ਅੰਧੇਰੇ ਵਿਚ/ਅੰਧਕਾਰ ਵਿਚ ਆਲੋਕ
ਅੰਧਕਾਰ ਵਿਚ ਆਲੋਕ
੧.
ਬਹੁਤ ਦਿਨਾਂ ਦੀ ਗੱਲ ਹੈ, ਜਦ ਚੌਧਰੀ ਇਕ ਜ਼ਿਮੀਂਦਾਰ ਦਾ ਲੜਕਾ ਸੀ। ਜਦ ਉਹ ਬੀ. ਏ. ਪਾਸ ਕਰਕੇ ਘਰ ਮੁੜਿਆ ਤਾਂ ਉਸਦੀ ਮਾਂ ਨੇ ਆਖਿਆ, 'ਪੁਤ੍ਰ ਉਹ ਲੜਕੀ ਬਹੁਤ ਹੀ ਲੰਮੀ ਹੈ, ਜੇ ਮੇਰੀ ਗੱਲ ਮੰਨੇ ਤਾਂ ਇਕ ਵਾਰੀ ਆਪ ਜਾ ਕੇ ਵੇਖ ਆਵੇਂ।'
ਸਤੇਂਦ੍ਰ ਨੇ ਆਖਿਆ,'ਨਹੀਂ ਮਾਂ ਅਜੇ ਮੈਥੋਂ ਇਹ ਨਹੀਂ ਹੋ ਸਕਣਾ। ਜੇ ਮੈਂ ਹੁਣੇ ਹੀ ਇਹਨਾਂ ਵਿਹਾਰਾਂ ਵਿਚ ਪੈ ਗਿਆ ਤਾਂ ਮੈਥੋਂ ਇਮਤਿਹਾਨ ਨਹੀਂ ਪਾਸ ਹੋ ਸਕਣਾ।'
ਮਾਂ ਨੇ ਆਖਿਆ, 'ਕਿਉਂ ਨਹੀਂ ਹੋ ਸਕਣਾ? ਵਹੁਟੀ ਮੇਰੇ ਕੋਲ ਰਹੇਗੀ ਤੇ ਤੇਰੀ ਪੜ੍ਹਾਈ ਲਿਖਾਈ ਕਲਕੱਤੇ ਹੋਵੇਗੀ। ਮੈਂ ਤਾਂ ਨਹੀਂ ਸਮਝ ਸਕਦੀ ਕਿ ਵਿਆਹ ਹੋ ਜਾਣ ਨਾਲ ਤੇਰੀ ਪੜ੍ਹਾਈ ਵਿਚ ਕੀ ਰੋਕ ਪੈ ਜਾਇਗੀ।'
ਸਤੇਂਦ੍ਰ ਨੇ ਆਖਿਆ,'ਨਹੀਂ ਮਾਂ ਅਜੇ ਮੇਰੇ ਪਾਸ ਵਕਤ ਨਹੀਂ ਹੈ।'
ਇਹ ਆਖ ਕੇ ਸਤੇਂਦ੍ਰ ਬਾਹਰ ਜਾ ਰਿਹਾ ਸੀ ਕਿ ਮਾਂ ਨੇ ਫੇਰ ਆਖਿਆ,'ਜਾਹ ਨਾ ਖਲੋ ਜਾਹ ਇਕ ਗੱਲ ਹੋਰ ਕਰਨੀ ਹੈ।' ਫੇਰ ਕੁਝ ਝਕ ਝਕ ਕੇ ਕਹਿਣ ਲੱਗੀ, 'ਬੱਚਾ ਮੈਂ ਉਹਨਾਂ ਲੋਕਾਂ ਨੂੰ ਜ਼ਬਾਨ ਦੇ ਚੁੱਕੀ ਹਾਂ ਕੀ ਤੂੰ ਮੇਰੀ ਗੱਲ ਨਹੀਂ ਮਨੇਂਗਾ?'
ਸਤੇਂਦ੍ਰ ਕੁਝ ਨਾਰਾਜ਼ ਜਿਹਾ ਹੋਕੇ ਖੜਾ ਹੋ ਗਿਆ ਤੇ ਕਹਿਣ ਲੱਗਾ, 'ਮੇਰੇ ਪੁਛੇ ਬਿਨਾਂ ਉਹਨਾਂ ਨੂੰ ਕਿਉਂ ਜੁਬਾਨ ਦਿੱਤੀ ਜੇ?
ਲੜਕੇ ਦੀਆਂ ਗੱਲਾਂ ਸੁਣ ਕੇ ਮਾਂ ਨੂੰ ਬੜਾ ਦੁਖ ਹੋ ਗਿਆ। ਉਸਨੇ ਆਖਿਆ, 'ਖੈਰ ਮੈਂ ਭੁਲ ਗਈ ਪਰ ਹੁਣ ਤੈਨੂੰ ਤਾਂ ਆਪਣੀ ਮਾਂ ਦੀ ਗੱਲ ਰੱਖਣੀ ਪਏਗੀ ਨਾ?' ਇਸਤੇ ਬਿਨਾਂ ਉਹ ਰੰਡੀ ਦੀ ਕੁੜੀ ਬਹੁਤ ਔਖੀ ਹੈ, ਬੱਚਾ ਮੇਰੀ ਗੱਲ ਮੰਨ ਜਾ।'
'ਚੰਗਾ ਫੇਰ ਸਹੀ।' ਆਖ ਕੇ ਸਤੇਂਦ੍ਰ ਬਾਹਰ ਚਲਿਆ ਗਿਆ। ਮਾਂ ਕਈ ਚਿਰ ਤੱਕ ਚੁਪ ਚਾਪ ਉਥੇ ਖੜ੍ਹੀ ਰਹੀ। ਇਹੋ ਉਸਦਾ ਇਕ ਬੱਚਾ ਸੀ। ਸੱਤ ਅੱਠ ਸਾਲ ਹੋਏ ਸੁਆਮੀ ਜੀ ਕਾਲ ਵੱਸ ਹੋ ਚੁਕੇ ਸਨ। ਉਸ ਵੇਲੇ ਤੋਂ ਹੀ ਵਿਚਾਰੇ ਗੁਮਾਸ਼ਤਿਆਂ ਤੇ ਕਰਿੰਦਿਆਂ ਨਾਲ ਆਪਣੀ ਏਡੀ ਵੱਡੀ ਜ਼ਿਮੀਂਦਾਰੀ ਨੂੰ ਚਲਾਉਂਦੀ ਆਈ ਹੈ। ਬੱਚਾ ਕਲਕੱਤੇ ਕਿਸੇ ਕਾਲਜ ਵਿਚ ਪੜ੍ਹਦਾ ਸੀ। ਉਹਨੂੰ ਆਪਣੀ ਜ਼ਿਮੀਂਦਾਰੀ ਦਾ ਕੋਈ ਵੀ ਫਿਕਰ ਨਹੀਂ ਸੀ ਕਰਨਾ ਪੈਂਦਾ। ਵਿਧਵਾ ਨੇ ਆਪਣੇ ਮਨ ਵਿਚ ਸੋਚਿਆ ਹੋਇਆ ਸੀ ਕਿ ਜਦ ਲੜਕਾ ਵਕਾਲਤ ਪਾਸ ਕਰ ਲਏਗਾ ਮੈਂ ਉਸਦਾ ਵਿਆਹ ਕਰ ਦਿਆਂਗੀ, ਫੇਰ ਆਪਣੇ ਪੁਤ੍ਰ ਜਾਂ ਪੋਤਰੇ ਤੇ ਨੋਂਹ ਤੇ ਸਾਰੇ ਘਰ ਦੀ ਜ਼ੁਮੇਵਾਰੀ ਪਾਕੇ ਮੈਂ ਨਿਸਚਿੰਤ ਹੋ ਜਾਊਂਗੀ। ਉਹਨੇ ਇਹ ਵੀ ਸੋਚਿਆ ਸੀ ਕਿ ਇਸਤੋਂ ਪਹਿਲਾਂ ਮੈਂ ਆਪਣੇ ਲੜਕੇ ਨੂੰ ਟੱਬਰ ਦਾਰੀ ਦੇ ਜਾਲ ਵਿਚ ਫਸਾ ਕੇ ਉਸਦੀ ਉੱਚ ਸਿਖਿਆ ਵਿਚ ਰੋੜ ਨ ਅਟਕਾਊਂਗੀ। ਪਰ ਵਿਚ ਹੀ ਹੋਰ ਗੱਲ ਹੋ ਗਈ। ਸੁਆਮੀ ਦੇ ਮਰਨ ਤੋਂ ਪਿੱਛੋਂ ਏਨੇ ਦਿਨਾਂ ਵਿਚ ਕੋਈ ਕਰਮ ਕਾਜ ਨਹੀਂ ਹੋਇਆ ਸੀ। ਉਸ ਦਿਨ ਕਿਸੇ ਵਰਤ ਦੇ ਕਰਕੇ ਸਾਰੇ ਪਿੰਡ ਦਿਆਂ ਲੋਕਾਂ ਨੂੰ ਰੋਟੀ ਆਖੀ ਗਈ ਸੀ। ਇਸ ਮੌਕੇ ਤੇ ਸੁਰਗਵਾਸੀ 'ਅਤੁਲ ਚੰਦ੍ਰ' ਦੀ ਵਹੁਟੀ ਵੀ ਆਪਣੀ ਗਿਆਰਾਂ ਸਾਲ ਦੀ ਲੜਕੀ ਨੂੰ ਲੈ ਕੇ ਆਈ ਸੀ। ਲੜਕੀ ਉਸਨੂੰ ਬਹੁਤ ਪਸੰਦ ਆਈ ਸੀ। ਉਹ ਨਿਰੀ ਪੁਰੀ ਸੋਹਣੀ ਹੀ ਨਹੀਂ ਸੀ, ਸਗੋਂ ਹੋਰ ਵੀ ਕਈ ਗੁਣਾਂ ਦੀ ਪੁਤਲੀ ਸੀ। ਇਹ ਸਭ ਕੁਝ ਸਤੇਂਦ ਦੀ ਮਾਂ ਨੂੰ ਕੁੜੀ ਨਾਲ ਗੱਲਾਂ ਕਰਦੀ ਨੂੰ ਮਲੂਮ ਹੋ ਗਿਆ ਸੀ।
ਉਸ ਵੇਲੇ ਉਸਨੇ ਆਪਣੇ ਮਨ ਵਿਚ ਆਖਿਆ ਸੀ, ਕਿ ਮੈਂ ਜਰਾ ਆਪਣੇ ਲੜਕੇ ਨੂੰ ਇਹ ਲੜਕੀ ਵਖਾ ਤਾਂ ਲਵਾਂ। ਫੇਰ ਵੇਖਾਂ ਗੀ ਕਿ ਉਹ ਭਲਾ ਇਸਨੂੰ ਕਿਦਾਂ ਨਾ ਪਸੰਦ ਕਰਦਾ ਹੈ।
ਦੂਸਰੇ ਦਿਨ ਜਦ ਸਤੇਂਦ੍ਰ, ਕੁਝ ਖਾਣ ਵਾਸਤੇ ਮਾਂ ਦੇ ਕਮਰੇ ਵਿਚ ਪਹੁੰਚਾ ਤਾਂ ਬਹੁਤ ਹੀ ਹੈਰਾਨ ਰਹਿ ਗਿਆ। ਉਸਨੇ ਵੇਖਿਆ ਕਿ ਉਸਦੀ ਖਾਣ ਵਾਲੀ ਥਾਂ ਦੇ ਠੀਕ ਸਾਹਮਣੇ ਹੀਰੇ ਮਾਣਕ ਤੇ ਮੋਤੀਆਂ ਨਾਲ ਲੱਦੀ ਹੋਈ ਕੋਈ ਬੈਕੁੰਠ ਦੀ ਲਛਮੀ ਬੈਠੀ ਹੈ।
'ਮਾਂ ਨੇ ਵੀ ਕਮਰੇ ਵਿਚ ਆ ਕੇ ਆਖਿਆ, ਖਾਣ ਵਾਸਤੇ ਬਹਿ ਜਾਓ।' ਸਤੇਂਦ੍ਰ, ਜਾਣੀਦਾ ਸੁੱਤਾ ਪਿਆ ਜਾਗਿਆ ਸੀ, ਉਹਨੇ ਕੁਝ ਬੜਬੜਾ ਕੇ ਆਖਿਆ, 'ਇੱਥੇ ਕਿਉਂ ਮੈਂ ਕਿਤੇ ਹੋਰ ਜਗਾ ਬਹਿਕੇ ਖਾ ਲਵਾਂਗਾ।'
ਮਾਂ ਨੇ ਆਖਿਆ, "ਤੂੰ ਸਚਮੁਚ ਵਿਆਹ ਤਾਂ ਕਰਵਾ ਨਹੀਂ ਰਿਹਾ। ਫੇਰ ਇਸ ਜਰਾ ਜਿੰਨੀ ਕੁੜੀ ਸਾਹਮਣੇ ਬੈਠਦਿਆਂ ਤੈਨੂੰ ਸੰਗ ਕਿਉਂ ਆਉਂਦੀ ਹੈ?
'ਮੈਂ ਕਿਸੇ ਕੋਲੋਂ ਨਹੀਂ ਸ਼ਰਮਾਉਂਦਾ' ਇਹ ਆਖਕੇ ਸਤੇਂਦ੍ਰ ਕੁਝ ਨਪਿਆ ਘੁਟਿਆ, ਜਿਹਾ ਹੋਕੇ ਬਹਿ ਕੇ ਖਾਣ ਲੱਗ ਪਿਆ। ਮਾਂ ਉਥੋਂ ਚਲੀ ਗਈ। ਸਤੇਂਦ੍ਰ ਦੋਂਹ ਹੀ ਮਿੰਟਾਂ ਵਿਚ ਛੇਤੀ ੨ ਰੋਟੀ ਉਗਲ ਨਿਗਲ ਕਰਕੇ ਉਥੋਂ ਚਲਿਆ ਗਿਆ।
ਆਪਣੀ ਬਾਹਰ ਵਾਲੀ ਬੈਠਕ ਵਿਚ ਜਾ ਕੇ ਉਸਨੇ ਵੇਖਿਆ ਕਿ ਏਨੇ ਚਿਰ ਨੂੰ ਉਸਦੇ ਕਈ ਮਿਤ੍ਰ ਵੀ ਪੁਜ ਪਏ ਹਨ। ਚੌਂਪੜ ਵਿੱਛੀ ਹੋਈ ਹੈ। ਉਹਨੇ ਪਹਿਲਾਂ ਹੀ ਆਪਣਾ ਇਰਾਦਾ ਦਸਦੇ ਹੋਏ ਨੇ ਕਿਹਾ, "ਮੈਂ ਕਿਸੇ ਤਰ੍ਹਾਂ ਨਹੀਂ ਬੈਠ ਸਕਦਾ।' ਮੇਰੇ ਸਿਰ ਵਿਚ ਬਹੁਤ ਦਰਦ ਹੋ ਰਹੀ ਹੈ। ਇਹ ਆਖਕੇ ਇਕ ਖੂੰਜੇ ਚਲਿਆ ਗਿਆ ਤੇ ਸਰਹਾਣੇ ਤੇ ਸਿਰ ਰੱਖ ਕੇ ਅੱਖਾਂ ਬੰਦ ਕਰਕੇ ਲੇਟ ਗਿਆ। ਦੋਸਤਾਂ ਨੂੰ ਮਨ ਹੀ ਮਨ ਵਿਚ ਹੈਰਾਨੀ ਹੋਈ। ਉਹਨਾਂ ਬੋਲਣ ਵਾਲਿਆਂ ਦੇ ਘਾਟੇ ਨੂੰ ਵੇਖਕੇ ਚੌਂਪੜ ਛੱਡਕੇ ਸਤਰੰਜ ਲਿਆ ਵਿਛਾਈ।
ਤਰਕਾਲਾਂ ਤੱਕ ਕਈ ਬਾਜੀਆਂ ਹਾਰੇ ਤੇ ਕਈ ਜਿੱਤੇ। ਕਈ ਗੱਪਾਂ ਸ਼ੱਪਾਂ ਵੀ ਵੱਜੀਆਂ ਪਰ ਸਤੇਂਦ੍ਰ ਨਾ ਤਾਂ ਇਕ ਵਾਰੀ ਵੀ ਆਪਣੇ ਥਾਉਂ ਉਠਿਆ ਤੇ ਨਾ ਹੀ ਉਸਨੇ ਕਿਸੇ ਪਾਸੋਂ ਪੁਛਿਆ ਕਿ ਕੌਣ ਹਾਰਿਆ ਹੈ ਤੇ ਕਿਹਦੀ ਜਿੱਤ ਹੋਈ ਹੈ ਅੱਜ ਉਹਨੂੰ ਇਹ ਸਾਰੀਆਂ ਗੱਲਾਂ ਚੰਗੀਆਂ ਨਹੀਂ ਸਨ ਲਗ ਰਹੀਆਂ।
ਜਦ ਉਸਦੇ ਮਿੱਤਰ ਚਲੇ ਗਏ ਤੇ ਉਹ ਸਿੱਧਾ ਆਪਣੇ ਸੌਣ ਵਾਲੇ ਕਮਰੇ ਵਲ ਜਾ ਰਿਹਾ ਸੀ ਤਾਂ ਮਾਂ ਨੇ ਪੁਛਿਆ, 'ਤੂੰ ਅਜ ਹੁਣੇ ਕਿਉਂ ਸੌਣ ਜਾ ਰਿਹਾ ਏਂ?'
ਸਤੇਂਦ੍ਰ ਨੇ ਆਖਿਆ, 'ਸੌਣ ਨਹੀਂ ਪੜ੍ਹਨ ਜਾ ਰਿਹਾ ਹਾਂ।' ਐਮ.ਏ ਦੀ ਪੜ੍ਹਾਈ ਕੋਈ ਮਾਮੂਲੀ ਜਹੀ ਨਹੀਂ ਹੁੰਦੀ। ਸਮਾਂ ਵੇਹਲ ਗਵਾਇਆਂ ਕੀ ਬਣੇਗਾ?'
ਇਹ ਆਖ ਕੇ ਉਹ ਦਬਾ ਦਬ ਉਪਰ ਚਲਿਆ ਗਿਆ।
ਅੱਧਾ ਘੰਟਾ ਲੰਘ ਗਿਆ ਪਰ ਉਸਨੇ ਇਕ ਸਤਰ ਵੀ ਨਹੀਂ ਪੜ੍ਹੀ। ਕਿਤਾਬ ਸਾਹਮਣੇ ਮੇਜ਼ ਤੇ ਖੁਲ੍ਹੀ ਪਈ
*ਬੰਗਾਲ ਵਿਚ ਇਹ ਰਿਵਾਜ ਹੈ ਕਿ ਜਦ ਕਿਸੇ ਦਾ ਵਿਆਹ ਹੋਣਾ ਹੁੰਦਾ ਹੈ ਤਾਂ ਉਹ ਆਪਣੇ ਗੂਹੜੇ ਮਿੱਤਰਾਂ ਨਾਲ ਹੋਣ ਵਾਲੀ ਵਹੁਟੀ ਨੂੰ ਵੇਖਦਾ ਹੈ, ਇਸ ਮੌਕੇ ਤੇ ਕਈ ਕਿਸਮ ਦੇ ਠੱਠੇ ਹੁੰਦੇ ਹਨ ਤੇ ਨਵੀਂ ਵਹੁਟੀ ਦੀ ਕਈ ਤਰ੍ਹਾਂ ਨਾਲ ਪ੍ਰੀਖਿਆ ਹੁੰਦੀ ਹੈ। ਇਸੇ ਕਰਕੇ ਉਨ੍ਹਾਂ ਦੇ ਮਿੱਤਰ ਇਥੇ ਇਕੱਠੇ ਹੋਏ ਸਨ ਤੇ ਉਹਨਾਂ ਦੇ ਖਿਆਲ ਸਮਝ ਕੇ ਸਤੇਂਦ੍ਰ ਨੇ ਬੀਮਾਰੀ ਦਾ ਬਹਾਨਾ ਕੀਤਾ ਸੀ।
'ਉਲਥਾਕਾਰ'
ਸਤੇਂਦ੍ਰ ਥੋੜ੍ਹਾ ਚਿਰ ਚੁਪ ਰਹਿ ਕੇ ਬੋਲਿਆ, ਕੀਹਦੀ ਮਾਂ ਨੇ ?'
ਲੜਕੀ ਨੇ ਆਖਿਆ, 'ਮੇਰੀ ਮਾਂ ਨੇ?'
ਸਤੇਂਦ੍ਰ ਨੂੰ ਇਸਦਾ ਕੋਈ ਜਵਾਬ ਨ ਮਿਲਿਆ, ਕੁਝ ਚਿਰ ਪਿਛੋਂ ਉਸਨੇ ਕਿਹਾ, 'ਮੇਰੀ ਮਾਂ ਨੂੰ ਪੁਛ ਲੈਣਾ ਉਹਨਾਂ ਪਾਸੋਂ ਪਤਾ ਲਗ ਜਾਏਗਾ।'
ਲੜਕੀ ਉਥੋਂ ਜਾਣ ਹੀ ਵਾਲੀ ਸੀ ਕਿ ਸਤੇਂਦ੍ਰ ਨੇ ਨੇ ਪੁਛ ਲਿਆ, 'ਤੇਰਾ ਨਾਂ ਕੀ ਹੈ?'
'ਮੇਰਾ ਨਾਂ ਰਾਧਾ ਰਾਣੀ ਹੈ!' ਇਹ ਆਖ ਕੇ ਲੜਕੀ ਚਲੀ ਗਈ।
੨.
ਉਸ ਗਿੱਠ ਕੁ ਰਾਧਾ ਰਾਣੀ ਦੇ ਧਿਆਨ ਤੋਂ ਪਿੱਛਾ ਛੁਡਾ ਕੇ, ਸਤੇਂਦ੍ਰ ਐਮ. ਏ. ਦੀ ਪੜ੍ਹਾਈ ਕਰਨ ਲਈ ਕਲਕੱਤੇ ਚਲਿਆ ਗਿਆ। ਉਹਨੇ ਪੱਕੀ ਪਕਾ ਲਈ ਕਿ ਜਦ ਤਕ ਕਾਲਜ ਦੀ ਪੜ੍ਹਾਈ ਖਤਮ ਨਹੀਂ ਹੋ ਜਾਂਦੀ ਮੈਂ ਵਿਆਹ ਨਹੀਂ ਕਰਾਵਾਂਗਾ, ਤੇ ਜੇ ਹੋ ਸੱਕਿਆ ਤਾਂ ਫੇਰ ਵੀ ਨਹੀਂ ਕਰਵਾਵਾਂਗਾ। ਕਿਉਂਕਿ ਉਹਦੇ ਖਿਆਲ ਵਿਚ ਗ੍ਰਹਿਸਥ ਦੇ ਝਗੜਿਆਂ ਵਿਚ ਪੈ ਕੇ ਆਦਮੀ ਦਾ ਸਨਮਾਨ ਨਸ਼ਟ ਹੋ ਜਾਂਦਾ ਹੈ। ਪਰ ਫੇਰ ਵੀ ਪਤਾ ਨਹੀਂ ਉਹਨੂੰ ਕੀ ਹੋਣ ਲਗ ਪੈਂਦਾ ਹੈ। ਉਹ ਜਦੋਂ ਵੀ ਕਿਸੇ ਔਰਤ ਨੂੰ ਵੇਖਦੇ, ਉਹਦੇ ਨਾਲ ਇਹੀ ਉਸ ਨੂੰ ਇਕ ਛੋਟੇ ਜਹੇ ਗੋਲ ਗੋਲ ਚਿਹਰੇ ਦਾ ਧਿਆਨ ਆ ਜਾਂਦਾ। ਇਹ ਛੋਟਾ ਜਿਹਾ ਚਿਹਰਾ ਵੱਡਾ ਹੋਕੇ, ਉਹਦੀਆਂ ਨਜ਼ਰਾਂ ਉਹਲਿਓਂ ਸਾਰੇ ਬ੍ਰਹਿਮੰਡ ਨੂੰ ਛੁਪਾ ਲੈਂਦਾ। ਏਦਾਂ ਤੋਂ ਹਜ਼ਾਰ ਯਤਨ ਕਰਨ ਤੇ ਵੀ ਉਸ ਲਖਸ਼ਮੀ ਦੀ ਮੂਰਤ ਨੂੰ ਦਿਲੋਂ ਭੁਲਾ ਨ ਸਕਿਆ। ਉਹ ਇਸਤ੍ਰਿਆਂ ਵਲੋਂ ਖੁਸ਼ਕ ਹੀ ਰਹਿੰਦਾ ਸੀ, ਪਰ ਹੁਣ ਪਤਾ ਨਹੀਂ ਉਹਨੂੰ ਕੀ ਹੋ ਗਿਆ ਸੀ ਕਿ ਜਦੋਂ ਵੀ ਉਹ ਕਿਸੇ ਮੁਟਿਆਰ ਨੂੰ ਦੇਖਦਾ, ਉਹਨੂੰ ਇਹੋ ਰੀਝ ਉਠਦੀ ਕਿ ਉਹਨੂੰ ਰੱਜ ਕੇ ਵੇਖ ਲਏ। ਸਾਰਾ ਜ਼ੋਰ ਲਾ ਕੇ ਵੀ ਉਹ ਆਪਣੀਆਂ ਅੱਖਾਂ ਨੂੰ ਉਸ ਵਲੋਂ ਨਾ ਹਟਾ ਸਕਦਾ ਵੇਖਦਿਆਂ ਵੇਖਦਿਆਂ, ਆਪੇ ਹੀ ਸ਼ਰਮ ਦੇ ਮਾਰਿਆਂ ਉਸ ਦਾ ਸਾਰਾ ਸਰੀਰ ਕੰਬ ਜਾਂਦਾ ਤੇ ਉਹ ਜਿਸ ਪਾਸੇ ਮਰਜ਼ੀ ਹੁੰਦੀ ਉਠ ਤੁਰਦਾ।
ਸਤੇਂਦ੍ਰ ਨੂੰ ਤਰਕੇ ਇਸ਼ਨਾਨ ਕਰਨ ਦਾ ਬਹੁਤ ਸ਼ੌਕ ਸੀ। ਉਸ ਦੇ ਚੋਰ ਬਾਗਾਨ ਵਾਲੇ ਮਕਾਨ ਤੋਂ ਗੰਗਾ ਦੂਰ ਨਹੀਂ ਸੀ। ਇਸੇ ਕਰਕੇ ਉਹ ਆਮ ਤੌਰ ਤੇ ਜਗਨ ਨਾਬ ਘਾਟ ਤੇ ਇਸ਼ਨਾਨ ਕਰਨ ਜਾਇਆ ਕਰਦਾ ਸੀ।
ਪੁੰਨਿਆਂ ਦਾ ਦਿਨ ਸੀ। ਘਾਟ ਤੇ ਕੁਝ ਭੀੜ ਹੋ ਰਹੀ ਸੀ। ਜਿਸ ਓੜੀਆ ਬ੍ਰਾਹਮਣ ਕੋਲ ਉਹ ਸੁਕੇ ਕਪੜੇ ਰਖਦਾ ਹੁੰਦਾ ਸੀ ਉਸੇ ਪਾਸੇ ਜਾਂਦਾ ਜਾਂਦਾ ਉਹ ਰੁਕ ਗਿਆ। ਉਹਨੇ ਵੇਖਿਆ ਕਿ ਚਾਰ ਪੰਜ ਆਦਮੀ ਕਿਸੇ ਪਾਸੇ ਨੂੰ ਵੇਖ ਰਹੇ ਹਨ। ਉਹਨਾਂ ਦੀਆਂ ਨਜ਼ਰਾਂ ਮਗਰ ਆਪਣੀ ਨਜ਼ਰ ਫੇਰ ਕੇ ਉਹ ਹੈਰਾਨ ਰਹਿ ਗਿਆ। ਉਸ ਨੂੰ ਮਲੂਮ ਹੋਇਆ ਕਿ ਓਸ ਨੇ ਅੱਜ ਤੱਕ ਐਹੋ ਜਹੀ ਇਸਤਰੀ ਕਦੇ ਵੇਖ ਹੀ ਨਹੀਂ। ਐਨਾ ਰੂਪ? ਉਹਦੀ ਉਮਰ ਕੋਈ ਅਠਾਰਾਂ ਉੱਨੀ ਸਾਲ ਦੀ ਹੋਵੇਗੀ। ਇਹ ਇਕ ਮਾਮੂਲੀ ਕਾਲੀ ਕੰਨੀ ਵਾਲੀ ਧੋਤੀ ਪਹਿਨੀ ਹੋਈ ਸੀ। ਉਹ ਦੇ ਸਾਰੇ ਸਰੀਰ ਤੇ ਕੋਈ ਗਹਿਣਾ ਨਹੀਂ ਸੀ। ਉਹ ਗੋਡਿਆਂ ਭਾਰ ਬੈਠੀ ਮੱਥੇ ਤੇ ਚੰਦਨ ਦਾ ਟਿੱਕਾ ਲਗਵਾ ਰਹੀ ਸੀ। ਉਹਦਾ ਜਾਣੂ ਪਛਾਣੂ ਪੰਡਾ ਉਹਦੇ ਸਾਰੇ ਮੱਥੇ ਤੇ ਨੱਕ ਤੇ ਚੰਦਨ ਦਾ ਲੇਪ ਕਰ ਰਿਹਾ ਸੀ।
ਸਤੇਂਦ੍ਰ ਕੋਲ ਜਾ ਖਲੋਤਾ। ਪੰਡੇ ਨੂੰ ਸਤੇਂਦ੍ਰ ਕੋਲੋਂ ਹੀ ਬਹੁਤੀ ਦਖਣਾ ਮਿਲਦੀ ਹੁੰਦੀ ਸੀ। ਇਸੇ ਕਰਕੇ ਉਸਨੇ ਉਸ ਸੁੰਦਰੀ ਦੇ ਮੂੰਹ ਦੀ ਖਾਤਰਦਾਰੀ ਛੱਡ ਕੇ ਇਸ ਦੇ ਸੁੱਕੇ ਕਪੜੇ ਫੜਨ ਲਈ ਹੱਥ ਅਗਾਹਾਂ ਕੀਤਾ।
ਦੋਹਾਂ ਦੀਆਂ ਅੱਖਾਂ ਮਿਲ ਗਈਆਂ । ਸਤੇਂਦ੍ਰ ਛੇਤੀ ਨਾਲ ਆਪਣੇ ਕਪੜੇ ਪੰਡੇ ਦੇ ਹੱਥ ਵਿਚ ਦੇਕੇ ਪਾਣੀ ਵਿਚ ਉੱਤਰ ਗਿਆ। ਅੱਜ ਉਹ ਤਰਿਆ ਨਹੀਂ ਨਾ ਹੀ ਹੋਰ ਖਰੂਦ ਕੀਤਾ ਹੈ। ਛੇਤੀ ਛੇਤੀ ਨ੍ਹਾ ਕੇ ਜਦ ਉਹ ਕਪੜੇ ਬਦਲਣ ਲਈ ਆਇਆ ਤਾਂ ਉਹ ਸੁੰਦਰੀ ਚਲੀ ਗਈ ਸੀ।
ਉਸ ਦਿਨ ਸਾਰੀ ਦਿਹਾੜੀ ਸਤੇਂਦ੍ਰ ਦਾ ਮਨ ਗੰਗਾ ਹੀ ਗੰਗਾ ਕਰਦਾ ਰਿਹਾ। ਦੂਜੇ ਦਿਨ ਅੱਜੇ ਸਵਖਤਾ ਹੀ ਸੀ ਕਿ ਉਸ ਨੂੰ ਗੰਗਾ ਮਾਤਾ ਨੇ ਏਸ ਤਰ੍ਹਾਂ ਆਪਣੀ ਵਲ ਖਿਚਿਆ ਕਿ ਉਹ ਸਿਰਫ ਇਕ ਧੋਤੀ ਲੈਕੇ ਹੀ ਗੰਗਾ ਜੀ ਦੇ ਦਰਸ਼ਨਾਂ ਨੂੰ ਆ ਹਾਜ਼ਰ ਹੋਇਆ। ਘਾਟ ਤੇ ਪੁਜ ਕੇ ਵੇਖਿਆ ਕਿ ਉਹ ਸੁੰਦਰੀ ਇਸ਼ਨਾਨ ਕਰਕੇ ਹੁਣੇ ਹੀ ਉਤੇ ਆਈ ਹੈ। ਜਦ ਸਤੇਂਦ੍ਰ ਆਪ ਇਸ਼ਨਾਨ ਕਰਨ ਪੰਡੇ ਕੋਲ ਪਹੁੰਚਾ ਤਾਂ ਉਹ ਸੁੰਦਰੀ ਪਹਿਲੇ ਦਿਨ ਵਾਂਗ ਹੀ ਪੰਡਤ ਪਾਸੋਂ ਮੱਥੇ ਨੂੰ ਚੰਦਨ ਲਗਵਾ ਰਹੀ ਸੀ। ਅਜ ਵੀ ਦੋਹਾਂ ਦੀਆਂ ਅੱਖਾਂ ਮਿਲੀਆਂ। ਉਹਦੇ ਸਾਰੇ ਸਰੀਰ ਵਿਚ ਬਿਜਲੀ ਫਿਰ ਗਈ ਤੇ ਉਹ ਛੇਤੀ ੨ ਕਪੜੇ ਬਦਲਕੇ ਚਲਦਾ ਹੋਇਆ।
੩
ਸਤੇਂਦ੍ਰ ਨੇ ਸਮਝ ਲਿਆ ਕਿ ਇਹ ਸੁੰਦਰੀ ਰੋਜ ਹੀ ਇਸ਼ਨਾਨ ਕਰਨ ਆਇਆ ਕਰਦੀ ਹੋਣੀ ਹੈ। ਅੱਜ ਤਕ ਮੈਂ ਉਸ ਨੂੰ ਨਹੀਂ ਵੇਖਿਆ, ਇਹਦੀ ਵਜ੍ਹਾ ਇਹ ਹੈ ਕਿ ਮੈਂ ਉਸ ਤੋਂ ਪਿਛੋਂ ਇਸ਼ਨਾਨ ਕਰਨ ਜਾਂਦਾ ਰਿਹਾ ਹਾਂ।
ਗੰਗਾ ਦੇ ਕੰਢੇ ਸੱਤਾਂ ਦਿਨਾਂ ਤੋਂ ਬਰਾਬਰ ਦੋਹਾਂ ਦੀਆਂ ਅੱਖਾਂ ਮਿਲ ਰਹੀਆਂ ਹਨ, ਪਰ ਅਜੇ ਤਕ ਕੋਈ ਗਲ ਬਾਤ ਨਹੀਂ ਹੋਈ। ਸਬੱਬ ਇਹ ਹੈ ਕਿ ਜਿਥੇ ਅੱਖਾਂ ਗੱਲਾਂ ਕਰਨ ਲਗ ਪੈਣ ਉਥੇ ਮੂੰਹ ਖੋਲ੍ਹਣ ਦੀ ਲੋੜ ਨਹੀਂ ਪੈਂਦੀ। ਉਹ ਸੁੰਦਰੀ ਭਾਵੇਂ ਕੋਈ ਹੋਵੇ, ਪਰ ਉਸਨੂੰ ਅੱਖਾਂ ਨਾਲ ਗੱਲਾਂ ਕਰਨ ਦਾ ਚੰਗਾ ਅਭਿਆਸ ਜਾਪਦਾ ਹੈ, ਇਸ ਵਿਦਿਆ ਵਿਚ ਉਹ ਪੂਰੀ ਉਸਤਾਦ ਹੈ, ਇਹ ਸਤੇਂਦ੍ਰ ਦੇ ਅੰਦਰਲੇ ਨੇ ਸਮਝ ਲਿਆ ਹੈ।
ਉਸ ਦਿਨ ਜਦ ਕਿ ਉਹ ਇਸ਼ਨਾਨ ਕਰਕੇ ਕਾਹਲੀ ੨ ਆਪਣੇ ਘਰ ਜਾ ਰਿਹਾ ਸੀ ਉਹਨੇ ਅਚਾਨਕ ਸੁਣਿਆਂ, 'ਜ਼ਰਾ ਗੱਲ ਤਾਂ ਸੁਣ?' ਜਾਂ ਉਸ ਨੇ ਸਿਰ ਉਠਾ ਕੇ ਵੇਖਿਆ ਤਾਂ ਕੀ ਵੇਖਦਾ ਹੈ ਕਿ ਰੇਲ ਦੇ ਦੂਜੇ ਪਾਸੇ ਉਹੋ ਸੁੰਦਰੀ ਖੜੀ ਹੈ। ਉਹਨੇ ਆਪਣੀ ਢਾਕੇ ਇਕ ਪਿੱਤਲ ਦੀ ਪਾਣੀ ਭਰੀ ਗਾਗਰ ਚੁਕੀ ਹੋਈ ਹੈ। ਖੱਬੇ ਹਥ ਵਿਚ ਗਿੱਲੀ ਧੋਤੀ ਹੈ। ਉਸਨੇ ਸਿਰ ਹਿਲਾ ਕੇ ਇਸ਼ਾਰੇ ਨਾਲ ਬੁਲਾਇਆ। ਸਤੇਂਦ੍ਰ ਲਾਂਭੇ ਚਾਂਭੇ ਵੇਖ ਕੇ ਉਸਦੇ ਪਾਸ ਜਾ ਖੜਾ ਹੋਇਆ। ਉਸ ਨੂੰ ਟੱਡੀਆਂ ਹੋਈਆਂ ਅੱਖਾਂ ਨਾਲ ਦੇਖ ਕੇ ਮਿੱਠੀ ਜਿਹੀ ਆਵਾਜ਼ ਵਿਚ ਆਖਿਆ, 'ਅੱਜ ਮੇਰੀ ਨੌਕਰਿਆਣੀ ਨਹੀਂ ਆਈ ਜੇ ਤੁਸੀ ਮੈਨੂੰ ਥੋੜੀ ਦੂਰ ਤੱਕ ਛਡ ਆਓ ਤਾਂ ਕੀ ਗਲ ਹੈ?' ਹਮੇਸ਼ਾ ਉਹ ਆਪਣੇ ਨਾਲ ਇਕ ਨੌਕਿਰਆਣੀ, ਲੈਕੇ ਆਉਂਦੀ ਹੁੰਦੀ ਸੀ, ਪਰ ਅਜ ਇਕੱਲੀ ਸੀ। ਸਤੇਂਦ੍ਰ ਦੇ ਮਨ ਵਿਚ ਵਿਚਾਰ ਆਈ ਕਿ ਇਹ ਠੀਕ ਨਹੀਂ ਹੈ। ਉਹਨੇ ਚਾਹਿਆ ਵੀ ਜਵਾਬ ਦੇ ਦੇਵੇ, ਪਰ ਹੌਂਸਲਾ ਨ ਪਿਆ। ਸੰਦਰੀ ਉਹਦੇ ਮਨ ਦਾ ਭਾਵ ਸਮਝ ਕੇ ਹੱਸੀ, ਇਹੋ ਜਹੀ ਹੱਸਣੀ ਜਿਸ ਨੂੰ ਆਉਂਦੀ ਹੈ, ਉਸਦੇ ਵਾਸਤੇ ਦੁਨੀਆਂ ਵਿਚ ਕੋਈ ਵੀ ਚੀਜ ਹਾਸਲ ਕਰਨੀ ਮੁਸ਼ਕਲ ਨਹੀਂ। ਸਤੇਂਦ੍ਰ ਛੇਤੀ ਹੀ ਚਲੋ ਆਖ ਕੇ ਉਹਦੇ ਪਿਛੇ ਤੁਰ ਪਿਆ। ਸੁੰਦਰੀ ਨੇ ਦੋ ਚਾਰ ਕਦਮ ਤੁਰ ਕੇ ਆਖਿਆ, ਨੌਕਿਰਆਣੀ ਬੀਮਾਰ ਹੈ। ਉਹ ਆ ਨਹੀਂ ਸਕਦੀ ਮੈਂ ਗੰਗਾ ਜੀ ਦੇ ਇਸ਼ਨਾਨ ਬਿਨਾਂ ਰਹਿ ਨਹੀਂ ਸਕਦੀ, ਤੇ ਮੈਂ ਇਹ ਵੇਖ ਰਹੀ ਹਾਂ ਕਿ ਤੁਹਾਨੂੰ ਵੀ ਇਹ ਖੋਟੀ ਆਦਤ ਪਈ ਹੋਈ ਹੈ।
ਸਤੇਂਦ੍ਰ ਨੇ ਧੀਰਜ ਨਾਲ ਆਖਿਆ,'ਹਾਂ ਜੀ ਮੈਂ ਵੀ ਰੋਜ਼ ਗੰਗਾ ਇਸ਼ਨਾਨ ਕਰਨ ਆਉਂਦਾ ਹਾਂ'।
'ਤੁਸੀਂ ਕਿਥੇ ਰਹਿੰਦੇ ਹੋ?'
