ਸਮੱਗਰੀ 'ਤੇ ਜਾਓ

ਅਨੁਵਾਦ:ਪਿੰਡ ਦੇ ਰਾਹ `ਤੇ ਖੇਡਦੇ ਬੱਚੇ

ਵਿਕੀਸਰੋਤ ਤੋਂ
ਪਿੰਡ ਦੇ ਰਾਹ `ਤੇ ਖੇਡਦੇ ਬੱਚੇ
 ਫ਼ਰਾਂਜ਼ ਕਾਫ਼ਕਾ, translated by ਚਰਨ ਗਿੱਲ
44325ਪਿੰਡ ਦੇ ਰਾਹ `ਤੇ ਖੇਡਦੇ ਬੱਚੇਚਰਨ ਗਿੱਲਫ਼ਰਾਂਜ਼ ਕਾਫ਼ਕਾ

ਮੈਂ ਬਾਗ਼ ਦੇ ਵਾਗਲੇ ਦੀ ਵਾੜ ਕੋਲੋਂ ਲੰਘ ਰਹੇ ਰੀਂਗਦੇ ਗੱਡਿਆਂ ਦੀ ਖੜ ਖੜ ਨੂੰ ਸੁਣਿਆ ਅਤੇ ਵੇਖਿਆ। ਕਈ ਵਾਰ ਤਾਂ ਮੈਂ ਉਨ੍ਹਾਂ ਨੂੰ ਝੂਮਦੇ ਲੰਮੇ ਲੰਮੇ ਘਾਹ, ਵੇਲ ਬੂਟਿਆਂ ਅਤੇ ਸਰਕੰਡਿਆਂ ਦੇ ਵਿੱਚ ਵਿਰਲਾਂ ਰਾਹੀਂ ਡੋਲਦੇ ਅਤੇ ਡਿੱਕਡੋਲੇ ਖਾਂਦੇ ਵੀ ਵੇਖਿਆ। ਤਪਦੀ ਗਰਮੀ ਵਿੱਚ ਠੱਬਲਠੋਲਿਆਂ ਕਾਰਨ ਗੱਡਿਆਂ ਦੀਆਂ ਲੱਕੜ ਦੇ ਜਾਤੂ ਅਤੇ ਕਮਾਨੀਆਂ ਅਜੀਬ ਚਰਮਰਾਹਟ ਅਤੇ ਖੜਖੜਾਹਟ ਪੈਦਾ ਕਰ ਰਹੀਆਂ ਸਨ। ਖੇਤਾਂ ਵਿੱਚ ਆਪਣੇ ਕੰਮ ਨਿਪਟਾ ਕੇ ਪਰਤ ਰਹੇ ਕਿਰਤੀਆਂ ਕਿਸਾਨਾਂ ਦਾ ਹਾਸਾ ਦੱਸ ਰਿਹਾ ਸੀ ਇਹ ਸ਼ਰਮਨਾਕ ਦ੍ਰਿਸ਼ ਸੀ।

ਮੈਂ ਆਪਣੇ ਮਾਪਿਆਂ ਦੇ ਬਾਗ਼ ਵਿੱਚ ਦਰਖ਼ਤਾਂ ਦੇ ਦਰਮਿਆਨ ਇੱਕ ਛੋਟੀ ਜਿਹੀ ਪੀਂਘ ਝੂਟ ਰਹੀ ਸੀ।

ਬਾਗ਼ ਦੇ ਵਾਗਲੇ ਦੇ ਪਰਲੇ ਪਾਸੇ ਆਵਾਜਾਈ ਨਿਰੰਤਰ ਜਾਰੀ ਸੀ। ਭੱਜੇ ਜਾਂਦੇ ਬੱਚਿਆਂ ਦੇ ਪੈਰ ਇੱਕ ਪਲ ਵਿੱਚ ਪਾਰ ਨਿਕਲ ਜਾਂਦੇ। ਗੱਡਿਆਂ ਤੇ ਲੱਦੀਆਂ ਫਸਲ ਦੀਆਂ ਪੂਲੀਆਂ ਅਤੇ ਵਿੱਢ ਉੱਤੇ ਬੈਠੇ ਮਰਦ ਅਤੇ ਔਰਤਾਂ ਦੇ ਪਰਛਾਵੇਂ ਫੁੱਲਾਂ ਦੀਆਂ ਕਿਆਰੀਆਂ ਵਿੱਚ ਪੈ ਰਹੇ ਸਨ। ਢਲ ਰਹੀ ਸ਼ਾਮ ਦੇ ਘੁਸਮੁਸੇ ਵਿੱਚ ਮੈਂ ਇੱਕ ਸ਼ਰੀਫ ਆਦਮੀ ਨੂੰ ਸੈਰ ਵਾਲੀ ਸੋਟੀ ਦੇ ਸਹਾਰੇ ਟਹਿਲਦੇ ਹੋਏ ਵੇਖਿਆ। ਦੋ ਲੜਕੀਆਂ ਬਾਂਹ ਵਿੱਚ ਬਾਂਹ ਪਾਈ ਉਸ ਨੂੰ ਮਿਲੀਆਂ ਅਤੇ ਦੁਆ ਸਲਾਮ ਕਰਕੇ ਘਾਹ ਵਿੱਚ ਹੀ ਇੱਕ ਪਾਸੇ ਹੋ ਗਈਆਂ।

