ਸਮੱਗਰੀ 'ਤੇ ਜਾਓ

ਅਨੁਵਾਦ:ਪਤੀ-ਪਤਨੀ

ਵਿਕੀਸਰੋਤ ਤੋਂ
44292ਪਤੀ-ਪਤਨੀਚਰਨ ਗਿੱਲਫ਼ਰਾਂਜ਼ ਕਾਫ਼ਕਾ

ਵਪਾਰ ਬੜੀ ਬੁਰੀ ਚੀਜ਼ ਹੈ। ਮੈਨੂੰ ਹੀ ਲਓ। ਦਫਤਰ ਦੇ ਕੰਮ ਤੋਂ ਜਦੋਂ ਥੋੜ੍ਹੀ ਦੇਰ ਲਈ ਵੀ ਮੈਨੂੰ ਸਮਾਂ ਮਿਲਦਾ ਹੈ ਤਾਂ ਮੈਂ ਆਪਣੇ ਨਮੂਨਿਆਂ ਦੀ ਸੰਦੂਕੜੀ ਚੁੱਕ ਕੇ ਆਪਣੇ ਗਾਹਕਾਂ ਨੂੰ ਮਿਲਣ ਚੱਲ ਪੈਂਦਾ ਹਾਂ। ਬਹੁਤ ਦਿਨਾਂ ਤੋਂ ਮੇਰੀ ਇੱਛਾ ਨ. ਦੇ ਕੋਲ ਜਾਣ ਦੀ ਸੀ।

ਕਦੇ ਨ. ਦੇ ਨਾਲ ਮੇਰਾ ਕਾਫ਼ੀ ਅੱਛਾ ਕਾਰ-ਵਿਹਾਰ ਚੱਲ ਰਿਹਾ ਸੀ, ਪਰ ਪਿਛਲੇ ਕੁੱਝ ਸਾਲਾਂ ਤੋਂ ਇਹ ਠੱਪ ਹੋ ਗਿਆ ਸੀ। ਕਿਉਂ? ਇਹ ਤਾਂ ਮੈਨੂੰ ਵੀ ਨਹੀਂ ਪਤਾ। ਅਜਿਹੀ ਗੱਲ ਤਾਂ ਕਦੇ ਬਿਨਾਂ ਕਿਸੇ ਹਕੀਕੀ ਕਾਰਨ ਦੇ ਵੀ ਘੱਟ ਸਕਦੀ ਹੈ। ਅੱਜਕੱਲ੍ਹ ਸਮਾਂ ਹੀ ਅਜਿਹਾ ਹੈ ਕਿ ਕਿਸੇ ਦਾ ਇੱਕੋ ਇੱਕ ਸ਼ਬਦ ਵੀ ਸਾਰੇ ਮਾਮਲੇ ਨੂੰ ਉਲਟ-ਪੁਲਟ ਸਕਦਾ ਹੈ ਜਦੋਂ ਕਿ ਇੱਕ ਹੀ ਸ਼ਬਦ ਸਭ ਕੁੱਝ ਠੀਕ-ਠਾਕ ਵੀ ਕਰ ਸਕਦਾ ਹੈ। ਦਰਅਸਲ ਨ. ਦੇ ਨਾਲ ਕਾਰ-ਵਿਹਾਰ ਬਹੁਤ ਨਾਜ਼ੁਕ ਮਾਮਲਾ ਹੈ। ਉਹ ਇੱਕ ਬੁੱਢਾ ਆਦਮੀ ਹੈ ਅਤੇ ਬੁਢੇਪੇ ਦੇ ਕਾਰਨ ਕਾਫ਼ੀ ਕਮਜ਼ੋਰ ਵੀ ਹੋ ਗਿਆ ਹੈ, ਫਿਰ ਵੀ ਉਹ ਆਪਣੇ ਕਾਰੋਬਾਰੀ ਮਾਮਲਿਆਂ ਨੂੰ ਆਪਣੇ ਹੀ ਹੱਥ ਵਿੱਚ ਰੱਖਣਾ ਪਸੰਦ ਕਰਦਾ ਹੈ। ਆਪਣੇ ਦਫ਼ਤਰ ਵਿੱਚ ਤਾਂ ਉਹ ਤੁਹਾਨੂੰ ਸ਼ਾਇਦ ਹੀ ਕਦੇ ਮਿਲੇ ਅਤੇ ਉਸ ਨੂੰ ਮਿਲਣ ਲਈ ਉਸਦੇ ਘਰ ਜਾਣ ਦੀ ਖੇਚਲ ਤੋਂ ਕੋਈ ਵੀ ਭਲਾ ਆਦਮੀ ਟਲਣਾ ਹੀ ਚਾਹੇਗਾ।

ਫਿਰ ਵੀ ਕੱਲ ਸ਼ਾਮ ਛੇ ਵਜੇ ਮੈਂ ਉਸਦੇ ਘਰ ਲਈ ਚੱਲ ਹੀ ਪਿਆ। ਇਹ ਕਿਸੇ ਨੂੰ ਮਿਲਣ ਲਈ ਜਾਣ ਦਾ ਸਮਾਂ ਤਾਂ ਨਹੀਂ ਸੀ ਪਰ ਮੇਰਾ ਉੱਥੇ ਜਾਣਾ ਕਾਰੋਬਾਰੀ ਮਾਮਲਾ ਸੀ, ਕੋਈ ਸਮਾਜਕ ਸਦਭਾਵਨਾ ਨਹੀਂ। ਖ਼ੁਸ਼ਕਿਸਮਤੀ ਨਾਲ ਨ. ਘਰ ਹੀ ਸੀ। ਹੁਣੇ ਉਹ ਆਪਣੀ ਪਤਨੀ ਦੇ ਨਾਲ ਸੈਰ ਕਰਕੇ ਪਰਤਿਆ ਸੀ। ਨੌਕਰ ਨੇ ਦੱਸਿਆ ਕਿ ਸਾਹਿਬ ਇਸ ਸਮੇਂ ਆਪਣੇ ਬੇਟੇ ਦੇ ਸੌਣ ਦੇ ਕਮਰੇ ਵਿੱਚ ਹਨ। ਪੁੱਤਰ ਬੀਮਾਰ ਸੀ। ਨੌਕਰ ਨੇ ਮੈਨੂੰ ਉਥੇ ਹੀ ਜਾਣ ਨੂੰ ਕਿਹਾ। ਪਹਿਲਾਂ ਤਾਂ ਮੈਂ ਥੋੜ੍ਹਾ ਝਿਜਕਿਆ। ਫਿਰ ਸੋਚਿਆ ਕਿ ਕਿਉਂ ਨਾ ਇਸ ਨਾਪਸੰਦ ਮੁਲਾਕਾਤ ਨੂੰ ਜਲਦੀ ਨਿਬੇੜ ਦਿੱਤਾ ਜਾਵੇ। ਇਸ ਲਈ ਮੈਂ ਉਸੇ ਹਾਲਤ ਵਿੱਚ, ਯਾਨੀ ਓਵਰਕੋਟ ਅਤੇ ਟੋਪੀ ਪਹਿਨੇ, ਹੱਥ ਵਿੱਚ ਨਮੂਨਿਆਂ ਦੀ ਸੰਦੂਕੜੀ ਲਈ ਇੱਕ ਹਨੇਰੇ ਕਮਰੇ ਨੂੰ ਪਾਰ ਕਰਕੇ ਇੱਕ ਨੀਮ ਹਨੇਰੇ ਕਮਰੇ ਵਿੱਚ ਦਾਖ਼ਲ ਹੋਇਆ, ਜਿੱਥੇ ਕੁਝ ਲੋਕ ਪਹਿਲਾਂ ਹੀ ਮੌਜੂਦ ਸਨ।