'ਮੇਰਾ ਮਕਾਨ ਚੋਰਬਾਗਾਨ' ਵਿਚ ਹੈ।'
'ਮੇਰਾ ਮਕਾਨ ਜੌੜਾ ਸਾਂਕੂ ਵਿਚ ਹੈ। ਤੁਸੀਂ ਮੈਨੂੰ ਪਥਰੀਆ ਘਾਟ ਤਕ ਛਡ ਆਓ ਫੇਰ ਮੈਂ ਆਪੇ ਚਲੀ ਜਾਵਾਂਗੀ। ਤੁਸੀਂ ਵਡੀ ਸੜਕ ਥਾਣੀ ਚਲੇ ਜਾਣਾ।'
'ਚੰਗੀ ਗਲ ਹੈ।'
ਫੇਰ ਕਈ ਚਿਰ ਤਕ ਦੋਹਾਂ ਵਿਚ ਕੋਈ ਗਲ ਨਹੀਂ ਹੋਈ। ਚਿਤ ਪੁਰ ਵਾਲੀ ਸੜਕ ਤੇ ਪਹੁੰਚ ਕੇ ਉਹ ਇਸਤਰੀ ਫੇਰ ਮੁੜ ਕੇ ਖੜੀ ਹੋ ਗਈ ਤੇ ਫੇਰ ਓਹੋ ਹਾਸਾ ਹਸਦੀ ਹੋਈ ਬੋਲੀ, 'ਬੱਸ ਮੇਰਾ ਮਕਾਨ ਲਾਗੇ ਹੀ ਹੈ, ਹੁਣ ਤੁਸੀਂ ਜਾ ਸਕਦੇ ਹੋ, ਨਮਸਕਾਰ।'
ਸਤੇਂਦ੍ਰ ਨਮਸਕਾਰ ਕਰਕੇ ਨੀਵੀਂ ਪਾਈ ਛੇਤੀ ਨਾਲ ਚਲਿਆ ਗਿਆ। ਉਸ ਦਿਨ ਉਸਦੇ ਮਨ ਦੀ ਜੋ ਹਾਲਤ ਰਹੀ ਉਹ ਲਿਖ ਕੇ ਦਸਣੀ ਔਖੀ ਹੈ। ਇਹ ਹਾਲਤ ਓਹੋ ਹੀ ਜਾਣ ਸਕਣਗੇ ਜਿਨ੍ਹਾਂ ਨੂੰ ਉਠਦੀ ਜਵਾਨੀ ਵਿਚ ਹੀ ਕਾਮਦੇਵ ਦਾ ਨਾ ਸਹਾਰਿਆ ਜਾਣ ਵਾਲਾ ਬਾਣ ਸਹਾਰਨਾ ਪਿਆ ਹੈ। ਸਾਰੇ ਲੋਕ ਨਹੀਂ ਸਮਝ ਸਕਦੇ ਕਿ ਇਸ ਹਾਲਤ ਵਿਚ ਕਿਹੋ ਜਹੇ ਨਸ਼ੇ ਅੰਦਰ ਮਸਤ ਹੋਇਆ ਸਭ ਅਕਾਸ਼ ਤੇ ਪਤਾਲ ਕਿਸੇ ਅਨੋਖੇ ਹੀ ਰੰਗ ਵਿਚ ਰੰਗੇ ਹੋਏ ਨਜ਼ਰ ਆਇਆ ਕਰਦੇ ਹਨ। ਇਹ ਸਾਰੀ ਸਮਝ ਆਪਣੀ ਸਾਰੀ ਹੋਸ਼ ਗੁਆਕੇ, ਸਿਰਫ ਚਮਕ ਪੱਥਰ ਵਾਂਗੂੰ ਇਕ ਪਾਸੇ ਹੀ ਖਿੱਚ ਖਾਧਿਆਂ ਆਉਂਦੀ ਹੈ।
ਦੂਸਰੇ ਦਿਨ ਸਤੇਂਦ੍ਰ ਨੇ ਸਵੇਰੇ ਜਾਗ ਕੇ ਵੇਖਿਆ ਕਿ ਧੁੱਪ ਨਿਕਲ ਆਈ ਹੈ। ਇਕ ਠੰਡਾ ਹੌਕਾ, ਪੈਰਾਂ ਤੋਂ ਲੈਕੇ ਸਿਰ ਤਕ ਉਸ ਨੂੰ ਹਲੂਣਦਾ ਹੋਇਆ ਨਿਕਲ ਗਿਆ ਉਹਨੇ ਯਕੀਨ ਕਰ ਲਿਆ ਕਿ ਅਜ ਦਾ ਦਿਨ ਬੇਅਰਥ ਹੀ ਚਲਿਆ ਗਿਆ ਹੈ। ਨੌਕਰ ਸਾਹਮਣਿਓਂ ਜਾ ਰਿਹਾ ਸੀ। ਉਹਨੇ ਖੂਬ ਡਾਂਟ ਕੇ ਆਖਿਆ, "ਹਰਾਮ ਜ਼ਾਦੇ ਐਨਾਂ ਦਿਨ ਚੜ੍ਹ ਗਿਆ ਹੈ ਤੇ ਮੈਨੂੰ ਜਗਾਇਆ ਕਿਉਂ ਨਹੀਂ? ਤੈਨੂੰ ਇਕ ਰੁਪਿਆ ਜੁਰਮਾਨਾ ਕਰਦਾ ਹਾਂ।"
ਉਸ ਵਿਚਾਰੇ ਦੇ ਹੋਸ਼ ਹਵਾਸ਼ ਗੁੰਮ ਹੋ ਗਏ ਤੇ ਉਹ ਚੁੱਪ ਚਾਪ ਵੇਖਦਾ ਹੋਇਆ ਤੁਰ ਪਿਆ। ਸਤੇਂਦ੍ਰ ਬਿਨਾ ਕੋਈ ਹੋਰ ਕਪੜਾ ਲੈਣ ਦੇ ਹੀ ਗੁਸੇ ਨਾਲ ਘਰੋਂ ਚਲਿਆ ਗਿਆ।
ਬਾਹਰ ਜਾ ਕੇ ਉਸ ਨੇ ਇਕ ਗੱਡੀ ਕਰਾਏ ਲਈ। ਗੱਡੀ ਨੂੰ ਪਥਰੀਆ ਘਾਟ ਥਾਂਣੀ ਹੋ ਕੇ ਜਾਣ ਲਈ ਆਖਿਆ ਤੇ ਆਪ ਲਗ ਪਿਆ ਅੱਖਾਂ ਪਾੜ ਪਾੜ ਕੇ ਚੌਂਹ ਪਾਸੀਂ ਵੇਖਣ। ਜਦ ਉਸ ਨੇ ਗੰਗਾ ਘਾਟ ਤੇ ਜਾ ਕੇ ਵੇਖਿਆ ਤਾਂ ਉਹਦਾ ਸਾਰਾ ਗੁਸਾ ਸ਼ਾਂਤ ਹੋ ਗਿਆ। ਉਸ ਸਮਝ ਲਿਆ ਕਿ ਜਾਣੀ ਦਾ ਮੈਨੂੰ ਸੜਕ ਵਿਚੋਂ ਲਾਲ ਮਿਲ ਗਿਆ ਹੈ।
ਜਿਸ ਵੇਲੇ ਸਤੇਂਦ੍ਰ ਗਡੀਓਂ ਉਤਰਿਆ, ਉਸ ਰੋਜ਼ ਦੀ ਵਾਕਿਫ ਇਸਤਰੀ ਨੇ ਮੁਸਕਰਾ ਕੇ ਆਖਿਆ, 'ਅਜ ਤਾਂ ਤੁਸਾਂ ਬੜਾ ਚਿਰ ਲਾ ਦਿਤਾ ਹੈ। ਮੈਂ ਅੱਧੇ ਘੰਟੇ ਤੋਂ ਇਥੇ ਖਲੋਤੀ ਤੁਹਾਡਾ ਰਾਹ ਵੇਖ ਰਹੀ ਹਾਂ। ਛੇਤੀ ਇਸ਼ਨਾਨ ਕਰ ਲਓ ਅਜੇ ਵੀ ਮੇਰੀ ਨੌਕਰਿਆਣੀ ਨਹੀਂ ਆਈ।'
'ਬਸ ਇਕ ਮਿੰਟ ਹੋਰ ਖਲੋ ਜਾਓ।' ਆਖ ਕੇ ਸਤੇਂਦ੍ਰ ਨਦੀ ਵਿਚ ਉਤਰ ਗਿਆ। ਉਸ ਦਾ ਨੌਕਰ ਪਤਾ ਨਹੀਂ ਕਿੱਥੇ ਚਲਿਆ ਗਿਆ। ਉਹਨੇ ਛੇਤੀ ਛੇਤੀ ਪੰਜ ਸੱਤ ਚੁਬੇ ਲਾ ਕੇ ਬਾਹਰ ਨਿਕਲ ਕੇ ਆਖਿਆ, 'ਮੇਰੀ ਗੱਡੀ ਕਿੱਥੇ ਚਲੀ ਗਈ?'
ਸੁੰਦਰੀ ਨੇ ਆਖਿਆ, 'ਮੈਂ ਉਹਨੂੰ ਕਿਰਾਇਆ ਦੇ ਕੇ ਤੋਰ ਦਿਤਾ ਹੈ।'
'ਤੁਸਾਂ ਕਿਰਾਇਆ ਦਿੱਤਾ?'
'ਹਾਂ ਦੇ ਦਿਤਾ ਹੈ, ਚਲੋ।' ਇਹ ਆਖ ਕੇ ਉਹ ਇਕ ਵੇਰਾਂ ਫੇਰ ਮਨ ਮੋਹਣੀ ਹਾਸੀ ਹਸਦੀ ਹੋਈ ਅਗਾਂਹ ਨੂੰ ਤੁਰ ਪਈ।
ਸਤੇਂਦ੍ਰ ਇਕ ਵੇਰਾਂ ਹੀ ਆਪਣਾ ਦਿਲ ਦੇ ਬੈਠਾ ਸੀ ਨਹੀਂ ਤਾਂ ਉਹਨੂੰ ਜ਼ਰੂਰ ਇਹ ਸੁਝਦੀ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਹੈ?
ਰਾਹ ਜਾਂਦਿਆਂ ਜਾਂਦਿਆਂ ਸੁੰਦਰੀ ਨੇ ਕਿਹਾ, ਤੁਸੀਂ ਆਪਣਾ ਮਕਾਨ ਕਿੱਥੇ ਦਸਿਆ ਹੈ? ਚੋਰਬਾਗਾਨ ਵਿਚ?
"ਹਾਂ।"
'ਕੀ ਉਥੇ ਸਿਰਫ ਚੋਰ ਹੀ ਚੋਰ ਰਹਿੰਦੇ ਹਨ ?'
ਸਤੇਂਦ੍ਰ ਨੇ ਹੈਰਾਨ ਹੌਕੇ ਪੁਛਿਆ, 'ਕਿਉਂ?'
'ਤੁਸੀਂ ਵੀ ਤਾਂ ਚੋਰਾਂ ਦੇ ਸਰਦਾਰ ਹੀ ਮਲੂਮ ਹੁੰਦੇ ਹੋ।'
ਇਹ ਆਖ ਕੇ ਸੁੰਦਰੀ ਆਪਣੀ ਧੌਣ ਨੂੰ ਟੇਢੀ ਕਰਕੇ ਇਸ਼ਾਰਾ ਕਰਦੀ ਹੋਈ ਫੇਰ ਚੁਪ ਚਾਪ ਹੰਸ ਦੀ ਚਾਲ ਚਲਣ ਲਗ ਪਈ। ਅੱਜ ਜੋ ਉਸ ਦੀ ਢਾਕ ਤੇ ਪਾਣੀ ਦੀ ਗਾਗਰ ਸੀ ਉਹ ਜ਼ਰਾ ਵੱਡੀ ਸੀ। ਉਹਦੇ ਵਿਚਲਾ ਪਾਣੀ ਛੁਲਕ ਛਲਕ ਕੇ ਆਖ ਰਿਹਾ ਸੀ, ਓ ਮੂਰਖ, ਨੌ ਜਵਾਨ ਤੂੰ ਸੰਭਲ ਜਾਹ, ਇਹ ਸਭ ਧੋਖਾ ਹੈ। ਇਸ ਤਰ੍ਹਾਂ ਇਹ ਜਲ ਉਛਲ ਉਛਲ ਕੇ ਕਦੇ ਗੁਝੇ ਇਸ਼ਾਰੇ ਤੇ ਕਦੇ ਨਿਰਾਦਰੀ ਕਰ ਰਿਹਾ ਸੀ।
ਮੋੜ ਦੇ ਕੋਲ ਜਾਕੇ ਸਤੇਂਦ੍ਰ ਨੇ ਸੰਗਦੇ ਸੰਗਦੇ ਨੇ ਆਖਿਆ, 'ਗੱਡੀ ਦਾ ਕਿਰਾਇਆ?' ਸੁੰਦਰੀ ਮੁੜ ਕੇ ਖਲੋ ਗਈ ਤੇ ਹੌਲੀ ਜਹੀ ਮਿੱਠੀ ਅਵਾਜ਼ ਵਿਚ ਆਖਣ ਲੱਗੀ, 'ਇਹ ਸਭ ਤੁਹਾਡਾ ਹੀ ਦਿੱਤਾ ਹੋਇਆ ਤਾਂ ਹੈ।'
ਸਤੇਂਦ੍ਰ ਨੇ ਇਸ ਇਸ਼ਾਰੇ ਨੂੰ ਨਾ ਸਮਝ ਕੇ ਆਖਿਆ 'ਮੇਰਾ ਦਿਤਾ ਹੋਇਆ ਕਿਦਾਂ?'
'ਮੇਰੇ ਕੋਲ ਹੁਣ ਕੁਝ ਆਪਣਾ ਹੈ ਈ ਨਹੀਂ। ਜੋ ਕੁਝ ਮੇਰੇ ਕੋਲ ਸੀ ਉਹ ਤਾਂ ਤੁਸਾਂ ਪਹਿਲੋਂ ਹੀ ਮੇਰੇ ਪਾਸੋਂ ਡਾਕਾ ਮਾਰ ਕੇ ਖੋਹ ਲਿਆ ਹੈ।'
ਇਹ ਆਖ ਕੇ ਉਸ ਨੇ ਛੇਤੀ ਨਾਲ ਹੀ ਮੂੰਹ ਫੇਰ ਲਿਆ। ਜਾਣੀ ਦੀ ਉਹ ਆਪਣੇ ਬਦੋ ਬਦੀ ਦੇ ਹਾਸੇ ਨੂੰ ਰੋਕ ਰਹੀ ਸੀ।
ਇਹ ਦ੍ਰਿਸ਼ ਸਤੇਂਦ੍ਰ ਨੇ ਨਹੀਂ ਸੀ ਵੇਖਿਆ। ਇਸੇ ਕਰਕੇ ਇਸ ਚੋਰੀ ਦੇ ਨਖਰੇ ਨੇ ਉਸ ਦੇ ਦਿਲ ਨੂੰ ਟੁਕੜੇ ਟੁਕੜੇ ਕਰ ਸੁਟਿਆ ਸੀ। ਉਸ ਦਾ ਜੀ ਕਰਦਾ ਸੀ ਕਿ ਮੈਂ ਇਸ ਵੇਲੇ ਹੀ ਸਭ ਦੇ ਸਾਹਮਣੇ ਹੀ ਇਸ ਦੇ ਮੈਂਹਦੀ ਰੰਗੇ ਹੱਥਾਂ ਨੂੰ ਚੁੰਮ ਲਵਾਂ ਪਰ ਮਾਰੇ ਸ਼ਰਮ ਦੇ ਉਹ ਏਦਾਂ ਨਾ ਕਰ ਸਕਿਆ ਤੇ ਚੁਪ ਚਾਪ ਨੀਵੀਂ ਪਾਈ ਚਲਿਆ ਗਿਆ।
ਸੁੰਦਰੀ ਦੀ ਆਗਿਆ ਨਾਲ ਨੌਕਰਿਆਣੀ ਫੁੱਟ ਪਾਥ ਤੇ ਖਲੋਤੀ ਰਾਹ ਵੇਖ ਰਹੀ ਸੀ। ਉਹ ਪਾਸ ਆਕੇ ਕਹਿਣ ਲੱਗੀ, 'ਤੂੰ ਇਸ ਵਿਚਾਰੇ ਨੂੰ ਕਿਉਂ ਇਸ ਤਰ੍ਹਾਂ ਨਚਾਉਂਦੀ, ਫਿਰਦੀ ਏਂ, ਇਸ ਕੋਲ ਕੁਝ ਹੈ ਵੀ, ਤੈਨੂੰ ਚਾਰ ਪੈਸੇ ਮਿਲ ਵੀ ਜਾਣਗੇ?'
ਸੁੰਦਰੀ ਨੇ ਆਖਿਆ, ਇਹਦਾ ਤਾਂ ਮੈਨੂੰ ਪਤਾ ਨਹੀਂ, ਪਰ ਇਹੋ ਜਿਹੇ ਬੇਵਕੂਫਾਂ ਦੀ ਨੱਕ ਵਿਚ ਨਕੇਲ ਪਾ ਕੇ ਮੈਨੂੰ ਭੁਆਂਟਣੀਆਂ ਦੇਣ ਵਿਚ ਬੜਾ ਸੁਆਦ ਆਉਂਦਾ ਹੈ।
ਨੌਕਰਿਆਣੀ ਨੇ ਕੁਝ ਚਿਰ ਹੱਸਦੀ ਹੋਈ ਨੇ ਆਖਿਆ, ਠੀਕ ਹੈ, ਜੋ ਤੂੰ ਚਾਹੇਂ ਕਰ ਸਕਦੀ ਏਂ, ਪਰ ਇਹ ਵੇਖਣ ਨੂੰ ਤਾਂ ਰਾਜੇ ਦਾ ਮੁੰਡਾ ਮਲੂਮ ਹੁੰਦਾ ਹੈ। ਕਿਆ ਸੁਹਣਾ ਚਿਹਰਾ ਮੋਹਰਾ ਹੈ, ਰੰਗ ਵੀ ਕੋਈ ਮਾੜਾ ਨਹੀਂ ਤੇ ਫੇਰ ਤੇਰਾ ਹਾਣ ਪ੍ਰਮਾਨ ਵੀ ਹੈ। ਜੋੜੀ ਚੰਗੀ ਬਣੇਗੀ। ਜਦੋਂ ਤੂੰ ਖਲੋਤੀ ਹੋਈ ਉਹਦੇ ਨਾਲ ਗੱਲ ਕਰ ਰਹੀ ਸਾਏਂ, ਤਾਂ ਇਉਂ ਮਲੂੰਮ ਹੁੰਦਾ ਸੀ ਕਿ ਜਾਣੀ ਦਾ ਗੁਲਾਬ ਦੇ ਦੋ ਫੁਲ ਖਿੜੇ ਹੋਏ ਹਨ।
ਸੁੰਦਰੀ ਨੇ ਆਖਿਆ, "ਚਲ! ਜੇ ਬਹੁਤਾ ਪਸੰਦ ਈ ਤਾਂ ਤੂੰ ਹੀ ਸਾਂਭ ਲਈਂ।" ਪਰ ਨੌਕਰਿਆਣੀ ਵੀ ਕੋਈ ਘੱਟ ਨਹੀਂ ਸੀ ਉਸਨੇ ਜਵਾਬ ਦਿਤਾ, "ਤੂੰ ਇਹ ਦਾਣਾ ਜੀਉਂਦੀ ਜਾਨੇ ਕਿਸੇ ਨੂੰ ਨਹੀਂ ਦੇ ਸਕੇਂਗੀ, ਮੈਂ ਇਹ ਲਿਖ ਦੇਂਦੀ ਹਾਂ।"
(੪.)
