ਅੱਖਰਾਂ ਦੀ ਸੱਥ/ਪੰਛੀਆਂ ਦੀ ਲੁਕਣਮੀਟੀ

ਵਿਕੀਸਰੋਤ ਤੋਂ

ਪੰਛੀਆਂ ਦੀ ਲੁਕਣਮੀਟੀ

ਪਿੰਡ ਦੇ ਬਾਹਰ ਵਾਰ ਜਿੱਥੇ ਬੱਚੇ ਰੋਜ਼ਾਨਾ ਖੇਡਣ ਆਉਂਦੇ ਸਨ, ਉੱਥੇ ਰੁੱਖਾਂ ਉੱਪਰ ਕੁਝ ਪੰਛੀ ਵੀ ਰਹਿੰਦੇ ਸਨ। ਪੰਛੀ, ਖੇਡਦੇ ਹੋਏ ਬੱਚਿਆਂ ਨੂੰ ਰੋਜ਼ਾਨਾ ਵੇਖਦੇ ਸਨ। ਬੱਚਿਆਂ ਨੂੰ ਵੇਖਕੇ ਇਕ ਦਿਨ ਤੋਤੇ ਦਾ ਵੀ ਖੇਡਣ ਨੂੰ ਮਨ ਕਰ ਆਇਆ।

"ਅੱਜ ਆਪਾਂ ਵੀ ਲੁਕਣਮੀਟੀ ਖੇਡਾਂਗੇ।' ਤੋਤੇ ਨੇ ਆਖਿਆ।

ਤੋਤੇ ਦੇ ਕਹਿਣ ਦੀ ਦੇਰ ਸੀ ਕਿ ਚਿੜੀ, ਘੁੱਗੀ ਤੇ ਕਾਂ ਲੁਕਣਮੀਟੀ ਖੇਡਣ ਲਈ ਤਿਆਰ ਹੋ ਗਏ।

"ਪਹਿਲਾਂ ਮੀਟੀ ਕੌਣ ਦੇਵੇਗਾ।" ਇਹ ਫੈਸਲਾ ਕਾਂ ਨੇ ਸ਼ਹਿਤੂਤ ਦੇ ਚਾਰ ਪੱਤੇ ਤੋੜ ਕੇ ਕਰ ਦਿੱਤਾ।

ਕਾਂ ਨੇ ਚਾਰਾਂ ਪੱਤਿਆਂ ਨੂੰ ਪੈਰ ਹੇਠ ਦੱਬ ਕੇ ਸਭ ਨੂੰ ਇਕ ਇਕ ਪੱਤਾ ਖਿੱਚਣ ਵਾਸਤੇ ਕਿਹਾ। ਕਾਂ ਨੇ ਇਕ ਪੱਤਾ ਪਹਿਲਾਂ ਹੀ ਚੁੰਝ ਨਾਲ ਥੋੜਾ ਜਿਹਾ ਕੱਟ ਦਿੱਤਾ ਸੀ। ਜਿਸ ਕੋਲ ਇਹ ਕੱਟਿਆ ਹੋਇਆ ਪੱਤਾ ਜਾਣਾ ਸੀ, ਉਸੇ ਨੇ ਮੀਟੀ ਦੇਣੀ ਸੀ। ਘੁੱਗੀ ਨੇ ਸਭ ਤੋਂ ਪਹਿਲਾਂ ਪੱਤਾ ਖਿੱਚਿਆ ਤੇ ਕੱਟਿਆ ਹੋਇਆ ਪੱਤਾ ਘੁੱਗੀ ਕੋਲ ਚਲਾ ਗਿਆ। ਕਾਂ ਚਲਾਕ ਸੀ। ਕਾਂ ਨੇ ਕੱਟਿਆ ਹੋਇਆ ਪੱਤਾ ਸੰਵਾਰ ਕੇ ਪੈਰ ਹੇਠ ਨਹੀਂ ਦੱਬਿਆ ਸੀ।

ਫਿਰ ਪੰਛੀਆਂ ਦੀ ਲੁਕਣਮੀਟੀ ਸ਼ੁਰੂ ਹੋ ਗਈ। ਚਿੜੀ ਫਟਾਫਟ ਉਸੇ ਟਾਹਲੀ ਦੀ ਇਕ ਖੋੜ੍ਹ ਵਿਚ ਲੁਕ ਗਈ, ਜਿਸ ਉੱਪਰ ਉਸਦਾ ਆਲ੍ਹਣਾ ਸੀ। ਤੋਤਾ ਇਕ ਸ਼ਹਿਤੂਤ ਦੇ ਸੰਘਣੇ ਪੱਤਿਆਂ ਵਿਚ ਲੁਕ ਗਿਆ।

