰੋਂ ਮੋੜ ਕੱਟਿਆ। ਇੱਕ ਦਮ ਮੈਨੂੰ ਇੱਕ ਘਰ ਦੇ ਖੰਡਰ ਨਜ਼ਰ ਆਏ।

ਮੈਨੂੰ ਯਾਦ ਆਇਆ ਕਿ 1869 ਮੈਂ ਜਦੋਂ ਆਖ਼ਰੀ ਵਾਰ ਇਸਨੂੰ ਵੇਖਿਆ ਸੀ ਇਹ ਜਗ੍ਹਾ ਸਾਫ਼ ਸੁਥਰੀਆਂ ਦਾਖਾਂ ਅਤੇ ਚੂਚਿਆਂ ਨਾਲ ਭਰੀ ਸੀ। ਮਨਹੂਸ ਖੰਡਰ ਨੁਮਾ ਮੁਰਦਾ ਘਰ ਜਿਸਦਾ ਸਿਰਫ਼ ਢਾਂਚਾ ਬਚਿਆ ਸੀ ਵੇਖਣਾ ਬੇਹੱਦ ਅਫ਼ਸੋਸਨਾਕ ਸੀ।

ਯਾਦ ਆਇਆ, ਇੱਕ ਦਿਨ ਜਦੋਂ ਮੈਂ ਬਹੁਤ ਥੱਕਿਆ ਹੋਇਆ ਸੀ ਤਾਂ ਇੱਕ ਔਰਤ ਨੇ ਇਸ ਜਗ੍ਹਾ ਮੈਨੂੰ ਵਾਈਨ ਪਿਲਾਈ ਸੀ। ਸਰੋਲ ਨੇ ਬਾਅਦ ਵਿੱਚ ਮੈਨੂੰ ਇੱਥੇ ਰਹਿਣ ਵਾਲਿਆਂ ਬਾਰੇ ਦੱਸਿਆ ਸੀ। ਬਾਪ ਇੱਕ ਗੈਰਕਾਨੂਨੀ ਸ਼ਿਕਾਰੀ ਸੀ ਜਿਸਨੂੰ ਪੁਲੀਸ ਨੇ ਮਾਰ ਦਿੱਤਾ ਸੀ। ਪੁੱਤਰ, ਜਿਸਨੂੰ ਮੈਂ ਪਹਿਲਾਂ ਵੀ ਵੇਖ ਚੁੱਕਿਆ ਸੀ, ਇੱਕ ਖੁਸ਼ਕ, ਲੰਮਾ ਜਵਾਨ ਜੋ ਬਾਪ ਹੀ ਦੀ ਤਰ੍ਹਾਂ ਪੱਥਰਦਿਲ ਸ਼ਿਕਾਰੀ ਸੀ। ਲੋਕ ਇਸ ਖ਼ਾਨਦਾਨ ਨੂੰ ‘ਵਹਿਸ਼ੀ ਟੱਬਰ’ ਕਹਿੰਦੇ ਸਨ।

ਕੀ ਇਹ ਨਾਮ ਸੀ ਜਾਂ ਅੱਲ ਸੀ?

ਮੈਂ ਸਰੋਲ ਨੂੰ ਬੁਲਾਇਆ। ਉਹ ਲੰਬੇ ਕਦਮ ਭਰਦਾ ਮੇਰੇ ਕੋਲ ਆਇਆ, ਮੈਂ ਉਸ ਕੋਲੋਂ ਉਨ੍ਹਾਂ ਲੋਕਾਂ ਬਾਰੇ ਪੁੱਛਿਆ ਤਾਂ ਉਸਨੇ ਮੈਨੂੰ ਇਹ ਕਹਾਣੀ ਸੁਣਾਈ:

ਜਦੋਂ ਦੂਜੀ ਵੱਡੀ ਜੰਗ ਸ਼ੁਰੂ ਹੋਈ ਤਾਂ ਵਹਿਸ਼ੀ ਜਵਾਨ, ਜੋ ਉਸ ਵੇਲੇ ਤੇਤੀ ਸਾਲ ਦਾ ਸੀ, ਮਾਂ ਨੂੰ ਘਰ ਇਕੱਲਾ ਛੱਡ ਕੇ ਫ਼ੌਜ ਵਿੱਚ ਭਰਤੀ ਹੋ ਗਿਆ। ਲੋਕਾਂ ਨੂੰ ਬੁੱਢੀ ਮਾਂ ਤੇ ਕੋਈ ਰਹਿਮ ਨਹੀਂ ਆਇਆ ਕਿਉਂਕਿ ਉਹ ਜਾਣਦੇ ਸਨ ਕਿ ਉਸ ਕੋਲ ਰੁਪਿਆ ਪੈਸਾ ਹੈ। ਉਹ ਪਿੰਡ ਤੋਂ ਦੂਰ ਜੰਗਲ ਦੇ ਕੰਢੇ ਉਸ ਅਲੱਗ-ਥਲੱਗ ਘਰ ਵਿੱਚ ਇਕੱਲੀ ਰਹਿੰਦੀ ਸੀ। ਉਹ ਡਰਦੀ ਨਹੀਂ ਸੀ ਅਤੇ ਉਹ ਘਰ ਦੇ ਹੋਰਨਾਂ ਮਰਦਾਂ ਦੀ ਤਰ੍ਹਾਂ ਹੀ ਦਲੇਰ ਸੀ। ਲੰਮੀ ਪਤਲੀ ਬੁੱਢੀ ਔਰਤ ਜੋ ਘੱਟ ਹੀ ਕਦੇ ਹੱਸਦੀ। ਉਸ ਦੇ ਨਾਲ ਕੋਈ ਹਾਸਾ ਮਜ਼ਾਕ ਨਹੀਂ ਕਰਦਾ ਸੀ। ਉਂਜ ਵੀ ਕਿਸਾਨ ਔਰਤਾਂ ਘੱਟ ਹੀ ਹਸਦੀਆਂ ਹਨ। ਇਹ ਕੰਮ ਮਰਦਾਂ ਨੇ ਸਾਂਭ ਰੱਖਿਆ ਹੈ। ਪਰ ਉਨ੍ਹਾਂ ਦੇ ਆਪਣੇ ਦਿਲ ਉਦਾਸ ਅਤੇ ਕੁੰਗੜੇ ਹੋਏ ਸਨ, ਜਿਸ ਕਾਰਨ ਉਹ ਸੋਗੀ ਅਤੇ ਉਦਾਸੀ ਭਰੀ ਜ਼ਿੰਦਗੀ ਜੀਉਂਦੀਆਂ ਸਨ।

ਕਿਸਾਨ ਸ਼ਰਾਬਖ਼ਾਨਿਆਂ ਤੋਂ ਸ਼ੋਰ ਸ਼ਰਾਬਾ ਅਤੇ ਹਾਸਾ-ਠੱਠਾ ਸਿੱਖ ਲੈਂਦੇ, ਪਰ ਉਨ੍ਹਾਂ ਦੀਆਂ ਪਤਨੀਆਂ ਦੇ ਚਿਹਰਿਆਂ ਤੇ ਹਮੇਸ਼ਾ ਗੰਭੀਰਤਾ ਅਤੇ ਕਠੋਰਤਾ ਤਣੀ ਰਹਿੰਦੀ। ਉਨ੍ਹਾਂ ਦੇ ਚਿਹਰਿਆਂ ਦੀਆਂ ਮੱਛੀਆਂ ਹੱਸਣ ਦੀਆਂ ਹਰਕਤਾਂ ਤੋਂ ਨਾਵਾਕਿਫ਼ ਰਹਿੰਦੀਆਂ।