"ਗਿਆਨੀਆਂ ਦਾ ਕਹਿਣਾ ਹੈ ਕਿ ਅੱਖੀਂ ਵੇਖੀ ਹੋਈ ਅਨਹੋਣੀ ਘਟਨਾ ਵੀ ਕਿਸੇ ਨੂੰ ਨਹੀਂ ਦਸਣੀ ਚਾਹੀਦੀ।" ਸਬੱਬ ਇਹ ਕਿ ਅਗਿਆਨੀ ਉਸਨੂੰ ਮੰਨਦੇ ਨਹੀਂ। ਇਸੇ ਕਸੂਰ ਕਰ ਕੇ ਵਿਚਾਰੇ ਸੀਮੰਤ ਨੂੰ ਮੜ੍ਹੀਆਂ ਵਿਚ ਡੇਰੇ ਲਾਉਣੇ ਪਏ ਸੀ। ਇਹ ਗੱਲ ਠੀਕ ਹੈ ਕਿ ਉਸ ਦਿਨ ਘਰ ਆਕੇ ਸਤੇਂਦ੍ਰ ਨੇ 'ਟੈਨੀਸਨ' ਦੀਆਂ ਕਵਿਤਾਵਾਂ ਪੜ੍ਹੀਆਂ ਸਨ ਤੇ 'ਡਾਨ ਜੁਆਨ' ਦੇ ਬੰਗਲੇ ਦਾ ਉਲਥਾ ਕਰਨ ਬੈਠਾ ਸੀ। ਉਹ ਐਨਾ ਸਿਆਣਾ ਹੋ ਗਿਆ ਸੀ, ਪਰ ਫੇਰ ਵੀ ਪਤਾ ਨਹੀਂ ਸੀ ਲਗਦਾ ਕਿ ਦਿਨ ਦਿਹਾੜੇ ਆਮ ਲੋਕਾਂ ਦੇ ਸਾਹਮਣੇ, ਰਾਹ ਵਿਚ ਇਹ ਪ੍ਰੇਮ ਖੇਡਾਂ ਖੇਡਣ ਵਾਲੀ ਕੌਣ ਹੈ। ਇਹ ਪ੍ਰੇਮ ਲਹਿਰਾਂ ਕਿਉਂ ਵਹਾਈਆਂ ਜਾ ਰਹੀਆਂ ਹਨ? ਇਹਨਾਂ ਪ੍ਰੇਮ ਲਹਿਰਾਂ ਵਿਚ ਗਰਕ ਹੋਣ ਨਾਲ ਉਹਦਾ ਟਿਕਾਣਾ ਕਿਥੇ ਹੈ?
ਦੋ ਦਿਨਾਂ ਪਿਛੋਂ ਜਦ ਦੋਵੇਂ ਜੀ ਇਸ਼ਨਾਨ ਕਰਕੇ ਵਾਪਸ ਆ ਰਹੇ ਸੀ ਤਾਂ ਉਸ ਰੋਜ਼ ਦੀ ਮੇਲਣ ਨੇ ਆਖਿਆ, “ਕਲ ਰਾਤ ਨੂੰ ਮੈਂ ਥੀਏਟਰ ਵੇਖਣ ਗਈ ਸਾਂ, ਵਿਚਾਰੀ ਸਰਲਾ ਦਾ ਦੁਖ ਵੇਖ ਕੇ ਮੇਰੀ ਛਾਤੀ ਫੱੱਟ ਰਹੀ ਸੀ।"
ਸਤੇਂਦ੍ਰ ਨੇ ਸਰਲਾ ਦਾ ਖੇਲ ਨਹੀਂ ਵੇਖਿਆ ਸੀ। ਪਰ ਹਾਂ ਇਸਦਾ ਪਲਾਟ ਜ਼ਰੂਰ ਪੜ੍ਹਿਆ ਸੀ। ਇਸ ਕਰਕੇ ਹੌਲੀ ਜਿਹੀ ਆਖਿਆ ਹਾਂ ਵਿਚਾਰੀ ਬੜੀ ਔਖੀ ਹੋਕੇ ਮਰੀ ਸੀ।
ਉਹਨੂੰ ਹੌਕਾ ਲੈਕੇ ਆਖਿਆ, "ਉਹਨੂੰ ਕਿੱਡਾ ਭਾਰੀ ਦੁਖ ਹੋਇਆ, ਕੋਈ ਹਿਸਾਬ ਨਹੀਂ। ਕੀ ਤੁਸੀਂ ਦਸ ਸਕਦੇ ਹੋ ਕਿ ਸਰਲਾ ਨੇ ਆਪਣੇ ਪਤੀ ਨੂੰ ਕਿਉਂ ਐਨਾ ਚਾਹਿਆ ਤੇ ਉਸਦੀ ਜਿਠਾਣੀ ਕਿਉਂ ਪ੍ਰੇਮ ਨਾ ਕਰ ਸਕੀ?"
ਸਤੇਂਦ੍ਰ ਨੇ ਛੋਟਾ ਜਿਹਾ ਜਵਾਬ ਦਿਤਾ, 'ਆਪਣਾ ਆਪਣਾ ਸੁਭਾ।'
'ਹਾਂ ਇਹੋ ਗਲ ਹੈ। ਵਿਆਹ ਤਾਂ ਸਾਰਿਆਂ ਦੇ ਹੁੰਦੇ ਹਨ, ਪਰ ਕੀ ਸਾਰੇ ਆਪੋ ਵਿਚ ਦੀ ਇਕੋ ਜਿਹਾ ਪਿਆਰ ਕਰ ਸਕਦੇ ਹਨ? ਕਈ ਲੋਕ ਐਹੋ ਜਿਹੇ ਹੁੰਦੇ ਹਨ ਜੋ ਮਰਦਿਆਂ ਤਕ ਵੀ ਨਹੀਂ ਸਮਝ ਸਕਦੇ ਕਿ ਪਿਆਰ ਕੀ ਚੀਜ਼ ਹੁੰਦਾ ਹੈ। ਉਹ ਜਾਣ ਵੀ ਨਹੀਂ ਸਕਦੇ। ਵੇਖਦੇ ਨਹੀਂ ਬਹੁਤ ਸਾਰੇ ਲੋਕ ਐਹੋ ਜਹੇ ਹੁੰਦੇ ਹਨ ਕਿ ਉਨ੍ਹਾਂ ਦੇ ਸਾਹਮਣੇ ਭਾਵੇਂ ਕਿਹਾ ਸੁਹਣਾ ਗੌਣਾ ਬਜੌਣਾ ਹੁੰਦਾ ਰਹੇ ਉਹ ਦਿਲ ਲਾਕੇ ਸੁਣ ਹੀ ਨਹੀਂ ਸਕਦੇ ਤੇ ਕਈ ਕਿਸੇ ਗਲੋਂ ਵੀ ਗੁਸਾ ਨਹੀਂ ਕਰਦੇ। ਲੋਕ ਉਹਨਾਂ ਦੀ ਬੜੀ ਵਡਿਆਈ ਕਰਦੇ ਹਨ, ਪਰ ਮੇਰਾ ਤਾਂ ਜੀ ਉਹਨਾਂ ਦੀ ਨਿੰਦਿਆ ਕਰਨ ਨੂੰ ਚਾਹੁੰਦਾ ਹੈ।
ਸਤੇਂਦ੍ਰ ਨੇ ਕੁਝ ਮੁਸਕਾਉਂਦੇ ਹੋਏ ਕਿਹਾ, "ਕਿਉਂ?"
ਸੁੰਦਰੀ ਨੇ ਆਖਿਆ, ਇਸ ਕਰਕੇ ਉਹ ਬਿਲਕੁਲ ਬੇਲੱਜੇ ਜਿਹੇ ਹੀ ਹੁੰਦੇ ਹਨ। ਬੇਲਜਿਆਂ ਵਿਚ ਜਿਨ੍ਹਾਂ ਦਾ ਖੂਨ ਕਦੇ ਵੀ ਗਰਮ ਨਾ ਹੋਵੇ, ਕਈ ਗੁਣ ਵੀ ਹੁੰਦੇ ਹੋਣਗੇ, ਪਰ ਔਗੁਣ ਬਹੁਤ ਜ਼ਿਆਦਾ ਹੁੰਦੇ ਹਨ। ਇਹ ਵੇਖੋ ਖਾਂ ਜਿੱਦਾਂ ਸਰਲਾ ਦਾ ਜੇਠ। ਇਸਤ੍ਰੀ ਤੇ ਐਸੇ ਜ਼ੁਲਮ ਹੋਣ ਤੇ ਵੀ ਉਸ ਨੂੰ ਕ੍ਰੋਧ ਨਹੀਂ ਆਇਆ।
ਸਤੇਂਦ੍ਰ ਚੁੱਪ ਹੋ ਰਿਹਾ। ਉਹ ਆਖਦੀ ਗਈ, ਉਹਨਾਂ ਦੀ ਇਸਤ੍ਰੀ ਪ੍ਰਮਦਾ ਵੀ ਕਿਹੋ ਜਿਹੀ ਸ਼ੈਤਾਨ ਸੀ। ਜੇ ਮੈਂ ਹੁੰਦੀ ਤਾਂ ਉਸ ਦਾ ਗਲ ਹੀ ਘੁਟ ਸੁਟਦੀ।'
ਸਤੇਂਦ੍ਰ ਨੇ ਹੱਸਕੇ ਆਖਿਆ 'ਪਰ ਤੂੰ ਹੁੰਦੀਉਂ ਕਿਸੇ ਤਰ੍ਹਾਂ? ਪ੍ਰਮਦਾ ਨਾਮ ਵਾਲੀ ਸੱਚ ਮੁਚ ਤਾਂ ਕੋਈ ਜ਼ਨਾਨੀ ਹੈ ਨਹੀਂ ਸੀ। ਉਹ ਤਾਂ ਕਵੀ ਦੀ ਕਲਪਣਾ ਸੀ।'
ਸੁੰਦਰੀ ਨੇ ਵਿਚੋਂ ਹੀ ਟੋਕਕੇ ਆਖਿਆ, 'ਚੰਗਾ ਸਾਰੇ ਹੀ ਇਸ ਤਰ੍ਹਾਂ ਆਖਦੇ ਹਨ ਕਿ ਸਾਰਿਆਂ ਮਨੁੱਖਾਂ ਦੇ ਅੰਦਰ ਅੰਤਰਯਾਮੀ ਭਗਵਾਨ ਹੈ। ਪਰ ਪ੍ਰਮਦਾ ਦਾ ਜੀਵਨ ਵੇਖਕੇ ਤਾਂ ਇਹ ਮਲੂਮ ਨਹੀਂ ਹੁੰਦਾ ਕਿ ਉਸ ਦੇ ਵਿਚ ਵੀ ਭਗਵਾਨ ਸੀ । ਮੈਂ ਸਚ ਆਖਦੀ ਹਾਂ ਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਵੱਡੇ ਆਦਮੀਆਂ ਦੀਆਂ ਕਿਤਾਬਾਂ ਪੜ੍ਹਕੇ ਲੋਕ ਭਲੇ ਬਣਨ, ਪਰ ਉਥੇ ਲਿਖਕੇ ਕੀ ਰੱਖ ਦਿਤਾ ਕਿ ਜਿਸ ਨੂੰ ਪੜ੍ਹਕੇ ਮਨੁਖ ਨੂੰ ਮਨੁਖ ਨਾਲੋਂ ਨਫਰਤ ਪੈਦਾ ਹੋ ਜਾਏ, ਤੇ ਇਹ ਗਲ ਮੰਨਣ ਵਿਚ ਹੀ ਨਾ ਆਵੇ ਕਿ ਸਾਰਿਆਂ ਦੇ ਅੰਦਰ ਭਗਵਾਨ ਦੀ ਜੋਤ ਹੈ।
ਸਤੇਂਦ੍ਰ ਨੇ ਉਹਦੇ ਮੂੰਹ ਵਲ ਵੇਖਦਿਆਂ ਹੋਇਆਂ ਕਿਹਾ, 'ਮੈਂ ਵੇਖਦਾ ਹਾਂ ਕਿ ਤੁਸੀ ਬੜੀਆਂ ਕਿਤਾਬਾਂ ਪੜ੍ਹਦੇ ਹੋ।'
ਸੁੰਦਰੀ ਨੇ ਆਖਿਆ, 'ਅੰਗ੍ਰੇਜ਼ੀ ਤਾਂ ਆਉਂਦੀ ਨਹੀਂ, ਪਰ ਬੰਗਾਲੀ ਵਿਚ ਜਿਤਨੀਆਂ ਕਿਤਾਬਾਂ ਨਿਕਲਦੀਆਂ ਹਨ ਸਭ ਪੜ੍ਹ ਲੈਂਦੀ ਹਾਂ। ਇਹੋ ਤਾਂ ਵਡੀ ਸੜਕ ਹੈ। ਮੇਰੇ ਮਕਾਨ ਤੇ ਚਲੋ ਨਾ, ਮੈਂ ਤੁਹਾਨੂੰ ਸਾਰੀਆਂ ਕਿਤਾਬਾਂ ਵਿਖਾਉਂਦੀ ਹਾਂ।'
ਸਤੇਂਦ੍ਰ ਨੇ ਚੌਂਕ ਕੇ ਆਖਿਆ, 'ਤੁਹਾਡੇ ਮਕਾਨ ਤੇ?'
ਉਹ ਆਖਣ ਲੱਗੀ, 'ਹਾਂ ਮੇਰੇ ਮਕਾਨ ਤੇ ਚਲੋਂ ਤੁਹਾਨੂੰ ਚਲਣਾ ਹੀ ਪਵੇਗਾ।'
ਇਕ ਵੇਰਾਂ ਹੀ ਸਤੇਂਦ੍ਰ ਦਾ ਚਿਹਰਾ ਪੀਲਾ ਪੈ ਗਿਆ ਉਸ ਡਰਦੇ ਮਾਰੇ ਕਿਹਾ, 'ਨਹੀਂ ਨਹੀਂ।'
ਉਹਨੇ ਆਖਿਆ, 'ਨਹੀਂ ਜ਼ਰੂਰ ਚੱਲੋ!'
'ਨਹੀਂ ਅਜ ਨਹੀਂ, ਅੱਜ ਜਾਣ ਦਿਹ।' ਇਹ ਆਖ ਕੇ ਸਤੇਂਦ੍ਰ ਕੰਬਦਾ ਹੋਇਆ ਛੇਤੀ ੨ ਤੁਰ ਪਿਆ। ਅਜ ਉਹਨੂੰ ਆਪਣੀ ਪਿਆਰੀ ਤੇ ਬਹੁਤ ਸਰਧਾ ਹੋ ਗਈ ਸੀ। ਇਸ ਭਾਰ ਨਾਲ ਉਹਦੀ ਧੌਣ ਉਤੇ ਨਹੀਂ ਸੀ ਉਠਦੀ ਤੇ ਹਿਰਦਾ ਪ੍ਰੇਮ ਨਾਲ ਭਰਿਆ ੨ ਮਲੂੰਮ ਦੇਂਦਾ ਸੀ।
੫
ਸਵੇਰੇ ਗੰਗਾ ਇਸ਼ਨਾਨ ਕਰਕੇ ਸਤੇਂਦ੍ਰ ਹੌਲੀ ੨ ਆਪਣੇ ਡੇਰੇ ਨੂੰ ਆ ਗਿਆ ਸੀ। ਉਸਦੀਆਂ ਅੱਖਾਂ ਜਲਹਾਰ ਹੋਈਆਂ ੨ ਸਨ। ਅੱਜ ਚਾਰ ਦਿਨਾਂ ਤੋਂ ਉਸ ਨੂੰ ਆਪਣੀ ਪਿਆਰੀ ਦੇ ਦਰਸ਼ਨ ਨਹੀਂ ਸਨ ਹੋ ਸਕੇ। ਕਿਉਂਕਿ ਅਜ ਕਲ ਉਹ ਗੰਗਾ ਇਸ਼ਨਾਨ ਕਰਨ ਨਹੀਂ ਸੀ ਆ ਰਹੀ।
ਏਧਰ ਪਤਾ ਨਹੀਂ ਉਸਨੇ ਅਕਾਸ਼ ਪਤਾਲ ਦੀਆਂ ਕੀ ਕੀ ਗੱਲਾਂ ਸੋਚ ਰਖੀਆਂ ਹਨ। ਕਦੇ ਕਦੇ ਉਸਦੇ ਮਨ ਵਿਚ ਇਹ ਬੁਰਾ ਖਿਆਲ ਵੀ ਪੈਦਾ ਹੁੰਦਾ ਕਿ ਜਾਣੇ ਰੱਬ ਕਿਤੇ ਮਰ ਹੀ ਨਾ ਗਈ ਹੋਵੇ। ਜਾਂ ਕਿਤੇ ਸੱਥਰ ਨ ਲੱਥੀ ਹੋਈ ਹੋਵੇ?
ਉਹ ਉਸ ਗਲੀ ਨੂੰ ਤਾਂ ਜਾਣਦਾ ਸੀ ਪਰ ਹੋਰ ਕੁਝ ਪਤਾ ਨਹੀਂ ਸੀ, ਉਹਦੇ ਮਕਾਨ ਦਾ ਉਸਨੂੰ ਕੋਈ ਖਿਆਲ ਨਹੀਂ ਸੀ। ਯਾਦ ਕਰ ਕਰ ਕੇ ਕਲੇਜਾ ਸੜ ਰਿਹਾ ਸੀ। ਕਿਉਂ ਨ ਮੈਂ ਉਸ ਦਿਨ ਨਾਲ ਜਾ ਕੇ ਮਕਾਨ ਵੇਖ ਆਇਆ? ਕਿਉਂ ਮੈਂ ਉਸ ਦਿਨ ਉਸਦੇ ਪਿਆਰ ਨੂੰ ਠੁਕਰਾ ਦਿਤਾ, ਉਸਨੂੰ ਸੱਚ ਮੁਚ ਹੀ ਪ੍ਰੇਮ ਹੋ ਗਿਆ ਸੀ, ਉਹ ਸਿਰਫ ਅੱਖਾਂ ਦਾ ਹੀ ਨਸ਼ਾ ਨਹੀਂ ਸੀ, ਹਿਰਦੇ ਦੀ ਸੱਚੀ ਪਿਆਸ ਸੀ। ਇਸ ਵਿਚ ਕਪਟ ਦੀ ਕੋਈ ਛਾਇਆ ਨਹੀਂ ਸੀ। ਜੋ ਕੁਝ ਵੀ ਸੀ ਉਹ ਬਿਲਕੁਲ ਹੀ ਸਚਾ ਪ੍ਰੇਮ ਸੀ।
'ਬਾਬੂ ਜੀ !'
ਸਤੇਂਦ੍ਰ ਨੇ ਅੱਭੜਵਾਹੇ ਵੇਖਿਆ? ਉਹੋ ਨੌਕਿਰਆਣੀ ਜੋ ਨਾਲ ਜਾਂਦੀ ਹੁੰਦੀ ਸੀ ਇਕ ਖਾਸੇ ਰਾਹ ਵਿਚ ਖਲੋਤੀ ਸੀ। ਸਤੇਂਦ੍ਰ ਘਬਰਾਇਆ ਹੋਇਆ ਉਹਦੇ ਕੋਲ ਗਿਆ ਤੇ ਕਹਿਣ ਲੱਗਾ,'ਉਹਨਾਂ ਨੂੰ ਕੀ ਹੋਇਆ ਹੈ?' ਇਹ ਆਖਦਿਆਂ ਹੀ ਉਸ ਦੇ ਅਥਰੂ ਵਗਣ ਲਗ ਪਏ। ਉਹ ਆਪਣੇ ਆਪ ਨੂੰ ਸੰਭਾਲ ਹੀ ਨਾ ਸਕਿਆ। ਨੌਕਰਿਆਣੀ ਨੇ ਸਿਰ ਨੀਵਾਂ ਪਾਕੇ ਕਿਸੇ ਤਰ੍ਹਾਂ ਆਪਣਾ ਹਾਸਾ ਰੋਕਿਆ ਸਿਰ ਨੀਵਾਂ ਪਾਈ ਕਹਿਣ ਲਗੀ,'ਉਹਨਾਂ ਦੀ ਤਬੀਅਤ ਬਹੁਤ ਹੀ ਖਰਾਬ ਹੈ, ਉਹ ਤੁਹਾਨੂੰ ਵੇਖਣਾ ਚਾਹੁੰਦੇ ਹਨ।'
'ਚੰਗਾ ਚੱਲੋ।'
ਇਹ ਆਖ ਕੇ ਸਤੇਂਦ੍ਰ ਅੱਖਾਂ ਪੂੰਝਦਾ ਹੋਇਆ, ਉਸਦੇ ਪਿਛੇ ੨ ਤੁਰ ਪਿਆ, ਰਾਹ ਵਿਚ ਪੁਛਣ ਲੱਗਾ ਕੀ ਬੀਮਾਰੀ ਹੈ। ਕੀ ਤਕਲੀਫ ਬਹੁਤ ਵਧ ਗਈ ਹੈ?
