ਅੱਖਰਾਂ ਦੀ ਸੱਥ/ਤੋਤੇ ਦੀ ਸਿਆਣਪ

ਵਿਕੀਸਰੋਤ ਤੋਂ

ਤੋਤੇ ਦੀ ਸਿਆਣਪ

ਇਕ ਦਰੱਖਤ ਉੱਪਰ ਕੁਝ ਪੰਛੀ ਰਹਿੰਦੇ ਸਨ। ਇਨ੍ਹਾਂ ਪੰਛੀਆਂ ਦਾ ਆਪਸ ਵਿਚ ਬਹੁਤ ਪਿਆਰ ਸੀ। ਸਾਰੇ ਪੰਛੀ ਸਵੇਰੇ ਚੋਗਾ ਲੈਣ ਚਲੇ ਜਾਂਦੇ ਤੇ ਸ਼ਾਮ ਨੂੰ ਮੁੜਦੇ ਸਨ। ਉਹ ਆਪ ਰੱਜ ਆਉਂਦੇ ਸਨ ਤੇ ਆਪਣੇ ਬੱਚਿਆਂ ਲਈ ਚੋਗਾ ਲੈ ਆਉਂਦੇ ਸਨ। ਇਸ ਤਰ੍ਹਾਂ ਸਾਰੇ ਪੰਛੀ ਵਧੀਆ ਦਿਨ ਬਤੀਤ ਕਰ ਰਹੇ ਸਨ। ਪਰ ਹੁਣ ਕੁਝ ਦਿਨਾਂ ਤੋਂ ਸਾਰੇ ਪੰਛੀ ਬਹੁਤ ਪਰੇਸ਼ਾਨ ਸਨ। ਹੁਣ ਜਦੋਂ ਉਹ ਚੋਗਾ ਚੁਗਣ ਜਾਂਦੇ ਸਨ ਤਾਂ ਮਗਰੋਂ ਕੋਈ ਉਨ੍ਹਾਂ ਦੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਜ਼ਖਮੀ ਕਰ ਜਾਂਦਾ ਸੀ। ਕੋਈ ਉਨ੍ਹਾਂ ਦੇ ਆਂਡੇ ਵੀ ਭੰਨ ਜਾਂਦਾ ਸੀ। ਪਤਾ ਨਹੀਂ ਲਗਦਾ ਸੀ ਕਿ ਇਹ ਕੰਮ ਕੌਣ ਕਰਦਾ ਹੈ। ਸਾਰੇ ਪੰਛੀ ਬੇਹਦ ਦੁਖੀ ਹੋ ਗਏ ਸਨ। ਉਸ ਦਰੱਖਤ ਦੇ ਕੋਲ ਇਕ ਹੋਰ ਦਰੱਖਤ ਸੀ। ਉਸ ਦਰੱਖਤ ਉੱਪਰ ਇਕ ਘੁੱਗੀ ਰਹਿੰਦੀ ਸੀ। ਪੰਛੀ ਇਕੱਠੇ ਹੋ ਕੇ ਘੁੱਗੀ ਕੋਲ ਪਹੁੰਚ ਗਏ।

"ਘੁੱਗੀ ਭੈਣ! ਤੈਨੂੰ ਪਤਾ ਸਾਡੇ ਆਂਡੇ ਕੌਣ ਭੰਨਦਾ ਤੇ ਸਾਡੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਜ਼ਖਮੀ ਕੌਣ ਕਰਦਾ?" ਪੰਛੀਆਂ ਨੇ ਘੁੱਗੀ ਨੂੰ ਪੁੱਛਿਆ।

"ਮੈਂ ਤੇ ਆਪ ਸਵੇਰੇ ਚੋਗਾ ਲੈਣ ਚਲੀ ਜਾਂਦੀ ਹਾਂ, ਸ਼ਾਮ ਨੂੰ ਮੁੜਦੀ ਹਾਂ। ਮੈਨੂੰ ਕੁਝ ਨਹੀਂ ਪਤਾ।" ਘੁੱਗੀ ਨੇ ਦੱਸਿਆ।