ਫਿਰ ਪਰਿੰਦੇ ਉੱਡੇ ਜਿਵੇਂ ਮੀਂਹ ਵਿੱਚ ਉੱਡਦੇ ਹਨ। ਮੇਰੀਆਂ ਨਜ਼ਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਮੈਂ ਵੇਖਿਆ ਕਿ ਉਹ ਇੱਕ ਹੀ ਹੰਭਲੇ ਵਿੱਚ ਕਿੰਨੀ ਉਚਾਈ ਤੇ ਚਲੇ ਗਏ। ਏਨੇ ਨੂੰ ਮੈਂ ਮਹਿਸੂਸ ਕੀਤਾ ਕਿ ਉਹ ਉੱਪਰ ਨਹੀਂ ਜਾ ਰਹੇ ਬਲਕਿ ਮੈਂ ਹੇਠਾਂ ਡਿੱਗ ਰਹੀ ਸੀ, ਅਤੇ ਮੈਂ ਪੀਂਘ ਦੀਆਂ ਰੱਸੀਆਂ ਨੂੰ ਘੁੱਟ ਕੇ ਫੜ ਲਿਆ ਅਤੇ ਥੋੜ੍ਹੀ ਮੱਠੀ ਪੈ ਗਈ ਹੀਂਘ ਨੂੰ ਥੋੜ੍ਹਾ ਜਿਹਾ ਹਿਲੋਰਾ ਦਿੱਤਾ। ਇਹ ਹੁਣ ਤੇਜ਼ੀ ਫੜ ਗਈ। ਨਾਲ ਹੀ ਹਵਾ ਦੀ ਠੰਢਕ ਵਧ ਗਈ ਅਤੇ ਉੱਡਦੇ ਪਰਿੰਦਿਆਂ ਦੀ ਬਜਾਏ ਹੁਣ ਅਸਮਾਨ ਵਿੱਚ ਤਾਰੇ ਟਿਮਟਿਮ ਕਰਨ ਲੱਗ ਪਏ।

ਮੋਮਬੱਤੀ ਦੀ ਰੌਸ਼ਨੀ ਵਿੱਚ ਮੈਂ ਰਾਤ ਦਾ ਭੋਜਨ ਛਕਿਆ। ਅਕਸਰ ਮੇਰੀਆਂ ਕੂਹਣੀਆਂ ਲੱਕੜ ਦੇ ਤਖ਼ਤੇ `ਤੇ ਟਿਕ ਜਾਂਦੀਆਂ। ਅਤੇ ਮੈਂ ਭੋਜਨ ਛਕਣ ਤੋਂ ਪਹਿਲਾਂ ਹੀ ਥੱਕ ਚੁੱਕੀ ਸੀ। ਖਿੜਕੀ ਵਿੱਚ ਲੱਗੇ ਆਮ ਨਾਲੋਂ ਵਜ਼ਨੀ ਜਾਲੀ ਦੇ ਪਰਦੇ ਬਾਹਰਲੀ ਗਰਮ ਹਵਾ ਨੂੰ ਰੋਕ ਰਹੇ ਸਨ ਅਤੇ ਅਕਸਰ ਅਜਿਹਾ ਹੁੰਦਾ ਕਿ ਬਾਹਰੋਂ ਲੰਘ ਰਿਹਾ ਕੋਈ ਰਾਹੀ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਹਟਾਉਂਦਾ ਜਿਵੇਂ ਉਹ ਮੈਨੂੰ ਹੋਰ ਚੰਗੀ ਤਰ੍ਹਾਂ ਵੇਖਣਾ ਅਤੇ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਹੋਵੇ।