ਮੇਰੀ ਪਹਿਲੀ ਨਜ਼ਰ ਜਿਸ ਵਿਅਕਤੀ ਉੱਤੇ ਪਈ ਉਹ ਇੱਕ ਏਜੰਟ ਸੀ, ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ। ਇੱਕ ਤਰ੍ਹਾਂ ਨਾਲ ਉਹ ਮੇਰਾ ਕਾਰੋਬਾਰੀ ਵਿਰੋਧੀ ਸੀ। ਮੈਨੂੰ ਲੱਗਾ, ਉਸ ਨੇ ਮੇਰੇ ਤੋਂ ਪਹਿਲਾਂ ਹੀ ਬਾਜ਼ੀ ਮਾਰ ਲਈ ਹੈ। ਉਹ ਅਰਾਮ ਨਾਲ ਬੀਮਾਰ ਦੇ ਬਿਸਤਰ ਦੇ ਕੋਲ ਹੀ ਬੈਠਾ ਸੀ, ਜਿਵੇਂ ਉਹ ਕੋਈ ਡਾਕਟਰ ਹੋਵੇ। ਉਸ ਨੇ ਢੀਠਤਾਈ ਨਾਲ ਆਪਣੇ ਓਵਰਕੋਟ ਦੇ ਬਟਨ ਖੋਲ੍ਹੇ ਹੋਏ ਸੀ। ਬੀਮਾਰ ਆਦਮੀ ਵੀ ਸ਼ਾਇਦ ਆਪਣੇ ਵਿਚਾਰਾਂ ਵਿੱਚ ਖੋਇਆ ਖੋਇਆ ਲੱਗ ਰਿਹਾ ਸੀ। ਉਸਦੀਆਂ ਗੱਲ੍ਹਾਂ ਬੁਖਾਰ ਨਾਲ ਤਪ ਰਹੀਆਂ ਪ੍ਰਤੀਤ ਹੋ ਰਹੀਆਂ ਸਨ। ਉਹ ਕਦੇ ਕਦੇ ਆਪਣੇ ਮਹਿਮਾਨ ਦੇ ਵੱਲ ਵੀ ਦੇਖ ਲੈਂਦਾ ਸੀ। ਨ. ਦਾ ਪੁੱਤਰ ਛੋਟੀ ਉਮਰ ਦਾ ਨਹੀਂ ਸੀ। ਉਹ ਤਕਰੀਬਨ ਮੇਰੀ ਹੀ ਉਮਰ ਦਾ ਹੋਵੇਗਾ। ਉਸਦੀ ਛੋਟੀ-ਛੋਟੀ ਦਾੜੀ ਰੋਗ ਦੇ ਕਾਰਨ ਉਘੜ-ਦੁਘੜੀ ਸੀ।

ਬੁੱਢਾ ਨ. ਲੰਬਾ - ਤਕੜਾ ਆਦਮੀ ਸੀ। ਉਸਦੇ ਮੋਢੇ ਕਾਫ਼ੀ ਚੌੜੇ ਸਨ। ਪਰ ਇਹ ਵੇਖਕੇ ਮੈਨੂੰ ਹੈਰਾਨੀ ਹੋਈ ਕਿ ਉਹ ਹੁਣ ਪਤਲਾ ਹੋ ਗਿਆ ਸੀ। ਉਸਦੀ ਕਮਰ ਵੀ ਝੁਕ ਗਈ ਸੀ। ਉਹ ਕਮਜ਼ੋਰ ਹੋ ਗਿਆ ਸੀ। ਉਸਨੇ ਅਜੇ ਤੱਕ ਆਪਣਾ ਕੋਟ ਨਹੀਂ ਉਤਾਰਿਆ ਸੀ। ਉਹ ਆਪਣੇ ਬੇਟੇ ਦੇ ਕੰਨ ਵਿੱਚ ਕੁੱਝ ਕਹਿ ਰਿਹਾ ਸੀ। ਉਸਦੀ ਪਤਨੀ ਛੋਟੇ ਕੱਦ ਦੀ ਪਤਲੀ ਜਿਹੀ ਫੁਰਤੀਲੀ ਤੀਵੀਂ ਸੀ। ਕੱਦ ਵਿੱਚ ਕਾਫ਼ੀ ਫ਼ਰਕ ਹੋਣ ਦੇ ਬਾਵਜੂਦ ਉਹ ਆਪਣੇ ਪਤੀ ਦਾ ਕੋਟ ਉਤਾਰਨ ਵਿੱਚ ਉਸਦੀ ਮਦਦ ਕਰਨ ਲੱਗੀ। ਹਾਲਾਂਕਿ ਸ਼ੁਰੂ ਵਿੱਚ ਉਸਨੂੰ ਦਿੱਕਤ ਹੋ ਰਹੀ ਸੀ, ਪਰ ਆਖ਼ਰ ਉਹ ਸਫ਼ਲ ਹੋ ਗਈ। ਪਰ ਅਸਲ ਦਿੱਕਤ ਤਾਂ ਨ. ਦਾ ਕਾਹਲਾ ਪੈਣਾ ਸੀ। ਕੋਟ ਅਜੇ ਪੂਰਾ ਉਤਰਿਆ ਵੀ ਨਹੀਂ ਸੀ ਕਿ ਉਹ ਆਪਣੇ ਹੱਥਾਂ ਨਾਲ ਕੁਰਸੀ ਟਟੋਲਣ ਲੱਗ ਪਿਆ ਸੀ। ਉਸਦੀ ਪਤਨੀ ਨੇ ਕੋਟ ਉਤਾਰਦੇ ਹੀ ਕੁਰਸੀ ਜਲਦੀ ਨਾਲ ਉਸਦੇ ਕੋਲ ਖਿਸਕਾ ਦਿੱਤੀ ਅਤੇ ਖ਼ੁਦ ਉਸਦਾ ਕੋਟ ਲੈ ਕੇ ਰੱਖਣ ਚੱਲੀ ਗਈ। ਕੋਟ ਚੁੱਕੀੰ ਉਹ ਆਪ ਉਸਦੇ ਵਿੱਚ ਵਿੱਚ ਲੱਗਪੱਗ ਲੁਕ ਹੀ ਗਈ ਸੀ।

