ਸਮੱਗਰੀ 'ਤੇ ਜਾਓ

ਅੱਖਰਾਂ ਦੀ ਸੱਥ/ਚੂਹਿਆਂ ਦਾ ਵਟਸਐਪ ਗਰੁੱਪ

ਵਿਕੀਸਰੋਤ ਤੋਂ
56626ਅੱਖਰਾਂ ਦੀ ਸੱਥ — ਚੂਹਿਆਂ ਦਾ ਵਟਸਐਪ ਗਰੁੱਪਇਕਬਾਲ ਸਿੰਘ

ਚੂਹਿਆਂ ਦਾ ਵਟਸਐਪ ਗਰੁੱਪ

ਚੰਨੂ ਚੂਹਾ ਬੇਹਦ ਦੁਖੀ ਸੀ। ਮਾਣੋ ਬਿੱਲੀ ਹਮੇਸ਼ਾ ਚੰਨੂ ਚੂਹੇ ਦੇ ਪਿੱਛੇ ਪਈ ਰਹਿੰਦੀ ਸੀ। ਚੰਨੂ ਮਸ੍ਹਾਂ ਮਾਣੋ ਬਿੱਲੀ ਦੇ ਪੰਜੇ ਤੋਂ ਆਪਣੇ ਆਪ ਨੂੰ ਬਚਾਉਂਦਾ।

ਜਿਸ ਕਲੋਨੀ ਵਿਚ ਚੰਨੂ ਰਹਿੰਦਾ ਸੀ, ਉਸੇ ਕਲੋਨੀ ਵਿਚ ਹੋਰ ਵੀ ਚੂਹੇ ਰਹਿੰਦੇ ਸਨ। ਕਲੋਨੀ ਵਿਚਲੇ ਹੋਰ ਸਾਰੇ ਚੂਹੇ ਨਿਧੜਕ ਹੋਕੇ ਘੁੰਮਦੇ ਰਹਿੰਦੇ ਸਨ। ਬਿੱਲੀ ਉਨ੍ਹਾਂ ਨੂੰ ਕੁਝ ਨਹੀਂ ਕਹਿੰਦੀ ਸੀ।

"ਬਿੱਲੀ ਕਲੋਨੀ ਵਿਚਲੇ ਹੋਰ ਚੂਹਿਆਂ ਪਿੱਛੇ ਕਿਉਂ ਨਹੀਂ ਪੈਂਦੀ। ਬਿੱਲੀ ਹਰ ਵੇਲੇ ਮੇਰੇ ਪਿੱਛੇ ਹੀ ਕਿਉਂ ਪਈ ਰਹਿੰਦੀ ਹੈ।" ਇਹ ਸੋਚ ਕੇ ਚੰਨੂ ਪਰੇਸ਼ਾਨ ਹੋ ਜਾਂਦਾ।

ਚੰਨੂ ਨੂੰ ਕਈ ਦਿਨਾਂ ਬਾਅਦ ਪਤਾ ਲੱਗਾ ਕਿ ਬਾਕੀ ਚੂਹਿਆਂ ਨੇ ਆਪਣਾ ਇਕ ਵਟਸਐਪ ਗਰੁੱਪ ਬਣਾਇਆ ਹੋਇਆ ਹੈ। ਕਲੋਨੀ ਵਿਚਲੇ ਸਾਰੇ ਚੂਹੇ, ਬਿੱਲੀ ਦੀ ਤਾਜਾ ਸਥਿਤੀ ਗਰੁੱਪ ਵਿਚ ਪਾਉਂਦੇ ਰਹਿੰਦੇ ਸਨ ਤੇ ਸਾਰਾ ਦਿਨ ਨਿਡਰ ਹੋਕੇ ਘੁੰਮਦੇ ਰਹਿੰਦੇ ਸਨ।

ਕਲੋਨੀ ਵਿਚਲੇ ਬਾਕੀ ਚੂਹਿਆਂ ਦੀ ਸੁੱਖ-ਸੁਵਿਧਾ ਵੇਖਕੇ ਚੰਨੂ ਵੀ ਗਰੁੱਪ ਵਿਚ ਸ਼ਾਮਲ ਹੋਣ ਲਈ ਸੋਚਣ ਲੱਗਾ। ਫਿਰ ਚੰਨੂ ਨੇ ਕਲੋਨੀ ਵਿਚਲੇ ਕਿਸੇ ਹੋਰ ਚੂਹੇ ਰਾਹੀਂ ਗਰੁੱਪ ਦੇ ਐਡਮਿਨ ਤਕ ਪਹੁੰਚ ਕੀਤੀ ਤੇ ਉਹ ਵੀ ਗਰੁੱਪ ਵਿਚ ਸ਼ਾਮਲ ਹੋ ਗਿਆ।