ਬੇਕਿਰਕ ਮਾਂ ਆਪਣੀ ਜਿੰਦਗੀ ਆਮ ਵਾਂਗ ਗੁਜ਼ਾਰਦੀ ਰਹੀ। ਛੇਤੀ ਹੀ ਬਰਫ਼ਬਾਰੀ ਦਾ ਮੌਸਮ ਆ ਗਿਆ। ਉਹ ਹਫਤੇ ਵਿੱਚ ਇੱਕ ਦਿਨ ਪਿੰਡ ਗੋਸ਼ਤ ਅਤੇ ਬਰੈੱਡ ਲੈਣ ਆਉਂਦੀ ਅਤੇ ਫਿਰ ਵਾਪਸ ਚਲੀ ਜਾਂਦੀ।

ਕਿਹਾ ਜਾਂਦਾ ਸੀ ਕਿ ਇਸ ਇਲਾਕੇ ਵਿੱਚ ਬਘਿਆੜ ਮਿਲ ਜਾਂਦੇ ਹਨ। ਇਸ ਲਈ ਉਹ ਬਾਹਰ ਨਿਕਲਦੇ ਵੇਲੇ ਬੰਦੂਕ ਮੋਢੇ ਤੇ ਲਟਕਾ ਲੈਂਦੀ। ਬੰਦੂਕ ਉਸ ਦੇ ਬੇਟੇ ਦੀ ਸੀ, ਜੰਗਾਲੀ ਹੋਈ ਨਾਲੀ, ਨਿਰੰਤਰ ਵਰਤੋਂ ਨਾਲ ਬੱਟ ਘਸਿਆ ਹੋਇਆ ਸੀ। ਉਹ ਅਜੀਬ\ ਵਿਖਾਈ ਦਿੰਦੀ। ਲੰਮੀ ਬੁੱਢੀ ਔਰਤ ਕੁੱਝ ਝੁਕ ਕੇ ਬਰਫ ਉੱਤੇ ਹੌਲੇ ਹੌਲੇ ਚੱਲਦੀ। ਸਿਰ ਦੇ ਸਫੈਦ ਵਾਲ ਜੋ ਕਦੇ ਕਿਸੇ ਨੇ ਨਹੀਂ ਵੇਖੇ ਸਨ, ਕਾਲੇ ਕੱਪੜੇ ਨਾਲ ਘੁੱਟ ਕੇ ਬੰਨ੍ਹੇ ਹੁੰਦੇ। ਬੰਦੂਕ ਦੀ ਨਾਲੀ ਸਿਰ ਤੋਂ ਉੱਪਰ ਉੱਠੀ ਹੁੰਦੀ।

ਅਤੇ ਫਿਰ ਇੱਕ ਦਿਨ ਜਰਮਨ ਆ ਗਏ। ਉਨ੍ਹਾਂ ਨੂੰ ਸਥਾਨਿਕ ਆਬਾਦੀ ਵਿੱਚ ਆਮਦਨ ਦੇ ਸਾਧਨਾਂ ਦੇ ਹਿਸਾਬ ਨਾਲ ਵੰਡ ਦਿੱਤਾ ਗਿਆ। ਬੁੱਢੀ ਔਰਤ ਦੀ ਅਮੀਰੀ ਮਸ਼ਹੂਰ ਸੀ, ਇਸ ਲਈ ਚਾਰ ਸਿਪਾਹੀ ਉਸ ਦੇ ਘਰ ਭੇਜੇ ਗਏ। ਉਹ ਗੋਰੇ ਰੰਗ ਦੇ, ਗੋਰੀਆਂ ਦਾੜ੍ਹੀਆਂ ਅਤੇ ਨੀਲੀਆਂ ਅੱਖਾਂ ਵਾਲੇ ਹਟੇ ਕਟੇ ਜਵਾਨ ਸਨ। ਜੰਗੀ ਮੁਸੀਬਤਾਂ ਦੇ ਬਾਵਜੂਦ ਤਕੜੇ ਸਨ ਅਤੇ ਜਿੱਤੇ ਹੋਏ ਇਲਾਕੇ ਵਿੱਚ ਰਹਿੰਦੇ ਹੋਏ ਵੀ ਰਹਿਮਦਿਲ ਸਨ। ਬੁੱਢੀ ਔਰਤ ਦੇ ਨਾਲ ਉਨ੍ਹਾਂ ਦਾ ਰਵਈਆ ਹਮਦਰਦੀ ਵਾਲਾ ਸੀ। ਜਿੰਨਾ ਸੰਭਵ ਹੁੰਦਾ ਉਸ ਦੇ ਖਰਚ ਨੂੰ ਘਟਾਉਣ ਅਤੇ ਥਕਾਵਟ ਨੂੰ ਵੰਡਣ ਦੀ ਕੋਸ਼ਿਸ਼ ਕਰਦੇ। ਉਹ ਰੋਜ਼ਾਨਾ ਸਵੇਰੇ ਪਹੁ ਫੱਟਦੀ ਨਾਲ ਖੂਹ ਉੱਤੇ ਨਹਾਂਦੇ ਧੋਂਦੇ। ਮਾਂ ਮੁੜ ਆਉਂਦੀ ਅਤੇ ਉਨ੍ਹਾਂ ਦੇ ਲਈ ਤਰੀ ਤਿਆਰ ਕਰਦੀ। ਇਸਦੇ ਬਾਅਦ ਉਹ ਜਵਾਨ ਰਸੋਈ ਦੀ ਸਫਾਈ ਕਰਦੇ, ਪੋਚਾ ਲਾਉਂਦੇ, ਲੱਕੜਾਂ ਪਾੜਦੇ, ਆਲੂ ਛਿੱਲਦੇ, ਘਰ ਦੇ ਸਾਰੇ ਕੰਮ ਆਪਣੀ ਮਾਂ ਦੇ ਨਾਲ ਚਾਰ ਚੰਗੇ ਪੁੱਤਰਾਂ ਵਾਂਗ ਕਰਦੇ ਦੇਖੇ ਜਾ ਸਕਦੇ ਸਨ। ਪਰ,ਬੁੱਢੀ ਔਰਤ ਹਰ ਵੇਲੇ ਆਪਣੇ ਬੇਟੇ ਬਾਰੇ ਸੋਚਦੀ ਰਹਿੰਦੀ - ਆਪਣੇ ਲੰਬੇ, ਦੁਬਲੇ ਪਤਲੇ, ਤੋਤੇ ਵਰਗੀ ਨੱਕ, ਭੂਰੀਆਂ ਅੱਖਾਂ, ਉੱਪਰ ਵਾਲੇ ਬੁੱਲ੍ਹ ਨੂੰ ਢਕੀ ਰੱਖਦੀਆਂ ਕਾਲੀਆਂ ਭਰਵੀਆਂ ਕੁੰਢੀਆਂ ਮੁੱਛਾਂ ਵਾਲੇ ਬੇਟੇ ਬਾਰੇ। ਰੋਜ਼ਾਨਾ ਉਹ ਚਾਰੇ ਸਿਪਾਹੀਆਂ ਵਿੱਚੋਂ ਹਰੇਕ ਨੂੰ ਪੁੱਛਦੀ, "ਕੀ ਤੁਹਾਨੂੰ ਪਤਾ ਹੈ ਫਰਾਂਸੀਸੀ ਰਜਮੈਂਟ 23 - ਇੰਫੈਂਟਰੀ, ਜਿਸ ਵਿੱਚ ਮੇਰਾ ਪੁੱਤਰ ਹੈ ਕਿੱਥੇ ਭੇਜੀ ਗਈ ਹੈ?"

ਉਨ੍ਹਾਂ ਦਾ ਹਮੇਸ਼ਾ ਜਵਾਬ ਹੁੰਦਾ, "ਨਹੀਂ ਸਾਨੂੰ ਨਹੀਂ ਪਤਾ, ਸਾਨੂੰ ਉੱਕਾ ਪਤਾ ਨਹੀਂ।"

ਉਸ ਮਾਂ ਦਾ ਦੁੱਖ ਸਮਝਦੇ ਹੋਏ ਕਿ ਉਨ੍ਹਾਂ ਦੀਆਂ ਆਪਣੀਆਂ ਮਾਵਾਂ ਘਰਾਂ ਵਿੱਚ ਉਨ੍ਹਾਂ ਦਾ ਇੰਤਜ਼ਾਰ ਕਰ ਰਹੀਆਂ ਹਨ, ਉਹ ਉਸ ਦੇ ਬੇਸ਼ੁਮਾਰ ਛੋਟੇ ਮੋਟੇ ਕੰਮ ਕਰਦੇ। ਉਹ ਖ਼ੁਦ ਵੀ ਆਪਣੇ ਇਨ੍ਹਾਂ ਦੁਸ਼ਮਨਾਂ ਨੂੰ ਪਿਆਰ ਕਰਦੀ ਸੀ ਕਿਉਂਕਿ ਕਿਸਾਨ ਉਸ ਦੇਸ਼ਭਗਤ ਨਫਰਤ ਦੇ ਡੰਗੇ ਨਹੀਂ ਹੁੰਦੇ ਜੋ ਉੱਚੇ ਤਬਕੇ ਦੇ ਲੋਕਾਂ ਦੀ ਰਾਖਵੀਂ ਹੁੰਦੀ ਹੈ? ਨਿਮਾਣੇ ਨਿਤਾਣੇ ਲੋਕ ਹੀ ਜ਼ਿਆਦਾ ਨੁਕਸਾਨ ਝੱਲਦੇ ਹਨ। ਸਾਰਾ ਬੋਝ ਉਨ੍ਹਾਂ ਉੱਤੇ ਪੈਂਦਾ ਹੈ। ਉਹੀ ਮਰਨ ਲਈ ਅੱਗੇ ਧੱਕ ਦਿੱਤੇ ਜਾਂਦੇ ਹਨ। ਗਿਣਤੀ ਵਿੱਚ ਜ਼ਿਆਦਾ ਹੋਣ ਕਰਕੇ ਉਹੀ ਤੋਪਾਂ ਨਾਲ ਮਰਦੇ ਹਨ। ਅਤਿ ਕਮਜ਼ੋਰ ਹੋਣ ਦੇ ਸਬੱਬ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਇਹੀ ਲੋਕ ਜੰਗ ਦੀਆਂ ਸਖ਼ਤੀਆਂ ਬਰਦਾਸ਼ਤ ਕਰਦੇ ਹਨ, ਟਾਕਰਾ ਕਰਨ ਜੋਗੇ ਤਾਂ ਹੁੰਦੇ ਨਹੀਂ। ਉਹ ਉਨ੍ਹਾਂ ਜੋਸ਼ੀਲੇ ਜੰਗੀ ਨਾਅਰਿਆਂ ਨੂੰ, ਗੌਰਵ ਤੇ ਗ਼ੈਰਤ ਦੇ ਅਹਿਸਾਸ ਨੂੰ ਅਤੇ ਨਾਮ ਨਿਹਾਦ ਸਿਆਸੀ ਗਠਜੋੜਾਂ ਨੂੰ ਨਹੀਂ ਸਮਝਦੇ ਹੁੰਦੇ ਜਿਸਨੇ ਛੇ ਮਹੀਨੇ ਵਿੱਚ ਜਿੱਤਣ ਤੇ ਹਾਰਨ ਵਾਲੀਆਂ ਕੌਮਾਂ ਨੂੰ ਬਰਬਾਦ ਕਰ ਦੇਣਾ ਹੁੰਦਾ ਹੈ।

ਇਲਾਕੇ ਦੇ ਲੋਕ ਬੇਰਹਿਮ ਮਾਂ ਦੇ ਨਾਲ ਰਹਿੰਦੇ ਇਨ੍ਹਾਂ ਜਰਮਨਾਂ ਦੇ ਬਾਰੇ ਵਿੱਚ ਕਹਿੰਦੇ, "ਇਨ੍ਹਾਂ ਚਾਰਾਂ ਨੂੰ ਬੜੀ ਸੁਖਦਾਈ ਰਿਹਾਇਸ਼ ਮਿਲੀ ਹੈ।"

ਇੱਕ ਸਵੇਰੇ ਜਦੋਂ,ਬੁੱਢੀ ਔਰਤ ਘਰ ਵਿੱਚ ਇਕੱਲੀ ਸੀ, ਉਸਨੇ ਦੂਰ ਮੈਦਾਨ ਵਿੱਚ ਇੱਕ ਸ਼ਖਸ ਨੂੰ ਆਪਣੇ ਘਰ ਵੱਲ ਆਉਂਦੇ ਵੇਖਿਆ। ਛੇਤੀ ਹੀ ਉਹ ਡਾਕੀਏ ਨੂੰ ਪਛਾਣ ਗਈ। ਇਸ ਸ਼ਖਸ ਦੀ ਨੌਕਰੀ ਲੋਕਾਂ ਨੂੰ ਖ਼ਤ ਵੰਡਣ ਦੀ ਸੀ। ਉਸਨੇ ਤੈਹ ਕੀਤਾ ਹੋਇਆ ਕਾਗ਼ਜ਼ ਫੜਾਇਆ। ਉਹ ਆਪਣੀ ਸਿਲਾਈ ਵਾਲੀ ਐਨਕ ਕੱਢ ਕੇ ਪੜ੍ਹਨ ਲੱਗੀ।