ਹੁਣ ਆਖ਼ਰ ਮੈਨੂੰ ਲੱਗਿਆ ਕਿ ਮੇਰਾ ਸਮਾਂ ਆ ਗਿਆ ਹੈ ਜਾਂ ਇਵੇਂ ਕਹੋ ਕਿ ਆਪਣੇ-ਆਪ ਤਾਂ ਸ਼ਾਇਦ ਇਹ ਕਦੇ ਆਉਣਾ ਨਹੀਂ। ਮੈਂ ਸੋਚਿਆ ਕਿ ਜੋ ਕੁੱਝ ਕਹਿਣਾ ਕਰਨਾ ਸੀ, ਮੈਨੂੰ ਜਲਦੀ ਹੀ ਨਿਬੇੜ ਲੈਣਾ ਚਾਹੀਦਾ ਸੀ। ਮੈਨੂੰ ਲੱਗ ਰਿਹਾ ਸੀ ਕਿ ਕਾਰੋਬਾਰੀ ਗੱਲਬਾਤ ਲਈ ਸਮਾਂ ਹੌਲੀ ਹੌਲੀ ਅਣਸੁਖਾਵਾਂ ਹੁੰਦਾ ਜਾ ਰਿਹਾ ਸੀ। ਉਸ ਏਜੰਟ ਦੇ ਲੱਛਣ ਤਾਂ ਮੈਨੂੰ ਅਜਿਹੇ ਵਿੱਖ ਰਹੇ ਸਨ ਜਿਵੇਂ ਉਹ ਉਥੇ ਹੀ ਡੱਟਿਆ ਰਹਿਣਾ ਚਾਹੁੰਦਾ ਹੋਵੇ। ਇਹ ਮੇਰੇ ਹਿੱਤ ਵਿੱਚ ਨਹੀਂ ਸੀ, ਹਾਲਾਂਕਿ ਮੈਂ ਉੱਥੇ ਉਸਦੀ ਮੌਜੂਦਗੀ ਨੂੰ ਜ਼ਰਾ ਵੀ ਅਹਿਮੀਅਤ ਨਹੀਂ ਦੇਣਾ ਚਾਹੁੰਦਾ ਸੀ। ਇਸ ਲਈ ਮੈਂ ਬਿਨਾਂ ਕਿਸੇ ਭੂਮਿਕਾ ਦੇ ਝਟਪਟ ਆਪਣੇ ਧੰਦੇ ਦੀ ਗੱਲ ਸ਼ੁਰੂ ਕਰ ਦਿੱਤੀ, ਬਾਵਜੂਦ ਇਸਦੇ ਕਿ ਇਸ ਸਮੇਂ ਨ. ਆਪਣੇ ਬੇਟੇ ਨਾਲ ਗੱਲ ਕਰਨਾ ਚਾਹ ਰਿਹਾ ਸੀ। ਬਦਕਿਸਮਤੀ ਨਾਲ ਇਹ ਮੇਰੀ ਆਦਤ ਹੋ ਗਈ ਸੀ ਕਿ ਜਦੋਂ ਮੈਂ ਆਪਣਾ ਮਨ ਪੂਰੀ ਤਰ੍ਹਾਂ ਬਣਾ ਲੈਂਦਾ - ਜੋ ਕਿ ਆਮ ਤੌਰ ਉੱਤੇ ਜਲਦੀ ਹੀ ਬਣ ਜਾਂਦਾ ਅਤੇ ਇਸ ਮਾਮਲੇ ਵਿੱਚ ਤਾਂ ਸਮਾਂ ਹੋਰ ਵੀ ਘੱਟ ਲੱਗਿਆ - ਤਾਂ ਮੈਂ ਗੱਲ ਕਰਦੇ ਕਰਦੇ ਖੜਾ ਹੋ ਜਾਂਦਾ ਅਤੇ ਟਹਿਲਣ ਲੱਗਦਾ ਸੀ।