ਹੁਣ ਚੰਨੂ ਵੀ ਸੁਖੀ ਵਸਣ ਲੱਗ ਪਿਆ ਸੀ। ਉਸ ਲਈ ਮਾਣੋ ਬਿੱਲੀ ਦਾ ਖੌਫ਼ ਨਹੀਂ ਰਿਹਾ ਸੀ।

ਚੰਨੂ ਨੂੰ ਗਰੁੱਪ ਵਿੱਚੋਂ ਮਾਣੋ ਬਿੱਲੀ ਦੇ ਨਾਲ ਨਾਲ ਹੋਰ ਖ਼ਤਰਿਆਂ ਤੇ ਸੁਵਿਧਾਵਾਂ ਦੀ ਜਾਣਕਾਰੀ ਵੀ ਮਿਲਣ ਲੱਗ ਪਈ ਸੀ।

'ਕਲੋਨੀ ਵਿਚ ਕਿੱਥੇ ਬਿਜਲੀ ਦੀ ਤਾਰ ਲਮਕਦੀ ਹੈ। ਗਲ਼ੀਆਂ ਵਿਚ ਕਿੱਥੇ-ਕਿੱਥੇ ਤਿਲਕਣ ਹੈ ਤੇ ਕਿਸ ਘਰ ਵਿਚ ਕੀ ਸਬਜ਼ੀ ਤੇ ਸਵੀਟ ਡਿਸ਼ ਬਣੀ ਹੋਈ ਹੈ।'

ਗਰੁੱਪ ਵਿਚਲੀ ਇਸ ਤਰ੍ਹਾਂ ਦੀ ਜਾਣਕਾਰੀ ਨੇ ਚੰਨੂ ਚੂਹੇ ਦਾ ਜਿਓਣਾ ਹੋਰ ਵੀ ਸੁਖਾਲਾ ਤੇ ਆਰਾਮਦਾਇਕ ਕਰ ਦਿੱਤਾ ਸੀ। ਚੰਨੂ ਸੁਖੀ ਤਾਂ ਵਸਣ ਲੱਗ ਪਿਆ ਸੀ ਪਰ ਉਸਦੀ ਸੋਚ ਨਹੀਂ ਬਦਲੀ ਸੀ। ਚੰਨੂ ਬੇਹਦ ਮਾੜੀ ਸੋਚ ਦਾ ਮਾਲਕ ਸੀ। ਉਹ ਆਪ ਜਾਣਬੁਝ ਕੇ ਗਰੁੱਪ ਵਿਚ ਭੁਲੇਖਾ ਪਾਉਣ ਵਾਲੀਆਂ ਪੋਸਟਾਂ ਪਾਉਣ ਲੱਗ ਪਿਆ। ਜਿੱਥੇ ਬਿੱਲੀ ਹੁੰਦੀ, ਚੰਨੂ ਉਸ ਥਾਂ ਨੂੰ ਸੁਰੱਖਿਅਤ ਦੱਸਦਾ ਤੇ ਜਿੱਥੇ ਬਿੱਲੀ ਨਾ ਹੁੰਦੀ, ਉਸ ਥਾਂ ਨੂੰ ਖਤਰੇ ਵਾਲੀ। ਚੰਨੂ ਦੇ ਇਸ ਤਰ੍ਹਾਂ ਕਰਨ ਨਾਲ ਕਲੋਨੀ ਵਿਚਲੇ ਕਈ ਚੂਹੇ ਬਿੱਲੀ ਦੇ ਕਾਬੂ ਆ ਗਏ ਸਨ। ਕਲੋਨੀ ਵਿੱਚੋਂ ਚੂਹੇ ਘਟਣ ਲੱਗ ਪਏ ਸਨ।

"ਜੇਕਰ ਕਲੋਨੀ ਵਿੱਚੋਂ ਹੋਰ ਕੁਝ ਚੂਹਿਆਂ ਨੂੰ ਬਿੱਲੀ ਸਮੇਟ ਲਵੇ ਤੇ ਵਧੀਆ ਹੋ ਜਾਵੇ। ਖਾਣ-ਪੀਣ ਦੀ ਹੋਰ ਮੌਜ ਲੱਗ ਜਾਵੇਗੀ। ਖਾਣ-ਪੀਣ ਵਾਲੀਆਂ ਚੀਜ਼ਾਂ ਮੇਰੇ ਹਿੱਸੇ ਵਧੇਰੇ ਆਇਆ ਕਰਨਗੀਆਂ।" ਚੰਨੂ ਨੇ ਸੋਚਿਆ।