ਕਾਂ ਬੇਹਦ ਚਲਾਕ ਸੀ। ਉਹ ਖੇਡ ਮੈਦਾਨ ਵਿਚ ਕਿਧਰੇ ਲੁਕਣ-ਛਿਪਣ ਦੀ ਥਾਂ ਪਿੰਡ ਵਿਚ ਚਲਾ ਗਿਆ।

"ਮੈਂ ਕਿਸੇ ਘਰ ਵਿਚ ਜਾਕੇ ਲੁਕਦਾ ਹਾਂ। ਘਰ ਵਿੱਚੋਂ ਕੁਝ ਖਾ-ਪੀ ਵੀ ਲਵਾਂਗਾ ਤੇ ਮੈਨੂੰ ਕੋਈ ਲੱਭ ਵੀ ਨਹੀਂ ਸਕੇਗਾ।" ਕਾਂ ਨੇ ਸੋਚਿਆ ਸੀ।

"ਲੁਕ-ਛਿਪ ਜਾਣਾ, ਮਕਈ ਦਾ ਦਾਣਾ। ਮੇਰੇ ਘੋੜੇ ਲਈ ਵੀ ਲਿਆਉਣਾ।" ਥੋੜਾ ਚਿਰ ਰੁੱਕ ਕੇ ਘੁੱਗੀ ਇਹ ਆਖਦੇ ਹੋਏ ਕਾਂ, ਚਿੜੀ ਤੇ ਤੋਤੇ ਨੂੰ ਲੱਭਣ ਤੁਰ ਪਈ।

ਘੁੱਗੀ ਨੇ ਚਿੜੀ ਅਤੇ ਤੋਤੇ ਨੂੰ ਤਾਂ ਝੱਟ ਵਿਚ ਹੀ ਲੱਭ ਲਿਆ। ਪਰ ਉਸਨੂੰ, ਕਾਂ ਨਾ ਲੱਭਾ। ਘੁੱਗੀ, ਕਾਂ ਨੂੰ ਲੱਭ ਲੱਭ ਹਾਰ ਗਈ। ਘੁੱਗੀ ਨਾਲ ਚਿੜੀ ਅਤੇ ਤੋਤਾ ਵੀ ਕਾਂ ਨੂੰ ਲੱਭਣ ਲੱਗੇ। ਪਰ ਉਨ੍ਹਾਂ ਨੂੰ ਕਾਂ ਕਿਧਰੇ ਨਾ ਦਿਸਿਆ।

"ਕਾਂ ਭਰਾਵਾ! ਤੂੰ ਜਿੱਤਿਆ। ਮੈਂ ਹਾਰ ਗਈ।" ਘੁੱਗੀ ਨੇ ਇਕ ਟਾਹਲੀ ਦੀ ਸਿਖਰਲੀ ਟਹਿਣੀ 'ਤੇ ਬਹਿ ਕੇ ਹੋਕਰਾ ਮਾਰਿਆ। ਕਾਂ ਵੱਲੋਂ ਇਸ ਵੇਲੇ ਵੀ ਕੋਈ ਜਵਾਬ ਨਾ ਆਇਆ। ਘੁੱਗੀ ਸਮਝ ਗਈ ਕਿ ਕਾਂ ਖੇਡ ਮੈਦਾਨ ਵਿਚ ਕਿਧਰੇ ਨਹੀਂ ਲੁਕਿਆ-ਛਿਪਿਆ। ਉਹ ਪਿੰਡ ਵਿਚ ਚਲਾ ਗਿਆ ਹੈ।

ਘੁੱਗੀ ਨੇ ਵੀ ਕਾਂ ਨੂੰ ਲੱਭਣ ਲਈ ਪਿੰਡ ਵੱਲ ਉਡਾਰੀ ਭਰ ਲਈ। ਉਹ ਅਜੇ ਥੋੜੀ ਦੂਰ ਹੀ ਗਈ ਸੀ। ਘੁੱਗੀ ਦੇ ਕੰਨੀਂ ਕਾਂ ਦੇ ਰੋਣ ਦੀ ਅਵਾਜ਼ ਪਈ। ਇਕ ਘਰ ਵਿੱਚੋਂ ਕਾਂ ਦੇ ਰੋਣ ਦੀ ਅਵਾਜ਼ ਆ ਰਹੀ ਸੀ। ਘੁੱਗੀ ਫਟਾਫਟ ਕਾਂ ਕੋਲ ਪਹੁੰਚ ਗਈ।

ਕਾਂ ਘਰ ਵਿਚ ਚੁਲ੍ਹੇ ਸਾਹਮਣੇ ਲੰਮਾ ਪਿਆ ਸੀ। ਉਹ ਦਰਦ ਨਾਲ ਚੀਕ ਰਿਹਾ ਸੀ। ਕਾਂ ਨੂੰ ਵੇਖਕੇ ਘੁੱਗੀ ਸਮਝ ਗਈ ਕਿ ਕਾਂ ਚੁਲ੍ਹੇ ਵਿਚ ਲੁਕਿਆ ਸੀ। ਚੁਲ੍ਹੇ ਵਿਚਲੀ ਭੁੱਬਲ ਨਾਲ ਕਾਂ ਦੇ ਖੰਭ ਤੇ ਪੈਰ ਝੁਲਸ ਗਏ ਹਨ।

