ਅੱਖਰਾਂ ਦੀ ਸੱਥ/ਚਿੜੀ ਤੇ ਘੁੱਗੀ

ਵਿਕੀਸਰੋਤ ਤੋਂ

ਚਿੜੀ ਤੇ ਘੁੱਗੀ

ਚਿੜੀ ਤੇ ਘੁੱਗੀ ਇੱਕੋ ਦਰੱਖਤ ਉੱਪਰ ਰਹਿੰਦੀਆਂ ਸਨ। ਚਿੜੀ ਤੇ ਘੁੱਗੀ ਦਿਨ ਵਿਚ ਇਧਰ ਉਧਰ ਚੋਗਾ ਲੈਣ ਚਲੀਆਂ ਜਾਂਦੀਆਂ ਸਨ। ਸ਼ਾਮ ਨੂੰ ਉਹ ਆਪੋ-ਆਪਣੇ ਆਲ੍ਹਣੇ ਵਿਚ ਆ ਜਾਂਦੀਆਂ ਸਨ। ਇਕ ਦਿਨ ਘੁੱਗੀ ਘੁੰਮਦੀ ਫਿਰਦੀ ਚੋਗਾ ਲੈਣ ਲਈ ਇਕ ਬਗੀਚੇ ਵਿਚ ਚਲੀ ਗਈ। ਬਗੀਚੇ ਵਿਚ ਰੰਗ ਬਰੰਗੇ ਫੁੱਲ ਸਨ। ਘੁੱਗੀ ਰੰਗ ਬਰੰਗੇ ਫੁੱਲਾਂ ਨੂੰ ਵੇਖਕੇ ਬਹੁਤ ਖੁਸ਼ ਹੋਈ। ਫਿਰ ਘੁੱਗੀ ਰੋਜ਼ਾਨਾ ਬਗੀਚੇ ਵਿਚ ਜਾਣ ਲੱਗ ਪਈ।

ਘੁੱਗੀ ਸਾਰਾ ਦਿਨ ਰੰਗ ਬਰੰਗੇ ਫੁੱਲਾਂ ਵਿਚ ਹੀ ਰਹਿਣ ਲੱਗ ਪਈ। ਘੁੱਗੀ ਫੁੱਲਾਂ ਵਿਚ ਘੁੰਮ ਫਿਰ ਕੇ ਬਹੁਤ ਖੁਸ਼ ਹੁੰਦੀ। ਘੁੱਗੀ ਬਗੀਚੇ ਵਿਚੋਂ ਹੀ ਚੋਗਾ ਇਕੱਠਾ ਕਰਦੀ ਰਹਿੰਦੀ ਸੀ। ਘੁੱਗੀ ਨੂੰ ਬਗੀਚੇ ਵਿੱਚੋਂ ਚੋਗਾ ਸੌਖਾ ਨਹੀਂ ਮਿਲਦਾ ਸੀ। ਪਰ ਘੁੱਗੀ ਹੁਣ ਚੋਗੇ ਲਈ ਹੋਰ ਕਿਧਰੇ ਜਾਣਾ ਪਸੰਦ ਨਹੀਂ ਕਰਦੀ ਸੀ। ਘੁੱਗੀ ਸ਼ਾਮ ਨੂੰ ਵੀ ਕੁਝ ਦਿਨ ਹੀ ਚਿੜੀ ਕੋਲ ਆਪਣੇ ਆਲ੍ਹਣੇ ਵਿਚ ਗਈ। ਉਸਨੇ ਬਗੀਚੇ ਵਿਚ ਹੀ ਇਕ ਰੰਗ ਬਰੰਗੇ ਫੁੱਲਾਂ ਦੇ ਬੂਟੇ ਉੱਪਰ ਆਪਣਾ ਆਲ੍ਹਣਾ ਬਣਾ ਲਿਆ। ਉਸਨੇ ਆਪਣੀ ਸਹੇਲੀ ਚਿੜੀ ਨੂੰ ਵੀ ਬਗੀਚੇ ਵਿਚ ਆ ਜਾਣ ਲਈ ਆਖਿਆ।

ਚਿੜੀ ਵੀ ਘੁੱਗੀ ਦੇ ਕਹਿਣ 'ਤੇ ਬਗੀਚੇ ਵਿਚ ਗੇੜਾ ਮਾਰਨ ਲੱਗ ਪਈ। ਚਿੜੀ ਬਗੀਚੇ ਵਿਚ ਆਕੇ ਸਭ ਤੋਂ ਪਹਿਲਾਂ ਘੁੱਗੀ ਨੂੰ ਮਿਲਦੀ। ਉਹ ਦੋਵੇਂ ਜਣੀਆਂ ਕਿੰਨੀ ਕਿੰਨੀ ਦੇਰ ਗੱਲਾਂ ਕਰਦੀਆਂ ਰਹਿੰਦੀਆਂ।