ਖ਼ੁਦ ਆਪਣੇ ਦਫ਼ਤਰ ਵਿੱਚ ਤਾਂ ਇਹ ਹਰਕਤ ਬਹੁਤ ਹੀ ਸੁਭਾਵਕ ਹੋ ਸਕਦੀ ਹੈ, ਪਰ ਇੱਥੇ ਬਹੁਤ ਅਟਪਟਾ ਲੱਗ ਰਿਹਾ ਸੀ। ਫਿਰ ਵੀ ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ। ਇਸਦਾ ਇੱਕ ਕਾਰਨ ਹੋਰ ਵੀ ਸੀ। ਸਿਗਰਟ ਦੀ ਬਹੁਤ ਤਲਬ ਲੱਗ ਰਹੀ ਸੀ। ਠੀਕ ਹੈ, ਹਰ ਆਦਮੀ ਦੀਆਂ ਕੁੱਝ ਬੁਰੀਆਂ ਆਦਤਾਂ ਹੁੰਦੀਆਂ ਹੀ ਹਨ। ਦੂਜੇ ਪਾਸੇ, ਉਸ ਏਜੰਟ ਦੀ ਹਾਲਤ ਵੇਖ ਕੇ ਮੈਨੂੰ ਬਹੁਤ ਰਾਹਤ ਮਿਲ ਰਹੀ ਸੀ। ਉਹ ਬੇਚੈਨ ਲੱਗ ਰਿਹਾ ਸੀ। ਮਿਸਾਲ ਲਈ ਵਾਰ ਵਾਰ ਉਹ ਗੋਡਿਆਂ `ਤੇ ਰੱਖੀ ਆਪਣੀ ਟੋਪੀ ਉਠਾ ਕੇ ਝਟਕੇ ਨਾਲ ਆਪਣੇ ਸਿਰ ਉੱਤੇ ਰੱਖ ਲੈਂਦਾ ਅਤੇ ਫਿਰ ਉੱਥੇ ਉਸਨੂੰ ਛੇੜਦਾ ਰਹਿੰਦਾ। ਫਿਰ ਅਚਾਨਕ ਉਸਨੂੰ ਲੱਗਦਾ ਕਿ ਉਸਤੋਂ ਕੋਈ ਗਲਤੀ ਹੋ ਗਈ ਹੈ। ਤਾਂ ਉਹ ਟੋਪੀ ਨੂੰ ਸਿਰ ਤੋਂ ਉਤਾਰ ਕੇ ਵਾਪਸ ਆਪਣੇ ਗੋਡਿਆਂ ਉੱਤੇ ਰੱਖ ਲੈਂਦਾ। ਇੱਕ ਦੋ ਸੈਕਿੰਡ ਉਹ ਇਸ ਨੂੰ ਸਿਰ ਤੇ ਰੱਖਦਾ ਅਤੇ ਕੁਝ ਕੁ ਮਿੰਟਾਂ ਦੇ ਵਕਫ਼ੇ ਨਾਲ ਇਹ ਹਰਕਤਾਂ ਦੁਹਰਾਉਂਦਾ ਜਾ ਰਿਹਾ ਸੀ।

ਯਕੀਨਨ ਇਸ ਤਰ੍ਹਾਂ ਦੇ ਚਾਲ-ਚਲਣ ਨੂੰ ਮੁਆਫੀ-ਰਹਿਤ ਕਿਹਾ ਜਾਣਾ ਚਾਹੀਦਾ ਹੈ। ਮੈਨੂੰ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈ ਰਿਹਾ ਸੀ, ਕਿਉਂਕਿ ਮੈਂ ਤਾਂ ਟਹਿਲਦਾ ਹੋਇਆ ਆਪਣੇ ਪ੍ਰਸਤਾਵਾਂ ਵਿੱਚ ਪੂਰੀ ਤਰ੍ਹਾਂ ਖੋਇਆ ਹੋਇਆ ਸੀ ਅਤੇ ਉਸਨੂੰ ਅਣਡਿੱਠ ਕਰ ਰਿਹਾ ਸੀ, ਲੇਕਿਨ ਉਸਦੀਆਂ ਇਹ ਹਰਕਤਾਂ ਹੋਰ ਲੋਕਾਂ ਨੂੰ ਜ਼ਰੂਰ ਆਪੇ ਤੋਂ ਬਾਹਰ ਕਰ ਰਹੀਆਂ ਹੋਣਗੀਆਂ। ਦਰਅਸਲ ਮੈਂ ਜਦੋਂ ਆਪਣੀ ਤਿਆਰੀ ਵਿੱਚ ਪੂਰਾ ਤਾਕ ਹੋ ਜਾਂਦਾ ਹਾਂ ਤਾਂ ਅਜਿਹੀਆਂ ਹਰਕਤਾਂ ਦੀ ਹੀ ਕੀ, ਕਿਸੇ ਵੀ ਗੱਲ ਦੀ ਪਰਵਾਹ ਨਹੀਂ ਕਰਦਾ। ਇਹ ਸੱਚ ਹੈ, ਮੈਂ ਹੋ ਰਿਹਾ ਸਭ ਕੁਝ ਵੇਖ ਰਿਹਾ ਹੁੰਦਾ ਹਾਂ, ਪਰ ਇਸ ਨੂੰ ਉਦੋਂ ਤੱਕ ਸਵੀਕਾਰ ਨਹੀਂ ਕਰਦਾ, ਜਦੋਂ ਤਕ ਮੈਂ ਆਪਣੀ ਗੱਲ ਮੁਕਾ ਨਹੀਂ ਲੈਂਦਾ, ਜਾਂ ਜਦੋਂ ਤੱਕ ਕੋਈ ਇਤਰਾਜ਼ ਨਹੀਂ ਉਠ ਜਾਂਦਾ।