ਚੁਲ੍ਹੇ ਉੱਪਰ ਪਤੀਲਾ ਵੀ ਸੀ। ਪਤੀਲੇ ਵੱਲ ਨਿਗ੍ਹਾ ਮਾਰ ਕੇ ਘੁੱਗੀ ਇਹ ਵੀ ਸਮਝ ਗਈ ਕਿ ਕਾਂ ਦੀ ਜੀਭ ਵੀ ਸੜ ਗਈ ਹੈ। ਪਤੀਲੇ ਦਾ ਢੱਕਣ ਲੱਥਾ ਹੋਇਆ ਸੀ।

"ਲਾਲਚੀ ਕਾਂ ਨੇ ਲੁਕਣ ਤੋਂ ਪਹਿਲਾਂ ਪਤੀਲੇ ਵਿੱਚੋਂ ਗਰਮ ਗਰਮ ਚੌਲਾਂ ਦਾ ਰੁਗ ਵੀ ਜ਼ਰੂਰ ਭਰਿਆ ਹੋਵੇਗਾ।" ਘੁੱਗੀ ਨੂੰ ਖਿਆਲ ਆਇਆ। ਉਸਨੇ ਉਸੇ ਵੇਲੇ ਚਿੜੀ ਅਤੇ ਤੋਤੇ ਨੂੰ ਸੱਦ ਲਿਆਂਦਾ। ਘੁੱਗੀ, ਚਿੜੀ ਅਤੇ ਤੋਤੇ ਨੂੰ ਕਾਂ ਕੋਲ ਛੱਡ ਕੇ ਆਪ ਡਾਕਟਰ ਬਿਜੜੇ ਨੂੰ ਲੈਣ ਚਲੀ ਗਈ।

ਡਾਕਟਰ ਬਿਜੜਾ ਬੇਹਦ ਸਿਆਣਾ ਸੀ। ਡਾਕਟਰ ਬਿਜੜੇ ਨੇ ਉਸੇ ਵੇਲੇ ਕਾਂ ਦੇ ਸੜੇ ਖੰਭਾਂ ਅਤੇ ਪੈਰਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਹੁਣ ਤੋਤਾ ਆਪਣੇ ਆਪ ਨੂੰ ਦੋਸ਼ੀ ਸਮਝ ਰਿਹਾ ਸੀ।

"ਮੈਂ ਇਨ੍ਹਾਂ ਨੂੰ ਖੇਡਣ ਵਾਸਤੇ ਨਾ ਕਹਿੰਦਾ ਤਾਂ ਇਹ ਹਾਦਸਾ ਨਹੀਂ ਵਾਪਰਨਾ ਸੀ।" ਤੋਤਾ ਆਖ ਰਿਹਾ ਸੀ।

"ਤੋਤੇ ਭਰਾ! ਦੋਸ਼ੀ ਤੂੰ ਨਹੀਂ ਕਾਂ ਹੈ। ਖੇਡਣਾ ਕੋਈ ਮਾੜੀ ਗੱਲ ਨਹੀਂ ਹੈ। ਖੇਡਣ ਨਾਲ ਆਪਸੀ ਪ੍ਰੇਮ ਵਧਦਾ ਤੇ ਸਰੀਰ ਨਰੋਆ ਰਹਿੰਦਾ ਹੈ।" ਚਿੜੀ ਨੇ ਆਖਿਆ।

"ਕਾਂ ਨੂੰ ਖੇਡ ਜਾਬਤੇ ਵਿਚ ਰਹਿ ਕੇ ਖੇਡਣਾ ਚਾਹੀਦਾ ਸੀ। ਉਸਨੂੰ ਖੇਡ ਮੈਦਾਨ ਵਿਚ ਹੀ ਰਹਿਣਾ ਚਾਹੀਦਾ ਸੀ। ਲੁਕਣ ਲਈ ਪਿੰਡ ਵਿਚ ਨਹੀਂ ਜਾਣਾ ਚਾਹੀਦਾ ਸੀ।"

ਕਾਂ ਹੌਲ਼ੀ ਹੌਲ਼ੀ ਰਾਜੀ ਹੋ ਰਿਹਾ ਸੀ। ਉਸਦੇ ਜ਼ਖ਼ਮਾਂ ’ਤੇ ਅੰਗੂਰ ਆਉਣ ਲੱਗ ਪਿਆ ਸੀ। ਹੁਣ ਕਾਂ ਨੇ ਅੱਗੇ ਤੋਂ ਚਲਾਕੀ ਨਾ ਕਰਨ ਤੇ ਅੱਗੇ ਤੋਂ ਜਾਬਤੇ ਵਿਚ ਰਹਿ ਕੇ ਖੇਡਣ ਦਾ ਫੈਸਲਾ ਕਰ ਲਿਆ ਸੀ।