ਸਮੱਗਰੀ 'ਤੇ ਜਾਓ

ਅੱਖਰਾਂ ਦੀ ਸੱਥ/ਅਹਿਸਾਨਮੰਦ

ਵਿਕੀਸਰੋਤ ਤੋਂ

ਅਹਿਸਾਨਮੰਦ

ਸੁੰਦਰ ਨੇ ਘੜੀ ਵੇਖੀ। ਘੜੀ ਵੇਖਕੇ ਉਹ ਪੈਂਡਲ ਹੋਰ ਤੇਜੀ ਨਾਲ ਮਾਰਨ ਲੱਗ ਪਿਆ। ਅੱਜ ਸੁੰਦਰ ਦਾ ਇਮਤਿਹਾਨ ਸੀ। 'ਕਿਧਰੇ ਲੇਟ ਨਾ ਹੋ ਜਾਵਾਂ।' ਇਹ ਸੋਚ ਕੇ ਸੁੰਦਰ ਨੇ ਸਾਈਕਲ ਹੋਰ ਤੇਜ ਕਰ ਲਿਆ ਸੀ। ਸਾਈਕਲ ਤੇਜ ਕਰਕੇ ਅਜੇ ਉਹ ਅੱਧਾ ਕੁ ਕਿਲੋਮੀਟਰ ਗਿਆ ਸੀ ਕਿ ਸਾਈਕਲ ਪੈਂਚਰ ਹੋ ਗਿਆ।

ਸੁੰਦਰ ਨੇ ਦਿਨ ਰਾਤ ਇਕ ਕਰਕੇ ਇਮਤਿਹਾਨ ਦੀ ਤਿਆਰੀ ਕੀਤੀ ਸੀ। ਸੁੰਦਰ ਨੂੰ ਪੂਰੀ ਉਮੀਦ ਸੀ ਕਿ ਉਹ ਬਹੁਤ ਚੰਗੇ ਨੰਬਰ ਲੈਕੇ ਪਾਸ ਹੋਵੇਗਾ। ਪਰ ਹੁਣ ਉਸਦੀਆ ਉਮੀਦਾਂ 'ਤੇ ਪਾਣੀ ਫਿਰਦਾ ਜਾਪਣ ਲੱਗ ਪਿਆ ਸੀ।

'ਹੁਣ ਕੀ ਕੀਤਾ ਜਾਵੇ।' ਸੁੰਦਰ ਕੋਲ ਖੜ੍ਹੇ ਹੋਕੇ ਇਹ ਸੋਚਣ ਦਾ ਵਕਤ ਨਹੀਂ ਸੀ। ਸੁੰਦਰ ਕਾਹਲੀ- ਕਾਹਲੀ ਸਾਈਕਲ ਰੇੜਨ ਲੱਗ ਪਿਆ। ਸੁੰਦਰ ਵਾਰ-ਵਾਰ ਭੱਜਣ ਦੀ ਕੋਸ਼ਿਸ਼ ਕਰਦਾ, ਪਰ ਸਾਈਕਲ ਨਾਲ ਉਸ ਕੋਲੋਂ ਭੱਜਿਆ ਨਹੀਂ ਸੀ ਜਾਂਦਾ।

ਸੁੰਦਰ ਅਜੇ ਥੋੜੀ ਦੂਰ ਹੀ ਗਿਆ ਸੀ ਕਿ ਪਿੱਛੋਂ ਸਾਈਕਲ ਲੈਕੇ ਉਸਦਾ ਜਮਾਤੀ ਪ੍ਰਦੀਪ ਆ ਗਿਆ। ਪ੍ਰਦੀਪ ਦੇ ਨਾਲ ਉਸਦਾ ਛੋਟਾ ਭਰਾ ਦੀਪਕ ਵੀ ਸੀ। ਦੀਪਕ ਦਾ ਅੱਜ ਇਮਤਿਹਾਨ ਨਹੀਂ ਸੀ। ਪ੍ਰਦੀਪ ਨੇ ਸੁੰਦਰ ਨੂੰ ਚੜ੍ਹਾ ਲਿਆ। ਉਸਨੇ, ਸੁੰਦਰ ਦਾ ਸਾਈਕਲ ਦੀਪਕ ਨੂੰ ਫੜ੍ਹਾ ਦਿੱਤਾ।