"ਚੰਨੂ ਭਰਾ! ਅਸੀਂ ਚੂਹਿਆਂ ਦੇ ਭਲੇ ਲਈ ਇਹ ਗਰੁੱਪ ਬਣਾਇਆ ਹੈ। ਤੂੰ ਗਲਤ ਸੂਚਨਾ ਦੇਕੇ ਚੂਹਿਆਂ ਨੂੰ ਭੁਲੇਖੇ ਵਿਚ ਨਾ ਪਾਇਆ ਕਰ ਤੇ ਚੂਹਿਆਂ ਨੂੰ ਮਰਵਾ ਕੇ ਪਾਪਾਂ ਦਾ ਭਾਗੀਂ ਨਾ ਬਣ।" ਐਡਮਿਨ ਚੂਹੇ ਨੇ ਚੰਨੂ ਨੂੰ ਸਮਝਾਇਆ। ਪਰ ਚੰਨੂ ਦੇ ਕੰਨਾਂ 'ਤੇ ਜੂੰ ਨਾ ਸਰਕੀ। ਉਹ ਗੁੰਮਰਾਹ ਕਰਕੇ ਕਲੋਨੀ ਦੇ ਸਾਰੇ ਚੂਹਿਆਂ ਨੂੰ ਮੁਕਾਉਣ 'ਤੇ ਤੁਲਿਆ ਹੋਇਆ ਸੀ।

ਚੰਨੂ ਦੀਆਂ ਕਰਤੂਤਾਂ ਤੋਂ ਦੁਖੀ ਹੋ ਕੇ ਕਈ ਚੂਹਿਆਂ ਨੇ ਗਰੁੱਪ ਨੂੰ ਅਲਵਿਦਾ ਕਹਿ ਦਿੱਤਾ ਸੀ। ਗਰੁੱਪ ਛੱਡਣ ਵਾਲੇ ਚੂਹੇ, ਆਪਣਾ ਵੱਖਰਾ ਗਰੁੱਪ ਬਣਾਉਣ ਬਾਰੇ ਸੋਚਣ ਲੱਗ ਪਏ ਸਨ। ਗਰੁੱਪ ਦੇ ਐਡਮਿਨ ਨੇ ਪ੍ਰਸਥਿਤੀਆਂ ਨੂੰ ਵੇਖਦਿਆਂ ਚੰਨੂ ਨੂੰ ਹੀ ਗਰੁੱਪ 'ਚੋਂ ਕੱਢ ਦਿੱਤਾ।

ਚੰਨੂ ਨੂੰ ਇਹ ਉਮੀਦ ਨਹੀਂ ਸੀ ਕਿ ਉਸਨੂੰ, ਐਡਮਿਨ ਗਰੁੱਪ ਵਿੱਚੋਂ ਕੱਢ ਦੇਵੇਗਾ। ਚੰਨੂ ਲਈ ਫਿਰ ਪਹਿਲਾਂ ਵਾਲੇ ਦਿਨ ਆ ਗਏ ਸਨ। ਕਲੋਨੀ ਵਿਚਲੇ ਚੂਹਿਆਂ ਨੇ ਇਕ-ਦੋ ਗਰੁੱਪ ਹੋਰ ਬਣਾ ਲਏ ਸਨ। ਪਰ ਕੋਈ ਵੀ ਐਡਮਿਨ, ਚੰਨੂ ਨੂੰ ਆਪਣੇ ਗਰੁੱਪ ਵਿਚ ਸ਼ਾਮਲ ਕਰਨ ਲਈ ਤਿਆਰ ਨਹੀਂ ਸੀ। ਚੰਨੂ ਦੀਆਂ ਕਰਤੂਤਾਂ ਦਾ ਸਭ ਨੂੰ ਪਤਾ ਲੱਗ ਗਿਆ ਸੀ। ਚੰਨੂ ਦੀ ਮਾੜੀ ਸੋਚ ਕਾਰਨ ਹੀ ਉਨ੍ਹਾਂ ਨੂੰ ਹੋਰ ਗਰੁੱਪ ਬਣਾਉਣੇ ਪਏ ਸਨ।

ਚੰਨੂ ਫਿਰ ਮੌਤ ਦੇ ਸਾਏ ਹੇਠ ਜੀਣ ਲੱਗ ਪਿਆ ਸੀ। ਚੰਨੂ ਨੂੰ ਦੁਬਾਰਾ ਮਾਣੋ ਬਿੱਲੀ ਕਿਸੇ ਵੇਲੇ ਵੀ ਦਬੋਚ ਸਕਦੀ ਸੀ। ਚੰਨੂ ਨੂੰ ਆਪਣੀ ਮਾੜੀ ਤੇ ਸੰਕੀਰਣ ਸੋਚ ਦਾ ਅਹਿਸਾਸ ਹੋ ਗਿਆ ਸੀ। ਚੰਨੂ ਗਰੁੱਪ ਦੇ ਐਡਮਿਨ ਕੋਲ ਮਾਫ਼ੀ ਮੰਗਣ ਤੁਰ ਪਿਆ।