ਸਮੱਗਰੀ 'ਤੇ ਜਾਓ

ਅੱਖਰਾਂ ਦੀ ਸੱਥ/ਮੋਲੂ ਮੇਮਣਾ ਤੇ ਸ਼ੇਰ

ਵਿਕੀਸਰੋਤ ਤੋਂ
56628ਅੱਖਰਾਂ ਦੀ ਸੱਥ — ਮੋਲੂ ਮੇਮਣਾ ਤੇ ਸ਼ੇਰਇਕਬਾਲ ਸਿੰਘ

ਮੋਲੂ ਮੇਮਣਾ ਤੇ ਸ਼ੇਰ

ਜੰਗਲ ਵਿਚ ਕਈ ਦਿਨਾਂ ਬਾਅਦ ਧੁੱਪ ਨਿਕਲੀ ਸੀ। ਕਈ ਦਿਨਾਂ ਬਾਅਦ ਧੁੱਪ ਨਿਕਲੀ ਵੇਖਕੇ ਮੇਮਣੇ ਘਰੋਂ ਬਾਹਰ ਨਿਕਲ ਆਏ। ਉਹ ਬਾਹਰ ਮੈਦਾਨ ਵਿਚ ਜਾ ਕੇ ਖੇਡਣਾ ਚਾਹੁੰਦੇ ਸਨ।

ਮੇਮਣਿਆਂ ਦੇ ਗੁਆਂਢ ਵਿਚ ਮੋਲੂ ਨਾਂ ਦਾ ਇਕ ਹੋਰ ਮੇਮਣਾ ਰਹਿੰਦਾ ਸੀ। ਮੇਮਣਿਆਂ ਨੇ ਮੋਲੂ ਮੇਮਣੇ ਨੂੰ ਵੀ ਨਾਲ ਮੈਦਾਨ ਵਿਚ ਜਾਕੇ ਖੇਡਣ ਲਈ ਆਖਿਆ।

"ਮੈਂ ਨਹੀਂ ਅੱਜ ਮੈਦਾਨ ਵਿਚ ਖੇਡਣ ਜਾਂਦਾ। ਜੰਗਲ ਦੇ ਜਾਨਵਰ ਕਈ ਦਿਨਾਂ ਦੇ ਭੁੱਖੇ ਹਨ। ਕਿਧਰੇ ਸਾਨੂੰ ਹੀ ਨਾ ਦਬੋਚ ਲੈਣ।" ਮੋਲੂ ਨੇ ਨਾਂਹ ਕਰ ਦਿੱਤੀ। ਮੋਲੂ ਜਾਣਦਾ ਸੀ ਕਿ ਜੰਗਲ ਦੇ ਸਾਰੇ ਜਾਨਵਰ ਕਈ ਦਿਨਾਂ ਦੇ ਭੁੱਖੇ ਹਨ।

"ਤੂੰ ਯਾਰ! ਐਵੇਂ ਡਰਿਆ ਨਾ ਕਰ। ਬੱਚਿਆਂ ਨੂੰ ਕੋਈ ਕੁਝ ਨਹੀਂ ਕਹਿੰਦਾ।" ਮੇਮਣਿਆਂ ਨੇ ਦੁਬਾਰਾ ਆਖਿਆ। ਮੇਮਣਿਆਂ ਦੇ ਦੁਬਾਰਾ ਕਹਿਣ ’ਤੇ ਮੋਲੂ ਮੇਮਣਾ ਵੀ ਗੇਂਦ ਲੈਕੇ ਤੁਰ ਪਿਆ। ਮੋਲੂ ਡਰਦਾ ਸੀ ਕਿ ਦੂਸਰੇ ਮੇਮਣੇ ਕਿਧਰੇ ਉਸ ਨਾਲ ਕੱਟੀ ਹੀ ਨਾ ਪਾ ਦੇਣ।