"ਦੀਪਕ! ਤੂੰ ਸੁੰਦਰ ਦਾ ਸਾਈਕਲ ਪੈਂਚਰ ਲਗਵਾ ਕੇ ਸਕੂਲ ਲੈ ਆਵੀਂ।" ਪ੍ਰਦੀਪ ਨੇ ਆਖਿਆ ਸੀ।

ਸਕੂਲ ਅੱਪੜ ਕੇ ਸੁੰਦਰ ਦਾ ਮਸ੍ਹਾਂ ਸਾਹ ਨਾਲ ਸਾਹ ਰਲਿਆ। ਉਹ ਫਟਾਫਟ ਇਮਤਿਹਾਨ 'ਚ ਬਹਿ ਗਿਆ। ਜਿਸ ਕਮਰੇ ਵਿਚ ਸੁੰਦਰ ਇਮਤਿਹਾਨ ਲਈ ਬੈਠਾ ਸੀ, ਉਥੇ ਹੀ ਦੂਸਰੀ ਲਾਈਨ ਵਿਚ ਪ੍ਰਦੀਪ ਸੀ।

ਪ੍ਰਦੀਪ ਨੇ ਸੁੰਦਰ ਵਾਂਗ ਇਮਤਿਹਾਨ ਦੀ ਤਿਆਰੀ ਨਹੀਂ ਕੀਤੀ ਸੀ। ਪ੍ਰਦੀਪ ਵਾਰ ਵਾਰ ਸੁੰਦਰ ਨੂੰ ਸਵਾਲ ਪੁੱਛਣ ਦੀ ਤੇ ਨਕਲ ਮਾਰਨ ਦੀ ਕੋਸ਼ਿਸ਼ ਕਰਦਾ ਸੀ। ਪ੍ਰਦੀਪ ਨੇ ਸੁੰਦਰ ਨੂੰ ਸਕੂਲ ਤਕ ਪਹੁੰਚਾਉਣ ਵਿਚ ਮਦਦ ਕੀਤੀ ਸੀ। ਇਸ ਕਰਕੇ ਪ੍ਰਦੀਪ ਨੂੰ ਪੂਰੀ ਉਮੀਦ ਸੀ ਕਿ ਸੁੰਦਰ, ਉਸਦੀ ਮਦਦ ਜ਼ਰੂਰ ਕਰੇਗਾ। ਪਰ ਇਮਤਿਹਾਨ ਦੇ ਇਨ੍ਹਾਂ ਤਿੰਨਾਂ ਘੰਟਿਆਂ ਵਿਚ ਸੁੰਦਰ ਨੇ ਪ੍ਰਦੀਪ ਵੱਲ ਅੱਖ ਚੁੱਕ ਕੇ ਵੀ ਨਾ ਵੇਖਿਆ। ਸੁੰਦਰ ਆਪਣਾ ਪੇਪਰ ਕਰਨ ਵਿਚ ਮਸਤ ਸੀ।

ਸੁੰਦਰ ਦਾ ਇਮਤਿਹਾਨ ਬਹੁਤ ਵਧੀਆ ਹੋ ਗਿਆ ਸੀ। ਸੁੰਦਰ ਇਮਤਿਹਾਨ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰਦੀਪ ਨੂੰ ਮਿਲਿਆ। ਉਹ, ਪ੍ਰਦੀਪ ਦਾ 'ਧੰਨਵਾਦ' ਕਰਨਾ ਚਾਹੁੰਦਾ ਸੀ। ਪ੍ਰਦੀਪ ਦੀ ਮਦਦ ਨਾਲ ਹੀ ਸੁੰਦਰ ਇਮਤਿਹਾਨ ਲਈ ਸਮੇਂ ਸਿਰ ਪਹੁੰਚਿਆ ਸੀ ਤੇ ਉਸਦਾ ਇਮਤਿਹਾਨ ਬਹੁਤ ਵਧੀਆ ਹੋ ਗਿਆ ਸੀ।