ਆਮ ਤੌਰ ਉੱਤੇ ਮੋਮਬੱਤੀ ਛੇਤੀ ਹੀ ਬੁਝ ਜਾਂਦੀ ਅਤੇ ਮੋਮਬੱਤੀ ਦੀ ਲਾਟ ਦੇ ਕਾਲੇ ਧੂੰਏਂ ਦੇ ਦੁਆਲੇ ਨਿੱਕੇ ਨਿੱਕੇ ਕੀਟ ਪਤੰਗੇ ਕੁੱਝ ਦੇਰ ਤੱਕ ਉੱਡਦੇ ਅਤੇ ਚੱਕਰ ਕੱਟਦੇ ਰਹਿੰਦੇ ਹਨ। ਜੇਕਰ ਕੋਈ ਖਿੜਕੀ ਦੇ ਬਾਹਰੋਂ ਮੈਨੂੰ ਕਿਸੇ ਕਿਸਮ ਦਾ ਸਵਾਲ ਪੁੱਛਦਾ ਤਾਂ ਮੈਂ ਉਸ ਨੂੰ ਕੁਝ ਇਸ ਤਰ੍ਹਾਂ ਘੂਰਦੀ ਜਿਵੇਂ ਨਿਗਾਹਾਂ ਤੋਂ ਦੂਰ ਇੱਕ ਪਹਾੜੀ ਨੂੰ ਜਾਂ ਫਿਰ ਖਲਾਅ ਦੇ ਸੱਖਣੇਪਣ ਨੂੰ ਵੇਖ ਰਹੀ ਹੋਵਾਂ। ਅਤੇ ਪੁੱਛਣ ਵਾਲੇ ਨੂੰ ਵੀ ਇਸ ਚੀਜ਼ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਸਨੂੰ ਸਵਾਲ ਦਾ ਜਵਾਬ ਮਿਲ ਗਿਆ ਹੈ ਜਾਂ ਨਹੀਂ।

ਪਰ ਇਸ ਦੌਰਾਨ ਜੇਕਰ ਕੋਈ ਮੇਰੀ ਖਿੜਕੀ ਦੀ ਚੌਖਟ ਟੱਪ ਕੇ ਅੰਦਰ ਆ ਜਾਵੇ ਅਤੇ ਐਲਾਨ ਕਰੇ ਕਿ ਬਹੁਤ ਸਾਰੇ ਲੋਕ ਅੰਦਰ ਆਉਣ ਲਈ ਤਿਆਰ ਖੜੇ ਹਨ ਤਾਂ ਫਿਰ ਮੈਂ ਇੱਕ ਦਮ ਆਹ ਭਰ ਕੇ ਉਠ ਕੇ ਖੜੀ ਹੋ ਜਾਂਦੀ। "ਤੁਸੀਂ ਕਿਸ ਲਈ ਆਹਾਂ ਭਰ ਰਹੇ ਹੋ? ਆਖ਼ਰ ਅਜਿਹਾ ਹੋਇਆ ਕੀ ਹੈ? ਮਸਲਾ ਕੀ ਹੈ? ਕੀ ਕੁੱਝ ਅਜਿਹਾ ਭਿਅੰਕਰ ਵਾਪਰ ਗਿਆ ਹੈ ਜਿਸ ਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਠੀਕ ਨਹੀਂ ਕੀਤਾ ਜਾ ਸਕਦਾ?" ਕੀ ਸਭ ਕੁੱਝ ਖ਼ਤਮ ਹੋ ਗਿਆ ਹੈ?"

ਕੁਝ ਵੀ ਅਜਿਹਾ ਅਜਿਹਾ ਨਹੀਂ ਵਾਪਰਿਆ ਸੀ। ਕੁੱਝ ਵੀ ਖੋਇਆ ਨਹੀਂ ਸੀ। ਅਸੀਂ ਘਰ ਦੇ ਸਾਹਮਣੇ ਵਾਲੇ ਹਿੱਸੇ ਵੱਲ ਭੱਜੇ।

"ਰੱਬ ਦਾ ਸ਼ੁਕਰ ਹੈ ਆਖ਼ਰਕਾਰ ਤੁਸੀਂ ਆ ਤਾਂ ਗਏ ਹੋ"—"ਤੁਸੀਂ ਹਮੇਸ਼ਾ ਦੇਰ ਨਾਲ ਆਉਂਦੇ ਹੋ!" —"ਆਖ਼ਰ ਮੈਂ ਹੀ ਕਿਉਂ?" —

"ਖ਼ਾਸ ਤੌਰ ਤੇ ਤੁਸੀਂ, ਜੇਕਰ ਤੁਸੀਂ ਨਹੀਂ ਆਉਣਾ ਚਾਹੁੰਦੇ ਤਾਂ ਘਰ ਹੀ ਕਿਉਂ ਨਹੀਂ ਰਹਿੰਦੇ?"—"ਕੋਈ ਕੁਆਟਰ ਨਹੀਂ!"—"ਕੀ, ਕੋਈ ਕੁਆਟਰ ਨਹੀਂ ਹੈ, ਇਹ ਕਿਹੜਾ ਤਰੀਕਾ ਹੈ ਗੱਲ ਕਰਨ ਦਾ?"