ਇਸ ਲਈ ਮੈਂ ਸਭ ਕੁੱਝ ਵੇਖ ਰਿਹਾ ਸੀ। ਮਸਲਨ ਨ. ਮੇਰੀ ਗੱਲ ਵੱਲ ਭੋਰਾ ਵੀ ਧਿਆਨ ਨਹੀਂ ਦੇ ਰਿਹਾ ਸੀ। ਕੁਰਸੀ ਦੀਆਂ ਬਾਹਾਂ ਨੂੰ ਫੜੀਂ ਉਹ ਬਿਨਾਂ ਮੇਰੇ ਵੱਲ ਵੇਖ ਬੇਚੈਨੀ ਨਾਲ ਤਿਲਮਿਲਾ ਰਿਹਾ ਸੇ। ਉਹ ਕਿਤੇ ਸੁੰਨ ਵਿੱਚ ਟਿਕਟਿਕੀ ਲਾ ਵੇਖ ਰਿਹਾ ਸੀ, ਜਿਵੇਂ ਕੁੱਝ ਲੱਭ ਰਿਹਾ ਹੋਵੇ। ਉਸਦੇ ਚਿਹਰੇ ਨੂੰ ਵੇਖਕੇ ਕੋਈ ਵੀ ਸਮਝ ਸਕਦਾ ਸੀ ਕਿ ਮੇਰੇ ਕਹੇ ਹੋਏ ਸ਼ਬਦਾਂ ਤੋਂ ਜਾਂ ਠੀਕ ਕਹੋ ਤਾਂ ਮੇਰੀ ਮੌਜੂਦਗੀ ਤੋਂ ਵੀ ਉਹ ਪੂਰੀ ਤਰ੍ਹਾਂ ਅਨਭਿੱਜ ਲੱਗ ਰਿਹਾ ਸੀ। ਉਸਦੀ ਅਤੇ ਉਸਦੇ ਬੇਟੇ ਦੀ ਹਾਲਤ ਮੇਰੇ ਲਈ ਸ਼ੁਭ ਲੱਛਣ ਨਹੀਂ ਸਨ, ਫਿਰ ਵੀ ਮੈਂ ਹਾਲਤ ਨੂੰ ਕਾਬੂ ਵਿੱਚ ਰੱਖ ਕੇ ਆਪਣੀ ਗੱਲ ਕਰਨੀ ਜਾਰੀ ਰੱਖੀ, ਜਿਵੇਂ ਮੈਨੂੰ ਵਿਸ਼ਵਾਸ ਹੋਵੇ ਕਿ ਆਪਣੀ ਗੱਲ ਕਹਿ ਕੇ ਮੈਂ ਸਾਰਾ ਮਾਮਲਾ ਫਿਰ ਠੀਕ ਕਰ ਲਵਾਂਗਾ। ਮੈਂ ਨ. ਦੇ ਸਾਹਮਣੇ ਇੱਕ ਲਾਭਕਾਰੀ ਪ੍ਰਸਤਾਵ ਰੱਖਿਆ, ਹਾਲਾਂਕਿ ਬਿਨਾਂ ਮੰਗੇ ਹੀ ਜਿਸ ਤਰ੍ਹਾਂ ਦੀਆਂ ਰਿਆਇਤਾਂ ਦੇਣ ਦੀ ਗੱਲ ਮੈਂ ਕਹਿ ਦਿੱਤੀ ਸੀ, ਉਸਨੇ ਖ਼ੁਦ ਮੈਨੂੰ ਹੀ ਚੌਂਕਾ ਦਿੱਤਾ। ਇਸ ਗੱਲ ਤੋਂ ਮੈਨੂੰ ਬਹੁਤ ਸੰਤੋਸ਼ ਮਿਲਿਆ ਕਿ ਮੇਰੇ ਪ੍ਰਸਤਾਵ ਨੇ ਉਸ ਏਜੰਟ ਨੂੰ ਚੱਕਰ ਵਿੱਚ ਪਾ ਦਿੱਤਾ ਸੀ। ਉਸ `ਤੇ ਇੱਕ ਸਰਸਰੀ ਨਜ਼ਰ ਸੁੱਟਦੇ ਹੋਏ ਮੈਂ ਵੇਖਿਆ ਕਿ ਹੁਣ ਉਸ ਨੇ ਆਪਣੀ ਟੋਪੀ ਨੂੰ ਇੱਕ ਥਾਂ ਰੱਖ ਛੱਡਿਆ ਸੀ ਅਤੇ ਆਪਣੀਆਂ ਦੋਨੋਂ ਬਾਹਾਂ ਨਾਲ ਆਪਣੀ ਛਾਤੀ ਉੱਤੇ ਮੁਕਟੀ ਮਾਰ ਲਈ ਸੀ। ਮੈਨੂੰ ਇਹ ਸਵੀਕਾਰ ਕਰਨ ਵਿੱਚ ਹਿਚਕ ਹੋ ਰਹੀ ਹੈ ਕਿ ਮੇਰੇ ਇਸ ਤਰ੍ਹਾਂ ਕਰਨ ਦਾ ਉਦੇਸ਼ ਉਸਨੂੰ ਧੱਕਾ ਪਹੁੰਚਾਉਣਾ ਵੀ ਸੀ। ਆਪਣੀ ਇਸ ਜਿੱਤ ਦੇ ਉਤਸ਼ਾਹ ਵਿੱਚ ਮੈਂ ਕਾਫ਼ੀ ਦੇਰ ਤੱਕ ਆਪਣੀ ਗੱਲ ਕਹਿੰਦਾ ਰਿਹਾ, ਪਰ ਉਦੋਂ ਉਸਦੇ ਬੇਟੇ ਨੇ, ਜਿਸ ਨੂੰ ਮੈਂ ਆਪਣੀ ਇਸ ਯੋਜਨਾ ਵਿੱਚ ਦੁਜੈਲੀ ਚੀਜ਼ ਸਮਝ ਬੈਠਾ ਸੀ, ਬਿਸਤਰ ਤੋਂ ਉਠਦੇ ਹੋਏ ਕੰਬਦੇ ਹੱਥਾਂ ਨਾਲ ਮੁੱਕਾ ਤਾਣ ਕੇ ਮੈਨੂੰ ਚੁੱਪ ਕਰਾ ਦਿੱਤਾ। ਸਪਸ਼ਟ ਸੀ ਕਿ ਉਹ ਕੁੱਝ ਕਹਿਣਾ ਚਾਹੁੰਦਾ ਸੀ ਜਾਂ ਕਿਸੇ ਗੱਲ ਵੱਲ ਸੰਕੇਤ ਕਰਨਾ ਚਾਹੁੰਦਾ ਸੀ, ਪਰ ਉਸ ਵਿੱਚ ਇਸਦੀ ਤਾਕਤ ਨਹੀਂ ਸੀ। ਪਹਿਲਾਂ ਤਾਂ ਮੈਨੂੰ ਲੱਗਿਆ ਜਿਵੇਂ ਉਸਦਾ ਦਿਮਾਗ਼ ਚੱਲ ਗਿਆ ਹੋਵੇ, ਪਰ ਜਦੋਂ ਮੈਂ ਬੁਢੇ ਨ. `ਤੇ ਇੱਕ ਬੇਅਖ਼ਤਿਆਰ ਨਜ਼ਰ ਸੁੱਟੀ ਤਾਂ ਸਾਰੀ ਗੱਲ ਮੇਰੀ ਸਮਝ ਵਿੱਚ ਆ ਗਈ।

