ਸਮੱਗਰੀ 'ਤੇ ਜਾਓ

ਅੱਖਰਾਂ ਦੀ ਸੱਥ/ਉੱਲੂ ਦਾ ਗੁਆਂਢ

ਵਿਕੀਸਰੋਤ ਤੋਂ

ਉੱਲੂ ਦਾ ਗੁਆਂਢ

ਉੱਲੂ ਦਾ ਖੰਡਰ ਬਣੀ ਇਮਾਰਤ ਵਿਚ ਰਹਿਣ ਨੂੰ ਉੱਕਾ ਮਨ ਨਹੀਂ ਕਰਦਾ ਸੀ। ਉੱਲੂ ਵੀ ਹੋਰਨਾਂ ਪੰਛੀਆਂ ਵਾਂਗ ਕਿਸੇ ਰਮਣੀਕ ਥਾਂ ’ਤੇ ਰਹਿਣਾ ਚਾਹੁੰਦਾ ਸੀ। ਉੱਲੂ ਦਾ ਦਿਲ ਕਰਦਾ ਕਿ ਇਸ ਸੁੰਨਸਾਨ ਥਾਂ ਨੂੰ ਛੱਡ ਕੇ ਕਿਸੇ ਰੌਣਕ ਵਾਲੀ ਥਾਂ ’ਤੇ ਜਾ ਵਸੇ। ਪਰ ਉਹ ਪੁਰਾਣੀ ਗੱਲ ਨੂੰ ਯਾਦ ਕਰਕੇ ਚੁੱਪ ਕਰ ਜਾਂਦਾ। ਉਹ ਅਜੇ ਨਿੱਕਾ ਜਿਹਾ ਸੀ। ਉਸਦੇ ਦਾਦੇ ਦਾ ਮਨ ਵੀ ਇਸ ਖੰਡਰ ਇਮਾਰਤ ਵਿਚ ਰਹਿੰਦਿਆਂ ਉਚਾਟ ਹੋ ਗਿਆ ਸੀ। ਉਸਦਾ ਦਾਦਾ ਵੀ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਛੱਪੜ ਕੰਢੇ ਖੜੇ ਬੋਹੜ ਉੱਪਰ ਚਲਾ ਗਿਆ ਸੀ। ਉਸ ਬੋਹੜ ਉੱਪਰ ਉਦੋਂ ਕਿੰਨੇ ਹੀ ਹੋਰ ਪੰਛੀ ਰਹਿੰਦੇ ਸਨ। ਉੱਲੂ ਦੇ ਪਰਿਵਾਰ ਦੇ ਬੋਹੜ ਉੱਪਰ ਜਾਣ ਦੀ ਦੇਰ ਸੀ ਕਿ ਬੋਹੜ ਉੱਪਰ ਰਹਿਣ ਵਾਲੇ ਹੋਰ ਸਾਰੇ ਪੰਛੀ ਇਕ ਇਕ ਕਰਕੇ ਕਿਧਰੇ ਹੋਰ ਜਾ ਵਸੇ ਸਨ। ਉਹ ਫਿਰ ਇੱਕਲੇ ਰਹਿ ਗਏ ਸਨ।

ਉੱਲੂ ਕਈ ਦਿਨ ਦੁਚਿਤੀ ਵਿਚ ਪਿਆ ਰਿਹਾ।

"ਮੈਂ ਕਿਧਰੇ ਹੋਰ ਜਾਵਾਂ ਜਾਂ ਨਾ।"

"ਮੈਂ ਜ਼ਰੂਰ ਕਿਸੇ ਰਮਣੀਕ ਥਾਂ ਉੱਪਰ ਜਾਕੇ ਵਸਾਂਗਾ। ਮੈਂ ਉਥੇ ਪਹਿਲਾਂ ਤੋਂ ਵਸਣ ਵਾਲੇ ਪੰਛੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ। ਮੈਂ ਇਹ ਗੱਲ ਪੰਛੀਆਂ ਨੂੰ ਜਾਣ ਸਾਰ ਹੀ ਦੱਸ ਦੇਵਾਂਗਾ।" ਕਈ ਦਿਨ ਸੋਚਣ ਤੋਂ ਬਾਅਦ ਉੱਲੂ ਨੇ ਆਪਣੇ ਮਨ ਨਾਲ ਫੈਸਲਾ ਕਰ ਲਿਆ। ਫਿਰ ਉਹ ਆਪਣਾ ਸਾਰਾ ਸਮਾਨ ਲੈਕੇ ਪਿੰਡ ਵਿਚਲੇ ਖੜ੍ਹੇ ਬੋਹੜ ਉੱਪਰ ਪਹੁੰਚ ਗਿਆ।

ਬੋਹੜ ਉੱਪਰ ਪਹਿਲਾਂ ਹੀ ਕਈ ਪੰਛੀ ਰਹਿੰਦੇ ਸਨ। ਉੱਲੂ ਨੂੰ ਵੇਖਕੇ ਸਾਰੇ ਪੰਛੀ ਫਿਰ ਕਿਧਰੇ ਹੋਰ ਜਾਣ ਦੀ ਤਿਆਰੀ ਕਰਨ ਲੱਗ ਪਏ।