ਨੌਕਿਰਆਣੀ ਨੇ ਆਖਿਆ,'ਨਹੀਂ ਕੋਈ ਵੱਡੀ ਬੀਮਾਰੀ ਤਾਂ ਨਹੀਂ ਸਿਰਫ ਬੁਖਾਰ ਹੀ ਹੈ। ਉਞ ਬੁਖਾਰ ਬਹੁਤ ਤੇਜ਼ ਹੈ।'
ਸਤੇਂਦ੍ਰ ਨੇ ਮਨ ਹੀ ਮਨ ਵਿਚ ਰਬ ਨੂੰ ਧਿਆਇਆ ਤੇ ਫੇਰ ਨੌਕਿਰਆਣੀ ਤੇ ਕੋਈ ਸਵਾਲ ਨਹੀਂ ਕੀਤਾ। ਮਕਾਨ ਦੇ ਸਾਹਮਣੇ ਪਹੁੰਚ ਕੇ ਵੇਖਿਆ, ਮਕਾਨ ਬਹੁਤ ਹੀ ਵੱਡਾ ਹੈ, ਉਹਦੇ ਦਰਵਾਜ਼ੇ ਤੇ ਇਕ ਭਈਆ ਬੈਠਾ ਉਂਘਲਾ ਰਿਹਾ ਹੈ। ਨੌਕਰਿਆਣੀ ਪਾਸੋਂ ਪੁਛਿਆ, ਕੀ ਉਹ ਮੇਰੇ ਜਾਣ ਨਾਲ ਉਹਨਾਂ ਦੇ ਪਿਤਾ ਜੀ ਤਾਂ ਗੁੱਸੇ ਨਹੀਂ ਹੋਣਗੇ ਕਿਉਂਕਿ ਉਹ ਮੈਨੂੰ ਜਾਣਦੇ ਨਹੀਂ।
ਨੌਕਿਰਆਣੀ ਨੇ ਆਖਿਆ, 'ਉਹਨਾਂ ਦਾ ਪਿਤਾ ਨਹੀਂ ਮਾਂ ਹੀ ਹੈ। ਪਰ ਉਹਨਾਂ ਵਾਂਗੂ ਉਹਨਾਂ ਦੀ ਮਾਂ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਹੈ?'
ਸਤੇਂਦ੍ਰ ਨੇ ਹੋਰ ਕੁਝ ਕਹਿਣ ਦੇ ਬਿਨਾਂ ਹੀ ਉਸ ਮਕਾਨ ਵਿਚ ਪੈਰ ਰਖਿਆ, ਪੌੜੀਆਂ ਚੜ੍ਹ ਕੇ ਤੀਜੀ ਛੱਤੇ ਜਾਕੇ ਵੇਖਿਆ ਕਿ ਬਰਾਬਰ ੨ ਤਿੰਨ ਕਮਰੇ ਹਨ। ਬਾਹਰੋਂ ਵੇਖਣ ਤੇ ਸਾਰੇ ਹੀ ਸੱਜੇ ਹੋਏ ਮਲੂੰਮ ਹੁੰਦੇ ਹਨ। ਨੁਕਰ ਵਾਲੇ ਕਮਰੇ ਵਿਚ ਜ਼ੋਰ ਨਾਲ ਹਾਸੇ ਠੱਠੇ ਤੇ ਤਬਲੇ ਸਾਰੰਗੀ ਦੀ ਅਵਾਜ਼ ਆ ਰਹੀ ਹੈ। ਨੌਕਰਿਆਣੀ ਨੇ ਹਥ ਨਾਲ ਇਸ਼ਾਰਾ ਕਰਕੇ ਆਖਿਆ,'ਇਹ ਕਮਰਾ ਹੈ ਅੰਦਰ ਜਾਓ।'
ਇਹ ਆਖ ਕੇ ਨੌਕਰਿਆਣੀ ਹੋਰ ਪਰਾਂਹ ਹੋਈ। ਉਸਨੇ ਦਰਵਾਜੇ ਦੇ ਪਰਦੇ ਨੂੰ ਹਥ ਨਾਲ ਅਗਾਂਹ ਕਰਦੀ ਹੋਈ ਨੇ ਕਿਹਾ, 'ਲੌ ਬਾਈ ਜੀ, ਇਹ ਜੇ ਤੁਹਾਡੇ......।'
ਕਮਰੇ ਵਿਚ ਜ਼ੋਰ ਦਾ ਗਿੱਧਾ ਪਿਆ ਤੇ ਰੌਲਾ ਪੈ ਗਿਆ। ਉਥੇ ਸਤੇਂਦ੍ਰ ਨੇ ਜੋ ਕੁਝ ਵੇਖਿਆ, ਉਸਦਾ ਸਿਰ ਚਕਰਾ ਗਿਆ। ਉਹਨੂੰ ਇਸ ਤਰ੍ਹਾਂ ਮਲੂੰਮ ਹੋਇਆ ਕਿ ਉਹ ਬੇਹੋਸ਼ ਹੋਕੇ ਡਿੱਗਣ ਹੀ ਲੱਗਾ ਹੈ, ਕਿਸੇ ਤਰ੍ਹਾਂ ਦਲੀਜ਼ ਨੂੰ ਫੜਕੇ ਤੇ ਬੂਹੇ ਦਾ ਸਹਾਰਾ ਲੈਕੇ ਉਹ ਉਥੇ ਹੀ ਬਹਿ ਗਿਆ।
ਉਸ ਕਮਰੇ ਵਿਚ ਇਕ ਮੋਟਾ ਜਿਹਾ ਗੱਦਾ ਵਿਛਿਆ ਹੋਇਆ ਸੀ। ਇਸ ਤੇ ਦੋ ਤਿੰਨ ਆਦਮੀ ਬੈਠੇ ਹੋਏ ਸਨ, ਜੋ ਵੇਖਣ ਨੂੰ ਬੜੇ ਸ਼ਰੀਫ ਮਲੂੰਮ ਹੁੰਦੇ ਸਨ। ਇਕ ਹਾਰਮੋਨੀਅਮ ਤੇ ਦੂਜਾ ਤਬਲਾ ਲਈ ਬੈਠਾ ਸੀ, ਇਕ ਆਦਮੀ ਖੂਬ ਮਜ਼ੇ ਨਾਲ ਸ਼ਰਾਬ ਪੀ ਰਿਹਾ ਸੀ, ਇਹ ਮਲੂੰਮ ਹੁੰਦਾ ਸੀ ਕਿ ਉਹ ਮੁਟਿਆਰ ਹੁਣੇ ਹੀ ਨੱਚ ਰਹੀ ਸੀ। ਉਹਦੇ ਪੈਰਾਂ ਨਾਲ ਘੁੰਗਰੂ ਬੱਨੇ ਹੋਏ ਸਨ ਸਾਰਾ ਸਰੀਰ ਗਹਿਣਿਆਂ ਨਾਲ ਸਜਿਆ ਹੋਇਆ ਸੀ, ਤੇ ਉਸ ਦੀਆਂ ਸ਼ਰਾਬੀ ਅੱਖਾਂ ਝੂਮ ਰਹੀਆਂ ਸਨ। ਉਹ ਛੇਤੀ ਨਾਲ ਸਤੇਂਦ੍ਰ ਦੇ ਕੋਲ ਆ ਗਈ ਤੇ ਹਥ ਫੜ ਕੇ ਖੂਬ ਹੱਸਦੀ ਹੋਈ ਬੋਲੀ,'ਵਾਹ ਮਿੱਤਰ, ਕਿਤੇ ਤੈਨੂੰ ਮਿਰਗੀ ਦਾ ਦੌਰਾ ਤੇ ਨਹੀਂ ਪੈਂਦਾ?' ਨਹੀਂ ਜੀ, ਹੁਣ ਮਖੋਲ ਨੂੰ ਤਾਂ ਇਕ ਪਾਸੇ ਰਹਿਣ ਦਿਓ। ਉਠੋ ਮੈਨੂੰ ਬੜਾ ਡਰ ਆਉਂਦਾ ਹੈ।
ਜਿਸ ਤਰ੍ਹਾਂ ਕੋਈ ਬੇਹੋਸ਼ ਆਦਮੀ ਕਿਸੇ ਜ਼ੋਰ ਦੀ ਸੱਟ ਵੱਜਣ ਤੇ ਜਾਂ ਚੋਟ ਖਾਣ ਤੇ ਇਕ ਵਾਰੀ ਚੌਂਕ ਉਠਦਾ ਹੈ, ਇਸ ਸੁੰਦਰੀ ਦੇ ਹੱਥਾਂ ਦੀ ਛੋਹ ਲੈਕੇ ਉਹ ਇਕ ਵਾਰੀ ਚੌਂਕ ਪਿਆ। ਸਿਰ ਤੋਂ ਪੈਰਾਂ ਤਕ ਇਕ ਕੰਬਣੀ ਆ ਗਈ।
ਸੁੰਦਰੀ ਨੇ ਆਖਿਆ, ਮੇਰਾ ਨਾਂ ਹੈ 'ਸ੍ਰੀ ਮਤੀ ਬਿਜਲੀ, ਤੁਹਾਡਾ ਨਾ ਸੁਧੂ ਜਾਂ ਬੁਧੁ ਹੈ?'
ਸਾਰੇ ਲੋਕੀ ਖੂਬ ਖਿੜ ਖਿੜਾ ਕੇ ਹੱਸ ਪਏ। ਉਹ ਨੌਕਰਿਆਣੀ ਤਾਂ ਹੱਸਦੀ ੨ ਜ਼ਮੀਨ ਤੇ ਹੀ ਲੇਟ ਗਈ। ਕਹਿਣ ਲੱਗੀ, 'ਵਾਹ ਬਾਈ ਜੀ ਤੁਸੀਂ ਵੀ ਤਾਂ ਖੂਬ ਬਣਾਉਣਾ ਜਾਣਦੇ ਹੋ।'
ਬਿਜਲੀ ਨੇ ਕੁਝ ਬਨਾਉਟੀ ਕ੍ਰੋਧ ਵਿਖਾ ਕੇ ਅਖਿਆ 'ਚੁਪ ਰਹੋ, ਬਹੁਤਾ ਵਧ ਵਧ ਕੇ ਗੱਲਾਂ ਨ ਕਰਦੀ ਜਾਹ'। ਫੇਰ ਸਤੇਂਦ੍ਰ ਨੂੰ ਆਖਿਆ, 'ਆਓ ਇਥੇ ਆ ਕੇ ਬਹਿ ਜਾਓ।' ਇਹ ਆਖ ਕੇ ਸਤੇਂਦ੍ਰ ਨੂੰ ਉਹ ਬਦੋ ਬਦੀ ਖਿਚ ਕੇ ਅੰਦਰ ਲੈ ਆਈ ਕੁਰਸੀ ਤੇ ਬਿਠਾ ਕੇ ਆਪ ਗੋਡਿਆਂ ਭਾਰ ਉਹਦੇ ਲਾਗੇ ਬਹਿ ਗਈ ਤੇ ਹੱਥ ਜੋੜ ਕੇ ਗਾਉਣ ਲੱਗ ਪਈ:-ਧੰਨ ਧੰਨ ਭਾਗ ਮੇਰੇ ਨੇ ਸੱਜਨਾ, ਚੰਦ ਮੁਖ ਵੇਖਿਆ ਤੇਰਾ। ਜੀਵਣ ਮੇਰਾ ਸਫਲ ਹੋ ਗਿਆ, ਹੋਇਆ ਦੂਰ ਹਨੇਰਾ। ਅਜ ਮੇਰਾ ਘਰ ਸੋਇਆ ਮਿਤ੍ਰ, ਅਜ ਮੇਰੀ ਦਿਹ ਸਫਲ ਹੋਈ, ਅਜ ਮੇਰੀ ਕਿਸਮਤ ਹੈ ਜਾਗੀ, ਪੈਰ ਪਿਆ ਹੈ ਤੇਰਾ। ਪੰਜ ਬਾਣ ਨਹੀਂ ਲੱਖਾਂ ਬਾਣ ਹੀ, ਪੌਣ ਮਦਨ ਦੇ ਛੱਡ ਰਹੀ, ਹੁਣ ਤਾਂ ਕਦੇ ਨ ਛੱਡਾਂ ਸੱਜਣਾ, ਲੜ ਫੜਿਆ ਹੈ ਤੇਰਾ।
ਉਸ ਆਦਮੀ ਨੇ ਜੋ ਸ਼ਰਾਬ ਪੀ ਰਿਹਾ ਸੀ, ਉਠ ਕੇ ਸਤੇਂਦ੍ਰ ਦੇ ਪੈਰਾਂ ਤੇ ਸਿਰ ਰੱਖ ਕੇ ਆਖਿਆ, ਮਹਾਰਾਜ ਮੈਂ ਬੜਾ ਪਾਪੀ ਹਾਂ, ਮੈਨੂੰ ਆਪਣੇ ਚਰਨਾ ਦੀ ਧੂੜ ਦਿਉ। ਉਹ ਨਸ਼ੇ ਵਿਚ ਚੂਰ ਹੋਇਆ ਰੋ ਰੋ ਕੇ ਇਹ ਆਖ ਰਿਹਾ ਸੀ।
ਅਚਣ-ਚੇਤ ਹੀ ਇਸ਼ਨਾਨ ਕਰਨ ਦੇ ਪਿੱਛੋਂ ਸਤੇਂਦ੍ਰ ਨੇ ਇਕ ਮੋਤੀ ਪਾਇਆ ਹੋਇਆ ਸੀ।
ਜਿਹੜਾ ਆਦਮੀ ਹਾਰਮੋਨਅਮ ਵਜਾ ਰਿਹਾ ਸੀ, ਉਹ ਹੁਣ ਤਕ ਕੁਝ ਹੋਸ਼ ਵਿਚ ਸੀ। ਉਹਨੇ ਕੁਝ ਹਮਦਰਦੀ ਵਿਖਾਉਂਦਿਆਂ ਹੋਇਆਂ ਕਿਹਾ, 'ਕਿਉਂ ਵਿਚਾਰੇ ਨੂੰ ਉੱਲ ਬਣਾਇਆ ਜਾ ਰਿਹਾ ਹੈ।'
ਬਿਜਲੀ ਨੇ ਹੱਸਦੀ ਹੋਈ ਨੇ ਆਖਿਆ, 'ਝੂਠ ਥੋੜਾ ਹੈ, ਇਹ ਠੀਕ ਹੀ ਤਾਂ ਹੈ, ਤਾਂ ਹੀ ਤਾਂ ਇਸ ਖੁਸ਼ੀ ਦੇ ਦਿਨ ਇਥੇ ਲਿਆ ਕੇ ਤੁਹਾਨੂੰ ਤਮਾਸ਼ਾ ਵਿਖਾ ਰਹੀ ਹਾਂ।' "ਅੱਛਾ ਬੁਧੂ ਮੇਰੇ ਸਿਰ ਦੀ ਕਸਮ ਹੈ ਸੱਚ ਦੱਸ ਦਿਹ ਕਿ ਤੂੰ ਮੈਨੂੰ ਕੀ ਸਮਝਿਆ ਸੀ? ਮੈਂ ਨਿਤ ਗੰਗਾ ਇਸ਼ਨਾਨ ਕਰਨ ਜਾਂਦੀ ਸਾਂ, ਮੈਨੂੰ ਵੇਖ ਕੇ ਤੈਨੂੰ ਇਹ ਸਮਝਣਾ ਚਾਹੀਦਾ ਸੀ ਕਿ ਮੈਂ ਨ ਤਾਂ ਬ੍ਰਹਿਮਣੀ ਹਾਂ ਤੇ ਨਾ ਹੀ ਮੁਸਲਮਾਨ। ਮੈਂ ਇਸਾਈ ਵੀ ਨਹੀਂ। ਹਿੰਦੂ ਘਰਾਣੇ ਦੀ ਐਡੀ ਵੱਡੀ ਲੜਕੀ ਹੋਣ ਕਰਕੇ ਤੁਹਾਨੂੰ ਜਰੂਰ ਖਿਆਲ ਕਰਨਾ ਚਾਹੀਦਾ ਸੀ ਕਿ ਮੈਂ ਜਾਂ ਸੁਹਾਗਣ ਹੋਵਾਂਗੀ ਜਾਂ ਰੰਡੀ। ਭਲਾ ਦੱਸੋ ਤਾਂ ਸਹੀ, ਕਿ ਫੇਰੇ ਤੁਸੀਂ ਕੀ ਸਮਝਕੇ - ਮੇਰੇ ਨਾਲ ਪ੍ਰੀਤ ਪਾ ਰਹੇ ਸੀ? ਕੀ ਮੇਰੇ ਨਾਲ ਵਿਆਹ ਕਰੌਣਾ ਚਾਹੁੰਦੇ ਸੀ ਜਾਂ ਉਸੇ ਤਰ੍ਹਾਂ ਹੀ ਕਿਸੇ ਪਾਸੇ ਲੈ ਜਾਣ ਦੀ ਸਲਾਹ ਸੀ?"
ਫੇਰ ਖੂਬ ਜ਼ੋਰ ਦਾ ਗਿੱਧਾ ਵੱਜਾ। ਉਸ ਤੋਂ ਪਿਛੋਂ ਸਾਰੇ ਜਣੇ ਇਕੱਠੇ ਹੋਕੇ ਪਤਾ ਨਹੀ ਕੀ ਕੀ ਕੁਝ ਆਖਣ ਲੱਗੇ। ਸਤੇਂਦ੍ਰ ਨੇ ਨਾ ਤਾਂ ਸਿਰ ਹੀ ਉਠਾਇਆ ਤੇ ਨਾ ਹੀ ਕਿਸੇ ਦਾ ਜਵਾਬ ਹੀ ਦਿਤਾ। ਉਹ ਮਨ ਹੀ ਮਨ ਵਿਚ ਪਤਾ ਨਹੀਂ ਕੀ ਸਮਝ ਰਿਹਾ ਸੀ, ਇਹ ਦੱਸ ਨਹੀਂ ਸੀ ਸਕਦਾ ਤੇ ਜੇ ਦੱਸ ਵੀ ਦੇਂਦਾ ਤਾਂ ਕੌਣ ਮੰਨਦਾ? ਖੈਰ ਇਹਨਾਂ ਗੱਲਾਂ ਵਿਚ ਕੀ ਪਿਆ ਹੈ।
ਬਿਜਲੀ ਇਕ ਵਾਰ ਹੀ ਹੈਰਾਨ ਜਹੀ ਹੋਕੇ ਉਠ ਬੈਠੀ। ਕਹਿਣ ਲੱਗੀ, 'ਵਾਹ ਮੈਂ ਵੀ ਤਾਂ ਬੜੀ ਵੱਧ ਹਾਂ। ਜਾਹ ਨੀ ਸ਼ਾਮਾ ਬਾਬੂ ਹੋਰਾਂ ਵਾਸਤੇ ਕੋਈ ਜਲ ਪਾਣੀ ਤਾਂ ਲਿਆ। ਵਿਚਾਰੇ ਇਸ਼ਨਾਨ ਕਰਕੇ ਆਏ ਹਨ ਤੇ ਮੈਂ ਹੁਣ ਤਕ ਸਿਰਫ ਮਖੌਲ ਹੀ ਕਰ ਰਹੀ ਹਾਂ।'
ਬੋਲਦਿਆਂ ੨ ਉਸਦੀ ਹਾਸੇ ਭਰੀ ਤੇ ਮਖੌਲ ਭਰੀਂ ਅਵਾਜ਼ ਸੱਚ ਮੁਚ ਹੀ ਮਧਮ ਪੈ ਗਈ ਤੇ ਬੜੀ ਮਿੱਠੀ ਜਹੀ ਤੇ ਕੋਮਲ ਹੋ ਗਈ।
ਥੋੜੇ ਹੀ ਚਿਰ ਵਿਚ ਨੌਕਰਿਆਣੀ ਨੇ ਇਕ ਥਾਲੀ ਵਿਚ ਜਲ ਪਾਣੀ ਤੇ ਹੋਰ ਛੱਕਣ ਛਕਾਉਣ ਦਾ ਸਾਮਾਨ ਲਿਆ ਕੇ ਸਾਹਮਣੇ ਧਰ ਦਿੱਤਾ। ਬਿਜਲੀ ਇਹ ਚੀਜ਼ਾਂ ਲੈਕੇ ਗੋਡਿਆਂ ਭਾਰ ਉਸਦੇ ਸਾਹਮਣੇ ਬਹਿ ਗਈ ਤੇ ਕਹਿਣ ਲੱਗੀ, 'ਚੰਗਾ ਹੁਣ ਮੂੰਹ ਉਤਾਂਹ ਕਰਕੇ ਕੁਝ ਖਾ ਤਾਂ ਲਓ।'
ਸਤੇਂਦ੍ਰ ਹੁਣ ਤਕ ਆਪਣੀ ਸਾਰੀ ਸ਼ਕਤੀ ਇਕੱਠੀ ਕਰਕੇ ਆਪਣੇ ਆਪ ਨੂੰ ਸੰਭਾਲ ਰਿਹਾ ਸੀ। ਉਸਨੇ ਸਾਨਤੀ ਨਾਲ ਜੁਵਾਬ ਦਿੱਤਾ, 'ਮੈਂ ਨਹੀਂ ਖਾਵਾਂਗਾ।'
'ਕਿਉਂ ਤੁਹਾਡੀ ਜ਼ਾਤ ਨੀਵੀ ਹੋ ਜਾਇਗੀ? ਮੈਂ ਕੋਈ ਮੋਚਣ ਜਾਂ ਭੰਗਣ ਥੋੜੀ ਹਾਂ?'