ਸੁੰਦਰ ਨੇ ਅਜੇ ਕੁਝ ਬੋਲਣਾ ਸੀ। ਪ੍ਰਦੀਪ, ਸੁੰਦਰ ਨੂੰ ਵੇਖਕੇ ਪਹਿਲਾਂ ਹੀ ਬੋਲਣ ਲੱਗ ਪਿਆ।

"ਕੋਈ ਫਾਇਦਾ ਨਹੀਂ ਹੈ, ਤੇਰੇ ਵਰਗੇ ਦੀ ਮਦਦ ਕਰਨ ਦਾ। ਜੇਕਰ ਮੈਂ ਨਾ ਆਪਣੇ ਸਾਈਕਲ 'ਤੇ ਚੜਾਉਂਦਾ ਤੇ ਅੱਜ ਤੇਰੇ ਪੇਪਰ ਦਾ ਅੱਧਾ ਸਮਾਂ ਰਾਹ ਵਿਚ ਹੀ ਲੰਘ ਜਾਣਾ ਸੀ।" ਪ੍ਰਦੀਪ ਨੇ ਆਖਿਆ। ਉਹ ਲਾਲ-ਪੀਲਾ ਹੋਇਆ ਪਿਆ ਸੀ।

"ਪ੍ਰਦੀਪ! ਮੈਂ, ਤੇਰਾ ਅਹਿਸਾਨਮੰਦ ਹਾਂ। ਤੂੰ, ਮੇਰੀ ਮਦਦ ਕੀਤੀ ਹੈ। ਲੋੜ ਵੇਲੇ ਮੈਂ ਵੀ ਤੇਰੀ ਮਦਦ ਜ਼ਰੂਰ ਕਰਾਂਗਾ।" ਸੁੰਦਰ ਨੇ ਸਮਝਾਇਆ।

"ਪ੍ਰਦੀਪ! ਨਕਲ ਕਰਨੀ ਤੇ ਕਰਾਉਣੀ ਪਾਪ ਹੈ। ਨਕਲ ਮਾਰਕੇ ਅੱਜ ਤਾਈਂ ਕਿਸੇ ਨੂੰ ਵੀ ਮੰਜ਼ਿਲ ਨਹੀਂ ਪ੍ਰਾਪਤ ਹੋਈ।" ਸੁੰਦਰ ਨੇ ਫਿਰ ਆਖਿਆ। ਪਰ ਪ੍ਰਦੀਪ ਮੰਨਣ ਲਈ ਤਿਆਰ ਨਹੀਂ ਸੀ।

ਪ੍ਰਦੀਪ ਨੇ ਸੁੰਦਰ ਨਾਲ ਬੋਲਣਾ ਬੰਦ ਕਰ ਦਿੱਤਾ। ਭਾਵੇਂ ਪ੍ਰਦੀਪ ਨਹੀਂ ਬੋਲਦਾ ਸੀ, ਫਿਰ ਵੀ ਸੁੰਦਰ, ਪ੍ਰਦੀਪ ਦੀ ਮਦਦ ਲਈ ਤਿਆਰ-ਬਰ-ਤਿਆਰ ਸੀ।

ਫਿਰ ਇਕ ਦਿਨ ਪ੍ਰਦੀਪ ਦੇ ਡੈਡੀ ਸਕੂਲ ਵਿਚ ਆ ਗਏ। ਪ੍ਰਦੀਪ ਦੇ ਡੈਡੀ ਕੁਝ ਚਿੰਤਤ ਜਾਪ ਰਹੇ ਸਨ। ਉਹ ਜਾਣਦੇ ਸਨ ਕਿ ਪ੍ਰਦੀਪ ਪੜ੍ਹਾਈ ਵਿਚ ਬਹੁਤਾ ਚੰਗਾ ਨਹੀਂ ਹੈ। ਉਹ, ਅਧਿਆਪਕਾਂ ਨਾਲ ਪ੍ਰਦੀਪ ਨੂੰ ਵੱਖਰਾ ਸਮਾਂ ਦੇਕੇ ਪੜਾਉਣ ਦੀ ਗੱਲ ਕਰ ਰਹੇ ਸਨ। ਕੋਲ ਖੜ੍ਹੇ ਸੁੰਦਰ ਨੇ ਇਹ ਗੱਲ ਸੁਣ ਲਈ ਸੀ। ਸੁੰਦਰ ਹੁਣ ਪ੍ਰਦੀਪ ਦੀ ਮਦਦ ਕਰਨ ਦਾ ਮੌਕਾ ਖੁਝਾਉਣਾ ਨਹੀਂ ਚਾਹੁੰਦਾ ਸੀ।