"ਪੰਛੀ ਭਰਾਵੋ! ਡਰੋ ਨਾ। ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ।" ਉੱਲੂ ਨੇ ਆਖਿਆ ਪਰ ਪੰਛੀ ਨਾ ਮੰਨੇ। ਪੰਛੀਆਂ ਦਾ ਇਸ ਬੋਹੜ ਤੋਂ ਜਾਣ ਨੂੰ ਦਿਲ ਨਹੀਂ ਕਰ ਰਿਹਾ ਸੀ। ਫਿਰ ਵੀ ਉਨ੍ਹਾਂ ਕਿਸੇ ਹੋਰ ਥਾਂ ਉੱਪਰ ਆਲ੍ਹਣੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ।

"ਬੋਹੜ ਬਾਬਾ! ਜਦੋਂ ਇਹ ਉੱਲੂ ਇਥੋਂ ਕਿਧਰੇ ਹੋਰ ਚਲਾ ਜਾਵੇਗਾ, ਉਦੋਂ ਅਸੀਂ ਜ਼ਰੂਰ ਤੇਰੇ ਕੋਲ ਵਾਪਸ ਆਵਾਂਗੇ।" ਪੰਛੀਆਂ ਨੇ ਬੋਹੜ ਨੂੰ ਆਖਿਆ। ਬੋਹੜ ਜਵਾਬ ਵਿਚ ਕੁਝ ਨਹੀਂ ਬੋਲਿਆ ਸੀ। ਉਂਜ ਉਹ ਉਦਾਸ ਹੋ ਗਿਆ ਸੀ।

"ਪੰਛੀਓ! ਮੈਂ, ਤੁਹਾਡੇ ਕੋਲ ਰਹਿਣਾ ਚਾਹੁੰਦਾ ਹਾਂ। ਤੁਸੀਂ ਹੋਰ ਥਾਂ ਤੁਰੇ ਜਾ ਰਹੇ ਹੋ। ਇੰਝ ਕਰਕੇ ਤੁਸੀਂ ਮੇਰੇ ਮਨ ਨੂੰ ਠੇਸ ਨਾ ਪਹੁੰਚਾਓ।" ਉੱਲੂ ਨੇ ਇਕ ਵਾਰ ਫਿਰ ਸਾਰੇ ਪੰਛੀਆਂ ਨੂੰ ਸਮਝਾਇਆ।

"ਤੇਰੇ ਵਰਗੇ ਮਨਹੂਸ ਕੋਲ ਕੋਈ ਵੀ ਵਸਣਾ ਪਸੰਦ ਨਹੀਂ ਕਰਦਾ।" ਬੋਹੜ ਉੱਪਰ ਰਹਿਣ ਵਾਲੇ ਕਬੂਤਰ ਨੇ ਆਖਿਆ। "ਕਬੂਤਰ ਭਰਾ! ਮੈਂ ਮਨਹੂਸ ਕਿਵੇਂ ਹਾਂ?" ਉੱਲੂ ਨੇ ਪੁੱਛਿਆ।

"ਲੋਕ ਕਹਿੰਦੇ ਨੇ, ਜਿਸ ਥਾਂ 'ਤੇ ਉੱਲੂ ਬੋਲਣ ਲੱਗ ਜਾਣ, ਉਸ ਥਾਂ ’ਤੇ ਉਜਾੜ ਪੈ ਜਾਂਦੀ ਏ। ਉੱਲੂ ਹਮੇਸ਼ਾ ਉਜਾੜ ਹੀ ਭਾਲਦੇ ਨੇ।" ਕਈ ਪੰਛੀ ਇਕੱਠੇ ਹੀ ਬੋਲ ਪਏ।

"ਭਰਾਵੋ! ਮੈਂ ਮਨਹੂਸ ਨਹੀਂ ਹਾਂ। ਮੈਨੂੰ ਕੁਦਰਤ ਨੇ ਤੁਹਾਡੇ ਤੋਂ ਕੁਝ ਵਖਰਾ ਬਣਾਇਆ ਹੈ। ਇਸ ਕਰਕੇ ਤੁਸੀਂ ਮੈਨੂੰ ਮਨਹੂਸ ਆਖਦੇ ਹੋ। ਮੈਨੂੰ, ਤੁਹਾਡੇ ਵਾਂਗ ਦਿਨ ਵਿਚ ਨਹੀਂ ਦਿਸਦਾ। ਮੈਨੂੰ ਰਾਤ ਨੂੰ ਦਿਸਦਾ ਹੈ। ਤੁਸੀਂ ਦਿਨ ਵਿਚ ਕੰਮ ਕਰਦੇ ਹੋ ਤੇ ਰਾਤ ਨੂੰ ਸੌਂਦੇ ਹੋ। ਇਸਦੇ ਉਲਟ ਮੈਂ ਦਿਨ ਵਿਚ ਸੌਂਦਾ ਹਾਂ ਤੇ ਰਾਤ ਨੂੰ ਕੰਮ ਕਰਦਾ ਹਾਂ। ਇਸ ਵਖਰੇਵੇਂ ਕਾਰਨ ਮੇਰੇ ਕੋਲ ਕੋਈ ਵਸਣਾ ਪਸੰਦ ਨਹੀਂ ਕਰਦਾ।" ਉੱਲੂ ਨੇ ਦੱਸਿਆ।