ਉਸੇ ਦਰੱਖਤ ਦੇ ਹੇਠਾਂ ਇਕ ਲੂੰਬੜੀ ਰਹਿੰਦੀ ਸੀ। ਸਾਰੇ ਪੰਛੀ ਲੂੰਬੜੀ ਕੋਲ ਪਹੁੰਚ ਗਏ।

"ਲੂੰਬੜੀ ਭੈਣ! ਤੈਨੂੰ ਪਤਾ ਸਾਡੇ ਆਂਡੇ ਕੌਣ ਭੰਨਦਾ ਤੇ ਸਾਡੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਜ਼ਖਮੀ ਕੌਣ ਕਰਦਾ।" ਇਕ ਸਿਆਣੀ ਜਿਹੀ ਚਿੜੀ ਨੇ ਪੁੱਛਿਆ।

"ਮੈਂ ਆਪ ਦਿਨੇਂ ਅੰਗੂਰਾਂ ਦੇ ਬਾਗ਼ ਵਿਚ ਚਲੀ ਜਾਂਦੀ ਹਾਂ। ਸ਼ਾਮ ਨੂੰ ਮੁੜਦੀ ਹਾਂ। ਉਂਜ ਉਸ ਨਿੰਮ ਉੱਪਰ ਇਕ ਕਾਂ ਰਹਿੰਦਾ। ਉਹ ਬੇਹਦ ਨਿਕੰਮਾ ਤੇ ਚਲਾਕ ਆ। ਇਹ ਕੰਮ ਉਸੇ ਦਾ ਹੋ ਸਕਦਾ।" ਲੂੰਬੜੀ ਨੇ ਦੂਰ ਦਿਸਦੀ ਨਿੰਮ ਵੱਲ ਇਸ਼ਾਰਾ ਕਰਦਿਆਂ ਕਿਹਾ। ਲੂੰਬੜੀ ਦੀ ਗੱਲ ਸੁਣ ਕੇ ਸਾਰੇ ਪੰਛੀਆਂ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਇਹ ਕੰਮ ਉਸੇ ਕਾਂ ਦਾ ਹੈ। ਉਸ ਕਾਂ ਨੇ ਪਹਿਲਾਂ ਵੀ ਇਕ ਵਾਰ ਉਨ੍ਹਾਂ ਦੇ ਆਲ੍ਹਣੇ ਤੋੜ ਦਿੱਤੇ ਸਨ।

ਸਾਰੇ ਪੰਛੀ ਉਡਦੇ ਉਡਦੇ ਨਿੰਮ ਕੋਲ ਪਹੁੰਚ ਗਏ। ਕਾਂ ਨਿੰਮ ਉੱਪਰ ਹੀ ਬੈਠਾ ਸੀ।

"ਕਾਂ ਭਰਾਵਾ! ਤੈਨੂੰ ਪਤਾ, ਸਾਡੇ ਆਂਡੇ ਕੌਣ ਭੰਨਦਾ ਤੇ ਸਾਡੇ ਬੱਚਿਆਂ ਨੂੰ ਠੂੰਗੇ ਮਾਰ-ਮਾਰ ਜ਼ਖਮੀ ਕੌਣ ਕਰਦਾ ਹੈ।" ਚਿੜੀ ਨੇ ਪੁੱਛਿਆ।

"ਮੈਨੂੰ ਕੀ ਪਤਾ, ਤੁਹਾਡੇ ਆਂਡੇ ਕੌਣ ਭੰਨ੍ਹ ਜਾਂਦਾ ਤੇ ਤੁਹਾਡੇ ਬੱਚਿਆਂ ਨੂੰ ਜ਼ਖ਼ਮੀ ਕੌਣ ਕਰ ਜਾਂਦਾ।"

ਕਾਂ ਨੇ ਝੂਠ ਬੋਲਿਆ। ਕਾਂ ਨਾਲੇ ਚੋਰ ਸੀ ਤੇ ਨਾਲੇ ਚਤੁਰ ਸੀ। "ਮੈਂ ਬਜ਼ੁਰਗ ਹਾਂ। ਕਿਧਰੇ ਬਾਹਰ ਨਹੀਂ ਜਾ ਸਕਦਾ ਹਾਂ। ਤੁਸੀਂ ਵਾਰੀ ਸਿਰ ਮੇਰੇ ਖਾਣ ਵਾਸਤੇ ਕੁਝ ਨਾ ਕੁਝ ਲੈ ਆਇਆ ਕਰੋ। ਮੈਂ ਦਿਨ ਵਿਚ ਤੁਹਾਡੇ ਬੱਚਿਆਂ ਤੇ ਆਂਡਿਆਂ ਦੀ ਰਾਖੀ ਰੱਖਿਆ ਕਰਾਂਗਾ।" ਕਾਂ ਨੇ ਪੰਛੀਆਂ ਨੂੰ ਸੁਝਾਅ ਦਿੱਤਾ।