ਹੁਣ ਅਸੀਂ ਮੁਕੰਮਲ ਤੌਰ `ਤੇ ਢਲਦੀ ਹੋਈ ਸ਼ਾਮ ਦੀ ਸਿਆਹੀ ਵਿੱਚ ਧੁਸ ਗਏ। ਹੁਣ ਨਾ ਦਿਨ ਸੀ ਅਤੇ ਨਾ ਹੀ ਰਾਤ। ਫਿਰ ਸਾਡੀਆਂ ਵਾਸਕਟਾਂ ਦੇ ਬਟਨ ਦੰਦ ਕਰੀਚਣ ਦੀ ਤਰ੍ਹਾਂ ਚਿਰ ਚਿਰ ਕਰ ਰਹੇ ਸਨ। ਫਿਰ ਅਸੀਂ ਇੱਕ ਦੂਜੇ ਨਾਲੋਂ ਇੱਕ ਸਮਾਨ ਫ਼ਾਸਲਾ ਕਾਇਮ ਰੱਖਦੇ ਹੋਏ ਦੌੜ ਰਹੇ ਸਾਂ, ਤਪਤਖੰਡੀ ਇਲਾਕਿਆਂ ਦੇ ਜੰਗਲੀ ਜਾਨਵਰਾਂ ਦੀ ਤਰ੍ਹਾਂ ਭੱਜਦੇ ਭੱਜਦੇ ਸਾਡੀਆਂ ਹੌਂਕਣੀਆਂ ਜਿਵੇਂ ਅੱਗ ਉੱਗਲ ਰਹੀਆਂ ਸਨ। ਪੁਰਾਣੇ ਜ਼ਮਾਨੇ ਦੀਆਂ ਜੰਗਾਂ ਵਿੱਚ ਜਰਾਬਕਤਰਧਾਰੀ ਘੋੜ-ਸਵਾਰ ਸਿਪਾਹੀਆਂ ਦੀ ਤਰ੍ਹਾਂ ਅਸੀਂ ਸਪਾਟ ਦੌੜ ਰਹੇ ਉਭੜਦੇ ਉਛਲਦੇ ਤੰਗ ਰਸਤਿਆਂ ਵਿੱਚ ਇੱਕ ਦੂਜੇ ਨੂੰ ਢਾਹੁੰਦੇ, ਉਠਾਉਂਦੇ, ਪਿੱਛੇ ਛੱਡਦੇ ਅੱਗੇ ਵਧ ਰਹੇ ਸਾਂ ਅਤੇ ਸਾਡੀਆਂ ਲੱਤਾਂ ਵਿੱਚ ਫੁਰਤੀ ਸੀ। ਅਸੀਂ ਤੰਗ ਰਸਤੇ ਨੂੰ ਪਾਰ ਕਰ ਕੇ ਵੱਡੇ ਰਾਹ `ਤੇ ਹੋਰ ਕੁੱਝ ਦੂਰ ਤੱਕ ਭੱਜਦੇ ਚਲੇ ਗਏ। ਉਹ ਖਾਈ ਵਿੱਚ ਖੋ ਗਏ, ਹਨੇਰੇ ਦੇ ਬੰਨ੍ਹ ਦੇ ਸਾਹਮਣੇ ਅਲੋਪ ਹੋਣ ਸਾਰ ਉਹ ਉੱਪਰ ਮੈਦਾਨੀ ਰਸਤੇ `ਤੇ ਅਜਨਬੀਆਂ ਵਾਂਗ ਸਿਰ ਲਟਕਾਈ ਹੇਠਾਂ ਵੱਲ ਵੇਖਦੇ ਖੜ੍ਹੇ ਸਨ।

"ਥੱਲੇ ਆਓ!"—"ਪਹਿਲਾਂ ਤੁਸੀਂ ਉੱਪਰ ਆਓ!"—"ਤਾਂ ਜੋ ਤੁਸੀਂ ਸਾਨੂੰ ਹੇਠਾਂ ਗਿਰਾ ਦੇਵੇ, ਨਹੀਂ ਤੁਹਾਡਾ ਧੰਨਵਾਦ, ਅਸੀਂ ਅਜਿਹੀਆਂ ਬੇਵਕੂਫ ਨਹੀਂ ਹਾਂ।" "—"ਲੱਗਦਾ ਹੈ, ਤੁਸੀਂ ਡਰਪੋਕ ਹੋ। ਆ ਵੀ ਜਾਓ, ਡਰਪੋਕੋ!"—" ਡਰੇ ਹੋਏ? ਤੁਹਾਡੇ ਵਰਗਿਆਂ ਤੋਂ? ਤੁਸੀਂ ਸਾਨੂੰ ਹੇਠਾਂ ਧੱਕਾ ਦੇਣ ਜਾ ਰਹੇ ਹੋ, ਹੈਂ ਨਾ? ਇਹ ਵਧੀਆ ਹੈ।"