"ਮੇਰਾ ਤੁਹਾਡੇ ਨਾਲ ਰਹਿਣ ਨੂੰ ਬੇਹਦ ਜੀਅ ਕਰ ਰਿਹਾ ਹੈ।" ਉੱਲੂ ਨੇ ਇਕ ਵਾਰ ਫਿਰ ਤਰਲਾ ਲਿਆ। ਪਰ ਪੰਛੀਆਂ ਦਾ ਉੱਲੂ ਕੋਲ ਵਸਣ ਲਈ ਮਨ ਨਹੀਂ ਮੰਨ ਰਿਹਾ ਸੀ। "ਪੰਛੀਓ! ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੈਨੂੰ ਛੱਡ ਕੇ ਕਿਧਰੇ ਹੋਰ ਜਾਵੋ। ਤੁਹਾਡੇ ਨਾਲ ਉੱਲੂ ਵੀ ਵਸ ਜਾਵੇਗਾ। ਮੈਨੂੰ ਕੋਈ ਫਰਕ ਨਹੀਂ ਪੈਂਦਾ।" ਉੱਲੂ ਨੂੰ ਮਿੰਨਤਾਂ-ਤਰਲੇ ਕਰਦੇ ਨੂੰ ਵੇਖਕੇ ਬੋਹੜ ਨੇ ਆਖਿਆ।

ਬੋਹੜ ਦੇ ਕਹਿਣ 'ਤੇ ਪੰਛੀ ਰੁੱਕ ਗਏ।

"ਉੱਲੂ ਭਰਾ! ਅਸੀਂ ਇਥੋਂ ਹੋਰ ਕਿਧਰੇ ਨਹੀਂ ਜਾਂਦੇ। ਪਰ ਸ਼ਰਤ ਇਹ ਹੈ ਕਿ ਤੂੰ ਰਾਤ ਨੂੰ ਰੌਲਾ ਪਾਕੇ ਸਾਡੀ ਨੀਂਦ ਨਹੀਂ ਖਰਾਬ ਕਰਿਆ ਕਰੇਂਗਾ।" ਪੰਛੀਆਂ ਨੇ ਆਖਿਆ।

ਉੱਲੂ ਕਿਸੇ ਵੀ ਕੀਮਤ 'ਤੇ ਇਹ ਰਮਣੀਕ ਥਾਂ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ। ਉਹ, ਪੰਛੀਆਂ ਦੀ ਹਰ ਸ਼ਰਤ ਮੰਨਣ ਲਈ ਤਿਆਰ ਸੀ। ਉੱਲੂ ਨੇ ਉਸੇ ਵੇਲੇ ਰਾਤ ਨੂੰ ਪੰਛੀਆਂ ਨੂੰ ਤੰਗ ਪਰੇਸ਼ਾਨ ਨਾ ਕਰਨ ਦੀ ਹਾਮੀ ਭਰ ਲਈ।

ਹੁਣ ਉੱਲੂ ਵੀ ਬੋਹੜ ਉੱਪਰ ਰਹਿਣ ਲੱਗ ਪਿਆ ਸੀ। ਉੱਲੂ ਸਾਰੀ ਰਾਤ ਜਾਗਦਾ ਰਹਿੰਦਾ ਸੀ। ਉਹ ਆਪਣੇ ਗੁਆਂਢੀ ਪੰਛੀਆਂ ਦੀ ਨੀਂਦ ਬਿਲਕੁਲ ਵੀ ਖਰਾਬ ਨਹੀਂ ਕਰਦਾ ਸੀ। ਉਹ ਸਗੋਂ ਪੰਛੀਆਂ ਲਈ ਪਹਿਰੇਦਾਰ ਦਾ ਕੰਮ ਕਰਨ ਲੱਗ ਪਿਆ ਸੀ। ਪੰਛੀ ਸਾਰੀ ਰਾਤ ਨਿਧੜਕ ਹੋਕੇ ਸੁੱਤੇ ਰਹਿੰਦੇ ਸਨ। ਕਿਸੇ ਸ਼ਿਕਾਰੀ ਜਾਂ ਹੋਰ ਖੁੰਖਾਰ ਪੰਛੀ ਦੇ ਆਉਣ 'ਤੇ ਉੱਲੂ ਰੌਲਾ ਪਾ ਦਿੰਦਾ ਸੀ। ਪਹਿਲਾਂ ਪੰਛੀਆਂ ਨੂੰ ਵਾਰੀ ਸਿਰ ਜਾਗਣਾ ਪੈਂਦਾ ਸੀ। ਪੰਛੀ ਬੇਹਦ ਖੁਸ਼ ਸਨ। ਪੰਛੀ ਸਮਝ ਗਏ ਸਨ ਕਿ ਉੱਲੂ ਮਨਹੂਸ ਨਹੀਂ ਹੈ।