ਪੰਛੀ ਕਾਂ ਦੀ ਗੱਲ ਝਟ ਮੰਨ ਗਏ। ਉਹ ਕਿਸੇ ਵੀ ਕੀਮਤ 'ਤੇ ਆਪਣੇ ਆਂਡੇ ਤੇ ਬੱਚੇ ਬਚਾਉਣੇ ਚਾਹੁੰਦੇ ਸਨ।

ਅਗਲੇ ਹੀ ਦਿਨ ਤੋਂ ਕਾਂ ਲਈ ਰਾਸ਼ਨ ਆਉਣ ਲੱਗ ਪਿਆ। ਪੰਛੀਆਂ ਨੇ ਆਪਸ ਵਿਚ ਵਾਰੀ ਬੰਨ੍ਹ ਲਈ। ਜਿਸ ਵੀ ਪੰਛੀ ਦੀ ਕਾਂ ਲਈ ਰਾਸ਼ਨ ਲਿਆਉਣ ਦੀ ਵਾਰੀ ਹੁੰਦੀ, ਉਸਨੂੰ ਬਹੁਤ ਮਿਹਨਤ ਕਰਨੀ ਪੈਂਦੀ। ਕਾਂ ਦੀ ਖੁਰਾਕ ਵੀ ਵਾਹਵਾ ਸੀ। ਉਂਜ ਵੀ ਕਾਂ ਵੰਨਸੁਵੰਨੀਆਂ ਚੀਜ਼ਾਂ ਖਾਣ ਦੀ ਮੰਗ ਕਰਨ ਲੱਗ ਪਿਆ ਸੀ। ਦਿਨੇਂ ਜਿਸ ਪੰਛੀ ਦੀ ਵਾਰੀ ਹੁੰਦੀ, ਉਸਨੂੰ ਕਾਂ ਰਾਤ ਨੂੰ ਹੀ ਸਮਝਾ ਦਿੰਦਾ।

"ਸਵੇਰੇ ਡਬਲ ਰੋਟੀ ਤੇ ਮੱਖਣ ਖਾਣ ਨੂੰ ਦਿਲ ਕਰਦਾ।"

"ਮੈਂ ਕੁਝ ਢਿੱਲਾ ਜਿਹਾ ਹਾਂ। ਸਵੇਰੇ ਖਿਚੜੀ ਵੀ ਚਾਹੀਦੀ ਹੈ।"

"ਅੱਜ ਮੌਸਮ ਸੁਹਾਵਣਾ ਹੈ। ਮੈਂ ਪੀਜ਼ਾ ਖਾਵਾਂਗਾ।"

ਪੰਛੀ ਫਸੇ ਕਾਂ ਦੀਆਂ ਮੰਗਾਂ ਪੂਰੀਆਂ ਕਰਦੇ। ਉਹ ਦੂਰੋਂ ਦੂਰੋਂ ਕਾਂ ਦੀ ਪਸੰਦ ਦਾ ਰਾਸ਼ਨ ਲੱਭ ਕੇ ਲਿਆਉਂਦੇ। ਉਂਜ ਹੁਣ ਉਨ੍ਹਾਂ ਦੇ ਆਂਡੇ ਕੋਈ ਨਹੀਂ ਭੰਨਦਾ ਸੀ। ਨਾ ਹੀ ਉਨ੍ਹਾਂ ਦੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਕੋਈ ਜ਼ਖਮੀ ਕਰਦਾ ਸੀ। ਇਸ ਤਰ੍ਹਾਂ ਉਹ, ਬੁੱਢੇ ਕਾਂ ਦੀ ਚਾਕਰੀ ਕਰਦੇ ਵੀ ਖੁਸ਼ ਸਨ।