ਹੁਣ ਤਿੰਨੇ ਮੇਮਣੇ ਮੈਦਾਨ ਵਿਚ ਆਕੇ 'ਪਿੱਠੂ ਗਰਮ’ ਖੇਡਣ ਤਾਂ ਲੱਗ ਪਏ ਸਨ। 'ਬੱਚਿਆਂ ਨੂੰ ਕੋਈ ਕੁਝ ਨਹੀਂ ਕਹਿੰਦਾ।' ਇਹ ਮੇਮਣਿਆਂ ਦਾ ਵਹਿਮ ਹੀ ਸੀ। ਮੇਮਣਿਆਂ ਨੇ ਅਜੇ ਖੇਡਣਾ ਸ਼ੁਰੂ ਹੀ ਕੀਤਾ ਸੀ ਕਿ ਉਨ੍ਹਾਂ ਨੂੰ ਸੇ਼ਰ ਆਉਂਦਾ ਦਿਸ ਪਿਆ।

ਸ਼ੇਰ ਨੂੰ ਵੇਖਕੇ ਦੂਸਰੇ ਦੋਵੇਂ ਮੇਮਣੇ ਭੱਜ ਗਏ। ਮੈਦਾਨ ਵਿਚ ਸਿਰਫ ਮੋਲੂ ਰਹਿ ਗਿਆ ਸੀ। ਮੋਲੂ ਦੀ ਗੇਂਦ ਸ਼ੇਰ ਨੇ ਕਾਬੂ ਕਰ ਲਈ ਸੀ ਤੇ ਮੋਲੂ ਆਪਣੀ ਗੇਂਦ ਛੱਡ ਕੇ ਜਾਣਾ ਨਹੀਂ ਚਾਹੁੰਦਾ ਸੀ।

"ਪੁੱਤਰ! ਭੱਜ ਕੇ ਜਾ। ਆਪਣੀ ਮਾਂ ਨੂੰ ਬੁਲਾ ਕੇ ਲਿਆ। ਇਕ ਜ਼ਰੂਰੀ ਗੱਲ ਕਰਨੀ ਹੈ।" ਸ਼ੇਰ ਨੇ ਮੋਲੂ ਨੂੰ ਆਖਿਆ।

ਸ਼ੇਰ ਦੇ ਕਹਿਣ ’ਤੇ ਮੋਲੂ ਆਪਣੀ ਮਾਂ ਨੂੰ ਬੁਲਾਉਣ ਤੁਰ ਪਿਆ। ਮੋਲੂ ਨੇ ਤੁਰਨ ਲੱਗੇ ਨੇ ਸ਼ੇਰ ਕੋਲ ਆਪਣੀ ਗੇਂਦ ਮੰਗੀ।

"ਠੀਕ ਹੈ ਅੰਕਲ! ਤੁਸੀਂ ਮੇਰੀ ਗੇਂਦ ਦੇ ਦੇਵੋ। ਮੈਂ ਹੁਣੇ ਆਪਣੀ ਮਾਂ ਨੂੰ ਬੁਲਾ ਕੇ ਲਿਆਉਂਦਾ ਹਾਂ।" ਮੋਲੂ ਨੇ ਆਖਿਆ। ਪਰ ਸ਼ੇਰ ਨੇ ਉਸਨੂੰ ਗੇਂਦ ਨਾ ਦਿੱਤੀ। ਸ਼ੇਰ ਨੂੰ ਪਤਾ ਸੀ ਕਿ ਜੇਕਰ ਮੋਲੂ ਨੂੰ ਗੇਂਦ ਮਿਲ ਗਈ ਤੇ ਫਿਰ ਉਸਨੇ ਵਾਪਸ ਨਹੀਂ ਮੁੜਨਾ।

"ਸ਼ੇਰ ਅੰਕਲ ਨੇ ਉਸਦੀ ਮਾਂ ਨਾਲ ਕੋਈ ਜ਼ਰੂਰੀ ਗੱਲ ਨਹੀਂ ਕਰਨੀ। ਸ਼ੇਰ ਨੇ ਤੇ ਮੇਰੀ ਮਾਂ ਨੂੰ ਖਾਣਾ ਹੈ।" ਘਰ ਨੂੰ ਤੁਰੇ ਜਾਂਦਿਆਂ ਮੋਲੂ ਨੂੰ ਖਿਆਲ ਆਇਆ। ਮੋਲੂ ਨੂੰ ਆਪਣੀ ਮਾਂ ਦੀ ਚਿੰਤਾ ਸਤਾਉਣ ਲੱਗੀ। ਉਹ ਮਾਂ ਨੂੰ ਸ਼ੇਰ ਤੋਂ ਬਚਾਉਣ ਦਾ ਕੋਈ ਢੰਗ ਸੋਚਣ ਲੱਗਾ। ਪਰ ਉਸਨੂੰ ਆਪਣੀ ਮਾਂ ਨੂੰ ਬਚਾਉਣ ਦਾ ਕੋਈ ਢੰਗ ਨਹੀਂ ਸੁਝ ਰਿਹਾ ਸੀ।