ਨ. ਦੀਆਂ ਖੁੱਲ੍ਹੀਆਂ ਹੋਈਆਂ ਅੱਖਾਂ ਭਾਵਹੀਣ ਅਤੇ ਸੁੱਜੀਆਂ ਹੋਈਆਂ ਸਨ। ਲੱਗ ਰਿਹਾ ਸੀ ਜਿਵੇਂ ਉਸਨੂੰ ਬਹੁਤ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ। ਉਹ ਕੰਬ ਰਿਹਾ ਸੀ ਅਤੇ ਉਸਦਾ ਸਰੀਰ ਅੱਗੇ ਵੱਲ ਝੁੱਕਦਾ ਜਾ ਰਿਹਾ ਸੀ, ਜਿਵੇਂ ਕੋਈ ਉਸ ਨੂੰ ਦੱਬ ਰਿਹਾ ਹੋਵੇ ਜਾਂ ਉਸਦੇ ਮੋਢਿਆਂ ਨੂੰ ਠੋਕ ਰਿਹਾ ਹੋਵੇ। ਉਸਦਾ ਹੇਠਲਾ ਬੁੱਲ੍ਹ ਜਾਂ ਇਵੇਂ ਕਹੋ ਕਿ ਹੇਠਲਾ ਜਬਾੜਾ ਲਟਕ ਗਿਆ ਸੀ ਅਤੇ ਉਸ ਦੇ ਨੰਗੇ ਬੁੱਟਾਂ ਤੇ ਝੱਗ ਜਿਹੀ ਨਜਰ ਆ ਰਹੀ ਸੀ। ਉਹ ਬੜੀ ਮੁਸ਼ਕਲ ਨਾਲ ਸਾਹ ਲੈ ਰਿਹਾ ਸੀ। ਫਿਰ ਅਚਾਨਕ ਜਿਵੇਂ ਉਸਨੂੰ ਸਾਰੇ ਕਸ਼ਟਾਂ ਤੋਂ ਮੁਕਤੀ ਮਿਲ ਗਈ ਹੋਵੇ, ਉਸਨੇ ਕੁਰਸੀ `ਤੇ ਪਿੱਠ ਟਿਕਾ ਕੇ ਅੱਖਾਂ ਬੰਦ ਕਰ ਲਈਆਂ। ਦਰਦ ਦੀ ਇੱਕ ਗਹਿਰੀ ਤਰੰਗ ਉਸਦੇ ਚਿਹਰੇ ਤੋਂ ਲੰਘ ਗਈ ਅਤੇ ਸਭ ਕੁੱਝ ਖ਼ਤਮ ਹੋ ਗਿਆ।

ਮੈਂ ਝਟਕੇ ਨਾਲ ਉਸ ਵੱਲ ਹੋਇਆ ਅਤੇ ਉਸਦੀ ਬੇਜਾਨ ਕਲਾਈ ਫੜ ਲਈ। ਉਹ ਇੰਨਾ ਠੰਡਾ ਸੀ ਕਿ ਇੱਕ ਵਾਰ ਤਾਂ ਠੰਡ ਦੀ ਇੱਕ ਲਹਿਰ ਮੇਰੇ ਪੂਰੇ ਸਰੀਰ ਵਿੱਚ ਦੌੜ ਗਈ। ਨਬਜ਼ ਰੁਕ ਗਈ ਸੀ ਯਾਨੀ ਸਭ ਖ਼ਤਮ ਹੋ ਗਿਆ ਸੀ। ਕੁੱਝ ਵੀ ਹੋਵੇ, ਉਹ ਬਹੁਤ ਬੁੱਢਾ ਹੋ ਗਿਆ ਸੀ। ਕਾਸ਼ ਸਾਨੂੰ ਸਾਰਿਆਂ ਨੂੰ ਵੀ ਅਜਿਹੀ ਮੌਤ ਨਸੀਬ ਹੁੰਦੀ। ਪਰ ਹੁਣ ਮੈਂ ਕੀ ਕਰਾਂ? ਮੈਂ ਮਦਦ ਲਈ ਆਸਪਾਸ ਵੇਖਿਆ। ਉਸਦੇ ਬੇਟੇ ਨੇ ਚਾਦਰ ਸਿਰ ਤੱਕ ਓੜ ਲਈ ਸੀ ਅਤੇ ਉਸਦੀਆਂ ਸਿਸਕੀਆਂ ਦੀ ਅਵਾਜ਼ ਮੈਂ ਸਾਫ਼ ਸੁਣ ਰਿਹਾ ਸੀ। ਉਹ ਏਜੰਟ ਤਾਂ ਕਿਸੇ ਮੱਛੀ ਦੀ ਤਰ੍ਹਾਂ ਠੰਡਾ ਲੱਗ ਰਿਹਾ ਸੀ। ਉਹ ਨ. ਤੋਂ ਦੋ ਕਦਮ ਦੂਰ ਆਪਣੀ ਕੁਰਸੀ ਉੱਤੇ ਅਹਿੱਲ ਬੈਠਾ ਸੀ ਅਤੇ ਲੱਗ ਰਿਹਾ ਸੀ ਕਿ ਉਹ ਕੁੱਝ ਨਹੀਂ ਕਰ ਸਕੇਗਾ। ਇਸ ਲਈ ਮੈਂ ਹੀ ਉਹ ਇੱਕਮਾਤਰ ਵਿਅਕਤੀ ਸੀ, ਜੋ ਕੁੱਝ ਕਰ ਸਕਦਾ ਸੀ। ਬਹੁਤ ਔਖਾ ਕੰਮ ਸੀ ਉਸਦੀ ਪਤਨੀ ਨੂੰ ਉਸਦੀ ਮੌਤ ਦੀ ਖ਼ਬਰ ਦੇਣਾ, ਅਤੇ ਉਹ ਵੀ ਇਸ ਤਰ੍ਹਾਂ ਕਿ ਉਹ ਉਸਨੂੰ ਸਹਿਣ ਕਰ ਸਕੇ। ਨਾਲ ਵਾਲੇ ਕਮਰੇ ਵਿੱਚੋਂ ਮੈਨੂੰ ਉਸਦੇ ਪੈਰਾਂ ਦਾ ਖੜਾਕ ਸੁਣਾਈ ਦੇਣ ਲੱਗਾ ਸੀ।