ਉਨ੍ਹਾਂ ਪੰਛੀਆਂ ਵਿਚ ਇਕ ਤੋਤਾ ਵੀ ਸੀ। ਤੋਤਾ ਬਹੁਤ ਹੀ ਸਿਆਣਾ ਸੀ। ਕਾਂ ਦੀ ਚਾਕਰੀ ਕਰਨ ਦੀ ਇਕ ਦਿਨ ਤੋਤੇ ਦੀ ਵੀ ਵਾਰੀ ਆ ਗਈ। ਕਾਂ ਰਾਤ ਨੂੰ ਹੀ ਤੋਤੇ ਕੋਲ ਪਹੁੰਚ ਗਿਆ।

"ਸਵੇਰੇ ਮੱਖਣ ਤੇ ਡਬਲ ਰੋਟੀ ਖਾਣ ਨੂੰ ਦਿਲ ਕਰਦਾ।" ਕਾਂ ਨੇ ਆਖਿਆ।

"ਚੰਗਾ ਮੈ ਮੱਖਣ ਤੇ ਡੱਬਲ ਰੋਟੀ ਲੈ ਆਵਾਂਗਾ।" ਤੋਤੇ ਨੇ ਕਾਂ ਨਾਲ ਵਾਅਦਾ ਕੀਤਾ। ਪਰ ਦਿਲੋਂ ਉਹ ਕੁਝ ਵੀ ਨਹੀਂ ਲਿਆਉਣਾ ਚਾਹੁੰਦਾ ਸੀ। ਉਹ, ਕਾਂ ਤੋਂ ਸਾਰੇ ਪੰਛੀਆਂ ਦਾ ਖਹਿੜਾ ਛੁਡਾਉਣਾ ਚਾਹੁੰਦਾ ਸੀ।

ਤੋਤਾ, ਕਾਂ ਤੋਂ ਖਹਿੜਾ ਛੁਡਾਉਣ ਦੀ ਸਕੀਮ ਸੋਚਣ ਲੱਗਾ। ਉਹ ਸਾਰੀ ਰਾਤ ਸੋਚਦਾ ਰਿਹਾ ਤੇ ਦਿਨ ਚੜ੍ਹਨ ਤਕ ਉਸਨੇ ਸਕੀਮ ਬਣਾ ਲਈ।

ਤੋਤਾ ਸਵੇਰੇ ਚੋਗਾ ਚੁਗਣ ਗਿਆ, ਦੁਪਹਿਰ ਨੂੰ ਮੁੜਿਆ। ਉਹ ਕਾਂ ਲਈ ਡਬਲ ਰੋਟੀ ਲੈ ਆਇਆ ਪਰ ਮੱਖਣ ਨਾ ਲੈਕੇ ਆਇਆ। ਸੁੱਕੀ ਡਬਲ ਰੋਟੀ ਵੇਖਕੇ ਕਾਂ ਨੂੰ ਗੁੱਸਾ ਚੜ੍ਹ ਗਿਆ।

"ਮੂਰਖਾ! ਤੈਨੂੰ ਮੱਖਣ ਵੀ ਕਿਹਾ ਸੀ। ਸੁੱਕੀ ਡਬਲ ਰੋਟੀ ਮੈਂ ਕਿਵੇਂ ਖਾਵਾਂਗਾ?" ਕਾਂ ਨੇ ਆਖਿਆ।

"ਕਾਂ ਭਰਾਵਾ! ਮੈਂ ਕੀ ਕਰਾਂ? ਤੇਰੀ ਖਾਤਰ ਮੱਖਣ ਕਈ ਵਾਰ ਲੈਕੇ ਆਇਆਂ। ਗਰਮੀ ਬਹੁਤ ਹੈ। ਮੱਖਣ ਹਰ ਵਾਰ ਰਾਹ ਵਿਚ ਹੀ ਪਿਘਲ ਜਾਂਦਾ ਰਿਹਾ। ਤੂੰ ਮੇਰੇ ਨਾਲ ਚੱਲ ਤੇ ਉਥੇ ਹੀ ਬਹਿ ਕੇ ਮੱਖਣ ਖਾ ਲਵੀਂ।" ਤੋਤੇ ਨੇ ਆਪਣੀ ਮਜ਼ਬੂਰੀ ਦੱਸੀ।

"ਮੈਂ ਤੇਰੇ ਨਾਲ ਚੱਲਦਾ ਹਾਂ। ਮੈਂ ਉਥੇ ਬਹਿ ਕੇ ਹੀ ਮੱਖਣ ਖਾ ਲਵਾਂਗਾ।" ਕਾਂ ਨੇ ਆਖਿਆ। ਉਸ ਦੇ ਮੂੰਹ ਵਿਚ ਪਾਣੀ ਆ ਗਿਆ ਸੀ।

