ਅਨੁਵਾਦ:ਮੁਜਰਿਮ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਇੱਕ ਨੌਜਵਾਨ ਸੜਕ ਕਿਨਾਰੇ ਬੈਠਾ, ਭੀਖ ਮੰਗ ਰਿਹਾ ਸੀ। ਤਕੜਾ ਨੌਜਵਾਨ, ਜਿਸਨੂੰ ਭੁੱਖ ਨੇ ਬਦਹਾਲ ਕਰ ਦਿੱਤਾ ਸੀ, ਅਤੇ ਉਹ ਆਉਣ ਜਾਣ ਵਾਲਿਆਂ ਦੇ ਸਾਹਮਣੇ ਹੱਥ ਅੱਡੀ ਬੈਠਾ ਸੀ, ਮਿੰਨਤਾਂ ਕਰਦਾ ਗਿੜਗੜਾ ਕੇ ਸਵਾਲ ਪਾ ਰਿਹਾ ਸੀ, ਆਪਣੀ ਜ਼ਿੱਲਤ ਅਤੇ ਬਦਬਖ਼ਤੀ ਦੀ ਕਹਾਣੀ ਦੋਹਰਾ ਰਿਹਾ ਸੀ, ਭੁੱਖ ਦੀਆਂ ਤਕਲੀਫਾਂ ਦਾ ਦੁਖੜਾ ਰੋ ਰਿਹਾ ਸੀ।

ਫਿਰ ਰਾਤ ਨੇ ਆਪਣਾ ਝੰਡਾ ਗੱਡ ਦਿੱਤਾ। ਨੌਜਵਾਨ ਦੇ ਬੁੱਲ੍ਹ ਖੁਸ਼ਕ ਹੋ ਗਏ ਅਤੇ ਜ਼ਬਾਨ ਜਖ਼ਮੀ, ਲੇਕਿਨ ਹੱਥ ਢਿੱਡ ਦੀ ਤਰ੍ਹਾਂ ਖ਼ਾਲੀ ਹੀ ਰਹੇ। ਉਹ ਉਠਿਆ ਅਤੇ ਸ਼ਹਿਰ ਦੇ ਬਾਹਰ ਨਿਕਲ ਗਿਆ। ਉੱਥੇ ਦਰਖਤਾਂ ਦੇ ਝੁੰਡ ਹੇਠ ਬੈਠ ਕੇ ਉਹ ਭੁੱਬੀਂ ਰੋਣ ਲਗਾ। ਇਸ ਦੇ ਬਾਅਦ ਉਸਨੇ ਆਪਣੀਆਂ ਅੱਖਾਂ ਅਸਮਾਨ ਵੱਲ ਉਠਾਈਆਂ, ਜਿਨ੍ਹਾਂ ਉੱਤੇ ਹੰਝੂਆਂ ਦਾ ਪਰਦਾ ਪਿਆ ਹੋਇਆ ਸੀ ਅਤੇ ਭੁੱਖ ਉਸਦੀਆਂ ਆਂਦਰਾਂ ਨੋਚ ਰਹੀ ਸੀ। ਉਸ ਨੇ ਕਿਹਾ:

"ਮੇਰਿਆ ਰੱਬਾ, ਮੈਂ ਸੇਠ ਦੇ ਕੋਲ ਕੰਮ ਦੀ ਤਲਾਸ਼ ਵਿੱਚ ਗਿਆ, ਲੇਕਿਨ ਮੇਰੇ ਬਦਨ ਉੱਤੇ ਟਾਕੀਆਂ ਲੱਗੇ ਕੱਪੜੇ ਵੇਖਕੇ ਉਸਨੇ ਮੈਨੂੰ ਭਜਾ ਦਿੱਤਾ। ਮੈਂ ਸਕੂਲ ਦਾ ਦਰਵਾਜ਼ਾ ਖਟਖਟਾਇਆ, ਪਰ ਹੱਥ ਖ਼ਾਲੀ ਹੋਣ ਕਰਕੇ ਮੈਨੂੰ ਦਾਖ਼ਲਾ ਨਾ ਦਿੱਤਾ ਗਿਆ। ਸਿਰਫ ਦੋ ਵਕ਼ਤ ਦੀ ਰੋਟੀ ਉੱਤੇ ਮੈਂ ਨੌਕਰੀ ਕਰਨੀ ਚਾਹੀ, ਲੇਕਿਨ ਮੇਰੀ ਬਦਕਿਸਮਤੀ ਕਿ ਇਸ ਤੋਂ ਵੀ ਮਹਿਰੂਮ ਰਿਹਾ।