"ਮਾਂ ਬਾਹਰ ਸ਼ੇਰ ਆਇਆ ਹੈ। ਉਹ ਇਕ ਜ਼ਰੂਰੀ ਗੱਲ ਕਰਨ ਵਾਸਤੇ ਤੈਨੂੰ ਬੁਲਾਉਂਦਾ। ਪਰ ਤੂੰ ਬਾਹਰ ਨਾ ਆਵੀਂ। ਸ਼ੇਰ ਭੁੱਖਾ ਹੈ। ਉਹ ਤੈਨੂੰ ਖਾ ਜਾਵੇਗਾ।" ਮੋਲੂ ਨੇ ਦੱਸਿਆ। ਉਹ ਘਰ ਪਹੁੰਚ ਗਿਆ ਸੀ।

"ਪੁੱਤਰ! ਹੁਣ ਤੂੰ ਵੀ ਬਾਹਰ ਨਾ ਜਾਵੀਂ। ਸ਼ੇਰ ਕਿਧਰੇ ਤੈਨੂੰ ਹੀ ਨਾ ਹੱੜਪ ਜਾਵੇ।" ਮੋਲੂ ਦੀ ਮਾਂ ਨੇ ਆਖਿਆ। ਆਪਣੇ ਤੋਂ ਵੱਧ ਉਸਨੂੰ ਮੋਲੂ ਦੀ ਚਿੰਤਾ ਸੀ।

"ਮਾਂ! ਤੂੰ ਚਿੰਤਾ ਨਾ ਕਰ। ਮੈਂ ਨਹੀਂ ਆਉਂਦਾ, ਸ਼ੇਰ ਅੰਕਲ ਦੇ ਕਾਬੂ। ਸ਼ੇਰ ਅੰਕਲ ਨੇ ਮੇਰੀ ਗੇਂਦ ਕਾਬੂ ਕਰ ਲਈ ਹੈ। ਮੈਂ, ਸ਼ੇਰ ਅੰਕਲ ਤੋਂ ਆਪਣੀ ਗੇਂਦ ਲੈ ਕੇ ਆਉਂਦਾ ਹਾਂ।" ਇਹ ਆਖਦਾ ਹੋਇਆ ਮੋਲੂ ਫਿਰ ਸ਼ੇਰ ਵੱਲ ਨੂੰ ਤੁਰ ਪਿਆ। ਮੋਲੂ ਬੇਹਦ ਸਿਆਣਾ ਸੀ। ਉਸਨੇ ਆਪਣੇ ਆਪ ਨੂੰ ਸ਼ੇਰ ਤੋਂ ਬਚਾਉਣ ਦਾ ਢੰਗ ਸੋਚ ਲਿਆ ਸੀ।