ਮਾਦਾਮ ਸੁਵੈਜ਼: ਤੁਹਾਨੂੰ ਇੱਕ ਅਫ਼ਸੋਸਨਾਕ ਖ਼ਬਰ ਪਹੁੰਚਾਉਣੀ ਹੈ। ਤੁਹਾਡਾ ਪੁੱਤਰ ਵਿਕਟਰ ਕੱਲ ਤੋਪ ਦਾ ਗੋਲਾ ਲੱਗਣ ਨਾਲ ਮਰ ਗਿਆ। ਗੋਲੇ ਨੇ ਉਸਨੂੰ ਪਾੜ ਕੇ ਦੋ ਕਰ ਦਿੱਤਾ। ਮੈਂ ਬਹੁਤ ਨੇੜਿਓਂ ਇਹ ਸਭ ਵੇਖਿਆ, ਕਿਉਂਕਿ ਅਸੀਂ ਕੰਪਨੀ ਵਿੱਚ ਨਾਲ ਨਾਲ ਸਾਂ। ਉਸਨੇ ਮੈਨੂੰ ਕਹਿ ਰੱਖਿਆ ਸੀ ਕਿ ਜੇਕਰ ਉਸਨੂੰ ਕੁੱਝ ਹੋ ਜਾਵੇ ਤਾਂ ਮੈਂ ਤੁਹਾਨੂੰ ਇੱਤਲਾਹ ਕਰ ਦੇਵਾਂ। ਮੈਂ ਉਸ ਦੀ ਘੜੀ ਉਸ ਦੀ ਜੇਬ ਵਿੱਚੋਂ ਕੱਢ ਲਈ ਤਾਂਕਿ ਜੰਗ ਦੇ ਖ਼ਤਮ ਹੋਣ ਉੱਤੇ ਤੁਹਾਨੂੰ ਪਹੁੰਚਾ ਦੇਵਾਂ।

ਸਤਿਕਾਰ ਸਹਿਤ

ਸੇਜ਼ੀਰ ਰੀਵੋ

ਮਾਰਚ, ਦੂਜਾ ਦਰਜਾ ਸੈਨਿਕ, ਇੰਫੈਂਟਰੀ ਰਜਮੰਟ 23.

ਖ਼ਤ ਉੱਤੇ ਤਿੰਨ ਹਫਤੇ ਪਹਿਲਾਂ ਦੀ ਮਿਤੀ ਸੀ।

ਉਹ ਬਿਲਕੁਲ ਨਾ ਰੋਈ। ਉਹ ਅਹਿੱਲ ਖੜੀ ਰਹੀ। ਉਸਨੂੰ ਸਦਮੇ ਦੀ ਸੱਟ ਅਤੇ ਗ਼ਮ ਦਾ ਅਹਿਸਾਸ ਤੱਕ ਨਹੀਂ ਹੋ ਰਿਹਾ ਸੀ। ਉਸਨੇ ਸੋਚਿਆ, ਇਹ ਵਿਕਟਰ ਸੀ ਜੋ ਚਲਾ ਗਿਆ ਅਤੇ ਮਾਰ ਦਿੱਤਾ ਗਿਆ। ਫਿਰ ਸਹਿਜੇ ਸਹਿਜੇ ਅੱਥਰੂ ਉਸ ਦੀਆਂ ਅੱਖਾਂ ਵਿੱਚ ਉਮਡ ਆਏ। ਉਸ ਦਾ ਦਿਲ ਗ਼ਮ ਅਤੇ ਦੁੱਖ ਨਾਲ ਕੁਰਲਾ ਉਠਿਆ। ਇੱਕ ਇੱਕ ਕਰਕੇ ਉਸਨੂੰ ਖ਼ਿਆਲ ਆਉਣ ਲੱਗੇ, ਖੌਫਨਾਕ ਅਤੇ ਪੀੜਦਾਇਕ ਖ਼ਿਆਲ। ਉਹ ਹੁਣ ਕਦੇ ਉਸ ਦਾ ਚੁੰਮਣ ਨਹੀਂ ਲੈ ਸਕੇਗੀ, ਆਪਣੇ ਬੱਚੇ ਦਾ ਚੁੰਮਣ। ਪੁਲਸੀਆਂ ਨੇ ਬਾਪ ਨੂੰ ਮਾਰ ਦਿੱਤਾ, ਜਰਮਨਾਂ ਨੇ ਬੇਟੇ ਨੂੰ। ਉਹ ਤੋਪ ਦੇ ਗੋਲੇ ਨਾਲ ਦੋਫਾੜ ਹੋ ਗਿਆ। ਉਸਨੂੰ ਲੱਗਿਆ ਜਿਵੇਂ ਉਹ ਇਹ ਸਭ ਹੁੰਦਾ ਵੇਖ ਰਹੀ ਹੈ। ਖੁੱਲ੍ਹੀਆਂ ਅੱਖਾਂ, ਡਿੱਗਦਾ ਹੋਇਆ ਸਿਰ, ਕੁੰਢੀਆਂ ਮੁੱਛਾਂ ਦੀਆਂ ਨੋਕਾਂ ਚੱਬਦੇ ਹੋਏ, ਜਿਵੇਂ ਉਹ ਹਮੇਸ਼ਾ ਗੁੱਸੇ ਵਿੱਚ ਕਰਦਾ ਹੁੰਦਾ ਸੀ।

ਉਨ੍ਹਾਂ ਨੇ ਉਸ ਦੀ ਲਾਸ ਦਾ ਕੀ ਕੀਤਾ ਹੋਵੇਗਾ? ਕਾਸ਼ ਉਹ ਉਸਨੂੰ ਵਾਪਸ ਕਰ ਦਿੰਦੇ ਜਿਵੇਂ ਉਸ ਦੇ ਪਤੀ ਨੂੰ ਮੱਥੇ ਦੇ ਵਿੱਚਕਾਰ ਗੋਲੀ ਮਾਰ ਦੇਣ ਦੇ ਬਾਅਦ ਵਾਪਸ ਕਰ ਦਿੱਤਾ ਗਿਆ ਸੀ।

ਤੱਦ ਉਸਨੂੰ ਜਰਮਨ ਸਿਪਾਹੀਆਂ ਦੀਆਂ ਅਵਾਜ਼਼ਾਂ ਸੁਣਾਈ ਦਿੱਤੀਆਂ ਜੋ ਪਿੰਡ ਵਲੋਂ ਵਾਪਸ ਆ ਰਹੇ ਸਨ। ਉਸਨੇ ਖ਼ਤ ਜਲਦੀ ਨਾਲ ਆਪਣੀ ਜੇਬ ਵਿੱਚ ਲੁੱਕਾ ਲਿਆ। ਆਪਣੀ ਅੱਖਾਂ ਸਾਫ਼ ਕੀਤੀਆਂ ਅਤੇ ਸ਼ਾਂਤ ਹੋ ਕੇ ਆਮ ਵਾਂਗ ਉਨ੍ਹਾਂ ਨੂੰ ਮਿਲੀ। ਚਾਰੇ ਜਣੇ ਖੁਸ਼ੀ ਨਾਲ ਹੱਸ ਰਹੇ ਸਨ, ਕਿਉਂਜੋ ਅੱਜ ਉਹ ਖ਼ਰਗੋਸ਼ ਲਿਆਏ ਸਨ, ਜੋ ਬੇਸ਼ੱਕ ਕਿਤੋਂ ਚੁਰਾਇਆ ਗਿਆ ਸੀ। ਉਨ੍ਹਾਂ ਨੇ ਉਸਨੂੰ ਇਸ਼ਾਰਾ ਕੀਤਾ ਕਿ ਅੱਜ ਆਪਾਂ ਅੱਛਾ ਮਜ਼ੇਦਾਰ ਖਾਣਾ ਖਾਵਾਂਗੇ। ਉਹ ਤੁਰਤ ਖਾਣਾ ਤਿਆਰ ਕਰਨ ਲੱਗ ਪਈ, ਪਰ ਖ਼ਰਗੋਸ਼ ਜਿਬ੍ਹਾ ਕਰਨ ਸਮੇਂ ਉਸ ਦਾ ਦਿਲ ਢੇਰੀ ਢਾਹ ਬੈਠਿਆ। ਚਾਰਾਂ ਵਿੱਚੋਂ ਇੱਕ ਨੇ ਖ਼ਰਗੋਸ਼ ਦੇ ਕੰਨ ਦੇ ਪਿੱਛੇ ਮੁੱਕਾ ਮਾਰ ਕੇ ਉਸਨੂੰ ਹਲਾਕ ਕੀਤਾ।

