ਅਨੁਵਾਦ:ਨਵੇਂ ਲੈਂਪ

ਵਿਕੀਸਰੋਤ ਤੋਂ
Jump to navigation Jump to search

ਕੱਲ੍ਹ ਮੈਂ ਪਹਿਲੀ ਵਾਰ ਕੰਪਨੀ ਦੇ ਮੁੱਖ ਦਫਤਰ ਦਾ ਦੌਰਾ ਕੀਤਾ। ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਵਾਲਿਆਂ ਨੇ ਮੈਨੂੰ ਆਪਣਾ ਬੁਲਾਰਾ ਚੁਣ ਲਿਆ ਸੀ। ਸਾਡੇ ਲੈਂਪਾਂ ਦੀ ਬਨਾਵਟ ਅਟਰ ਉਨ੍ਹਾਂ ਦੇ ਬਲਬਾਂ ਵਿੱਚ ਗੈਸ ਭਰਾਈ ਦੀ ਲੋੜ ਕਾਰਨ ਇਹ ਬਦਲੇ ਜਾਣ ਦੀ ਮੰਗ ਕਰਦੇ ਸਨ, ਇਸ ਲਈ ਉੱਥੇ ਜਾਣਾ ਅਤੇ ਇਹ ਮੰਗ ਕਰਨਾ ਮੇਰਾ ਫ਼ਰਜ਼ ਸੀ ਕਿ ਇਨ੍ਹਾਂ ਸ਼ਿਕਾਇਤਾਂ ਦਾ ਹੱਲ ਕੀਤਾ ਜਾਵੇ। ਮੈਨੂੰ ਸੰਬੰਧਿਤ ਕਮਰਾ ਵਿਖਾ ਦਿੱਤਾ ਗਿਆ ਸੀ ਅਤੇ ਮੈਂ ਦਸਤਕ ਦੇਕੇ ਅੰਦਰ ਚਲਾ ਗਿਆ। ਬਹੁਤ ਪੀਲੀ ਜੇਹੀ ਰੰਗਤ ਵਾਲਾ ਇੱਕ ਨਾਜ਼ੁਕ ਜਿਹਾ ਨੌਜਵਾਨ ਆਪਣੀ ਵੱਡੀ ਮੇਜ਼ ਦੇ ਪਾਰ ਤੋਂ ਮੈਨੂੰ ਵੇਖਕੇ ਮੁਸਕਰਾਇਆ। ਉਹ ਆਪਣੇ ਸਿਰ ਨੂੰ ਅੱਗੇ ਵੱਲ ਝੁਕਾ ਕੇ ਵਾਰ ਵਾਰ. ਕੁਝ ਜ਼ਿਆਦਾ ਹੀ ਹਿਲਾਂਦਾ ਜਾ ਰਿਹਾ ਸੀ। ਮੈਨੂੰ ਪਤਾ ਨਹੀਂ ਸੀ ਕਿ ਬੈਠ ਜਾਣਾ ਚਾਹੀਦਾ ਸੀ ਜਾਂ ਨਹੀਂ। ਉੱਥੇ ਇੱਕ ਕੁਰਸੀ ਤਾਂ ਪਈ ਸੀ, ਪਰ ਮੈਂ ਸੋਚਿਆ ਕਿ ਮੈਨੂੰ ਇਸ ਦਫ਼ਤਰ ਵਿੱਚ ਆਪਣੀ ਪਹਿਲੀ ਵਾਰ ਹਾਜ਼ਰੀ ਦੇ ਦੌਰਾਨ ਫ਼ੌਰਨ ਹੀ ਨਹੀਂ ਬੈਠ ਜਾਣਾ ਚਾਹੀਦਾ। ਇਸ ਲਈ ਮੈਂ ਸਾਰੀ ਕਹਾਣੀ ਖੜੇ ਖੜੇ ਹੀ ਬਿਆਨ ਕਰ ਦਿੱਤੀ। ਐਪਰ ਮੇਰੀ ਇਸ ਨਿਮਰਤਾ ਨੇ ਉਸ ਨੌਜਵਾਨ ਲਈ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ ਸਨ। ਉਸ ਨੂੰ ਆਪਣਾ ਚਿਹਰਾ ਘੁਮਾ ਕੇ ਅਤੇ ਥੋੜ੍ਹਾ ਜਿਹਾ ਉੱਪਰ ਨੂੰ ਕਰ ਕੇ ਮੇਰੀ ਗੱਲ ਸੁਣਨੀ ਪੈ ਰਹੀ ਸੀ। ਜਾਂ ਤਾਂ ਉਹ ਆਪਣੀ ਕੁਰਸੀ ਘੁਮਾ ਲੈਂਦਾ ਪਰ ਉਹ ਇਉਂ ਕਰਨਾ ਨਹੀਂ ਚਾਹੁੰਦਾ ਸੀ। ਅਗਲੀ ਗੱਲ ਇਹ ਉਸਨੇ ਆਪਣੀ ਪੂਰੀ ਇੱਛਾ ਦੇ ਬਾਵਜੂਦ ਆਪਣੀ ਗਰਦਨ ਵੀ ਪੂਰੀ ਨਹੀਂ ਘੁਮਾਈ ਸੀ ਅਤੇ ਜਦੋਂ ਮੈਂ ਉਸਨੂੰ ਆਪਣਾ ਮੁੱਦਾ ਦੱਸ ਰਿਹਾ ਸੀ, ਤਾਂ ਉਹ ਕਮਰੇ ਦੇ ਕੇਂਦਰ ਵਿੱਚ ਛੱਤ ਵੱਲ ਟੀਰਾ ਟੀਰਾ ਵੇਖ ਰਿਹਾ ਸੀ ਅਤੇ ਮੇਰੀ ਨਜ਼ਰਾਂ ਨਾ ਚਾਹੁੰਦੇ ਹੋਏ ਵੀ ਉਸ ਦੀਆਂ ਨਜ਼ਰਾਂ ਦਾ ਪਿੱਛਾ ਕਰ ਰਹੀਆਂ ਸਨ। ਜਦੋਂ ਮੈਂ ਗੱਲ ਪੂਰੀ ਕੀਤੀ, ਤਾਂ ਉਹ ਸਹਿਜੇ ਸਹਿਜੇ ਖੜਾ ਹੋ ਗਿਆ ਅਤੇ ਮੇਰੇ ਮੋਢੇ ਉੱਤੇ ਥਪਕੀ ਦਿੰਦੇ ਹੋਏ ਬੋਲਿਆ: ਅੱਛਾ,ਅੱਛਾ। ਅੱਛਾ ਅੱਛਾ ਕਹਿੰਦੇ ਹੋਏ ਉਹ ਮੈਨੂੰ ਨਾਲ ਵਾਲੇ ਕਮਰੇ ਵਿੱਚ ਧਕੇਲ ਦਿੱਤਾ, ਜਿੱਥੇ ਜੰਗਲੀ ਘਾਹ ਦੀ ਤਰ੍ਹਾਂ ਉੱਗੀ ਹੋਈ ਵੱਡੀ ਦਾੜ੍ਹੀ ਵਾਲਾ ਇੱਕ ਜੰਟਲਮੈਨ ਜਿਵੇਂ ਸਾਡੀ ਆਮਦ ਦੀ ਹੀ ਉਡੀਕ ਕਰ ਰਿਹਾ ਸੀ, ਕਿਉਂਕਿ ਉਸ ਦੀ ਮੇਜ਼ ਉੱਤੇ ਕਿਸੇ ਵੀ ਤਰ੍ਹਾਂ ਦੇ ਕਿਸੇ ਕੰਮ ਦਾ ਕੋਈ ਨਾਮ-ਨਿਸ਼ਾਨ ਨਹੀਂ ਸੀ। ਪਰ ਉਸ ਦੇ ਕਮਰੇ ਵਿੱਚ ਸ਼ੀਸ਼ੇ ਦਾ ਇੱਕ ਖੁੱਲ੍ਹਾ ਪਿਆ ਦਰਵਾਜ਼ਾ ਸੀ, ਜੋ ਇੱਕ ਛੋਟੇ ਜਿਹੇ ਬਗੀਚੇ ਨੂੰ ਜਾਂਦਾ ਸੀ, ਅਤੇ ਇਹ ਬਗੀਚਾ ਫੁੱਲਾਂ ਅਤੇ ਪੌਦਿਆਂ ਨਾਲ ਭਰਿਆ ਹੋਇਆ ਸੀ ਨੌਜਵਾਨ ਨੇ ਉਸ ਜੰਟਲਮੈਨ ਨੂੰ ਕਾਨਾਫੂਸੀ ਦੇ ਲਹਿਜ਼ੇ ਵਿੱਚ ਥੋੜੇ ਸ਼ਬਦਾਂ ਵਿੱਚ ਸਭ ਕੁੱਝ ਕਹਿ ਦਿੱਤਾ ਅਤੇ ਇਹ ਉਸਨੂੰ ਸਾਡੀਆਂ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਤੋਂ ਜਾਣੂੰ ਕਰਾਉਣ ਲਈ ਕਾਫ਼ੀ ਸੀ। ਉਹ ਤੁਰਤ ਖੜਾ ਹੋ ਗਿਆ ਅਤੇ ਬੋਲਿਆ: ਅੱਛਾ, ਮੇਰੇ ਪਿਆਰੇ... ਉਹ ਕੁੱਝ ਝਿਜਕਿਆ। ਮੈਂ ਸਮਝਿਆ ਕਿ ਉਹ ਸ਼ਾਇਦ ਮੇਰਾ ਨਾਮ ਲੈਣਾ ਚਾਹੁੰਦਾ ਸੀ। ਇਸ ਲਈ ਮੈਂ ਦੁਬਾਰਾ ਆਪਣਾ ਤਆਰਫ਼ ਕਰਾਉਣ ਲਈ ਮੂੰਹ ਖੋਲ੍ਹਿਆ ਹੀ ਸੀ ਕਿ ਉਸਨੇ ਵਿੱਚ ਹੀ ਬੋਲਣਾ ਸ਼ੁਰੂ ਕਰ ਦਿੱਤਾ: ਅੱਛਾ, ਠੀਕ ਹੈ। ਠੀਕ ਹੈ। ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਮਤਲਬ ਤੁਹਾਡੀ ਜਾਂ ਤੂੰ ਤੁਹਾਡੀ ਸਭ ਦੀ ਦਰਖ਼ਾਸਤ ਬਿਲਕੁਲ ਵਾਜਬ ਹੈ। ਮੈਂ ਅਤੇ ਦਫ਼ਤਰ ਦੇ ਹੋਰ ਸਾਹਿਬਾਨ ਤਾਂ ਉਹ ਆਖ਼ਰੀ ਲੋਕ ਹੋਣਗੇ ਜੋ ਇਹ ਗੱਲ ਸਮਝਣਾ ਹੀ ਨਾ ਚਾਹੁਣ। ਮੇਰੀ ਗੱਲ ਦਾ ਯਕੀਨ ਕਰੋ ਕਿ ਤੁਹਾਡੀ ਮਜ਼ਦੂਰਾਂ ਦੇ ਭਲਾਈ ਸਾਨੂੰ ਕਾਰਖ਼ਾਨੇ ਦੀ ਸਿਹਤ ਨਾਲੋਂ ਕਿਤੇ ਜ਼ਿਆਦਾ ਅਹਿਮ ਹੈ। ਤੇ ਹੋਵੇ ਵੀ ਕਿਉਂ ਨਾ? ਕਾਰਖ਼ਾਨਾ ਤਾਂ ਦੁਬਾਰਾ ਵੀ ਬਣਾਇਆ ਜਾ ਸਕਦਾ ਹੈ, ਇਸ ਉੱਤੇ ਸਿਰਫ ਰਕਮ ਲੱਗੇਗੀ, ਰਕਮ ਦਾ ਕੀ ਐ। ਪਰ ਜੇਕਰ ਕੋਈ ਇਨਸਾਨ ਮਾਰਿਆ ਗਿਆ, ਤਾਂ ਫਿਰ ਇਨਸਾਨ ਮਾਰਿਆ ਗਿਆ, ਤੇ ਪਿੱਛੇ ਰਹੀ ਜਾਂਦੇ ਨੇ ਵਿਧਵਾ ਅਤੇ ਬੱਚੇ। ਤੌਬਾ ਤੌਬਾ ਇਸ ਲਈ ਸੁਖ ਸਲਾਮਤੀ ਲਈ, ਕੰਮ ਸੌਖਾ ਕਰਨ ਲਈ, ਐਸ਼ ਦੀਆਂ ਅਤੇ ਹੋਰ ਸਹੂਲਤਾਂ ਸੰਬੰਧੀ ਹਰ ਤਰ੍ਹਾਂ ਦੀ ਤਜਵੀਜ਼ ਦਾ ਅਸੀਂ ਤਹਿਦਿਲੋਂ ਸਵਾਗਤ ਕਰਦੇ ਹਾਂ। ਜੋ ਕੋਈ ਵੀ ਅਜਿਹੀ ਕੋਈ ਤਜਵੀਜ਼ ਲਿਆਂਦਾ ਹੈ, ਉਹ ਸਾਡਾ ਆਪਣਾ ਆਦਮੀ ਹੈ। ਤੁਸੀਂ ਜੋ ਵੀ ਤਜਵੀਜ਼ਾਂ ਦਿੱਤੀਆਂ ਹਨ, ਅਸੀਂ ਉਹ ਸਭ ਸਭ ਸਮਝ ਲਈਆਂ ਹਨ। ਅਸੀਂ ਉਨ੍ਹਾਂ ਤੇ ਗੰਭੀਰਤਾ ਨਾਲ ਵਿਚਾਰ ਕਰਾਂਗੇ। ਜੇਕਰ ਉਨ੍ਹਾਂ ਵਿੱਚ ਹੋਰ ਵੀ ਕਿਸੇ ਚੀਜ਼ ਦਾ ਵਾਧਾ ਜ਼ਰੂਰੀ ਸਮਝਿਆ ਗਿਆ, ਤਾਂ ਅਸੀਂ ਉਹ ਵੀ ਕਰਾਂਗੇ। ਅਸੀਂ ਹਿਚਕਿਚਾਵਾਂਗੇ ਨਹੀਂ ਅਤੇ ਜਦੋਂ ਸਭ ਕੁੱਝ ਕਰ ਲਿਆ ਗਿਆ ਤਾਂ ਅੰਤ ਵਿੱਚ ਤੁਹਾਨੂੰ ਨਵੇਂ ਲੈਂਪ ਵੀ ਮਿਲ ਜਾਣਗੇ। ਤੁਸੀਂ ਬਸ ਹੇਠਾਂ ਜਾ ਕੇ ਆਪਣੇ ਸਾਥੀਆਂ ਨੂੰ ਦੱਸ ਦੇਵੋ ਜਦੋਂ ਤੱਕ ਅਸੀਂ ਤੁਹਾਡੇ ਕੰਮ ਦੀ ਜਗ੍ਹਾ ਨੂੰ ਕਿਸੇ ਸ਼ਾਨਦਾਰ ਡਰਾਇੰਗ ਰੂਮ ਵਿੱਚ ਨਹੀਂ ਬਦਲ ਦਿੰਦੇ, ਅਸੀਂ ਆਰਾਮ ਨਾਲ ਨਹੀਂ ਬੈਠਾਂਗੇ। ਅਤੇ ਜੇਕਰ ਤੁਸੀਂ ਪੇਟੈਂਟ-ਲੈਦਰ ਦੇ ਸਲੀਪਰਾਂ ਵਿੱਚ ਮਰਦੇ ਮਰਦੇ ਮੁੱਕ ਨਹੀਂ ਜਾਂਦੇ, ਤਾਂ ਤੁਸੀਂ ਕਦੇ ਨਹੀਂ ਮਰੋਗੇ। ਅਤੇ ਇਸ ਲਈ ਪੁਰਜ਼ੋਰ ਸਿਫਾਰਸ਼ ਕੀਤੀ ਜਾਂਦੀ ਹੈ।