"ਅੰਕਲ! ਤੁਹਾਨੂੰ ਥੋੜ੍ਹੀ ਦੇਰ ਉਡੀਕ ਕਰਨੀ ਪਵੇਗੀ। ਘਰ ਮੇਰਾ ਮਾਮਾ ਆਇਆ ਹੋਇਆ। ਮਾਮੇ ਨੇ ਹੁਣੇ ਚਲੇ ਜਾਣਾ। ਮੇਰੀ ਮਾਂ, ਮਾਮੇ ਦੇ ਜਾਣ ਤੋਂ ਬਾਅਦ ਆਵੇਗੀ।" ਮੋਲੂ ਨੇ ਵਾਪਸ ਆਕੇ ਸ਼ੇਰ ਨੂੰ ਦੱਸਿਆ ਤੇ ਸ਼ੇਰ ਦੇ ਪੰਜੇ ਤੋਂ ਆਪਣੇ ਆਪ ਨੂੰ ਬਚਾਉਣ ਲਈ ਉਹ ਆਪ ਇਕ ਰੁੱਖ ’ਤੇ ਚੜ੍ਹ ਗਿਆ। "ਅੰਕਲ! ਜਿੰਨੀ ਦੇਰ ਮੇਰੀ ਮਾਂ ਨਹੀਂ ਆਉਂਦੀ। ਚਲੋਂ ਆਪਾਂ ਖੇਡਦੇ ਹਾਂ। ਤੁਸੀਂ ਗੇਂਦ ਮੇਰੇ ਵੱਲ ਸੁੱਟੋ ਮੈਂ ਤੁਹਾਡੇ ਵੱਲ ਸੁੱਟਦਾ ਹਾਂ।" ਰੁੱਖ 'ਤੇ ਚੜ੍ਹਨ ਤੋਂ ਬਾਅਦ ਮੋਲੂ ਨੇ ਆਖਿਆ ਤੇ ਸ਼ੇਰ ਮੋਲੂ ਨਾਲ ਖੇਡਣ ਲੱਗ ਪਿਆ। ਦੋਵੇਂ ਜਣੇ ਇਕ-ਦੂਸਰੇ ਵੱਲ ਗੇਂਦ ਸੁੱਟਣ ਲੱਗ ਪਏ।

"ਅੰਕਲ! ਬਸ ਹੁਣ ਮੇਰੀ ਮਾਂ ਤੁਹਾਡੀ ਗੱਲ ਸੁਣਨ ਆਵੇਗੀ। ਮੇਰਾ ਮਾਮਾ, ਸਾਡੇ ਘਰੋਂ ਤੁਰ ਪਿਆ।" ਸ਼ੇਰ ਨਾਲ ਖੇਡਦਿਆਂ ਮੋਲੂ ਨੇ ਉਦੋਂ ਆਖਿਆ, ਜਦੋਂ ਗੇਂਦ ਉਸ ਦੇ ਹੱਥ ਵਿਚ ਸੀ।

"ਕਿੱਥੇ ਹੈ ਤੇਰਾ ਮਾਮਾ? ਮੈਨੂੰ ਤੇ ਕਿਧਰੇ ਵਿਖਾਈ ਨਹੀਂ ਦਿੰਦਾ।" ਸ਼ੇਰ ਨੇ ਕਾਹਲੀ ਨਾਲ ਪੁੱਛਿਆ। ਉਸਦੇ ਮੂੰਹ ਵਿਚ ਪਾਣੀ ਆ ਗਿਆ ਸੀ। ਚਲਾਕ ਸ਼ੇਰ ਪਹਿਲਾਂ ਮੋਲੂ ਦੇ ਮਾਮੇ ਤੇ ਫਿਰ ਉਸਦੀ ਮਾਂ ਨੂੰ ਖਾਣਾ ਚਾਹੁੰਦਾ ਸੀ।

"ਅੰਕਲ! ਸਾਡੇ ਘਰ ਦੇ ਪਿਛਲੇ ਪਾਸੇ ਵੀ ਰਸਤਾ ਹੈ। ਮੇਰਾ ਮਾਮਾ, ਸਾਡੇ ਘਰ ਦੇ ਪਿਛਲੇ ਪਾਸੇ ਵਾਲੇ ਰਸਤੇ ਥਾਣੀਂ ਜਾਵੇਗਾ।" ਮੋਲੂ ਦੇ ਇਹ ਕਹਿਣ ਦੀ ਦੇਰ ਸੀ ਕਿ ਸ਼ੇਰ ਕਾਹਲੀ ਨਾਲ ਮੋਲੂ ਦੇ ਮਾਮੇ ਨੂੰ ਖਾਣ ਲਈ ਦੂਸਰੇ ਰਸਤੇ ਵੱਲ ਤੁਰ ਪਿਆ। ਪਿੱਛੋਂ ਮੋਲੂ ਰੁੱਖ ਤੋਂ ਉੱਤਰ ਕੇ ਆਪਣੇ ਘਰ ਦੌੜ ਗਿਆ। ਗੇਂਦ ਮੋਲੂ ਨੇ ਪਹਿਲਾਂ ਹੀ ਕਾਬੂ ਕਰ ਲਈ ਸੀ।