ਮਜਬੂਰ ਹੋ ਕੇ ਭੀਖ ਮੰਗਣ ਦੀ ਕੋਸ਼ਿਸ਼ ਕੀਤੀ, ਪਰ ਐ ਰਬ! ਤੇਰੇ ਬੰਦਿਆਂ ਨੇ ਮੇਰੀ ਵੱਲ ਵੇਖਿਆ ਅਤੇ ਇਹ ਕਹਿ ਕੇ ਅੱਗੇ ਵੱਧ ਗਏ ਕਿ ਇਹ ਹੱਟਾਕੱਟਾ ਮੁਸ਼ਟੰਡਾ ਹੈ। ਅਜਿਹੇ ਹੱਡ ਹਰਾਮ ਨੂੰ ਭੀਖ ਦੇਣਾ ਠੀਕ ਨਹੀਂ।

"ਐ ਰੱਬ! ਮੈਨੂੰ ਮੇਰੀ ਮਾਂ ਨੇ ਤੇਰੇ ਹੁਕਮ ਨਾਲ ਜਣਿਆ ਅਤੇ ਹੁਣ ਮੈਂ ਤੇਰੇ ਵਜੂਦ ਦੀ ਬਿਨਾਂ ਉੱਤੇ ਜ਼ਿੰਦਾ ਹਾਂ। ਫਿਰ ਲੋਕ ਮੈਨੂੰ ਰੋਟੀ ਦਾ ਟੁਕੜਾ ਕਿਉਂ ਨਹੀਂ ਦਿੰਦੇ, ਜਦੋਂ ਕਿ ਮੈਂ ਤੇਰੇ ਨਾਮ ਉੱਤੇ ਮੰਗਦਾ ਹਾਂ। ਹੁਣ ਧਰਤੀ ਮੈਨੂੰ ਅੰਤ ਤੋਂ ਪਹਿਲਾਂ ਤੇਰੇ ਕੋਲ ਵਾਪਸ ਭੇਜ ਰਹੀ ਹੈ।"

ਦਿਲਗੀਰ ਨੌਜਵਾਨ ਦੇ ਚਿਹਰੇ ਦੇ ਹਾਵਭਾਵ ਬਦਲ ਗਏ ਅਤੇ ਅੱਖਾਂ ਅੰਗਿਆਰਾਂ ਦੀ ਤਰ੍ਹਾਂ ਦਗਣ ਲੱਗੀ। ਉਹ ਉਠਿਆ ਅਤੇ ਸੁੱਕੀਆਂ ਟਾਹਣੀਆਂ ਵਿੱਚੋਂ ਇੱਕ ਮੋਟੀ ਟਾਹਣੀ ਉਠਾ ਲਈ, ਫਿਰ ਉਸਨੇ ਸ਼ਹਿਰ ਦੀ ਤਰਫ਼ ਇਸ਼ਾਰਾ ਕੀਤਾ ਅਤੇ ਬੁਲੰਦ ਅਵਾਜ਼ ਵਿੱਚ ਕੂਕਿਆ:

"ਮੈਂ ਅਵਾਜ਼ ਦੇ ਪੂਰੇ ਜ਼ੋਰ ਨਾਲ ਰੋਟੀ ਦੀ ਮੰਗ ਕੀਤੀ, ਪਰ ਮਿਲੀ ਨਹੀਂ। ਹੁਣ ਮੈਂ ਆਪਣੇ ਡੌਲਿਆਂ ਦੇ ਜ਼ੋਰ ਨਾਲ ਹਾਸਲ ਕਰਾਂਗਾ। ਮੈਂ ਮੁਹੱਬਤ ਦੇ ਨਾਮ ਉੱਤੇ ਰੋਟੀ ਮੰਗੀ, ਪਰ ਲੋਕੀ ਨੇ ਮੇਰੀ ਕੋਈ ਨਾ ਸੁਣੀ। ਹੁਣ ਮੈਂ ਬੁਰਾਈ ਦੇ ਨਾਮ ਉੱਤੇ ਰੋਟੀ ਹੀ ਨਹੀਂ ਸਗੋਂ ਬਹੁਤ ਕੁੱਝ ਇਸ ਕੋਲੋਂ ਲਵਾਂਗਾ ਅਤੇ ਇਹ ਦੇਣ ਉੱਤੇ ਮਜਬੂਰ ਹੋਵੇਗੀ!"