ਅਸੀਂ ਕੋਸ਼ਿਸ਼ ਕੀਤੀ ਅਤੇ ਸੜਕ ਦੇ ਕਿਨਾਰੇ ਖਾਈ ਦੇ ਘਾਹ ਵਿੱਚ ਧੱਕਾ ਦੇ ਦਿੱਤਾ, ਅਸੀਂ ਕੁਝ ਲੋਟਣੀਆਂ ਆਪਣੀ ਮਰਜ਼ੀ ਨਾਲ ਖਾ ਲਈਆਂ। ਸਾਨੂੰ ਸਭ ਕੁੱਝ ਬਿਨਾਂ ਕਿਸੇ ਫ਼ਰਕ ਦੇ ਇੱਕੋ ਜਿਹਾ ਨਿਘਾ ਲੱਗ ਰਿਹਾ ਸੀ। ਘਾਹ ਵਿੱਚ ਸਾਨੂੰ ਨਾ ਤਾਂ ਗਰਮੀ ਮਹਿਸੂਸ ਹੋਈ ਅਤੇ ਨਾ ਹੀ ਸਰਦੀ। ਸਿਰਫ ਅਤੇ ਸਿਰਫ ਥਕਾਵਟ ਦਾ ਜ਼ੋਰ ਸੀ। ਹੋਰ ਕੁੱਝ ਵੀ ਮਹਿਸੂਸ ਨਹੀਂ ਹੋ ਰਿਹਾ ਸੀ।

ਹਾਲਤ ਅਜਿਹੀ ਹੋ ਚੁੱਕੀ ਸੀ ਕਿ ਕੰਨ ਦੇ ਹੇਠਾਂ ਹੱਥ ਰੱਖ ਬੱਖੀ ਪਰਨੇ ਲੇਟ ਕੇ ਆਸਾਨੀ ਨਾਲ ਉਥੇ ਹੀ ਗਹਿਰੀ ਨੀਂਦ ਵਿੱਚ ਖੋਇਆ ਜਾ ਸਕਦਾ ਸੀ। ਪਰ ਨਹੀਂ ਹਰ ਕੋਈ ਦੁਬਾਰਾ ਉੱਠਣਾ ਚਾਹੁੰਦਾ ਸੀ ਤਾਂ ਜੋ ਉਹ ਹੋਰ ਕਿਸੇ ਵਧੇਰੇ ਗਹਿਰੀ ਖਾਈ ਵਿੱਚ ਲੋਟਣੀਆਂ ਖਾ ਸਕੇ। ਫਿਰ ਕੂਹਣੀ ਪਰਨੇ ਹੋ ਕੇ ਅਤੇ ਲੱਤਾਂ ਨੂੰ ਉਠਾ ਕੇ ਹਵਾ ਵਿੱਚ ਉਛਲਣ ਨੂੰ ਜੀਅ ਚਾਹੁੰਦਾ ਸੀ ਤਾਂ ਜੋ ਅੱਗੋਂ ਯਕੀਨੀ ਤੌਰ `ਤੇ ਕਿਸੇ ਹੋਰ ਗਹਿਰੀ ਖਾਈ ਵਿੱਚ ਡਿੱਗਿਆ ਜਾਵੇ ਅਤੇ ਇਹ ਅਮਲ ਜਾਰੀ ਰਹੇ ਤੇ ਕਦੇ ਖ਼ਤਮ ਨਾ ਹੋਵੇ।

ਅੰਤਲੀ ਤੰਗ ਖਾਈ ਵਿੱਚ ਠੀਕ ਤਰ੍ਹਾਂ ਲਿਟਣ ਅਤੇ ਸੁਸਤਾਉਣ ਲਈ ਕੋਈ ਭਲਾ ਲੱਤਾਂ ਕਿਵੇਂ ਨਿੱਸਾਲ ਸਕਦਾ ਸੀ, ਖ਼ਾਸਕਰ ਜਿੱਥੇ ਗੋਡਿਆਂ ਦੀ ਕੋਈ ਵਾਹ ਨਾ ਚੱਲੇ। ਇਸ ਮਸਲੇ ਬਾਰੇ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀ। ਅਤੇ ਹਰ ਇੱਕ ਪਿਠ ਪਰਨੇ ਪਿਆ ਸੀ, ਅੰਗਹੀਣਾਂ ਦੀ ਤਰ੍ਹਾਂ, ਰੋਣ ਰੋਣ ਕਰਦਾ। ਕਦੇ ਕਦੇ ਉਨ੍ਹਾਂ ਵਿਚੋਂ ਕੋਈ ਅਚਾਨਕ ਢਾਕਾਂ ਨੂੰ ਹਥ ਪਾ ਬੂਟਾਂ ਦੇ ਕਾਲੇ ਤਲੇ ਕਿਸੇ ਦੇ ਸਿਰ ਦੇ ਉੱਤੋਂ ਲਹਿਰਾਉਂਦਾ ਖਾਈ ਨੂੰ ਪਾਰ ਕਰ ਬਾਹਰਲੇ ਰਾਹ`ਤੇ ਜਾ ਖੜਦਾ, ਤਾਂ ਤੁਸੀਂ ਹੱਕੇ ਬੱਕੇ ਦੇਖਦੇ ਰਹਿ ਜਾਂਦੇ।