ਸਤੇਂਦ੍ਰ ਨੇ ਉਦਾਂ ਹੀ ਸ਼ਾਨਤੀ ਨਾਲ ਆਖਿਆ, 'ਜੇ ਤੁਸੀਂ ਉਹ ਹੁੰਦੇ ਤਾਂ ਮੈਂ ਜ਼ਰੂਰ ਖਾ ਲੈਂਦਾ, ਪਰ ਜੋ ਕੁਝ ਤੁਸੀਂ ਹੋ ਸੋਈ ਹੋ।' ਬਿਜਲੀ ਖੁਲ੍ਹ ਕੇ ਹੱਸੀ ਤੇ ਬੋਲੀ, 'ਮੈਂ ਵੇਖ ਲਿਆ ਹੈ ਕਿ ਬਾਬੂ ਜੀ ਵੀ ਛੁਰੀ ਕਟਾਰੀ ਚਲਾਉਣ ਜਾਣਦੇ ਹਨ।
ਇਹ ਆਖ ਕੇ ਬਿਜਲੀ ਫੇਰ ਹੱਸੀ। ਪਰ ਇਹ ਹਾਸਾ ਇਹਦਾ ਕੋਈ ਹਾਸਾ ਨਹੀਂ ਸੀ, ਕੇਵਲ ਢੀਠਪੁਣਾ ਸੀ। ਇਸ ਕਰਕੇ ਕਿਸੇ ਨੇ ਵੀ ਇਸ ਹਾਸੇ ਵਿਚ ਉਹਦਾ ਸਾਥ ਨਹੀਂ ਦਿੱਤਾ।
ਸਤੇਂਦ੍ਰ ਨੇ ਆਖਿਆ ਮੇਰਾ ਨਾਂ ਸਤੇਂਦ੍ਰ ਹੈ, ਬੁਧੂ ਨਹੀਂ। ਮੈਂ ਕਦੇ ਵੀ ਛੁਰੀ ਕਟਾਰੀ ਚਲਾਉਣੀ ਨਹੀਂ ਸਿਖਿਆ, ਹਾਂ ਆਪਣੀ ਗ਼ਲਤੀ ਦਾ ਪਤਾ ਲਗ ਜਾਣ ਤੇ ਉਸਨੂੰ ਸੁਧਾਰਨਾ ਜਰੂਰ ਹੀ ਸਿਖਿਆ ਹੋਇਆ ਹੈ।
ਬਿਜਲੀ ਕੁਝ ਹੋਰ ਆਖਣਾ ਚਾਹੁੰਦੀ ਸੀ। ਮੂੰਹ ਵਿਚ ਆਈ ਗੱਲ ਨੂੰ ਰੋਕ ਕੇ ਕਹਿਣ ਲੱਗੀ, ਕੀ ਤੁਸੀਂ ਮੇਰਾ ਛੋਹਿਆ ਹੋਇਆ ਨਹੀਂ ਖਾਓਗੇ?
'ਨਹੀਂ।'
ਬਿਜਲੀ ਉਠ ਕੇ ਖਲੋ ਗਈ। ਇਸ ਵਾਰੀ ਉਸਦੇ ਮਸਖਰੇ ਅਵਾਜ਼ ਵਿਚ ਕੁਝ ਜ਼ੋਰ ਆ ਗਿਆ। ਉਸਨੇ ਜੋਰ ਦੇਂਦੀ ਹੋਈ ਨੇ ਆਖਿਆ,'ਤੁਸੀਂ ਖਾਉਗੇ ਜਰੂਰ, ਅਜ ਨ ਖਾਉਗੇ ਤਾਂ ਦੋਂਹ ਚੌਂਹ ਦਿਨਾਂ ਨੂੰ ਸਹੀ।'
ਸਤੇਂਦ੍ਰ ਨੇ ਸਿਰ ਹਿਲਾ ਕੇ ਆਖਿਆ, ਵੇਖੋ ਗਲਤੀ ਸਭ ਪਾਸੋਂ ਹੋ ਜਾਂਦੀ ਹੈ। ਮੇਰੀ ਗਲਤੀ ਕਿੱਡੀ ਵੱਡੀ ਹੈ ਇਹ ਸਭ ਸਮਝ ਗਏ ਹਨ। ਪਰ ਤੁਹਾਡੇ ਪਾਸੋਂ ਵੀ ਗਲਤੀ ਹੋ ਰਹੀ ਹੈ। ਮੈਂ ਆਖਦਾ ਹਾਂ, ਅੱਜ ਨਹੀਂ, ਕੱਲ ਨਹੀਂ, ਚੌਂਹ ਦਿਨਾਂ ਨੂੰ ਸਹੀ, ਬਲਕਿ ਅਗਲੇ ਜਨਮ ਵਿਚ ਵੀ ਮੈਂ ਤੁਹਾਡਾ ਛੋਹਿਆ ਹੋਇਆ ਨਹੀਂ ਖਾਵਾਂਗਾ। ਮੈਨੂੰ ਛੁਟੀ ਦਿਉ ਮੈਂ ਚਲਿਆ ਜਾਵਾਂ। ਤੁਹਾਡੇ ਸਾਹ ਨਾਲ ਮੇਰਾ ਲਹੂ ਸੁਕ ਰਿਹਾ ਹੈ।
ਇਸ ਮੂੰਹ ਤੇ ਨਫਰਤ ਦੀ ਇਕ ਐਹੋ ਜਹੀ ਲਕੀਰ ਖਿੱਚੀ ਗਈ ਜੋ ਕਿ ਸ਼ਰਾਬੀ ਅੱਖਾਂ ਤੋਂ ਵੀ ਨ ਲੁਕ ਸਕੀ। ਉਸਨੇ ਸਿਰ ਹਿਲਾ ਕੇ ਆਖਿਆ, ਬਿਜਲੀ ਬਾਈ ਜਾਣ ਦਿਉ ਇਹ ਕੋਕੜੂ ਮੋਠ ਹੈ। ਇਹਨੇ ਤਾਂ ਸਾਡਾ ਸਵੇਰ ਦਾ ਸਾਰਾ ਮਜ਼ਾ ਹੀ ਗੁਆ ਦਿੱਤਾ ਹੈ।
ਬਿਜਲੀ ਨੇ ਕੋਈ ਜਵਾਬ ਨ ਦਿੱਤਾ। ਉਹ ਬੁਤ ਬਣੀ ਸਤੇਂਦ੍ਰ ਦੇ ਮੂੰਹ ਵੱਲ ਵੇਖਦੀ ਰਹੀ। ਠੀਕ ਹੀ ਉਸ ਪਾਸੋਂ ਵੀ ਬੜੀ ਗਲਤੀ ਹੋ ਗਈ ਸੀ। ਉਸਨੂੰ ਖਿਆਲ ਵੀ ਨਹੀਂ ਸੀ ਕਿ ਇਹ ਧੀਰਜ ਨਾਲ ਬੋਲ ਸਕੇਗਾ।
ਸਤੇਂਦ੍ਰ ਆਪਣੀ ਥਾਂ ਛੱਡ ਕੇ ਉਠ ਖਲੋਤਾ ਬਿਜਲੀ ਨੇ ਮਿੱਠੀ ਜਹੀ ਅਵਾਜ ਨਾਲ ਆਖਿਆ, 'ਥੋੜਾ ਚਿਰ ਹੋਰ ਬਹਿ ਜਾਓ।'
ਇਹ ਸੁਣਦਿਆਂ ਹੀ ਉਹ ਸ਼ਰਾਬੀ ਰੌਲਾ ਪਾਉਣ ਲੱਗ ਪਿਆ,'ਊਂ ਹੂੰ ਹੂੰ! ਅਜੇ ਪਹਿਲੀ ਵਾਰੀ ਇਹ ਬਹੁਤ ਜ਼ੋਰ ਦਸੇਗਾ, ਜ਼ਰਾ ਕੁ ਡੋਰ ਢਿਲੀ ਛਡ ਦਿਹ। ਜਾਣ ਦਿਹ ਸੂ।'
ਸਤੇਂਦ੍ਰ ਕਮਰਿਓਂ ਬਾਹਰ ਨਿਕਲ ਆਇਆ। ਬਿਜਲੀ ਨੇ ਪਿੱਛੋਂ ਦੀ ਜਾਕੇ ਰਾਹ ਰੋਕ ਲਿਆ ਤੇ ਕਹਿਣ ਲੱਗੀ,'ਉਹ ਲੋਕ ਵੇਖਦੇ ਸਨ ਨਹੀਂ ਤਾਂ ਮੈਂ ਉਸੇ ਵੇਲੇ ਹੱਥ ਜੋੜ ਕੇ ਆਖਣਾ ਸੀ ਕਿ ਮੈਥੋਂ ਬੜੀ ਭਾਰੀ ਭੁਲ ਹੋ ਗਈ ਹੈ।'
ਸਤੇਂਦ੍ਰ ਨੇ ਕੋਈ ਜੁਵਾਬ ਨ ਦਿੱਤਾ ਤੇ ਮੂੰਹ ਫੇਰ ਲਿਆ।
ਬਿਜਲੀ ਨੇ ਆਖਿਆ ਇਹ ਨਾਲ ਵਾਲਾ ਕਮਰਾ ਮੇਰੇ ਪੜ੍ਹਨ ਲਿਖਣ ਦਾ ਹੈ। ਜਰਾ ਨਾਲ ਚੱਲ ਕੇ ਇਹਨੂੰ ਤਾਂ ਵੇਖ ਲਓ। ਮੈਂ ਤੁਹਾਡੇ ਪਾਸੋਂ ਮਾਫੀ ਮੰਗਦੀ ਹਾਂ।
ਸਤੇਂਦ੍ਰ 'ਨਹੀਂ' ਆਖ ਕੇ ਪੌੜੀ ਵੱਲ ਆਇਆ ਬਿਜਲੀ ਨੇ ਉਹਦੇ ਪਿਛੇ ਪਿਛੇ ਆਉਂਦੀ ਨੇ ਆਖਿਆ, 'ਕੱਲ ਮੁਲਾਕਾਤ ਹੋਵੇਗੀ?'
'ਨਹੀਂ।'
'ਕੀ ਕਦੇ ਵੀ ਮੁਲਾਕਾਤ ਨਹੀਂ ਹੋਵੇਗੀ?
'ਨਹੀਂ।'
ਰੋਣ ਹਾਕੀ ਹੋਕੇ ਬਿਜਲੀ ਦਾ ਮਨ ਭਰ ਗਿਆ। ਜ਼ੋਰ ਲਾ ਕੇ ਥੁਕ ਨੂੰ ਨਿਗਲਕੇ, ਉਸ ਨੇ ਕਿਹਾ, ਮੈਨੂੰ ਯਕੀਨ ਨਹੀਂ ਆਉਂਦਾ ਕਿ ਹੁਣ ਮੁਲਾਕਾਤ ਨਹੀਂ ਹੋਵੇਗੀ। ਭਲਾ ਜੇ ਕਦੀ ਹੋਵੇ ਤਾਂ ਦਸੋ ਤਾਂ ਸਹੀ ਮੇਰੀ ਇਕ ਗਲ ਤੇ ਯਕੀਨ ਕਰੋਗੇ?
ਉਸ ਦਾ ਭਰਿਆ ਹੋਇਆਨ ਤੇ ਰੁਕਿਆ ਹੋਇਆ ਅਵਾਜ਼ ਸੁਣ ਕੇ ਸਤੇਂਦ੍ਰ ਚਕ੍ਰਿਤ ਹੋ ਗਿਆ। ਪਰ ਜੋ ਉਹ ਪੰਦਰਾਂ ਵੀਹਾਂ ਦਿਨਾਂ ਤੋਂ ਵੇਖਦਾ ਆ ਰਿਹਾ ਸੀ, ਉਸ ਦੇ ਸਾਹਮਣੇ ਤਾਂ ਇਹ ਗੱਲ ਮਾਮੂਲੀ ਸੀ। ਉਸ ਨੇ ਮੂੰਹ ਦੂਜੇ ਪਾਸੇ ਕਰ ਲਿਆ। ਉਹਦੇ ਮੂੰਹ ਦੀ ਹਰ ਰੇਖਾ ਤੋਂ ਘਿਰਣਾਂ, ਬੇਇਤਬਾਰੀ ਦੇ ਭਾਵ ਪੜ੍ਹ ਕੇ ਬਿਜਲੀ ਦੀ ਛਾਤੀ ਫੱਟ ਗਈ। ਪਰ ਉਹ ਕੀ ਕਰ ਸਕਦੀ ਸੀ? ਯਕੀਨ ਕਰਾਣ ਵੇਲੇ ਉਸ ਨੇ ਸਾਰੇ ਭਾਵ ਕੂੜੇ ਵਾਂਗੂ ਹੂੰਝ ਕੇ ਆਪਣੇ ਆਪ ਨੂੰ ਬਿਲਕੁਲ ਨੰਗਾ ਕਰ ਲਿਆ ਸੀ।
ਸਤੇਂਦ੍ਰ ਨੇ ਆਖਿਆ, 'ਕਿਹੜੀ ਗੱਲ ਤੇ ਯਕੀਨ ਕਰਾਂ?'
ਬਿਜਲੀ ਦੇ ਬੁੱਲ੍ਹ ਤਾਂ ਫਰਕੇ ਪਰ, ਅਵਾਜ਼ ਨ ਨਿਕਲੀ। ਉਸਨੇ ਅਥਰੂਆਂ ਨਾਲ ਭਰੀਆਂ ਹੋਈਆਂ ਅੱਖਾਂ ਇਕ ਵਾਰੀ ਉਤਾਂਹ ਚੁਕੀਆਂ ਤੇ ਫੇਰ ਉਸੇ ਤਰ੍ਹਾਂ ਹੀ ਨੀਵੀਆਂ ਪਾ ਲਈਆਂ। ਸਤੇਂਦ੍ਰ ਨੇ ਇਹ ਵੇਖ ਲਿਆ। ਕੀ ਅੱਥਰੂ ਝੂਠ ਮੂਠ ਦੇ ਨਹੀਂ ਆ ਸਕਦੇ? ਬਿਜਲੀ ਨੇ ਬਿਨਾਂ ਸਿਰ ਉਠਾਨੇ ਦੇ ਹੀ ਸਮਝ ਲਿਆ ਕਿ ਸਤੇਂਦ੍ਰ ਇਸ ਗਲ ਦਾ ਪਰਤਾਵਾ ਲੈ ਰਿਹਾ ਹੈ। ਪਰ ਉਹ ਇਹ ਗੱਲ ਕਿਸੇ ਤਰ੍ਹਾਂ ਵੀ ਮੂੰਹੋ ਨਹੀਂ ਕਢ ਸਕਦੀ ਸੀ। ਜੋ ਬਾਹਰ ਨਿਕਲਣ ਵਾਸਤੇ ਅੰਦਰ ਕਲੇਜੇ ਦੀਆਂ ਹੱਡੀਆਂ ਨੂੰ ਤੋੜਨ ਡਹੀ ਹੋਈ ਸੀ।
ਉਹ ਉਸ ਨਾਲ ਪਿਆਰ ਕਰਨ ਲੱਗ ਪਈ ਸੀ। ਐਹੋ ਜਿਹਾ ਪਿਆਰ ਕਰਨ ਲਗ ਪਈ ਸੀ ਕਿ ਜਿਹਦਾ ਇਕ ਭੋਰਾ ਵੀ ਸੁਫਲ ਕਰਨ ਵਾਸਤੇ ਜੇ ਹੋ ਸਕਦਾ ਤਾਂ ਆਪਣੀ ਦੌਲਤ, ਆਪਣਾ, ਰੂਪ, ਆਪਣਾ ਸਰੀਰ ਸਭ ਕੁਝ ਵਾਰ ਦੇਂਦੀ। ਪਰ ਉਹਦੇ ਤੇ ਯਕੀਨ ਕੌਣ ਕਰ ਸਕਦਾ ਸੀ? ਇਹ ਕਲੰਕਣੀ ਜੋ ਸੀ, ਆਪਣੇ ਸਰੀਰ ਤੇ ਪਾਪ ਕਰਮ ਦੇ ਕਈ ਨਿਸ਼ਾਨ ਹੁੰਦਿਆਂ ਹੋਇਆਂ, ਉਹ ਇਕ ਅਨਛੋਹ ਤੇ ਸਿਆਣੇ ਸਮਝਦਾਰ ਦੇ ਸਾਹਮਣੇ ਕਿਦਾਂ ਆਖ ਸਕਦੀ ਸੀ ਕਿ ਭਾਵੇਂ ਪਾਪ ਕਰਨਾ ਹੀ ਮੇਰਾ ਪੇਸ਼ਾ ਹੈ ਪਰ, ਫੇਰ ਵੀ ਮੈਂ ਬੇਗੁਨਾਹ ਹਾਂ। ਜਿਉਂ ਜਿਉਂ ਚਿਰ ਹੋ ਰਿਹਾ ਸੀ ਉਹਨੂੰ ਇਹੋ ਹੀ ਜਾਪਦਾ ਸੀ ਕਿ ਕੋਈ ਮੈਨੂੰ ਫਾਹੇ ਦਾ ਹੁਕਮ ਦੇਣ ਵਾਲਾ ਹੈ। ਪਰ ਉਹ ਰੋਕ ਕਿਦਾਂ ਸਕਦੀ ਸੀ? ਸਤੇਂਦ੍ਰ ਕਾਹਲਾ ਪੈ ਗਿਆ ਸੀ, ਕਹਿਣ ਲੱਗਾ, ਬੱਸ ਹੁਣ ਜਾਵਾਂ?