"ਚਿੜੀ ਭੈਣ! ਤੂੰ ਤੇ ਇਥੇ ਫੁੱਲਾਂ ਵਿਚ ਫਿਰਦੀ ਹੋਈ ਹੋਰ ਵੀ ਸੁਹਣੀ ਲਗਦੀ ਹੈਂ।" ਇਕ ਦਿਨ ਘੁੱਗੀ ਨੇ ਗੱਲਾਂ ਗੱਲਾਂ ਵਿਚ ਚਿੜੀ ਨੂੰ ਆਖਿਆ। ਘੁੱਗੀ ਚਾਹੁੰਦੀ ਸੀ ਕਿ ਚਿੜੀ ਵੀ ਉਸ ਵਾਂਗ ਬਗੀਚੇ ਵਿਚ ਹੀ ਆਲ੍ਹਣਾ ਬਣਾ ਲਵੇ। ਪਰ ਘੁੱਗੀ ਦੇ ਕਹਿਣ 'ਤੇ ਚਿੜੀ ਨੇ ਆਪਣਾ ਆਲ੍ਹਣਾ ਬਗੀਚੇ ਵਿਚ ਨਾ ਬਣਾਇਆ। ਉਹ ਸ਼ਾਮ ਨੂੰ ਆਪਣੇ ਕੰਡਿਆਲੀ ਝਾੜੀ ਵਿਚਲੇ ਆਲ੍ਹਣੇ ਵਿਚ ਹੀ ਚਲੀ ਜਾਂਦੀ ਸੀ। ਫਿਰ ਇਕ ਦਿਨ ਘੁੱਗੀ, ਚਿੜੀ ਨੂੰ ਆਪਣੇ ਆਲ੍ਹਣੇ ਵਿਚ ਲੈ ਗਈ।

"ਵੇਖ ਚਿੜੀ ਭੈਣ, ਮੇਰਾ ਆਲ੍ਹਣਾ ਕਿਵੇਂ ਵੰਨ-ਸੁਵੰਨੀ ਖੁਸ਼ਬੋ ਨਾਲ ਭਰਿਆ ਪਿਆ। ਤੂੰ ਵੀ ਇਥੇ ਬਗੀਚੇ ਵਿਚ ਹੀ ਆਪਣਾ ਆਲ੍ਹਣਾ ਬਣਾ ਲੈ।" ਘੁੱਗੀ ਨੇ ਆਖਿਆ।

"ਘੁੱਗੀ ਭੈਣ, ਮੈਂ ਤੇ ਕੰਡਿਆਲੀ ਝਾੜੀ ਵਿਚ ਹੀ ਠੀਕ ਹਾਂ।" ਚਿੜੀ ਦਾ ਜਵਾਬ ਸੀ।

"ਚਿੜੀ ਭੈਣ, ਇਥੇ ਆਪਾਂ ਨੂੰ ਕੋਈ ਡਰ ਨਹੀਂ ਹੈ। ਮੇਰਾ ਆਲ੍ਹਣਾ ਸੰਘਣੇ ਪੱਤਿਆਂ ਤੇ ਫੁੱਲਾਂ ਵਿਚ ਲੁਕਿਆ ਹੋਣ ਕਰਕੇ ਬਾਹਰੋਂ ਕਿਸੇ ਨੂੰ ਨਹੀਂ ਦਿਸਦਾ। ਤੂੰ ਵੀ ਇਥੇ ਬਗੀਚੇ ਵਿਚ ਹੀ ਆ ਜਾ। ਮੈਂ, ਤੇਰੇ ਨਾਲ ਆਲ੍ਹਣਾ ਬਣਾ ਦੇਵਾਂਗੀ। ਇਥੇ ਇਕੱਠੀਆਂ ਰਿਹਾ ਕਰਾਂਗੀਆਂ।" ਘੁੱਗੀ ਨੇ ਆਪਣੇ ਵੱਲੋਂ ਚਿੜੀ ਨੂੰ ਦੁਬਾਰਾ ਸਮਝਾਇਆ। ਪਰ ਚਿੜੀ ਨਾ ਮੰਨੀ। ਚਿੜੀ ਬਹੁਤ ਹੀ ਸਿਆਣੀ ਸੀ।