"ਪ੍ਰਦੀਪ ਨੂੰ ਮੈਂ ਪੜ੍ਹਾਇਆ ਕਰਾਂਗਾ।" ਸੁੰਦਰ ਨੇ ਆਖਿਆ। ਸੁੰਦਰ ਦੀ ਤਜਵੀਜ਼ ਸੁਣਕੇ ਸਾਰੇ ਅਧਿਆਪਕਾਂ ਦੇ ਨਾਲ ਪ੍ਰਦੀਪ ਦੇ ਡੈਡੀ ਵੀ ਖੁਸ਼ ਹੋ ਗਏ। ਅਧਿਆਪਕਾਂ ਨੇ ਉਸੇ ਵਕਤ ਸੁੰਦਰ ਦੇ ਇਸ ਸੁੰਦਰ ਇਰਾਦੇ ਨੂੰ ਹਰੀ ਝੰਡੀ ਵਿਖਾ ਦਿੱਤੀ।

ਪ੍ਰਦੀਪ, ਸੁੰਦਰ ਨਾਲ ਬੋਲਦਾ ਨਹੀਂ ਸੀ। ਫਿਰ ਵੀ ਸੁੰਦਰ, ਪ੍ਰਦੀਪ ਨੂੰ ਪੜਾਉਣ ਉਸਦੇ ਘਰ ਜਾਣ ਲੱਗ ਪਿਆ। ਸੁੰਦਰ, ਪ੍ਰਦੀਪ ਨੂੰ ਬੜੇ ਹੀ ਸੌਖੇ ਢੰਗ ਨਾਲ ਸਮਝਾਉਂਦਾ ਸੀ। ਪ੍ਰਦੀਪ ਦਿਨ ਪ੍ਰਤੀ ਦਿਨ ਹੁਸ਼ਿਆਰ ਹੁੰਦਾ ਜਾ ਰਿਹਾ ਸੀ। ਕੁਝ ਦਿਨਾਂ ਬਾਅਦ ਉਹ ਆਪੇ ਪੜ੍ਹਨ ਲਈ ਸੁੰਦਰ ਦੇ ਘਰ ਆਉਣ ਲੱਗ ਪਿਆ। ਹੁਣ ਸੁੰਦਰ ਨੂੰ ਸਕੂਲ ਵਿਚ ਵੀ ਜਦੋਂ ਮੌਕਾ ਮਿਲਦਾ, ਉਹ ਪ੍ਰਦੀਪ ਦੀ ਮਦਦ ਕਰਨ ਲੱਗ ਪੈਂਦਾ ਸੀ। ਸੁੰਦਰ, ਹੌਲ਼ੀ-ਹੌਲ਼ੀ ਪ੍ਰਦੀਪ ਨੂੰ ਇਮਤਿਹਾਨ ਲਈ ਤਿਆਰ ਕਰਦਾ ਜਾ ਰਿਹਾ ਸੀ। ਉਸਨੇ ਪ੍ਰਦੀਪ ਕੋਲੋਂ ਇਮਤਿਹਾਨ ਵੇਲੇ ਨਕਲ ਨਾ ਮਾਰਨ ਦਾ ਵਚਨ ਵੀ ਲੈ ਲਿਆ ਸੀ। ਪ੍ਰਦੀਪ ਸਾਰੇ ਗੁੱਸੇ ਗਿਲੇ ਭੁੱਲ ਗਿਆ ਸੀ। ਉਹ ਬੇਹਦ ਖੁਸ਼ ਸੀ।