ਬਿਜਲੀ ਸਿਰ ਤਾਂ ਉੱਚਾ ਨਾ ਕਰ ਸਕੀ ਪਰ ਇਸ ਵਾਰ ਉਹਦੇ ਮੂੰਹੋਂ ਨਿਕਲਿਆ, 'ਜਾਓ ਪਰ ਮੈਂ ਸਿਰ ਤੇ ਪੈਰਾਂ ਤਕ ਪਾਪਾਂ ਵਿਚ ਡੁਬੀ ਹੋਈ ਹੋਣ ਤੇ ਵੀ, ਜਿਸ ਗਲ ਵਿਚ ਯਕੀਨ ਰੱਖਦੀ ਹਾਂ ਤੁਸੀਂ ਉਸ ਤੇ ਬੇ ਯਕੀਨੀ ਕਰਕੇ ਅਪਰਾਧੀ ਨ ਬਣਨਾ, ਯਕੀਨ ਰੱਖੋ ਕਿ ਪਰਮਾਤਮਾ ਸਭ ਦੇ ਅੰਦਰ ਹੈ ਜਦ ਤਕ ਮੌਤ ਨਹੀਂ ਆਉਂਦੀ ਉਹ ਛਡ ਕੇ ਨਹੀਂ ਜਾ ਸਕਦੇ।'
ਕੁਝ ਚਿਰ ਚੁਪ ਰਹਿ ਕੇ ਫੇਰ ਬੋਲੀ, 'ਇਹ ਠੀਕ ਹੈ ਕਿ ਸਾਰੇ ਮੰਦਰਾਂ ਵਿਚ ਦੇਵਤਿਆਂ ਦੀ ਪੂਜਾ ਨਹੀਂ ਹੁੰਦੀ, ਪਰ ਫੇਰ ਵੀ ਉਹਨਾਂ ਵਿਚ ਰਹਿੰਦੇ ਤਾਂ ਦੇਵਤੇ ਹੀ ਹਨ। ਉਹਨਾਂ ਨੂੰ ਵੇਖਕੇ ਸਿਰ ਭਾਵੇਂ ਨਾ ਝੁਕੇ ਪਰ ਉਹਨਾਂ ਨੂੰ ਠੁਕਰਾਇਆ ਵੀ ਨਹੀਂ ਜਾ ਸਕਦਾ।'
ਇਹ ਆਖ ਕੇ ਜਦੋਂ ਉਸ ਨੇ ਪੈਰਾਂ ਦਾ ਖੜਾਕ ਸੁਣ ਕੇ ਸਿਰ ਉਤਾਂਹ ਚੁਕਿਆ ਤਾਂ ਸਤੇਂਦ੍ਰ ਹੌਲੀ ਹੌਲੀ ਜਾ ਰਿਹਾ ਸੀ।
ਸੁਭਾ ਦੇ ਬਰਖਿਲਾਫ ਅਸੀਂ ਬੋਲ ਸਕਦੇ ਹਾਂ ਪਰ ਇਸ ਨੂੰ ਬਿਲਕੁਲ ਛਡ ਨਹੀਂ ਸਕਦੇ। ਇਸਤਰੀ ਸਰੀਰ ਤੇ ਕਈ ਤਰ੍ਹਾਂ ਦੇ ਜ਼ੁਲਮ ਕੀਤੇ ਜਾ ਸਕਦੇ ਹਨ, ਪਰ ਇਸਤਰੀ ਪੁਣੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਿਜਲੀ ਪਾਪਣ ਹੈ, ਪਰ ਇਸਤਰੀ ਤਾਂ ਹੈ। ਸਾਰਾ ਜਨਮ ਸੈਂਕੜੇ ਹਜ਼ਾਰਾਂ ਪਾਪ ਕਰਕੇ ਫੇਰ ਵੀ ਤਾਂ ਉਸ ਦਾ ਸਰੀਰ ਇਸਤਰੀ ਸਰੀਰ ਹੀ ਹੈ ਨਾ? ਕੋਈ ਘੰਟੇ ਭਰ ਪਿਛੋਂ ਜਦੋਂ ਉਹ ਆਪਣੇ ਕਮਰੇ ਵਿਚ ਆ ਗਈ ਤਾਂ ਉਸ ਦਾ ਇਸਤਰੀ ਦਿਲ ਪਿਆਰ ਦੇ ਸੱਚੇ ਸਪਰਸ਼ ਨਾਲ ਜਾਗ ਚੁਕਿਆ ਸੀ। ਇਸ ਥੋੜੇ ਜਹੇ ਸਮੇਂ ਦੇ ਅੰਦਰ ਜੋ ਤਬਦੀਲੀ ਇਸ ਵਿੱਚ ਆ ਗਈ ਸੀ, ਉਸ ਦਾ ਪਤਾ ਉਸ ਸ਼ਰਾਬੀ ਬੁਢੇ ਨੂੰ ਵੀ ਲਗ ਗਿਆ ਸੀ। ਉਹਨੇ ਅਖੀਰ ਮੂੰਹ ਪਾੜ ਕੇ ਆਖ ਹੀ ਦਿੱਤਾ, 'ਕਿਉਂ ਬਾਈ ਜੀ ਤੁਹਾਡੀਆਂ ਅੱਖਾਂ ਤਾਂ ਗਿੱਲੀਆਂ ਹਨ। ਹਾਏ ਰੱਬਾ, ਇਹ ਲੜਕਾ ਵੀ ਕਿੱਡਾ ਜ਼ਿਦ ਵਾਲਾ ਹੈ ਕਿ ਐਹੋ ਜਹੀਆਂ ਵਧੀਆ ਚੀਜ਼ਾਂ ਵੀ ਉਸ ਮੂੰਹ ਨਾ ਲਾਈਆਂ ਚਲੋ ਨਾ ਸਹੀ, ਥਾਲੀ ਜ਼ਰਾ ਐਧਰ ਕਰ ਦਿਓ।' ਇਹ ਆਖ ਕੇ ਸ਼ਰਾਬੀ ਆਪ ਹੀ ਥਾਲੀ ਫੜਕੇ ਖਾਣ ਲਗ ਪਿਆ।
ਪਰ ਉਹਦੀ ਇਕ ਗਲ ਵੀ ਬਿਜਲੀ ਨੇ ਨਾ ਸੁਣੀ। ਜਦ ਉਹਦਾ ਧਿਆਨ ਪੈਰਾਂ ਨਾਲ ਬਝੇ ਹਏ ਘੁਗਰੂੰਆਂ ਵਲ ਗਿਆ ਤਾਂ ਉਸ ਨੂੰ ਐਦਾਂ ਮਲੂਮ ਹੋਇਆ ਜਾਣੀ ਦਾ ਬਿੱਛੂਆਂ ਨੇ ਉਸ ਦੇ ਪੈਰਾਂ ਨੂੰ ਡੰਗ ਲਿਆ ਹੈ। ਉਹਨੇ ਛੇਤੀ ਨਾਲ ਘੁੰਗਰੂ ਖੋਲ ਦਿਤੇ। ਇਕ ਨੇ ਪੁਛਿਆ, ਘੁੰਗਰੂ ਕਿਉਂ ਖੋਹਲ ਦਿਤੇ ਹਨ? ਬਿਜਲੀ ਨੇ ਮੁਸਕਰਾਂਉਦਿਆਂ ਹੋਇਆਂ ਕਿਹਾ, 'ਹੁਣ ਨਹੀਂ ਪਾਵਾਂਗੀ।'
'ਇਹ ਦਾ ਮਤਲਬ?'
'ਮਤਲਬ ਇਹੋ ਕਿ ਨਹੀਂ ਪਾਵਾਂਗੀ। ਬਾਈ ਜੀ ਮਰ ਗਈ।'
ਸ਼ਰਾਬੀ ਮਠਿਆਈ ਖਾ ਰਿਹਾ ਸੀ, ਕਹਿਣ ਲੱਗਾ, 'ਅਖੀਰ ਨੂੰ ਬੀਮਾਰੀ ਕੀ ਪੈ ਗਈ?'
ਬਿਜਲੀ ਨੂੰ ਹਾਸਾ, ਆ ਗਿਆ। ਉਹ ਖੂਬ ਦਿਲ ਖੋਲ੍ਹ ਕੇ ਹੱਸੀ ਤੇ ਹੱਸਦੀ ੨ ਨੇ ਆਖਿਆ, ਜਿਸ ਤਰ੍ਹਾਂ ਦੀਵਾ ਜਗਣ ਨਾਲ ਅੰਧੇਰਾ ਮਰ ਜਾਂਦਾ ਹੈ, ਜਿਦਾਂ ਸੂਰਜ ਨਿਕਲਣ ਨਾਲ ਰਾਤ ਦਾ ਨਾਸ ਹੋ ਜਾਂਦਾ ਹੈ। ਉਸੇ ਤਰ੍ਹਾਂ ਅਜ ਉਸੇ ਬਿਮਾਰੀ ਦੇ ਸਮਝ ਆ ਜਾਣ ਨਾਲ ਤੁਹਾਡੀ ਬਾਈ ਹਮੇਸ਼ਾਂ ਵਾਸਤੇ ਮਰ ਗਈ ਹੈ।
੬.
ਚਾਰ ਸਾਲ ਪਿੱਛੋਂ ਦੀ ਗੱਲ ਹੈ। ਕਲਕੱਤੇ ਦੇ ਇਕ ਬਹੁਤ ਆਲੀਸ਼ਾਨ ਮਕਾਨ ਵਿਚ ਇਕ ਬਹੁਤ ਵੱਡੇ ਜ਼ਿਮੀਂਦਾਰ ਦੇ ਲੜਕੇ ਦਾ ਅਨਪ੍ਰਾਸ਼ਨ ਹੈ। ਖੁਆਉਣ ਪਿਆਉਣ ਦਾ ਬੜਾ ਭਾਰੀ ਕੰਮ ਮੁਕ ਚੁੱਕਾ ਹੈ। ਰਾਤ ਨੂੰ ਮਕਾਨ ਦੇ ਬਾਹਰ ਵਾਰ ਵਿਹੜੇ ਵਿਚ ਮਹਿਫਲ ਦਾ ਪ੍ਰਬੰਧ ਕੀਤਾ ਗਿਆ ਹੈ। ਕਈਆਂ ਤਰ੍ਹਾਂ ਦੇ ਗਾਉਣ ਵਜਾਉਣ ਤੇ ਹੋਰ ਰੰਗ ਤਮਾਸ਼ਿਆਂ ਦਾ ਪ੍ਰਬੰਧ ਹੋ ਰਿਹਾ ਹੈ।
ਇਕ ਪਾਸੇ ਤਿੰਨ ਚਾਰ ਨਾਚੀਆਂ ਬੈਠੀਆਂ ਹੋਈਆਂ ਹਨ। ਇਹੋ ਨਚਣ ਗੀਆਂ ਤੇ ਗਾਉਣ ਗੀਆਂ ਦੂਜੀ ਛੱਤੇ ਚਿੱਕ ਪਿਛੇ ਬੈਠੀ ਰਾਧਾ ਰਾਣੀ ਆਏ ਗਏ ਨੂੰ ਵੇਖ ਰਹੀ ਹੈ। ਸਦੀਆਂ ਗਈਆਂ ਤਾਂ ਇਸਤਰੀਆਂ ਹਾਲੇ ਤੱਕ ਨਹੀਂ ਆਉਣ ਲੱਗੀਆਂ।
ਸਤੇਂਦ੍ਰ ਨੇ ਚੁੱਪ ਚਾਪ ਪਿੱਛੋਂ ਦੀ ਜਾ ਕੇ ਪੁਛਿਆ, 'ਆਪਣੇ ਧਿਆਨ ਕੀ ਵੇਖ ਰਹੇ ਹੋ?' ਰਾਧਾ ਰਾਣੀ ਨੇ ਆਪਣੇ ਸੁਆਮੀ ਦੇ ਮੂੰਹ ਵੱਲ ਵੇਖ ਕੇ ਆਖਿਆ, 'ਉਹ ਜੋ ਸਾਰੇ ਲੋਕੀ ਵੇਖਣ ਆ ਰਹੇ ਹਨ। ਜੋ ਬਾਈ ਜੀ ਆਏ ਹੋਏ ਹਨ, ਉਹਨਾਂ ਦੀ ਸਜ ਧੱਜ ਵੇਖ ਰਹੀ ਹਾਂ। ਪਰ ਤੁਸੀ ਅਚਨਚੇਤ ਇਥੇ ਕਿਦਾਂ ਆ ਗਏ ਹੋ?'
ਸੁਆਮੀ ਨੇ ਹੱਸਦਿਆਂ ੨ ਜਵਾਬ ਦਿੱਤਾ, 'ਤੁਸੀਂ ਇਥੇ ਇਕੱਲੇ ਬੈਠੇ ਹੋ ਇਸ ਕਰਕੇ ਕੁਝ ਗੱਲ ਬਾਤ ਕਰਨ ਆ ਗਿਆ ਹਾਂ।'
'ਚਲੇ ਜਾਓ।'
'ਸੱਚ ਆਖਦੀ ਏਂ?' ਚੰਗਾ ਇਹ ਤਾਂ ਦੱਸ ਕਿ ਇਹਨਾਂ ਸਾਰੀਆਂ ਵਿਚੋਂ ਤੈਨੂੰ ਕਿਹੜੀ ਪਸੰਦ ਹੈ?
ਰਾਧਾ ਨੇ 'ਉਹ' ਆਖ ਕੇ ਉਸ ਇਸਤਰੀ ਵੱਲ ਇਸ਼ਾਰਾ ਕੀਤਾ ਜੋ ਸਭ ਤੋਂ ਪਿੱਛੇ ਸਾਦਾ ਜਹੇ ਕਪੜੇ ਪਾਈ ਬੈਠੀ ਸੀ।
ਸਤੇਂਦ੍ਰ ਨੇ ਆਖਿਆ, 'ਇਹ ਤਾਂ ਬਹੁਤ ਮਾੜੀ ਜਹੀ ਤੇ ਰੋਗਣ ਜਹੀ ਹੈ।'
'ਕੁਝ ਵੀ ਹੋਵੇ, ਪਰ ਸਾਰਿਆਂ ਨਾਲੋਂ ਸੋਹਣੀ ਉਹੋ ਈ ਹੈ। ਵਿਚਾਰੀ ਗਰੀਬ ਮਲੂਮ ਹੁੰਦੀ ਹੈ। ਇਸੇ ਕਰਕੇ ਸਰੀਰ ਉਤੇ ਦੂਜਿਆਂ ਵਰਗੇ ਗਹਿਣੇ ਨਹੀਂ ਹਨ। ਸਤੇਂਦ੍ਰ ਨੇ ਸਿਰ ਹਿਲਾ ਕੇ ਆਖਿਆ, 'ਹੋਵੇਗੀ, ਪਰ ਜਾਣਦੀ ਏਂ ਇਹਨਾਂ ਲੋਕਾਂ ਦੀ ਕੀ ਮਜ਼ਦੂਰੀ ਹੈ?'
ਨਹੀਂ।
ਸਤੇਂਦ੍ਰ ਨੇ ਹਥ ਨਾਲ ਇਸ਼ਾਰਾ ਕਰਦੇ ਹੋਏ ਨੇ ਕਿਹਾ, 'ਇਹਨਾਂ ਦੋਹਾਂ ਨੂੰ ਤਾਂ ਤੀਹ ਤੀਹ ਰੁਪੈ ਦੇਣੇ ਹਨ। 'ਉਹਨੂੰ ਪੰਜਾਹ ਦੇਣੇ ਹਨ। ਜਿਸ ਨੂੰ ਤੁਸੀਂ ਸਭ ਤੋਂ ਗਰੀਬ ਆਖਦੇ ਹੋ ਉਹ ਦੋ ਸੌ ਰੁਪਿਆ ਲਵੇਗੀ!'
ਰਾਧਾ ਰਾਣੀ ਨੇ ਚੌਂਕ ਕੇ ਆਖਿਆ, 'ਦੋ ਸੌ ਰੁਪੈ? ਕੀ ਉਹ ਬਹੁਤ ਚੰਗਾ ਗਾਉਂਦੀ ਹੈ?' ਗਾਉਣਾ ਕਦੇ ਸੁਣਿਆਂ ਤਾਂ ਨਹੀਂ ਪਰ ਲੋਕ ਆਖਦੇ ਹਨ ਕਿ ਦੋ ਚਾਰ ਸਾਲ ਪਹਿਲੇ ਬਹੁਤ ਚੰਗਾ ਗਾਉਂਦੀ ਸੀ, ਖਬਰੇ ਹੁਣ ਕਿੱਦਾਂ ਦਾ ਗਾਵੇ।
'ਐਨੇ ਰੁਪਏ ਦੇਕੇ ਕਿਉਂ ਸਦਵਾਇਆ?'
'ਇਹਦੇ ਨਾਲੋਂ ਘੱਟ ਇਹ ਆਉਂਦੀ ਹੀ ਨਹੀਂ ਸੀ, ਇਹ ਐਨਾ ਰੁਪਿਆ ਲੈਕੇ ਵੀ ਆਉਣ ਵਾਸਤੇ ਖੁਸ਼ ਨਹੀਂ ਸੀ, ਬਹੁਤ ਮੁਸ਼ਕਲ ਨਾਲ ਆਉਣ ਵਾਸਤੇ ਮਨਾਈ ਹੈ।
ਰਾਧਾ ਰਾਣੀ ਨੇ ਆਖਿਆ, 'ਜਦ ਰੁਪਿਆ ਦੇਣਾ ਫੇਰ ਮੰਨਣ ਦਾ ਕੀ ਸਵਾਲ?'
ਸਤੇਂਦ੍ਰ ਨੇ ਲਾਗੇ ਪਈ ਹੋਈ ਕਰਸੀ ਤੇ ਬੈਠ ਕੇ ਆਖਿਆ, 'ਪਹਿਲੀ ਗੱਲ ਤਾਂ ਇਹ ਹੈ ਕਿ ਅਜ ਕਲ ਉਸ ਨੇ ਇਹ ਕੰਮ ਛੱਡ ਦਿੱਤਾ ਹੈ, ਉਸ ਵਿਚ ਭਾਵੇਂ ਕਿੰਨੇ ਗੁਣ ਹੋਣ, ਐਨਾ ਰੁਪਿਆ ਕੋਈ ਦਿੰਦਾ ਨਹੀਂ ਤੇ ਉਹ ਕਿਧਰੇ ਜਾਂਦੀ ਆਉਦੀ ਨਹੀਂ ਇਹ ਉਹਦੀ ਚਾਲ ਹੈ, ਦੂਜੀ ਗਲ ਹੈ ਮੇਰੀ ਆਪਣੀ ਲੋੜ।'
ਇਸ ਗਲ ਤੇ ਰਾਧਾ ਰਾਣੀ ਨੂੰ ਯਕੀਨ ਨ ਆਇਆ ਪਰ ਫੇਰ ਵੀ ਉਸ ਨੇ ਸ਼ੌਕ ਨਾਲ ਥੋੜਾ ਜਿਹਾ ਅਗਾਂ ਖਿਸਕਦੀ ਹੋਈ ਨੇ ਕਿਹਾ, 'ਤੁਹਾਨੂੰ ਕਾਹਦੀ ਲੋੜ ਸੀ? ਇਹ ਤਾਂ ਦਸੋ ਉਸਨੇ ਇਹ ਕੰਮ ਕਿਉਂ ਛਡ ਦਿਤਾ ਹੈ?'
'ਸੁਣੋਗੀ?'
'ਹਾਂ! ਆਖੋ ?'
ਸਤੇਂਦ੍ਰ ਨੇ ਥੋੜਾ ਚਿਰ ਚੁਪ ਰਹਿਕੇ ਆਖਿਆ, ਇਸਦਾ ਨਾਂ ਬਿਜਲੀ ਹੈ। ਕਿਸੇ ਵੇਲੇ...ਪਰ ਨਹੀਂ ਰਾਣੀ ਇਥੇ ਕਈ ਹੋਰ ਲੋਕ ਆ ਜਾਣਗੇ। ਅੰਦਰ ਚੱਲੋ।
ਚਲੋ ਆਖ ਕੇ ਰਾਧਾ ਰਾਣੀ ਛੇਤੀ ਨਾਲ ਉਠ ਬੈਠੀ।
*****
ਆਪਣੇ ਸੁਆਮੀ ਦੇ ਗੋਡੇ ਕੋਲ ਬਹਿਕੇ ਸਾਰੀਆਂ ਗੱਲਾਂ ਸੁਣਕੇ ਰਾਧਾ ਰਾਣੀ ਨੇ ਕਪੜੇ ਨਾਲ ਆਪਣੀਆਂ ਅੱਖਾਂ ਪੂੰਝ ਲਈਆਂ। ਕਹਿਣ ਲਗੀ, ਹੁਣ ਇਸੇ ਵਾਸਤੇ ਇਥੇ ਸੱਦ ਕੇ ਉਸਦਾ ਅਪਮਾਨ ਕਰਨ ਲੱਗੇ ਹੋ? ਕੀ ਇਸ ਤਰ੍ਹਾਂ ਉਸ ਪਾਸੋਂ ਬਦਲਾ ਲਓਗੇ। ਤੁਹਾਨੂੰ ਇਹ ਸਲਾਹ ਕਿਨ ਦਿਤੀ ਸੀ?
ਦੂਜੇ ਪਾਸੇ ਸਤੇਂਦ੍ਰ ਦੀਆਂ ਅੱਖਾਂ ਵਿਚ ਵੀ ਅੱਥਰੂ ਸਨ। ਗੱਲਾਂ ਕਰਦਿਆਂ ਕਈ ਵਾਰ ਉਸਦਾ ਗਲਾ ਵੀ ਭਰ ਆਇਆ ਸੀ। ਉਹ ਕਹਿਣ ਲੱਗਾ ਹਾਂ ਬੇਇਜ਼ਤੀ ਹੈ ਪਰ ਸਾਡੇ ਤਿੰਨਾਂ ਆਦਮੀਆਂ ਤੋਂ ਸਿਵਾ ਹੋਰ ਕੋਈ ਨਹੀਂ ਜਾਣ ਸਕੇਗਾ। ਕਿਸੇ ਨੂੰ ਪਤਾ ਨਹੀਂ ਹੈ। ਰਾਧਾ ਰਾਣੀ ਨੇ ਕੋਈ ਜਵਾਬ ਨਹੀਂ ਦਿੱਤਾ। ਪਲੇ ਨਾਲ ਆਪਣੀਆਂ ਅੱਖਾਂ ਪੂੰਝ ਕੇ ਉਹ ਚੁਪ ਚਾਪ ਬਾਹਰ ਚਲੀ ਗਈ।
ਸਦੇ ਹੋਏ ਆਦਮੀਆਂ ਨਾਲ ਸਾਰੀ ਮਹਿਫਲ ਭਰ ਗਈ ਸੀ। ਉਤਲੇ ਬਰਾਂਡੇ ਵਿਚ ਬਹੁਤ ਸਾਰੀਆਂ ਇਸਤਰੀਆਂ ਦੇ ਸ਼ਰਮਾਊ ਚਿਹਰੇ ਚਿਕ ਦਾ ਹਨੇਰਾ ਚੀਰ ਕੇ ਬਾਹਰ ਨਿਕਲ ਰਹੇ ਸਨ। ਸਾਰੀਆਂ ਨਾਚੀਆਂ ਤਾਂ ਥਾਉਂ ਥਾਈਂ ਤਿਆਰ ਸਨ, ਪਰ ਬਿਜਲੀ ਹਾਲੀ ਤੱਕ ਚੁਪ ਚਾਪ ਬੈਠੀ ਹੋਈ ਸੀ। ਉਹਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਰਹੇ ਸਨ। ਪਿਛਲਾ ਜਮਾਂ ਕੀਤਾ ਹੋਇਆ ਧਨ ਉਹ ਪਿਛਲੇ ਪੰਜਾਂ ਸਾਲਾਂ ਵਿਚ ਖਾ ਚੁਕੀ ਸੀ ਤੇ ਹੁਣ ਉਸ ਨੂੰ ਔਖਿਆਂ ਹੋਕੇ ਉਹੋ ਕੰਮ ਕਰਨਾ ਪੈ ਰਿਹਾ ਸੀ ਜਿਸ ਨੂੰ ਕਿ ਉਹ ਕਈ ਚਿਰ ਪਹਿਲੇ ਨਾ ਕਰਨ ਦਾ ਸੰਕਲਪ ਕਰ ਚੁਕੀ ਸੀ, ਪਰ ਉਹ ਸਿਰ ਉਠਾ ਕੇ ਖੜੀ ਨਹੀਂ ਹੋ ਸਕਦੀ ਸੀ। ਦੋ ਘੰਟੇ ਪਹਿਲਾਂ ਉਹਨੂੰ ਇਹ ਚਿਤ ਚੇਤਾ ਵੀ ਨਹੀਂ ਸੀ ਕਿ ਅਨਜਾਣੇ ਆਦਮੀਆਂ ਦੇ ਸਾਹਮਣੇ ਮੇਰਾ ਸਰੀਰ ਏਦਾਂ ਪ੍ਰਾਨਹੀਣ ਹੋ ਜਾਇਗਾ ਤੇ ਲੱਤਾਂ ਭੱਜ ਪੈਣਗੀਆਂ।
'ਤੁਹਾਨੂੰ ਸਦ ਰਹੇ ਨੇ।'
ਬਿਜਲੀ ਨੇ ਸਿਰ ਉਠਾ ਕੇ ਵੇਖਿਆ, ਇਕ ਬਾਰਾਂ ਤੇਰਾਂ ਬਰਸਾਂ ਦਾ ਮੁੰਡਾ ਕੋਲ ਖਲੋਤਾ ਹੋਇਆ ਸੀ। ਉਸਨੇ ਉਪਰਲੇ ਬਰਾਂਡੇ ਵਲ ਇਸ਼ਾਰਾ ਕਰਕੇ ਆਖਿਆ, 'ਤੁਹਾਨੂੰ ਬੀਬੀ ਜੀ ਸਦ ਰਹੇ ਹਨ।'
ਬਿਜਲੀ ਨੂੰ ਯਕੀਨ ਨ ਆਇਆ। ਕਹਿਣ ਲੱਗੀ 'ਕੌਣ ਸਦਦਾ ਹੈ?'