ਚੰਨ ਪਹਿਲਾਂ ਹੀ ਆਪਣੀ ਕੁਝ ਕੁ ਵਾਟ ਮੁਕਾ ਚੁੱਕਾ ਸੀ। ਇਸ ਦੀ ਚਾਨਣੀ ਵਿੱਚ ਕੋਲੋਂ ਇਕ ਡਾਕਗੱਡੀ ਲੰਘ ਗਈ। ਹਲਕੀ ਹਲਕੀ ਹਵਾ ਚੱਲਣ ਲੱਗੀ। ਇੱਥੋਂ ਤੱਕ ਕਿ ਖਾਈ ਦੇ ਅੰਦਰ ਵੀ ਇਸ ਦੀ ਠੰਢਕ ਮਹਿਸੂਸ ਕੀਤੀ ਜਾ ਸਕਦੀ ਸੀ। ਅਤੇ ਨੇੜਲੇ ਜੰਗਲ ਵਿੱਚ ਪੱਤਿਆਂ ਵਿੱਚ ਸਰਸਰਾਹਾਟ ਹੋਣੀ ਸ਼ੁਰੂ ਹੋ ਗਈ ਸੀ। ਹੁਣ ਇਕੱਲ ਦਾ ਤੌਖਲਾ ਨਹੀਂ ਰਿਹਾ ਸੀ।

"ਕਿੱਥੇ ਹੈਂ ਤੂੰ?"—"ਉਰੇ ਆ!"—"ਸਾਰੇ ਆ ਜੋ!"—"ਲੁਕ ਕਿਉਂ ਰਹੇ ਹੋ, ਛੱਡ ਦਿਓ ਆਪਣੀ ਬਕਵਾਸ!"—"ਕੀ ਤੈਨੂੰ ਨਹੀਂ ਪਤਾ ਕਿ ਡਾਕ ਲੰਘ ਚੁੱਕੀ ਹੈ?"—"ਪਹਿਲਾਂ ਨਹੀਂ ਲੰਘੀ?"—"ਬਿਨਾਂ ਸ਼ੱਕ; ਲੰਘ ਗਈ, ਜਦ ਤੂੰ ਸੌਂ ਰਹੀ ਸੀ।"—"ਮੈਂ ਸੌਂ ਨਹੀਂ ਰਹੀ ਸੀ। ਕਿਹੜੀ ਗੱਲ ਕਰ ਦਿੱਤੀ!"—"ਬੱਸ ਕਰ, ਤੂੰ ਅਜੇ ਵੀ ਅੱਧ ਸੁੱਤੀ ਹੈਂ।"—" ਪਰ ਮੈਂ ਸੌਂ ਨਹੀਂ ਰਹੀ ਸੀ।"—"ਆ ਜਾ!"

ਅਸੀ ਹੋਰ ਵੀ ਨੇੜੇ ਹੋ ਕੇ ਇੱਕ ਜੱਥੇ ਦੀ ਸ਼ਕਲ ਵਿੱਚ ਭੱਜੇ। ਬਹੁਤਿਆਂ ਨੇ ਤਾਂ ਇੱਕ ਦੂਜੇ ਦੇ ਹੱਥ ਫੜੇ ਹੋਏ ਸਨ। ਸਿਰ ਜ਼ਿਆਦਾ ਉੱਪਰ ਉਠਾ ਕੇ ਨਹੀਂ ਭੱਜਿਆ ਜਾ ਸਕਦਾ ਸੀ ਕਿਉਂਕਿ ਹੁਣ ਉਤਰਾਈ ਸੀ। ਕਿਸੇ ਨੇ ਜ਼ੋਰ ਨਾਲ ਜੰਗ ਵਾਲਾ ਹਿੰਦੁਸਤਾਨੀ ਨਾਰਾ ਬੁਲੰਦ ਕਰ ਦਿੱਤਾ। ਬਦਨਾਂ ਵਿੱਚ ਇੱਕ ਨਵਾਂ ਜਜ਼ਬਾ ਅਤੇ ਤਾਕਤ ਜਿਹੀ ਭਰ ਗਈ। ਹੁਣ ਸਾਡੀਆਂ ਲੱਤਾਂ ਅਜਿਹੀ ਤੇਜ਼ੀ ਅਤੇ ਚੁਸਤੀ ਨਾਲ ਸਾਨੂੰ ਭਜਾ ਰਹੀਆਂ ਸਨ ਕਿ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਸੀ। ਹਵਾ ਨੇ ਸਾਡੇ ਚੁੱਤੜਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਅਤੇ ਅਸੀਂ ਅੱਗੇ ਹੀ ਅੱਗੇ ਛਾਲਾਂ ਮਾਰਦੇ ਜਾ ਰਹੇ ਸਾਂ। ਕੋਈ ਚੀਜ਼ ਸਾਨੂੰ ਰੋਕ ਹੀ ਸੀ ਸਕਦੀ। ਅਸੀਂ ਏਨੀਆਂ ਵੱਡੀਆਂ ਵੱਡੀਆਂ ਪੁਲਾਂਘਾਂ ਭਰ ਰਹੇ ਸਾਂ ਕਿ ਮੂਹਰੇ ਲੰਘਦੇ ਸਮੇਂ ਵੀ ਅਸੀਂ ਆਪਣੀਆਂ ਬਾਹਾਂ ਨੂੰ ਸਮੇਟ ਸਕਦੇ ਅਤੇ ਆਸਾਨੀ ਨਾਲ ਆਪਣੇ ਆਲੇ ਦੁਆਲੇ ਵੇਖ ਸਕਦੇ ਸਾਂ।

ਰਸਤੇ ਵਿੱਚ ਇੱਕ ਨਹਿਰ ਦੇ ਪੁਲ ਉੱਪਰ ਅਸੀਂ ਕੁੱਝ ਦੇਰ ਠਹਿਰੇ। ਜਿਹੜੇ ਪੁਲ ਪਾਰ ਕਰ ਗਏ ਸਨ ਉਹ ਵੀ ਪਰਤ ਆਏ। ਪੁਲ ਦੇ ਹੇਠਾਂ ਨਦੀ ਵਿੱਚ ਪਾਣੀ ਪੱਥਰਾਂ ਅਤੇ ਜੜ੍ਹਾਂ ਦੇ ਨਾਲ ਕਲੋਲਾਂ ਕਰ ਰਿਹਾ ਸੀ, ਜਿਵੇਂ ਸ਼ਾਮ ਢਲ ਚੁੱਕੀ ਹੋਣ ਦੇ ਕੁਵੇਲੇ ਤੋਂ ਬੇਖ਼ਬਰ ਹੋਵੇ। ਦ੍ਰਿਸ਼ ਏਨਾ ਦਿਲਫ਼ਰੇਬ ਸੀ ਕਿ ਪੁਲ ਦੀ ਕੰਧੜੀ ਤੇ ਚੜ੍ਹ ਲੱਤਾਂ ਲਮਕਾ ਕੇ ਬੈਠ ਜਾਣ ਦੀ ਤਾਂਘ ਨੂੰ ਕੋਈ ਰੋਕ ਕੇ ਨਹੀਂ ਰੱਖ ਸਕਦਾ ਸੀ।

ਕੁੱਝ ਦੂਰ ਦਰਖ਼ਤਾਂ ਦੇ ਝੁੰਡਾਂ ਵਿੱਚੋਂ ਇੱਕ ਰੇਲ-ਗੱਡੀ ਲੰਘੀ। ਸਭਨਾਂ ਬੋਘੀਆਂ ਦੀਆਂ ਬੱਤੀਆਂ ਜਲ ਰਹੀਆਂ ਸਨ। ਬਾਰੀਆਂ ਦੇ ਸ਼ੀਸ਼ੇ ਬੇਸ਼ੱਕ ਹੇਠਾਂ ਕੀਤੇ ਹੋਏ ਸਨ। ਸਾਡੇ ਵਿੱਚੋਂ ਇੱਕ ਨੇ ਇੱਕ ਮਸ਼ਹੂਰ ਕੈਚ ਗਾਉਣਾ ਸ਼ੁਰੂ ਕਰ ਦਿੱਤਾ। ਪਰ ਅਸੀਂ ਸਾਰੇ ਗਾਉਣ ਲੱਗ ਪਏ। ਅਸੀਂ ਰੇਲਗੱਡੀ ਦੀ ਨਾਲੋਂ ਵੀ ਕਿਤੇ ਜ਼ਿਆਦਾ ਤੇਜ਼ ਗਾ ਰਹੇ ਸਾਂ। ਅਸੀਂ ਆਪਣੇ ਹੱਥ ਵੀ ਹਿਲਾਏ ਕਿਉਂਕਿ ਰੇਲਗੱਡੀ ਦੇ ਖੜਕੇ ਵਿੱਚ ਸਾਡੀ ਅਵਾਜ਼ ਕਾਫ਼ੀ ਨਹੀਂ ਸੀ। ਸਾਡੀਆਂ ਅਵਾਜ਼ਾਂ ਮਿਲ ਕੇ ਜ਼ੋਰਦਾਰ ਰੇਲਾ ਬਣ ਗਈਆਂ ਅਤੇ ਗੱਲ ਬਣ ਗਈ। ਜਦੋਂ ਕੋਈ ਗਾਣਾ ਗਾਉਣ ਵਾਲਿਆਂ ਦੇ ਨਾਲ ਮਿਲਕੇ ਗਾਉਣ ਲੱਗਦਾ ਹੈ ਤਾਂ ਇਹ ਉਵੇਂ ਹੀ ਹੁੰਦਾ ਹੈ ਜਿਵੇਂ ਉਹ ਕੁੰਡੀ ਵਿੱਚ ਫਸੀ ਧੂਹੀ ਜਾ ਰਹੀ ਮੱਛੀ ਹੋਵੇ।