ਇੱਕ ਜ਼ਮਾਨਾ ਬੀਤ ਗਿਆ। ਨੌਜਵਾਨ ਗਹਿਣੇ ਲੁੱਟਣ ਲਈ ਬਰਾਬਰ ਗਰਦਨਾਂ ਕੱਟਦਾ ਅਤੇ ਆਪਣੇ ਲਾਲਚ ਦੇ ਮਹਿਲ ਉਸਾਰਨ ਲਈ ਰੂਹਾਂ ਦੀ ਹੱਤਿਆ ਕਰਦਾ ਰਿਹਾ। ਜੋ ਕੋਈ ਉਸ ਦੇ ਅੱਗੇ ਅੜਦਾ ਉਹ ਉਸ ਦਾ ਨਾਸ ਕਰ ਦਿੰਦਾ। ਇੱਥੇ ਤੱਕ ਕਿ ਉਸ ਨੇ ਬੇਸ਼ੁਮਾਰਦੀ ਦੌਲਤ ਇਕੱਤਰ ਕਰ ਲਈ ਅਤੇ ਇਸ ਨਾਲ ਉਸਨੇ ਹਾਕਮਾਂ ਵਿੱਚ ਆਪਣੀ ਚੰਗੀ ਭੱਲ ਬਣਾ ਲਈ। ਸਾਥੀ ਉਸ ਦੀਆਂ ਸਿਫਤਾਂ ਦੇ ਪੁਲ ਬੰਨ੍ਹਣ ਲੱਗੇ। ਦੇਸ਼ ਦੇ ਡਾਕੂ ਉਸ ਨਾਲ ਖੁੰਦਕ ਰੱਖਣ ਲੱਗੇ ਅਤੇ ਲੋਕ ਉਸ ਦੇ ਨਾਮ ਤੋਂ ਡਰਨ ਲੱਗੇ।

ਬਾਦਸ਼ਾਹ ਨੇ ਉਸ ਸ਼ਹਿਰ ਵਿੱਚ ਉਸਨੂੰ ਆਪਣਾ ਨਾਇਬ ਬਣਾ ਲਿਆ ਅਤੇ ਹਾਕਮ ਹਲਕਿਆਂ ਵਿੱਚ ਉਸਦੀ ਦਹਿਸ਼ਤ ਦੀ ਚੜ੍ਹ ਮੱਚੀ। ਚੋਰੀ ਨੂੰ ਕਾਨੂੰਨੀ ਠਹਿਰਾਇਆ ਜਾਣ ਲੱਗਾ; ਅਧਿਕਾਰੀਆਂ ਨੇ ਜ਼ੁਲਮ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ; ਕਮਜ਼ੋਰਾਂ ਨੂੰ ਕੁਚਲਣਾ ਆਮ ਗੱਲ ਹੋ ਗਈ।

ਇਸ ਤਰ੍ਹਾਂ ਮਨੁੱਖਤਾ ਦੇ ਸੁਆਰਥ ਦੀ ਪਹਿਲੀ ਛੂਹ ਨਿਮਰ ਲੋਕਾਂ ਨੂੰ ਅਪਰਾਧੀ, ਅਤੇ ਸ਼ਾਂਤੀ ਦੇ ਪੁੱਤਰਾਂ ਨੂੰ ਹਤਿਆਰੇ ਬਣਾ ਦਿੰਦੀ ਹੈ; ਇਸ ਤਰ੍ਹਾਂ ਮਨੁੱਖਤਾ ਦਾ ਮੁਢਲਾ ਲਾਲਚ ਵਧਦਾ ਹੈ ਅਤੇ ਹਜ਼ਾਰਾਂ ਗੁਣਾ ਜ਼ੋਰ ਨਾਲ ਮਨੁੱਖਤਾ 'ਤੇ ਸੱਟ ਮਾਰਦਾ ਹੈ!