ਜਦੋਂ ਜਾਨਵਰ ਮਰ ਗਿਆ ਤਾਂ ਉਸਨੇ ਉਸ ਦੇ ਸੁਰਖ਼ ਜਿਸਮ ਉੱਤੋਂ ਖੱਲ ਉਤਾਰੀ। ਪਰ ਖ਼ੂਨ ਨੂੰ ਵੇਖਕੇ, ਜਿਸ ਨਾਲ ਉਸ ਦੇ ਹੱਥ ਲਿੱਬੜ ਗਏ, ਗਰਮ ਖ਼ੂਨ ਜਿਸਨੂੰ ਉਹ ਮਹਿਸੂਸ ਕਰ ਰਹੀ ਸੀ, ਜੋ ਠੰਡਾ ਹੋ ਕੇ ਜਮ ਰਿਹਾ ਸੀ। ਉਹ ਸਿਰ ਤੋਂ ਪੈਰਾਂ ਤੱਕ ਕੰਬਣ ਲੱਗੀ। ਉਹ ਆਪਣੇ ਬੇਟੇ ਦਾ ਦੋ ਹਿੱਸਿਆਂ ਵਿੱਚ ਕੱਟਿਆ ਸੁਰਖ਼ ਜਿਸਮ ਵੇਖ ਰਹੀ ਸੀ, ਬਿਲਕੁਲ ਉਸੇ ਜਾਨਵਰ ਦੀ ਤਰ੍ਹਾਂ ਜੋ ਹੁਣੇ ਤੱਕ ਉਸ ਦੇ ਹੱਥਾਂ ਵਿੱਚ ਤੜਪ ਰਿਹਾ ਸੀ। ਉਹ ਜਰਮਨ ਸਿਪਾਹੀਆਂ ਦੇ ਨਾਲ ਖਾਣੇ ਦੇ ਮੇਜ਼ ਉੱਤੇ ਬੈਠ ਤਾਂ ਗਈ ਪਰ ਉਸ ਦੇ ਕੁੱਝ ਵੀ ਨਿਘਰ ਨਹੀਂ ਰਿਹਾ ਸੀ। ਉਹ ਉਸ ਦੀ ਪਰਵਾਹ ਕੀਤੇ ਬਿਨਾਂ ਗੋਸ਼ਤ ਚਟਮ ਕਰ ਗਏ। ਉਹ ਬੜੀ ਹੋਸ਼ਿਆਰੀ ਨਾਲ ਬਿਨਾਂ ਕੁੱਝ ਕਹੇ ਸੋਚੀਂ ਪਈ ਉਨ੍ਹਾਂ ਨੂੰ ਵੇਖਦੀ ਰਹੀ। ਉਸ ਦਾ ਚਿਹਰਾ ਇੰਨਾ ਨਿਰਭਾਵ ਸੀ ਕਿ ਉਹ ਕੁੱਝ ਮਹਿਸੂਸ ਨਾ ਕਰ ਸਕੇ।

ਅਚਾਨਕ ਉਹ ਉਨ੍ਹਾਂ ਨੂੰ ਕਹਿਣ ਲੱਗੀ, ਆਪਾਂ ਇੱਕ ਮਹੀਨੇ ਤੋਂ ਇਕਠੇ ਰਹਿ ਰਹੇ ਹਾਂ ਪਰ ਮੈਂ ਤੁਹਾਡੇ ਨਾਮ ਤੱਕ ਨਹੀਂ ਜਾਣਦੀ। ਉਹ ਬਿਨਾਂ ਕਠਿਨਾਈ ਤੋਂ ਉਸ ਦੀ ਗੱਲ ਸਮਝ ਗਏ। ਉਸਨੂੰ ਆਪਣੇ ਨਾਮ ਦੱਸੇ, ਪਰ ਏਨੇ ਨਾਲ ਉਸ ਦੀ ਤਸੱਲੀ ਨਹੀਂ ਹੋਈ। ਉਸਨੇ ਉਨ੍ਹਾਂ ਨੂੰ ਆਪਣੇ ਆਪਣੇ ਨਾਮ ਅਤੇ ਆਪਣੇ ਆਪਣੇ ਪਰਿਵਾਰ ਦੇ ਪਤੇ ਕਾਗ਼ਜ਼ ਉੱਤੇ ਲਿਖਣ ਲਈ ਕਿਹਾ। ਫਿਰ ਆਪਣੇ ਵੱਡੇ ਨੱਕ ਉੱਤੇ ਐਨਕ ਦਰੁਸਤ ਕੀਤੀ, ਓਪਰੀ ਲਿਖਾਈ ਨੂੰ ਧਿਆਨ ਨਾਲ ਵਾਚਿਆ, ਕਾਗ਼ਜ਼ ਤੈਹ ਕੀਤਾ ਅਤੇ ਜੇਬ ਵਿੱਚ ਉਸ ਖ਼ਤ ਦੇ ਨਾਲ, ਜਿਸਦੇ ਨਾਲ ਉਸਨੂੰ ਆਪਣੇ ਬੇਟੇ ਦੀ ਮੌਤ ਦੀ ਸੂਚਨਾ ਮਿਲੀ ਸੀ, ਰੱਖ ਲਿਆ।