ਜੰਗਲ ਪਿੱਛੇ ਰਹਿ ਗਿਆ ਤੇ ਅਸੀਂ ਦੂਰ ਹੁੰਦੇ ਜਾ ਰਹੇ ਮੁਸਾਫ਼ਰਾਂ ਲਈ ਗਾਉਂਦੇ ਚਲੇ ਗਏ। ਪਿੰਡ ਵਿੱਚ ਵੱਡੀ ਉਮਰ ਦੇ ਲੋਕ ਅਜੇ ਤੱਕ ਜਾਗ ਰਹੇ ਸਨ। ਮਾਵਾਂ ਰਾਤ ਨੂੰ ਸੌਣ ਲਈ ਬਿਸਤਰ ਵਿਛਾ ਰਹੀਆਂ ਸਨ।

ਸਾਡਾ ਸਮਾਂ ਹੋ ਚੁੱਕਿਆ ਸੀ। ਮੈਂ ਆਪਣੇ ਨਾਲ ਵਾਲੇ ਨੂੰ ਚੁੰਮਿਆ। ਆਪਣੇ ਨੇੜਲੇ ਤਿੰਨ ਜਣਿਆਂ ਨਾਲ ਹੱਥ ਮਿਲਾਇਆ ਅਤੇ ਘਰ ਦੀ ਤਰਫ਼ ਦੌੜ ਪਈ। ਕਿਸੇ ਨੇ ਵੀ ਮੈਨੂੰ ਵਾਪਸ ਮੁੜਣ ਲਈ `ਵਾਜ਼ ਨਾ ਦਿੱਤੀ। ਭੱਜਦੀ ਭੱਜਦੀ ਜਦ ਮੈਂ ਪਹਿਲੇ ਚੁਰਾਹੇ `ਤੇ ਪੁੱਜੀ, ਜਿੱਥੋਂ ਹੁਣ ਉਹ ਮੈਨੂੰ ਵੇਖ ਨਹੀਂ ਸਕਦੇ ਸਨ। ਮੈਂ ਮੁੜ ਪਈ ਅਤੇ ਕੱਚੀਆਂ ਡੰਡੀਆਂ ਤੋਂ ਹੁੰਦੀ ਹੋਈ ਫਿਰ ਜੰਗਲ ਵਿੱਚ ਵੜ ਗਈ। ਮੈਂ ਉਸ ਸ਼ਹਿਰ ਵੱਲ ਦੌੜ ਰਹੀ ਸੀ ਜਿਸ ਬਾਰੇ ਸਾਡੇ ਪਿੰਡ ਵਿੱਚ ਮਸ਼ਹੂਰ ਸੀ ਕਿ ਉਸ ਦੇ ਦੱਖਣ ਵਿੱਚ:

"ਤੁਹਾਨੂੰ ਅਜੀਬ ਕਿਸਮ ਦੇ ਲੋਕ ਮਿਲਣਗੇ। ਜ਼ਰਾ ਸੋਚੋ, ਉਹ ਕਦੇ ਵੀ ਨਹੀਂ ਸੋਂਦੇ।"

"ਤੇ ਉਹ ਕਿਉਂ ਨਹੀਂ ਸੋਂਦੇ?"

"ਕਿਉਂਕਿ ਉਹ ਕਦੇ ਥੱਕਦੇ ਨਹੀਂ।"

"ਤੇ ਉਹ ਥੱਕਦੇ ਕਿਉਂ ਨਹੀਂ?"

"ਕਿਉਂਕਿ ਉਹ ਬੇਵਕੂਫ਼ ਹਨ।"

"ਕੀ ਬੇਵਕੂਫ਼ ਥੱਕਦੇ ਨਹੀਂ ਹੁੰਦੇ?"

"ਬੇਵਕੂਫ਼ ਭਲਾ ਕਿਵੇਂ ਥੱਕ ਸਕਦੇ ਹਨ!"