ਤੋਤਾ ਤੇ ਕਾਂ ਮੱਖਣ ਖਾਣ ਤੁਰ ਪਏ। ਤੋਤਾ ਅੱਗੇ ਅੱਗੇ ਤੇ ਕਾਂ ਪਿੱਛੇ ਪਿੱਛੇ ਉਡਦੇ ਗਏ। ਤੋਤਾ ਉਸਨੂੰ ਇਕ ਘਰ ਵਿਚ ਲੈ ਗਿਆ। ਘਰ ਦੀ ਰਸੋਈ ਖੁੱਲੀ ਪਈ ਸੀ। ਰਸੋਈ ਵਿਚ ਫਰਿਜ ਦਾ ਲੌਕ ਨਹੀਂ ਲੱਗਾ ਹੋਇਆ ਸੀ।

ਕਾਂ ਭਰਾਵਾ! ਇਸ ਫਰਿਜ ਵਿਚ ਮੱਖਣ ਪਿਆ। ਮੈਂ ਖੋਲਦਾਂ ਤੇ ਤੂੰ ਅੰਦਰ ਵੜ੍ਹ ਕੇ ਰੱਜ ਕੇ ਮੱਖਣ ਖਾ ਲਵੀਂ।"

ਤੋਤੇ ਨੇ ਪੰਜਾ ਮਾਰ ਕੇ ਫ਼ਰਿਜ ਖੋਲ੍ਹ ਦਿੱਤੀ। ਕਾਂ ਟਪੂਸੀ ਮਾਰ ਕੇ ਫਰਿਜ ਵਿਚ ਵੜ੍ਹ ਗਿਆ। ਕਾਂ ਦੇ ਅੰਦਰ ਜਾਣ ਦੀ ਦੇਰ ਸੀ ਕਿ ਤੋਤੇ ਨੇ ਫਰਿਜ ਦਾ ਢੱਕਣ ਛੱਡ ਦਿੱਤਾ। ਫਰਿਜ ਬੰਦ ਹੋ ਗਈ। ਕਾਂ ਵੀ ਅੰਦਰ ਬੰਦ ਹੋ ਗਿਆ। ਕਾਂ ਨੂੰ ਅੰਦਰ ਬੰਦ ਕਰਕੇ ਤੋਤਾ ਬਹੁਤ ਖੁਸ਼ ਹੋਇਆ। ਇਕ ਠੰਡ ਤੇ ਦੂਸਰਾ ਸਾਹ ਘੁਟਣ ਕਰਕੇ ਕਾਂ ਫ਼ਰਿਜ ਵਿਚ ਹੀ ਮਰ ਗਿਆ ਸੀ। ਤੋਤਾ ਉਡਦਾ ਉਡਦਾ ਦੂਸਰੇ ਪੰਛੀਆਂ ਕੋਲ ਗਿਆ। ਤੋਤੇ ਨੇ ਕਾਂ ਤੋਂ ਛੁਟਕਾਰਾ ਪਾਉਣ ਦੀ ਸਾਰੀ ਕਹਾਣੀ ਜਾ ਸੁਣਾਈ। ਸਾਰੇ ਪੰਛੀ ਤੋਤੇ ਦੀ ਸਿਆਣਪ 'ਤੇ ਬਹੁਤ ਖੁਸ਼ ਹੋਏ। ਹੁਣ ਉਨ੍ਹਾਂ ਨੂੰ ਵਾਰੀ ਸਿਰ ਕਾਂ ਲਈ ਰਾਸ਼ਨ ਨਹੀਂ ਲੈਕੇ ਆਉਣਾ ਪੈਦਾ ਸੀ। ਉਨ੍ਹਾਂ ਦੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਕੇ ਜ਼ਖਮੀ ਵੀ ਕੋਈ ਨਹੀਂ ਕਰਦਾ ਸੀ। ਨਾ ਹੀ ਕੋਈ ਉਨ੍ਹਾਂ ਦੇ ਆਂਡੇ ਭੰਨਦਾ ਸੀ। ਸਾਰੇ ਪੰਛੀ ਬਹੁਤ ਖੁਸ਼ ਸਨ।