ਜਦੋਂ ਖਾਣਾ ਖ਼ਤਮ ਹੋ ਚੁੱਕਿਆ ਤਾਂ ਉਸਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਉਨ੍ਹਾਂ ਦੇ ਲਈ ਕੁੱਝ ਕਰਨਾ ਚਾਹੁੰਦੀ ਹੈ। ਫਿਰ ਪਰਾਲ ਉਠਾ ਕੇ ਉੱਪਰ ਜਿੱਥੇ ਉਹ ਸੌਂਦੇ ਸਨ ਰੱਖਣਾ ਸ਼ੁਰੂ ਕਰ ਦਿੱਤਾ। ਉਹ ਜੋ ਕੁੱਝ ਕਰ ਰਹੀ ਸੀ, ਉਸ ਨਾਲ ਉਨ੍ਹਾਂ ਨੂੰ ਖ਼ਾਸੀ ਉਲਝਣ ਹੋਈ, ਉਸਨੇ ਵਿਆਖਿਆ ਕਰਦੇ ਹੋਏ ਉਨ੍ਹਾਂ ਨੂੰ ਦੱਸਿਆ ਕਿ ਪਰਾਲ ਉਨ੍ਹਾਂ ਨੂੰ ਨਿਘਾ ਰੱਖੇਗਾ, ਤਾਂ ਉਹ ਵੀ ਉਸ ਦੀ ਮਦਦ ਕਰਨ ਲੱਗੇ। ਉਨ੍ਹਾਂ ਨੇ ਛੱਤ ਤੱਕ ਉੱਚੇ ਭੂਸੇ ਦੇ ਢੇਰ ਲਗਾ ਦਿੱਤੇ ਅਤੇ ਆਪਣੇ ਲਈ ਵਾਹਵਾ ਨਿਘਾ, ਖ਼ੁਸ਼ਬੂਦਾਰ ਕਮਰਾ ਤਿਆਰ ਕਰ ਲਿਆ, ਜਿਸਦੀਆਂ ਚਾਰੇ ਦੀਵਾਰਾਂ ਭੂਸੇ ਦੀਆਂ ਬਣੀਆਂ ਸਨ, ਜਿੱਥੇ ਉਹ ਮਜ਼ੇ ਨਾਲ ਸੌਂ ਸਕਣਗੇ।

ਰਾਤ ਦੇ ਖਾਣੇ ਵੇਲੇ ਉਨ੍ਹਾਂ ਵਿਚੋਂ ਇੱਕ ਇਹ ਵੇਖਕੇ ਕਿ ਉਹ ਹੁਣ ਵੀ ਕੁੱਝ ਨਹੀਂ ਖਾ ਰਹੀ ਪਰੇਸ਼ਾਨ ਹੋਇਆ। ਉਸਨੇ ਉਸਨੂੰ ਇਹ ਕਹਿ ਕੇ ਕਿ ਉਸ ਦੇ ਢਿੱਡ ਵਿੱਚ ਮਰੋੜ ਪੈ ਰਹੇ ਹਨ ਉਸਦੀ ਤਸੱਲੀ ਕਰਵਾ ਦਿੱਤੀ। ਫਿਰ ਉਸਨੇ ਆਪਣੇ ਆਪ ਨੂੰ ਗਰਮ ਕਰਨ ਲਈ ਅੱਗ ਬਾਲੀ। ਜਦੋਂ ਕਿ ਚਾਰੇ ਜਰਮਨ ਆਮ ਵਾਂਗ ਸੌਣ ਵਾਸਤੇ ਪੌੜੀ ਰਾਹੀਂ ਉਪਰ ਕਮਰੇ ਵਿੱਚ ਚੜ੍ਹ ਗਏ।

ਜਿਓਂ ਹੀ ਛੱਤ ਵਿੱਚ ਲੱਗਿਆ ਦਰਵਾਜਾ ਬੰਦ ਹੋਇਆ, ਬੁੱਢੀ ਔਰਤ ਨੇ ਪੌੜੀ ਹਟਾ ਦਿੱਤੀ। ਚੁੱਪਚਾਪ ਬਾਹਰ ਦਾ ਦਰਵਾਜਾ ਖੋਲ੍ਹਿਆ, ਅਤੇ ਹੋਰ ਪਰਾਲ ਲੈਣ ਚੱਲੀ ਗਈ। ਇਸ ਨਾਲ ਉਸਨੇ ਰਸੋਈ ਭਰ ਦਿੱਤੀ। ਉਹ ਬਰਫ ਉੱਤੇ ਨੰਗੇ ਪੈਰ ਇਸ ਤਰ੍ਹਾਂ ਚੱਲਦੀ ਰਹੀ ਕਿ ਮੁੰਡਿਆਂ ਨੂੰ ਕੋਈ ਅਵਾਜ਼ ਸੁਣਾਈ ਨਾ ਦੇਵੇ। ਕਦੇ ਕਦੇ ਉਸਨੂੰ ਘੂਕ ਸੁੱਤੇ ਪਏ ਜਵਾਨਾਂ ਦੇ ਘੁਰਾੜਿਆਂ ਦੀਆਂ ਅਵਾਜ਼਼ਾਂ ਸੁਣਾਈ ਦਿੰਦੀਆਂ।

ਜਦੋਂ ਉਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਤਾਂ ਉਸਨੇ ਪਰਾਲ ਦੀ ਇੱਕ ਪੂਲੀ ਬਲਦੇ ਚੁੱਲ੍ਹੇ ਵਿੱਚ ਸੁੱਟੀ, ਜਦੋਂ ਉਸਨੇ ਅੱਗ ਫੜ ਲਈ ਤਾਂ ਉਸਨੇ ਉਸਨੂੰ ਬਾਕੀ ਪਰਾਲ ਉੱਤੇ ਫੈਲਾ ਦਿੱਤਾ। ਖ਼ੁਦ ਬਾਹਰ ਨਿਕਲ ਕੇ ਦੇਖਣ ਲੱਗੀ, ਕੁਝ ਪਲਾਂ ਵਿੱਚ ਅੱਗ ਦੇ ਭੰਬੂਕਿਆਂ ਨੇ ਮਕਾਨ ਨੂੰ ਅੰਦਰੋਂ ਰੋਸ਼ਨ ਕਰ ਦਿੱਤਾ। ਛੇਤੀ ਹੀ ਉਹ ਖੌਫਨਾਕ, ਦਹਿਕਦੀ ਅੱਗ ਦੀ ਭੱਠੀ ਵਿੱਚ ਤਬਦੀਲ ਹੋ ਗਿਆ। ਇਸ ਦੀ ਰੋਸ਼ਨੀ ਤੰਗ ਖਿੜਕੀ ਤੋਂ ਬਾਹਰ ਬਰਫ਼ ਉੱਤੇ ਅੱਖਾਂ ਚੁੰਧਿਆ ਦੇਣ ਵਾਲੀਆਂ ਲਪਟਾਂ ਦੀ ਸੂਰਤ ਵਿੱਚ ਪੈਣ ਲੱਗੀ।

ਤੇ ਫਿਰ ਘਰ ਦੇ ਉੱਪਰ ਵਾਲੇ ਹਿੱਸੇ ਤੋਂ ਚੀਖ਼-ਚਿਹਾੜਾ ਸੁਣਾਈ ਦਿੱਤਾ, ਇਹ ਇਨਸਾਨੀ ਚੀਖਾਂ ਦਾ ਦਿਲਚੀਰਵਾਂ ਚੀਖ਼-ਚਿਹਾੜਾ ਸੀ। ਫਿਰ ਜਿਉਂ ਹੀ ਛੱਤ ਵਾਲਾ ਦਰਵਾਜ਼ਾ ਡਿਗਿਆ, ਅੱਗ ਦਾ ਵਾ-ਵਰੋਲਾ ਉੱਪਰ ਵਾਲੇ ਕਮਰੇ ਵਿੱਚ ਦਾਖ਼ਲ ਹੋਕੇ ਸਰਕੜੇ ਦੀ ਬਣੀ ਛੱਤ ਨੂੰ ਫੂਕਦਾ ਹੋਇਆ ਬਹੁਤ ਵੱਡੇ ਰੋਸ਼ਨੀ ਦੇ ਗੋਲੇ ਦੀ ਤਰ੍ਹਾਂ ਅਸਮਾਨ ਨੂੰ ਨਿਕਲ ਗਿਆ। ਸਾਰੇ ਮਕਾਨ ਵਿੱਚ ਅੱਗ ਫੈਲ ਗਈ।