"ਇਨ੍ਹਾਂ ਫੁੱਲਾਂ ਦੀ ਖੁਸ਼ਬੋ ਥੋੜ-ਚਿਰੀ ਹੈ। ਇਸ ਬਗੀਚੇ ਵਿਚ ਆਲ੍ਹਣਾ ਬਣਾਉਣਾ ਖ਼ਤਰਾ ਸਹੇੜਨ ਵਾਲੀ ਗੱਲ ਹੈ।" ਚਿੜੀ ਸੋਚਦੀ। ਚਿੜੀ ਸ਼ਾਮ ਨੂੰ ਆਪਣੇ ਕੰਡਿਆਲੀ ਝਾੜੀ ਵਾਲੇ ਆਲ੍ਹਣੇ ਵਿਚ ਹੀ ਚਲੀ ਜਾਂਦੀ ਸੀ।

ਕੁਝ ਦਿਨਾਂ ਬਾਅਦ ਪਤਝੜ ਰੁੱਤ ਆ ਗਈ। ਬਗੀਚੇ ਵਿਚਲੇ ਸਾਰੇ ਫੁੱਲਾਂ ਦੇ ਬੂਟੇ ਸੁੱਕ ਗਏ। ਸੁੱਕੇ ਫੁੱਲਾਂ ਦੇ ਬੂਟੇ ’ਤੇ ਘੁੱਗੀ ਦਾ ਆਲ੍ਹਣਾ ਦੂਰੋਂ ਹੀ ਹਰੇਕ ਦੀ ਨਜ਼ਰ ਪੈਣ ਲੱਗ ਪਿਆ ਸੀ।

"ਘੁੱਗੀ ਭੈਣ, ਤੈਨੂੰ ਆਪਣਾ ਆਲ੍ਹਣਾ ਕੁਝ ਦਿਨਾਂ ਲਈ ਕਿਧਰੇ ਹੋਰ ਬਣਾ ਲੈਣਾ ਚਾਹੀਦਾ ਹੈ। ਇਥੇ ਹੁਣ ਤੂੰ ਸੁਰੱਖਿਅਤ ਨਹੀਂ ਹੈ।" ਇਕ ਦਿਨ ਚਿੜੀ ਨੇ ਘੁੱਗੀ ਨੂੰ ਸਲਾਹ ਦਿੱਤੀ।

"ਕੁਝ ਦਿਨਾਂ ਦੀ ਹੀ ਗੱਲ ਹੈ। ਬੂਟਿਆਂ ’ਤੇ ਨਵੇਂ ਪੱਤੇ ਆ ਜਾਣੇ ਹਨ। ਮੇਰਾ ਆਲ੍ਹਣਾ ਫਿਰ ਲੋਕਾਂ ਦੀਆਂ ਨਜ਼ਰਾਂ ਤੋਂ ਉਹਲੇ ਹੋ ਜਾਣਾ। ਉਂਜ ਵੀ ਮੈਥੋਂ, ਤੇਰੇ ਵਾਂਗ ਕੰਡਿਆਂ ਨਾਲ ਖੰਭ ਨਹੀਂ ਪੜਵਾਏ ਜਾਂਦੇ।" ਘੁੱਗੀ ਨੇ ਨੱਕ ਚੜਾਉਂਦੇ ਹੋਏ ਜਵਾਬ ਦਿੱਤਾ।

