ਅਨੁਵਾਦ:ਬਘਿਆੜ ਤੇ ਮੇਮਣਾ

ਵਿਕੀਸਰੋਤ ਤੋਂ

ਇੱਕ ਦਿਨ ਨਦੀ ਕੰਢੇ ਪਾਣੀ ਪੀ ਰਹੇ ਮੇਮਣੇ ਨੂੰ ਇੱਕ ਬਘਿਆੜ ਨੇ ਖਾਣ ਤੋਂ ਪਹਿਲਾਂ ਕੋਈ ਬਹਾਨਾ ਬਣਾਉਣ ਦੇ ਮਨਸ਼ੇ ਨਾਲ ਕਿਹਾ, ”ਤੂੰ ਮੇਰਾ ਸਾਰਾ ਪਾਣੀ ਜੂਠਾ ਤੇ ਗੰਧਲਾ ਕਰ ਦਿੱਤਾ ਹੈ। ਹੁਣ ਮੈਂ ਕਿਵੇਂ ਪਾਣੀ ਪੀਵਾਂ।”

“ਜਨਾਬ ਪਾਣੀ ਤਾਂ ਤੁਹਾਡੇ ਵਲੋਂ ਮੇਰੇ ਵਲ ਨੂੰ ਆ ਰਿਹਾ ਹੈ, ਮੈਂ ਤੁਹਾਡਾ ਪਾਣੀ ਕਿਵੇਂ ਗੰਧਲਾ ਕਰ ਸਕਦਾ ਹਾਂ।” ਮੇਮਣੇ ਨੇ ਨਿਮਰਤਾਪੂਰਵਕ ਜਵਾਬ ਦਿੱਤਾ। “ਤੂੰ ਪਿਛਲੇ ਸਾਲ ਇਨ੍ਹੀਂ ਦਿਨੀਂ ਮੈਂਨੂੰ ਗਾਲ਼੍ਹਾਂ ਕੱਢੀਆਂ ਸੀ” ਬਘਿਆੜ ਨੇ ਨਵਾਂ ਬਹਾਨਾ ਘੜਿਆ।

“ਜਨਾਬ, ਮੈਂ ਤਾਂ ਪਿਛਲੇ ਸਾਲ ਜੰਮਿਆਂ ਵੀ ਨਹੀਂ ਸੀ, ਮੈਂ ਤਾਂ ਅਜੇ ਮਸਾਂ ਛੇ ਮਹੀਨੇ ਦਾ ਹੋਇਆ ਹਾਂ। ” ਲੇਲਾ ਡਰਦਾ ਡਰਦਾ ਬੋਲਿਆ।

”ਮੂਰਖ! ਤੂੰ ਇੱਕਦਮ ਆਪਣੇ ਬਾਪ ਵਰਗਾ ਹੈ। ਠੀਕ ਹੈ, ਜੇਕਰ ਤੂੰ ਨਹੀਂ ਕਢੀਆਂ ਸੀ ਤਾਂ ਫਿਰ ਉਹ ਤੇਰਾ ਬਾਪ ਹੋਵੇਗਾ। ਫਿਰ ਵੀ ਮੈਂ ਤੈਨੂੰ ਨਹੀਂ ਛੱਡਣਾ। ਮੈਂ ਤੇਰੇ ਨਾਲ ਬਹਿਸ ਵਿੱਚ ਹਾਰਨ ਕਰਕੇ ਆਪਣਾ ਭੋਜਨ ਨਹੀਂ ਛੱਡ ਸਕਦਾ।”

ਇਹ ਕਹਿਕੇ ਬਘਿਆੜ ਮੇਮਣੇ ਤੇ ਟੁੱਟ ਪਿਆ ।