ਲਾਟਾਂ ਦੇ ਪਟਾਕੇ, ਕੰਧਾਂ ਦੇ ਤਿੜਕਣ, ਸ਼ਤੀਰਾਂ ਦੇ ਡਿੱਗਣ ਦੀਆਂ ਅਵਾਜ਼ਾਂ ਦੇ ਇਲਾਵਾ ਹੁਣ ਅੰਦਰੋਂ ਕੋਈ ਅਵਾਜ਼ ਸੁਣਾਈ ਨਹੀਂ ਦੇ ਰਹੀ ਸੀ। ਅਚਾਨਕ ਛੱਤ ਹੇਠਾਂ ਆ ਡਿੱਗੀ। ਨਾਲ ਹੀ ਘਰ ਦੇ ਅੰਦਰ ਜਲ ਕੇ ਮਰਿਆਂ ਦੀਆਂ ਲਾਸਾਂ ਦੇ ਡਿਗਣ ਨਾਲ ਉੱਪਰ ਨੂੰ ਉੱਠਿਆ ਅੱਗ ਦਾ ਫੱਵਾਰਾ ਫੁੱਟ ਰਿਹਾ ਸੀ।

ਸਾਰਾ ਮਾਹੌਲ ਇਸ ਤਰ੍ਹਾਂ ਰੌਸ਼ਨ ਹੋ ਗਿਆ ਜਿਵੇਂ ਲਾਲ ਬਿੰਦੀਆਂ ਵਾਲਾ ਚਾਂਦੀ ਰੰਗਾ ਕੱਪੜਾ ਹੋਵੇ। ਦੂਰ ਫ਼ਾਸਲੇ ਉੱਤੇ ਘੰਟੀ ਵੱਜਣ ਲੱਗੀ।,ਬੁੱਢੀ ਮਾਂ ਆਪਣੇ ਬਲਦੇ ਘਰ ਦੇ ਸਾਹਮਣੇ ਆਪਣੇ ਬੇਟੇ ਦੀ ਬੰਦੂਕ ਲਈ ਖੜੀ ਰਹੀ, ਤਾਂ ਜੋ ਕੋਈ ਜਰਮਨ ਬਚ ਕੇ ਨਾ ਨਿਕਲ ਜਾਵੇ। ਜਦੋਂ ਉਸਨੇ ਵੇਖਿਆ ਸਭ ਕੁੱਝ ਖ਼ਤਮ ਹੋ ਚੁੱਕਿਆ ਹੈ ਤਾਂ ਉਸਨੇ ਬੰਦੂਕ ਅੱਗ ਵਿੱਚ ਸੁੱਟ ਦਿੱਤੀ। ਧਮਾਕਾ ਹੋਇਆ, ਲੋਕ ਭੱਜੇ ਆਏ। ਕਿਸਾਨ ਵੀ ਅਤੇ ਜਰਮਨ ਵੀ। ਉਨ੍ਹਾਂ ਨੇ ਦੇਖਿਆ ਕਿ ਔਰਤ ਇੱਕ ਰੁੱਖ਼ ਦੇ ਤਣੇ `ਤੇ ਸ਼ਾਂਤ ਬੈਠੀ ਸੀ। ਇੱਕ ਜਰਮਨ ਅਫ਼ਸਰ ਨੇ ਜੋ ਫਰਾਂਸੀਸੀਆਂ ਦੀ ਤਰ੍ਹਾਂ ਫਰਾਂਸੀਸੀ ਬੋਲਦਾ ਸੀ ਪੁੱਛਿਆ, "ਤੁਹਾਡੇ ਵਾਲੇ ਜਵਾਨ ਕਿੱਥੇ ਹਨ?"

ਉਸਨੇ ਆਪਣਾ ਕਮਜ਼ੋਰ ਪਤਲਾ ਹੱਥ ਬੁੱਝਦੀ ਅੱਗ ਦੇ ਸੁਰਖ਼ ਢੇਰ ਵੱਲ ਕੀਤਾ ਅਤੇ ਉੱਚੀ ਅਵਾਜ਼਼ ਵਿੱਚ ਜਵਾਬ ਦਿੱਤਾ, "ਔਥੇ।"

ਉਸ ਦੇ ਆਲੇ ਦੁਆਲੇ ਇਕੱਠ ਹੋ ਗਿਆ। ਜਰਮਨ ਨੇ ਪੁੱਛਿਆ, "ਅੱਗ ਕਿਵੇਂ ਲੱਗੀ?"

"ਮੈਂ ਲਗਾਈ", ਉਹ ਬੋਲੀ।

ਉਨ੍ਹਾਂ ਨੇ ਉਸ ਦਾ ਯਕੀਨ ਨਹੀਂ ਕੀਤਾ। ਉਨ੍ਹਾਂ ਨੂੰ ਲੱਗਿਆ ਇਸ ਅਚਾਨਕ ਤਬਾਹੀ ਨੇ ਉਸਨੂੰ ਪਾਗਲ ਕਰ ਦਿੱਤਾ ਹੈ। ਸਭ ਲੋਕ ਉਸ ਦੀ ਗੱਲ ਸੁਣਨ ਲਈ ਜੁੜ ਗਏ ਤਾਂ ਉਸਨੇ ਸਾਰੀ ਕਹਾਣੀ ਸ਼ੁਰੂ ਤੋਂ ਅੰਤ ਤੱਕ ਸੁਣਾ ਦਿੱਤੀ। ਖ਼ਤ ਦੇ ਆਉਣ ਤੋਂ ਲੈ ਕੇ ਉਸ ਦੇ ਘਰ ਸਮੇਤ ਜਲ ਜਾਣ ਵਾਲਿਆਂ ਦੀਆਂ ਆਖ਼ਰੀ ਚੀਖਾਂ ਤੱਕ ਉਸਨੇ ਜੋ ਕੁੱਝ ਮਹਿਸੂਸ ਕੀਤਾ ਅਤੇ ਜੋ ਕੁੱਝ ਕੀਤਾ ਉਸ ਦਾ ਹਰ ਵੇਰਵਾ ਦੱਸਿਆ। ਇਹ ਸਭ ਦੱਸਣ ਦੇ ਬਾਅਦ ਉਸਨੇ ਜੇਬ ਵਿੱਚੋਂ ਕਾਗ਼ਜ਼ ਦੇ ਦੋ ਟੁਕੜੇ ਕੱਢੇ, ਅਤੇ ਉਨ੍ਹਾਂ ਨੂੰ ਅੱਡ ਅੱਡ ਕਰਨ ਦੇ ਬਾਅਦ ਦੁਬਾਰਾ ਐਨਕ ਪਹਿਨੀ, ਫਿਰ ਉਨ੍ਹਾਂ ਵਿਚੋਂ ਇੱਕ ਦਿਖਾਂਦੇ ਹੋਈ ਬੋਲੀ ਇਹ ਵਿਕਟਰ ਦੀ ਮੌਤ ਦਾ ਹੈ। ਦੂਜਾ ਦਿਖਾਂਦੇ ਹੋਏ ਅਤੇ ਲਾਲ ਸੁਰਖ਼ ਖੰਡਰ ਦੀ ਤਰਫ਼ ਇਸ਼ਾਰਾ ਕਰਕੇ ਬੋਲੀ, ਇਹ ਉਨ੍ਹਾਂ ਦੇ ਨਾਮ ਹਨ ਤਾਂ ਕਿ ਤੁਸੀਂ ਉਨ੍ਹਾਂ ਦੇ ਪਰਿਵਾਰਾਂ ਨੂੰ ਖ਼ਬਰ ਭੇਜ ਸਕੋ। ਇਹ ਕਹਿੰਦੇ ਹੋਏ ਸਫੈਦ ਕਾਗ਼ਜ਼ ਅਫ਼ਸਰ ਵੱਲ ਵਧਾ ਦਿੱਤਾ, ਜਿਸਨੇ ਉਸਨੂੰ ਮੋਢਿਆਂ ਤੋਂ ਫੜਿਆ ਹੋਇਆ ਸੀ। ਆਪਣੇ ਬਿਆਨ ਵਿੱਚ ਹੋਰ ਵਾਧਾ ਕਰਦੇ ਹੋਏ ਉਹ ਬੋਲੀ:

"ਤੁਸੀਂ ਉਨ੍ਹਾਂ ਨੂੰ ਸਭ ਲਿਖ ਭੇਜੋ ਕਿ ਕੀ ਹੋਇਆ। ਉਨ੍ਹਾਂ ਦੇ ਮਾਪਿਆਂ ਨੂੰ ਦੱਸੋ ਕਿ ਇਹ ਸਭ, ਵਿਕਟੋਰੀਆ ਸਿਮਨ, ਵਹਿਸ਼ੀ ਨੇ ਕੀਤਾ। ਭੁੱਲਣਾ ਮਤ।

ਅਫ਼ਸਰ ਨੇ ਚੀਖ਼ ਕੇ ਜਰਮਨ ਭਾਸ਼ਾ ਵਿੱਚ ਕੁੱਝ ਹੁਕਮ ਦਿੱਤਾ। ਵਹਿਸ਼ੀ ਮਾਂ ਨੂੰ ਫੜ ਲਿਆ ਗਿਆ। ਅਤੇ ਇਸ ਮਕਾਨ ਦੀ ਦੀਵਾਰ ਦੇ ਨਾਲ ਜੋ ਅਜੇ ਤੱਕ ਗਰਮ ਸੀ ਖੜਾ ਕਰ ਦਿੱਤਾ ਗਿਆ। ਫਿਰ ਬਾਰਾਂ ਆਦਮੀ ਜਲਦੀ ਨਾਲ ਉਸ ਦੇ ਸਾਹਮਣੇ ਵੀਹ ਗਜ਼ ਦੇ ਫ਼ਾਸਲੇ ਉੱਤੇ ਖੜੇ ਹੋ ਗਏ। ਉਹ ਸਮਝ ਚੁੱਕੀ ਸੀ। ਉਹ ਉੱਕਾ ਹਿਲੀ ਨਹੀਂ, ਖੜੀ ਉਡੀਕਦੀ ਰਹੀ। ਹੁਕਮ ਦਿੱਤਾ ਗਿਆ, ਜਿਸਦੀ ਤਾਮੀਲ ਫ਼ੌਰਨ ਗੋਲੀਆਂ ਦੀ ਬੋਛਾੜ ਨਾਲ ਹੋਈ। ਇੱਕ ਦੇ ਬਾਅਦ ਦੂਜਾ ਫਾਇਰ ਹੁੰਦਾ ਰਿਹਾ। ਬੁੱਢੀ ਔਰਤ ਡਿੱਗੀ ਨਹੀਂ ਸਗੋਂ ਇਸ ਤਰ੍ਹਾਂ ਢੇਰ ਹੋਈ ਜਿਵੇਂ ਉਸ ਦੀਆਂ ਲੱਤਾਂ ਕੱਟ ਦਿੱਤੀਆਂ ਗਈਆਂ ਹੋਣ। ਜਰਮਨ ਅਫ਼ਸਰ ਉਸ ਦੇ ਕੋਲ ਆਇਆ। ਉਹ ਦੋ ਹਿੱਸਿਆਂ ਵਿੱਚ ਤਕਸੀਮ ਹੋ ਚੁੱਕੀ ਸੀ ਅਤੇ ਉਸ ਦੇ ਹੱਥ ਵਿੱਚ ਫੜਿਆ ਖ਼ਤ ਖ਼ੂਨ ਨਾਲ ਭਿੱਜ ਚੁੱਕਿਆ ਸੀ।

ਮੇਰੇ ਦੋਸਤ ਸਰੋਲ ਨੇ ਹੋਰ ਦੱਸਿਆ: "ਜਰਮਨਾਂ ਨੇ ਬਦਲੇ ਦੀ ਕਾਰਵਾਈ ਵਜੋਂ ਸਥਾਨਿਕ ਹਵੇਲੀ ਜੋ ਮੇਰੀ ਮਲਕੀਅਤ ਸੀ ਤਬਾਹ ਕਰ ਦਿੱਤੀ।"

ਮੈਂ ਆਪਣੇ ਤੌਰ `ਤੇ ਉਨ੍ਹਾਂ ਜਲ ਜਾਣ ਵਾਲੇ ਚਾਰਾਂ ਜਵਾਨਾਂ ਦੀਆਂ ਮਾਵਾਂ ਅਤੇ ਉਸ ਦੂਜੀ ਮਾਂ ਦੇ ਖੌਫਨਾਕ ਹੀਰੋਇਜ਼ਮ ਦੇ ਬਾਰੇ ਸੋਚ ਰਿਹਾ ਸੀ, ਜਿਸਨੂੰ ਦੀਵਾਰ ਦੇ ਨਾਲ ਖੜਾ ਕੇ ਗੋਲੀਆਂ ਮਾਰੀਆਂ ਗਈਆਂ। ਤੱਦ ਮੈਂ ਉੱਥੋਂ ਇੱਕ ਛੋਟਾ ਜਿਹਾ ਪੱਥਰ ਚੁੱਕਿਆ ਜੋ ਕਿ ਅੱਗ ਵਿੱਚ ਜਲ ਜਾਣ ਕਰਕੇ ਅਜੇ ਤੱਕ ਕਾਲ਼ਾ ਸੀ।

  • ਫ਼ਰਾਂਸ ਅਤੇ ਪਰੂਸ਼ੀਆ (ਜਰਮਨ) ਦੇ ਦਰਮਿਆਨ ਜੰਗ, ਜੋ 19 ਜੁਲਾਈ 1870 ਤੋਂ 28 ਜਨਵਰੀ 1871 ਤੱਕ ਲੜੀ ਗਈ ਸੀ।