ਚਿੜੀ, ਘੁੱਗੀ ਨੂੰ ਹੋਰ ਕਿਸ ਤਰ੍ਹਾਂ ਸਮਝਾਉਂਦੀ! ਉਹ ਚੁਪਚਾਪ ਆਪਣੇ ਆਲ੍ਹਣੇ ਵਿਚ ਚਲੀ ਗਈ।

ਉਸੇ ਸ਼ਾਮ ਮਾਲੀ ਆਇਆ। ਮਾਲੀ ਆਣ ਕੇ ਫੁੱਲਾਂ ਦੇ ਸੁੱਕੇ ਬੂਟਿਆਂ ਨੂੰ ਵੱਢਣ ਲੱਗਾ। ਉਸਨੇ ਕਿਆਰੀਆਂ ਖਾਲੀ ਕਰਕੇ ਨਵੇਂ ਫੁੱਲ ਬੀਜਣੇ ਸਨ। ਉਹ ਘੁੱਗੀ ਦੇ ਆਲ੍ਹਣੇ ਵਾਲੇ ਸੁੱਕੇ ਬੂਟੇ ਨੂੰ ਵੀ ਵੱਢਣ ਲੱਗਾ। ਘੁੱਗੀ ਨੇ ਮਾਲੀ ਅੱਗੇ ਇਸ ਬੂਟੇ ਨੂੰ ਛੱਡ ਦੇਣ ਦਾ ਵਾਸਤਾ ਪਾਇਆ। ਮਾਲੀ ਬੇਹਦ ਸਿਆਣਾ ਸੀ। ਉਹ ਕਿਸੇ ਦਾ ਘਰ ਨਹੀਂ ਉਜਾੜਨਾ ਚਾਹੁੰਦਾ ਸੀ। ਉਸਨੇ ਘੁੱਗੀ ਦੇ ਆਲ੍ਹਣੇ ਵਾਲਾ ਬੂਟਾ ਨਾ ਵੱਢਿਆ। ਘੁੱਗੀ ਬਹੁਤ ਖੁਸ਼ ਹੋਈ। ਕੁਝ ਦਿਨਾਂ ਦੀ ਹੀ ਗੱਲ ਸੀ। ਕੁਝ ਦਿਨਾਂ ਬਾਅਦ ਸੁੱਕੇ ਫੁੱਲਾਂ ਦੇ ਬੂਟੇ 'ਤੇ ਨਵੇਂ ਪੱਤੇ ਨਿਕਲ ਆਉਣੇ ਸਨ। ਪਰ ਬੱਚਿਓ! ਜਿਸ ਆਫਤ ਦੇ ਆਉਣ ਦਾ ਸਾਨੂੰ ਪਹਿਲਾਂ ਹੀ ਪਤਾ ਹੋਵੇ, ਉਹ ਅਗੇਤੀ-ਪਛੇਤੀ ਆ ਕੇ ਹੀ ਰਹਿੰਦੀ ਹੈ। ਭਵਿੱਖ ਵਿਚ ਆਉਣ ਵਾਲੀਆਂ ਆਫਤਾਂ ਤੋਂ ਸਾਨੂੰ ਪਹਿਲਾਂ ਹੀ ਸੁਚੇਤ ਹੋ ਜਾਣਾ ਚਾਹੀਦਾ ਹੈ।

ਘੁੱਗੀ ਮੂਰਖ ਤੇ ਅੜੀਅਲ ਸੀ। ਉਹ ਕਿਸੇ ਦੀ ਵੀ ਨਹੀਂ ਮੰਨਦੀ ਸੀ। ਫੁੱਲਾਂ ਦੇ ਸੁੱਕੇ ਬੂਟੇ 'ਤੇ ਉਸਦਾ ਆਲ੍ਹਣਾ ਇਕ ਕਾਂ ਦੀ ਨਜ਼ਰ ਪੈ ਗਿਆ। ਘੁੱਗੀ ਆਲ੍ਹਣੇ ਵਿਚ ਸੁੱਤੀ ਪਈ ਸੀ। ਕਾਂ, ਘੁੱਗੀ ਨੂੰ ਠੂੰਗੇ ਮਾਰਨ ਲੱਗਾ। ਘੁੱਗੀ ਨੇ ਕਾਂ ਨੂੰ ਇੰਝ ਨਾ ਕਰਨ ਲਈ ਕਿਹਾ ਪਰ ਉਹ ਨਾ ਮੰਨਿਆ। ਉਹ ਘੁੱਗੀ ਦੇ ਸਾਰੇ ਆਂਡੇ ਭੰਨ ਕੇ ਪੀ ਗਿਆ। ਕਾਂ ਨੇ ਠੂੰਗੇ ਮਾਰ ਮਾਰ ਕੇ ਘੁੱਗੀ ਨੂੰ ਜ਼ਖਮੀ ਕਰ ਦਿੱਤਾ ਸੀ। ਗੁੱਸੇ ਨਾਲ ਭਰੀ ਪੀਤੀ ਘੁੱਗੀ ਆਪਣੀ ਸਹੇਲੀ ਚਿੜੀ ਕੋਲ ਪਹੁੰਚ ਗਈ। ਉਹ, ਕਾਂ ਕੋਲੋਂ ਬਦਲਾ ਲੈਣਾ ਚਾਹੁੰਦੀ ਸੀ।

"ਘੁੱਗੀ ਭੈਣ, ਆਪਾਂ ਕਾਂ ਤੋਂ ਬਦਲਾ ਨਹੀਂ ਲੈ ਸਕਦੀਆਂ।" ਚਿੜੀ ਨੇ ਉਸਨੂੰ ਸਮਝਾਇਆ। ਹੁਣ ਘੁੱਗੀ ਵੀ ਚਿੜੀ ਕੋਲ ਹੀ ਕੰਡਿਆਲੀ ਝਾੜੀ ਵਿਚ ਆਪਣਾ ਨਵਾਂ ਆਲ੍ਹਣਾ ਬਣਾਉਣ ਲੱਗ ਪਈ ਸੀ।