'ਬੀਬੀ ਜੀ ਸੱਦਦੇ ਹਨ।'
'ਤੂੰ ਕੌਣ ਏਂ?'
'ਮੈਂ ਉਹਨਾਂ ਦਾ ਨੌਕਰ ਹਾਂ।'
ਬਿਜਲੀ ਨੇ ਆਖਿਆ: 'ਨਹੀਂ ਮੈਨੂੰ ਨਹੀਂ ਸਦਿਆ ਹੋਣਾ, ਤੂੰ ਇਕ ਵਾਰੀ ਜਾਕੇ ਫੇਰ ਪੁਛ ਆ।'
ਲੜਕਾ ਫੇਰ ਆਇਆ। ਕਹਿਣ ਲੱਗਾ, 'ਤੁਹਾਡਾ ਨਾਂ ਹੀ ਬਿਜਲੀ ਹੈ ਨਾ? ਆਉ ਮੇਰੇ ਨਾਲ, ਬੀਬੀ ਜੀ ਖੜੋਤੇ ਹੋਏ ਹਨ।'
ਬਿਜਲੀ ਨੇ ਛੇਤੀ ਨਾਲ ਆਪਣੇ ਪੈਰਾਂ ਦੇ ਘੁੰਗਰੂ ਖੋਲ੍ਹ ਦਿਤੇ ਤੇ ਉਹ ਲੜਕੇ ਦੇ ਨਾਲ ਮਕਾਨ ਵਿਚ ਚਲੀ ਗਈ। ਸਮਝਿਆ ਕਿ ਮਾਲਕਣੀ ਕੋਈ ਖਾਸ ਫਰਮਾਇਸ਼ ਪਾਕੇ ਗਾਉਣਾ ਸੁਣਨਾ ਚਾਹੁੰਦੀ ਹੈ ਇਸੇ ਕਰਕੇ ਅੰਦਰ ਸਦਿਆ ਸੂ।
ਸੌਣ ਦੇ ਕਮਰੇ ਦੇ ਪਾਸ ਰਾਧਾ ਰਾਣੀ ਆਪਣੇ ਬੱਚੇ ਨੂੰ ਗੋਦ ਵਿਚ ਲਈ ਖਲੋਤੀ ਸੀ। ਕੁਝ ਤਾਂ ਘਬਰਾ ਕੇ ਕੁਝ ਸੰਗਦਿਆਂ ਸੰਗਦਿਆਂ ਹੌਲੀ ਹੌਲੀ, ਜਿਸ ਵੇਲੇ ਉਸ ਦੇ ਸਾਹਮਣੇ ਪੁਜੀ ਉਹ ਇਸ ਨੂੰ ਛੇਤੀ ਨਾਲ ਅੰਦਰ ਖਿੱਚ ਕੇ ਲੈ ਗਈ ਤੇ ਇਕ ਕੁਰਸੀ ਤੇ ਬਿਠਾ ਕੇ ਆਖਿਆ, 'ਭੈਣ ਮੈਨੂੰ ਪਛਾਣਦੀ ਏਂ?'
ਬਿਜਲੀ ਹੈਰਾਨੀ ਨਾਲ ਬੁਤ ਬਣ ਗਈ। ਰਾਧਾ ਰਾਣੀ ਨੇ ਆਪਣੇ ਕੁਛੜਲੇ ਬਚੇ ਨੂੰ ਉਸਨੂੰ ਵਖਾਉਂਦੀ ਹੋਈ ਨੇ ਆਖਿਆ, ਜੇ ਤੁਸੀਂ ਆਪਣੀ ਛੋਟੀ ਭੈਣ ਨੂੰ ਨਹੀਂ ਸਿਆਣਿਆਂ ਤਾਂ ਇਹਦਾ ਕੋਈ ਨਹੀਂ, ਪਰ ਜੇ ਇਹਨੂੰ ਵੀ ਨ ਪਛਾਣੋਗੇ ਤਾਂ ਮੈਂ ਬਹੁਤ ਲੜਾਂਗੀ।' ਇਹ ਆਖਕੇ ਉਹ ਮੁਸਕ੍ਰਾਉਣ ਲੱਗੀ।
ਇਸ ਤਰ੍ਹਾਂ ਮੁਸਕ੍ਰਾਉਣਾ ਵੇਖ ਕੇ ਵੀ ਬਿਜਲੀ ਦੇ ਮੂੰਹੋਂ ਕੋਈ ਗੱਲ ਨ ਨਿਕਲ ਸਕੀ। ਫੇਰ ਵੀ ਉਹਦਾ ਹਨੇਰੇ ਨਾਲ ਭਰਿਆ ਹੋਇਆ ਅਕਾਸ਼ ਹੌਲੀ ੨ ਨਿਰਮਲ ਹੋਣ ਲੱਗ ਪਿਆ। ਉਸ ਮਾਤਾ ਦੇ ਸੁਖ ਤੋਂ ਹੱਟ ਕੇ ਤਾਜ਼ੇ ਖਿੜੇ ਹੋਏ ਗੁਲਾਬ ਵਰਗੇ ਬੱਚੇ ਵੱਲ ਉਸਦੀ ਟਿਕਟਿਕੀ ਲੱਗ ਗਈ। ਰਾਧਾ ਰਾਣੀ ਚੁਪ ਹੋ ਰਹੀ। ਬਿਜਲੀ ਕਈ ਚਿਰ ਤਕ ਬੱਚੇ ਨੂੰ ਵੇਖਦੀ ਰਹੀ ਫੇਰ ਦੋਵੇਂ ਬਾਹਾਂ ਅਗਾਹਾਂ ਕਰਕੇ ਬੱਚੇ ਨੂੰ ਗੋਦ ਵਿਚ ਲੈ ਲਿਆ। ਉਸਨੂੰ ਜੋਰ ਨਾਲ ਆਪਣੇ ਕਲੇਜੇ ਨਾਲ ਲਾਕੇ ਉਹ ਰੋ ਪਈ। ਰਾਧਾ ਰਾਣੀ ਨੇ ਆਖਿਆ, 'ਕਿਉਂ ਭੈਣ ਇਸਨੂੰ ਸਿਆਣ ਲਿਆ?'
'ਹਾਂ ਸਿਆਣ ਲਿਆ।'
ਰਾਧਾ ਰਾਣੀ ਨੇ ਆਖਿਆ, 'ਭੈਣੇ ਤੂੰ ਸਮੁੰਦ੍ਰ ਰਿੜਕ ਕੇ ਵਿਹੁ ਤਾਂ ਆਪ ਪੀ ਲਈ ਤੇ ਅੰਮ੍ਰਿਤ ਸਾਰਾ ਇਸ ਛੋਟੀ ਭੈਣ ਨੂੰ ਦੇ ਦਿਤਾ। ਉਹਨਾਂ ਤੇਰੇ ਨਾਲ ਪਿਆਰ ਕੀਤਾ ਸੀ, ਇਸੇ ਕਰਕੇ ਮੈਂ ਉਹਨਾਂ ਨੂੰ ਪ੍ਰਾਪਤ ਕਰ ਸਕੀ ਹਾਂ।'
ਸਤੇਂਦ੍ਰ ਦਾ ਇਕ ਛੋਟਾ ਜਿਹਾ ਫੋਟੋ ਆਪਣੇ ਹੱਥ ਵਿਚ ਲੈ ਕੇ ਬਿਜਲੀ ਇਕ ਟੱਕ ਉਸਨੂੰ ਵੇਖ ਰਹੀ ਸੀ। ਉਸਨੇ ਸਿਰ ਉਠਾ ਕੇ ਮੁਸਕ੍ਰਾਉਂਦੀ ਹੋਈ ਨੇ ਕਿਹਾ, 'ਵਿਹੁ ਦਾ ਵਿਹੁ ਹੀ ਤਾਂ ਅੰਮ੍ਰਿਤ ਹੈ। ਪਰ ਮੈਂ ਵੀ ਖਾਲੀ ਨਹੀਂ ਰਹੀ। ਇਸ ਵਿਹੁ ਨੇ ਮੈਨੂੰ ਘੋਰ ਪਾਪਣੀ ਨੂੰ ਵੀ ਜੀਵਨ ਦਾਨ ਦੇ ਦਿੱਤਾ ਹੈ।
ਰਾਧਾ ਰਾਣੀ ਨੇ ਇਹਦਾ ਕੋਈ ਜਵਾਬ ਨਾ ਦੇ ਕੇ ਆਖਿਆ, 'ਕਿਉਂ ਭੈਣ ਇਕ ਵਾਰੀ ਉਹਨਾਂ ਨੂੰ ਮਿਲਣਾ ਮਨਜੂਰ ਕਰੇਂਗੀ?'
ਬਿਜਲੀ ਨੇ ਪਲ ਕੁ ਤਕ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਟਿਕਾ ਕੇ ਆਖਿਆ, ਨਹੀਂ ਭੈਣ! ਅਜ ਤੋਂ ਚਾਰ ਸਾਲ ਪਹਿਲਾਂ ਜਿਸ ਦਿਨ ਉਹ ਮੈਨੂੰ ਘਿਰਣਾ ਕਰਕੇ ਛੱਡ ਆਏ ਸੀ, ਮੈਂ ਹੰਕਾਰ ਨਾਲ ਆਖਿਆ ਸੀ ਕਿ ਤੁਸੀਂ ਮੈਨੂੰ ਫੇਰ ਜਰੂਰ ਮਿਲੋਗੇ। ਪਰ ਉਹ ਫੇਰ ਨ ਆਏ। ਹੁਣ ਮੇਰਾ ਉਹ ਹੰਕਾਰ ਨਹੀਂ ਰਿਹਾ। ਪਤਾ ਨਹੀਂ ਭਗਵਾਨ ਨੇ ਉਹ ਹੰਕਾਰ ਕਿਉਂ ਤੋੜ ਦਿੱਤਾ ਹੈ? ਇਹ ਕਿਸ ਤਰ੍ਹਾਂ ਕਿਸੇ ਨੂੰ ਤੋੜ ਕੇ ਫੇਰ ਜੋੜ ਦੇਂਦੇ ਹਨ ਤੇ ਖੋਹ ਕੇ ਫੇਰ ਦੇ ਦੇਂਦੇ ਹਨ ਇਸਨੂੰ ਮੈਂ ਹੀ ਸਮਝ ਸਕਦੀ ਹਾਂ। ਇਕ ਵਾਰੀ ਪੱਲੇ ਨਾਲ ਅੱਖਾਂ ਪੂੰਝ ਕੇ ਉਹ ਫੇਰ ਕਹਿਣ ਲੱਗੀ, 'ਮੈਂ ਅਭਾਗਣ ਤੇ ਪਾਪਣ ਨੇ ਭਗਵਾਨ ਤੇ ਕਈ ਦੋਸ਼ ਲਾਏ ਸਨ। ਪਰ ਹੁਣ ਮੈਨੂੰ ਸਮਝ ਆ ਰਹੀ ਹੈ ਕਿ ਜੇ ਭਗਵਾਨ ਮੈਨੂੰ ਉਸ ਵੇਲੇ ਹੀ ਇਹ ਮਿਲਾ ਦੇਂਦੇ ਤਾਂ ਮੈਂ ਹੁਣ ਤਕ ਕਦੇ ਦੀ ਮਰ ਖੱਪ ਗਈ ਹੁੰਦੀ। ਮੈਂ ਇਹਨਾਂ ਨੂੰ ਵੀ ਨਾ ਮਿਲ ਸਕਦੀ ਤੇ ਆਪ ਵੀ ਨਾਸ ਹੋ ਜਾਂਦੀ।'
ਰਾਧਾ ਰਾਣੀ ਦਾ ਗਲਾ ਭਰ ਗਿਆ ਤੇ ਉਹ ਕੁਝ ਨ ਆਖ ਸੱਕੀ। ਬਿਜਲੀ ਫੇਰ ਆਖਣ ਲੱਗੀ ਸੋਚਿਆ ਸੀ ਕਿ ਜੇ ਕਦੇ ਇਕ ਵਾਰ ਮਿਲ ਪੈਣਗੇ ਤਾਂ ਉਹਨਾਂ ਦੇ ਚਰਨ ਫੜ ਕੇ ਮਾਫੀ ਮੰਗ ਲਵਾਂਗੀ। ਪਰ ਹੁਣ ਉਸਦੀ ਕੋਈ ਲੋੜ ਨਹੀਂ ਰਹੀ। ਭੈਣਾ ਮੈਨੂੰ ਸਿਰਫ ਇਹ ਫੋਟੋ ਹੀ ਦੇ ਦਿਹ ਇਸ ਤੋਂ ਵਧ ਹੋਰ ਕੁਝ ਨਹੀਂ ਚਾਹੁੰਦੀ। ਜੇ ਮੈਂ ਚਾਹਵਾਂ ਵੀ ਤਾਂ ਭਗਵਾਨ ਪਾਸੋਂ ਇਹ ਜਰ ਨਹੀਂ ਹੋਣਾ। ਚੰਗਾ ਹੁਣ ਮੈਂ ਜਾਂਦੀ ਹਾਂ, 'ਇਹ ਆਖ ਕੇ ਬਿਜਲੀ ਖੜੀ ਹੋ ਗਈ।'
ਰਾਧਾ ਰਾਣੀ ਨੇ ਭਰੇ ਹੋਏ ਗਲੇ ਨਾਲ ਪੁਛਿਆ, 'ਫੇਰ ਕਦੋਂ ਦਰਸ਼ਨ ਹੋਣਗੇ ਭੈਣ?'
'ਨਹੀਂ ਹੁਣ ਕਦੇ ਨਹੀਂ ਮਿਲ ਸਕਾਂਗੀ, ਮੇਰਾ ਇਕ ਛੋਟਾ ਜਿਹਾ ਮਕਾਨ ਹੈ ਉਸਨੂੰ ਵੇਚ ਕੇ ਜਿੱਨੀ ਜਲਦੀ ਹੋ ਸਕੇਗਾ ਇਥੋਂ ਚਲੀ ਜਾਵਾਂਗੀ। ਪਰ ਭੈਣ ਕੀ ਇਕ ਗਲ ਦਸ ਦੇਵੇਂਗੀ। ਅਖੀਰ ਐਨੇ ਦਿਨਾਂ ਪਿਛੋਂ ਉਹਨਾਂ ਮੈਨੂੰ ਕਿਉਂ ਚੇਤੇ ਕਰ ਲਿਆ? ਜਦੋਂ ਉਹਨਾਂ ਦਾ ਆਦਮੀ ਸੱਦਣ ਗਿਆ ਸੀ ਤਾਂ ਕਿਉਂ ਇਕ ਝੂਠਾ ਨਾਂ ਦਸ ਆਇਆ ਸੀ?
ਸ਼ਰਮ ਦੇ ਮਾਰਿਆਂ ਰਾਧਾ ਰਾਣੀ ਦਾ ਮੂੰਹ ਲਾਲ ਹੋ ਗਿਆ ਤੇ ਸਿਰ ਨੀਵਾਂ ਪਾਈ ਖੜੀ ਰਹੀ।
ਬਿਜਲੀ ਨੇ ਕੁਝ ਚਿਰ ਚੁਪ ਚਾਪ ਖੜੀ ਰਹਿ ਕੇ ਕਿਹਾ,"ਮੈਂ ਸਮਝ ਗਈ ਮੇਰਾ ਨਿਰਾਦਰ ਕਰਨਾ ਚਾਹੁੰਦੇ ਸਨ ਇਸ ਕਰਕੇ? ਹੈ ਨ ਇਹੋ ਗਲ? ਹੋਰ ਤਾਂ ਕੋਈ ਸਬੱਬ ਨਹੀਂ ਦਿਸਦਾ ਕਿ ਉਹਨਾਂ ਮੈਨੂੰ ਇਥੇ ਸੱਦਣ ਦੀ ਕਿਉਂ ਕੋਸ਼ਸ਼ ਕੀਤੀ?
ਰਾਧਾ ਰਾਣੀ ਦਾ ਸਿਰ ਹੋਰ ਵੀ ਨੀਵਾਂ ਹੋ ਗਿਆ। ਬਿਜਲੀ ਨੇ ਹੱਸ ਕੇ ਆਖਿਆ, ਭੈਣ ਇਹਦੇ ਵਿਚ ਸ਼ਰਮਾਉਣ ਦੀ ਕਿਹੜੀ ਗੱਲ ਹੈ, ਪਰ ਉਹਨਾਂ ਦੀ ਵੀ ਗਲਤੀ ਹੈ, ਉਹਨਾਂ ਦੇ ਚਰਨਾਂ ਵਿਚ ਮੇਰਾ ਕਰੋੜ ਵਾਰੀ ਪ੍ਰਨਾਮ ਕਹਿਕੇ ਆਖਣਾ ਕਿ ਇਹ ਨਹੀਂ ਹੋ ਸਕੇਗਾ। ਹੁਣ ਮੇਰਾ ਆਪਣਾ ਅਖਵਾਉਣ ਵਾਲਾ ਮੇਰੇ ਕੋਲ ਕੁਝ ਵੀ ਨਹੀਂ। ਸਿਰ ਤੋਂ ਪੈਰਾਂ ਤਕ ਉਹਨਾਂ ਦੀ ਹੀ ਹਾਂ, ਸੋ ਜੇ ਮੇਰਾ ਅਪਮਾਨ ਕਰਨਗੇ ਤਾਂ ਉਨ੍ਹਾਂ ਦਾ ਹੀ ਹੋਵੇਗਾ।
'ਚੰਗਾ ਭੈਣ ਨਮਸਕਾਰ।'
'ਭੈਣ ਨਮਸਕਾਰ ਭਾਵੇਂ ਮੈਂ ਉਮਰੋਂ ਤੁਹਾਡੇ ਨਾਲੋਂ ਬਹੁਤ ਵੱਡੀ ਹਾਂ ਪਰ ਫੇਰ ਵੀ ਤੁਹਾਨੂੰ ਅਸ਼ੀਰਵਾਦ ਦੇਣ ਦਾ ਮੈਨੂੰ ਹੱਕ ਨਹੀਂ। ਮੈਂ ਸੱਚੇ ਦਿਲੋਂ ਪ੍ਰਮਾਤਮਾਂ ਪਾਸ ਪ੍ਰਾਰਥਨਾ ਕਰਦੀ ਹਾਂ, ਭੈਣ ਤੇਰੀਆਂ ਸੁਹਾਗ ਦੀਆਂ ਚੂੜੀਆਂ ਕਦੇ ਨ ਟੁਟਣ। ਚੰਗਾ ਮੈਂ ਜਾਂਦੀ ਹਾਂ।'
।।ਇਤੀ।।