ਉਹ ਅਜੇ ਤੱਕ ਬਾਹਰ ਵਾਲੇ ਕੱਪੜਿਆਂ ਵਿੱਚ ਹੀ ਸੀ। ਉਨ੍ਹਾਂ ਨੂੰ ਬਦਲਣ ਦਾ ਉਸਨੂੰ ਅਜੇ ਤੱਕ ਸਮਾਂ ਹੀ ਨਹੀਂ ਮਿਲਿਆ ਸੀ। ਉਹ ਆਪਣੇ ਪਤੀ ਨੂੰ ਪੁਆਉਣ ਲਈ ਅੱਗ ਦੇ ਸਾਹਮਣੇ ਗਰਮ ਕਰਕੇ ਘਰ ਦੇ ਕੱਪੜੇ ਲਿਆਈ ਸੀ। ਸਾਨੂੰ ਅਹਿੱਲ ਬੈਠੇ ਵੇਖ ਉਸਨੇ ਮੁਸਕਰਾਉਂਦੇ ਅਤੇ ਆਪਣੀ ਗਰਦਨ ਹਿਲਾਉਂਦੇ ਹੋਏ ਕਿਹਾ, "ਉਹ ਸੌਂ ਗਏ ਹਨ।" ਆਪਣੇ ਅਮਿਣਵੇਂ ਮਾਸੂਮ ਵਿਸ਼ਵਾਸ ਦੇ ਨਾਲ ਉਸਨੇ ਆਪਣੇ ਪਤੀ ਦੀ ਉਹੀ ਕਲਾਈ ਫੜੀ ਜੋ ਕੁੱਝ ਦੇਰ ਪਹਿਲਾਂ ਮੈਂ ਫੜੀ ਸੀ ਅਤੇ ਵੱਡੇ ਖੁਸ਼ ਮਨ ਨਾਲ ਉਸ `ਤੇ ਇੱਕ ਚੁੰਮਣ ਚਿਪਕਾ ਦਿੱਤਾ। ਅਸੀਂ ਤਿੰਨੋਂ ਹੈਰਾਨੀ ਨਾਲ ਵੇਖਦੇ ਹੀ ਰਹਿ ਗਏ ਕਿ ਨ. ਹਿੱਲਿਆ ਅਤੇ ਉਸਨੇ ਉਬਾਸੀ ਲਈ। ਪਤਨੀ ਨੇ ਉਸਨੂੰ ਘਰ ਦੀ ਕਮੀਜ਼ ਪਹਿਨਾਈ ਅਤੇ ਇੰਨੀ ਲੰਬੀ ਸੈਰ ਲਈ, ਜਿਸ ਨੇ ਉਸਨੂੰ ਥਕਾ ਦਿੱਤਾ ਸੀ, ਉਲਾਂਭਾ ਦੇਣ ਲੱਗੀ। ਉਹ ਉਸ ਉਲ੍ਹਾਮੇ ਨੂੰ ਖਿਝ ਅਤੇ ਵਿਅੰਗ ਦੇ ਭਾਵ ਨਾਲ ਸੁਣਦਾ ਰਿਹਾ ਅਤੇ ਜਵਾਬ ਵਿੱਚ ਉਸਨੇ ਕਿਹਾ ਕਿ ਉਹ ਉਕਤਾਉਣ ਲਗਾ ਸੀ ਅਤੇ ਇਸੇ ਵਜ੍ਹਾ ਨਾਲ ਉਸਨੂੰ ਨੀਂਦ ਆ ਗਈ ਸੀ। ਅਤੇ ਫਿਰ ਕੁੱਝ ਦੇਰ ਆਰਾਮ ਕਰਨ ਲਈ ਉਸਨੂੰ ਬੀਮਾਰ ਦੇ ਬਿਸਤਰੇ ਉੱਤੇ ਹੀ ਲਿਟਾ ਦਿੱਤਾ ਗਿਆ। ਸਿਰ ਦੇ ਹੇਠਾਂ ਰੱਖਣ ਲਈ ਉਸਦੀ ਪਤਨੀ ਜਲਦੀ ਨਾਲ ਦੋ ਤਕੀਏ ਲੈ ਆਈ ਅਤੇ ਬੀਮਾਰ ਦੀ ਪੈਂਦ ਦੇ ਵੱਲ ਰੱਖ ਦਿੱਤੇ। ਆਪਣੇ ਕਮਰੇ ਵਿੱਚ ਉਸਨੂੰ ਇਸ ਲਈ ਜਾਣ ਨਹੀਂ ਦਿੱਤਾ ਗਿਆ, ਕਿਉਂਕਿ ਉੱਥੇ ਜਾਣ ਲਈ ਇੱਕ ਖਾਲੀ ਕਮਰੇ ਵਿੱਚ ਦੀ ਲੰਘਣਾ ਪੈਂਦਾ ਸੀ ਅਤੇ ਉਸ ਵਿੱਚ ਉਸਨੂੰ ਠੰਡ ਲੱਗ ਸਕਦੀ ਸੀ। ਜੋ ਕੁੱਝ ਪਹਿਲਾਂ ਹੋਇਆ ਸੀ, ਹੁਣ ਉਸ ਵਿੱਚ ਮੈਨੂੰ ਕੋਈ ਵਿਚਿੱਤਰਤਾ ਨਹੀਂ ਲੱਗ ਰਹੀ ਸੀ। ਫਿਰ ਨ. ਨੇ ਸ਼ਾਮ ਦਾ ਅਖ਼ਬਾਰ ਮੰਗਿਆ ਅਤੇ ਬਿਨਾਂ ਆਪਣੇ ਮਹਿਮਾਨਾਂ ਦੇ ਵੱਲ ਜ਼ਰਾ ਵੀ ਧਿਆਨ ਦਿੱਤੇ ਅਖ਼ਬਾਰ ਖੋਲ੍ਹ ਲਿਆ। ਉਹ ਧਿਆਨ ਨਾਲ ਅਖ਼ਬਾਰ ਨਹੀਂ ਪੜ੍ਹ ਰਿਹਾ ਸੀ। ਇਵੇਂ ਹੀ ਸਰਸਰੀ ਤੌਰ ਉੱਤੇ ਏਧਰ - ਉੱਧਰ ਨਜ਼ਰ ਮਾਰ ਰਿਹਾ ਸੀ। ਉਸਨੇ ਸਾਡੇ ਪ੍ਰਸਤਾਵਾਂ ਉੱਤੇ ਕੁੱਝ ਨਾਪਸੰਦ ਟਿੱਪਣੀਆਂ ਵੀ ਕੀਤੀਆਂ। ਦਰਅਸਲ ਉਸਨੇ ਆਪਣੇ ਹੱਥ ਨੂੰ ਬੜੀ ਹਿਕਾਰਤ ਨਾਲ ਹਿਲਾਉਂਦੇ ਹੋਏ ਜਿਸ ਤਰ੍ਹਾਂ ਦੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ ਉਸ ਵਿੱਚ ਇਸ ਗੱਲ ਵੱਲ ਸਪੱਸ਼ਟ ਸੰਕੇਤ ਸੀ ਕਿ ਕੰਮ-ਕਾਜ ਕਰਨ ਦੇ ਸਾਡੇ ਤਰੀਕਿਆਂ ਨੇ ਉਸਦੇ ਮੂੰਹ ਦਾ ਸਵਾਦ ਖ਼ਰਾਬ ਕਰ ਦਿੱਤਾ ਹੈ। ਇਹ ਸਭ ਸੁਣ ਕੇ ਉਸ ਏਜੰਟ ਨੇ ਵੀ ਇੱਕ - ਦੋ ਨਾਪਸੰਦ ਟਿੱਪਣੀਆਂ ਕਰ ਹੀ ਦਿੱਤੀਆਂ। ਬੇਸ਼ੱਕ, ਜੋ ਕੁੱਝ ਹੋਇਆ ਸੀ, ਉਸਦੀ ਤੋੜ ਦਾ ਇਹ ਸਭ ਤੋਂ ਘੱਟੀਆ ਤਰੀਕਾ ਸੀ। ਜਲਦੀ ਹੀ ਮੈਂ ਉਨ੍ਹਾਂ ਕੋਲੋਂ ਵਿਦਾ ਲੈ ਲਈ। ਮੈਂ ਉਸ ਏਜੰਟ ਦਾ ਅਹਿਸਾਨਮੰਦ ਸੀ, ਕਿਉਂਕਿ ਜੇਕਰ ਉਹ ਨਾ ਹੁੰਦਾ ਤਾਂ ਮੈਨੂੰ ਉੱਥੋਂ ਖਿਸਕਣ ਦਾ ਏਨਾ ਅੱਛਾ ਮੌਕਾ ਨਾ ਮਿਲ ਸਕਦਾ। ਬਾਹਰ ਨਿਕਲਦੇ ਹੋਏ ਬਰਾਂਡੇ ਵਿੱਚ ਮੈਨੂੰ ਸ਼੍ਰੀਮਤੀ ਨ. ਮਿਲ ਗਈ। ਉਸ ਦੀ ਕਰੁਣਾ ਮੂਰਤੀ ਨੂੰ ਵੇਖਕੇ ਮੈਂ ਮਨ ਵਿੱਚ ਕਿਹਾ ਕਿ ਉਸ ਨੂੰ ਵੇਖਕੇ ਮੈਨੂੰ ਆਪਣੀ ਮਾਂ ਦੀ ਯਾਦ ਆ ਗਈ। ਉਸ ਨੂੰ ਚੁੱਪ ਵੇਖ ਕੇ ਮੈਂ ਅੱਗੇ ਕਿਹਾ, "ਲੋਕ ਜੋ ਵੀ ਕਹਿਣ, ਉਹ ਚਮਤਕਾਰ ਕਰ ਸਕਦੀ ਸੀ। ਜਿਨ੍ਹਾਂ ਚੀਜਾਂ ਨੂੰ ਅਸੀਂ ਭੰਨ-ਤੋੜ ਦਿੰਦੇ, ਉਹ ਉਨ੍ਹਾਂ ਨੂੰ ਫਿਰ ਤੋਂ ਠੀਕ ਕਰ ਦਿੰਦੀ। ਜਦੋਂ ਅਜੇ ਮੈਂ ਬੱਚਾ ਹੀ ਸੀ, ਉਸ ਦੀ ਮੌਤ ਹੋ ਗਈ ਸੀ।" ਮੈਂ ਇਹ ਗੱਲ ਬਹੁਤ ਹੌਲੀ ਅਤੇ ਸਪਸ਼ਟ ਢੰਗ ਨਾਲ ਕਹੀ। ਮੇਰਾ ਖ਼ਿਆਲ ਸੀ ਕਿ ਉਸ ਬੁੱਢੀ ਤੀਵੀਂ ਨੂੰ ਜ਼ਰਾ ਉੱਚਾ ਸੁਣਦਾ ਸੀ, ਪਰ ਉਹ ਤਾਂ ਉੱਕਾ ਹੀ ਨਹੀਂ ਸੁਣ ਸਕਦੀ ਸੀ, ਕਿਉਂਕਿ ਮੇਰੀ ਗੱਲ ਨੂੰ ਬਿਨਾਂ ਸਮਝੇ ਉਸਨੇ ਪੁੱਛਿਆ ਸੀ, "ਮੇਰੇ ਪਤੀ ਤੁਹਾਡੇ ਪ੍ਰਸਤਾਵ ਬਾਰੇ ਕੀ ਕਹਿ ਰਹੇ ਹਨ?" ਵਿਦਾਈ ਦੇ ਦੋ ਚਾਰ ਸ਼ਬਦਾਂ ਦੇ ਵਿੱਚ ਮੈਨੂੰ ਇਹ ਵੀ ਲੱਗਾ ਕਿ ਉਹ ਮੈਨੂੰ ਏਜੰਟ ਸਮਝ ਰਹੀ ਹੈ, ਨਹੀਂ ਤਾਂ ਉਹ ਜ਼ਿਆਦਾ ਅਪਣੱਤ ਨਾਲ ਗੱਲ ਕਰਦੀ।

ਫਿਰ ਮੈਂ ਪੌੜੀਆਂ ਉੱਤਰ ਗਿਆ। ਉਤਰਨਾ ਚੜ੍ਹਨ ਨਾਲੋਂ ਜ਼ਿਆਦਾ ਥੱਕਾ ਦੇਣ ਵਾਲਾ ਸਾਬਤ ਹੋਇਆ, ਹਾਲਾਂਕਿ ਚੜ੍ਹਨਾ ਵੀ ਕੋਈ ਸੌਖਾ ਕੰਮ ਨਹੀਂ ਸੀ। ਓਹ, ਕਿੰਨੀਆਂ ਹੀ ਕਾਰੋਬਾਰੀ ਮੁਲਾਕਾਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ ਹੈ, ਪਰ ਇਸ ਕਾਰਨ ਹੱਥ ਤੇ ਹੱਥ ਧਰ ਕੇ ਵੀ ਤਾਂ ਨਹੀਂ ਬੈਠਿਆ ਜਾ ਸਕਦਾ ਅਤੇ ਮੁਲਾਕਾਤਾਂ ਕਰਦੇ ਰਹਿਣਾ ਪੈਂਦਾ ਹੈ।